kahaniya-300x150ਬੰਡਲਾਂ ਦਾ ਭਰਿਆ ਆਟੋ ਰਿਕਸ਼ਾ ਸਕੂਲ ਅੱਗੇ ਰੁਕਿਆ। ਨਵੇਂ ਸੈਸ਼ਨ ਦੀ ਸ਼ੁਰੂਆਤ ਵਿੱਚ ਸਰਕਾਰ ਵੱਲੋਂ ਨਵੀਆਂ ਕਿਤਾਬਾਂ ਸਕੂਲ ਨੂੰ ਭੇਜੀਆਂ ਗਈਆਂ ਸਨ। ਸਕੂਲ ਅਧਿਆਪਕਾ ਪ੍ਰਭਜੋਤ ਟਿਵਾਣਾ ਨੇ ਆਟੋ ਰਿਕਸ਼ਾ ਵਿੱਚੋਂ ਆਪਣੇ ਸਕੂਲ ਵਾਲਾ ਬੰਡਲ ਚੁਕਵਾ ਕੇ ਸਕੂਲ ਦੇ ਇੱਕ ਕਮਰੇ ਵਿੱਚ ਰਖਵਾਇਆ। ਆਟੋ ਰਿਕਸ਼ੇ ਵਾਲਾ ਕਿਤਾਬਾਂ ਰੱਖ ਕੇ ਚਲਾ ਗਿਆ। ਥੋੜ੍ਹੀ ਦੇਰ ਬਾਅਦ ਇੱਕ ਮੋਟਰਸਾਈਕਲ ਸਕੂਲ ਦੇ ਗੇਟ ਅੱਗੇ ਆ ਕੇ ਰੁਕਿਆ। ਮੋਟਰਸਾਈਕਲ ਵਾਲਾ ਚਾਲੀ ਕੁ ਸਾਲ ਦਾ ਇੱਕ ਆਦਮੀ ਸਕੂਲ ਵਿੱਚ ਦਾਖਲ ਹੋਇਆ। ਉਹ ਕਿਤਾਬਾਂ ਨੂੰ ਜਿਲਦਾਂ ਚੜ੍ਹਾਉਣ ਦਾ ਕੰਮ ਕਰਦਾ ਸੀ। ਸਰਕਾਰ ਵੱਲੋਂ ਆਉਂਦੀਆਂ ਕਿਤਾਬਾਂ ਉੱਤੇ ਗੱਤੇ ਦੀਆਂ ਮਜ਼ਬੂਤ ਜਿਲਦਾਂ ਚੜ੍ਹਾਉਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਬੱਚੇ, ਖ਼ਾਸਕਰ ਪ੍ਰਾਇਮਰੀ ਸਕੂਲਾਂ ਦੇ ਬੱਚੇ ਜਿਲਦ ਵਿਹੂਣੀਆਂ ਕਿਤਾਬਾਂ ਨੂੰ ਛੇਤੀ ਹੀ ਫ਼ਾੜ ਦਿੰਦੇ ਹਨ। ਜਿਲਦਾਂ ਚੜ੍ਹਾਉਣ ਨਾਲ ਕਿਤਾਬਾਂ ਕਾਫ਼ੀ ਹੱਦ ਤਕ ਸੁਰੱਖਿਅਤ ਹੋ ਜਾਂਦੀਆਂ ਹਨ। ਜਿਲਦਸਾਜ਼ ਪੰਦਰਾਂ ਰੁਪਏ ਦੀ ਇੱਕ ਕਿਤਾਬ ਉੱਤੇ ਜਿਲਦ ਚੜ੍ਹਾਉਂਦਾ ਸੀ। ਮੈਡਮ ਦੇ ਕਹਿਣ ਉੱਤੇ ਉਹ ਤੇਰਾਂ ਰੁਪਏ ਪ੍ਰਤੀ ਜਿਲਦ ਦੇ ਹਿਸਾਬ ਨਾਲ ਇਹ ਕੰਮ ਕਰਨ ਲਈ ਮੰਨ ਗਿਆ। ਇਸ ਨਾਲ ਬੱਚਿਆਂ ਦੇ ਮਾਪਿਆਂ ਦੇ ਪੈਸੇ ਅਤੇ ਸਮੇਂ ਦੋਵਾਂ ਦੀ ਬੱਚਤ ਹੁੰਦੀ ਹੈ। ਇਹ ਸੋਚ ਕੇ ਮੈਡਮ ਨੇ ਸਾਰੀਆਂ ਕਿਤਾਬਾਂ ਹੀ ਜਿਲਦਾਂ ਚੜ੍ਹਾਉਣ ਲਈ ਦੇ ਦਿੱਤੀਆਂ। ਮੈਡਮ ਨੇ ਸਾਰੇ ਬੱਚਿਆਂ ਨੂੰ ਮਾਪਿਆਂ ਤੋਂ ਤੇਰਾਂ ਰੁਪਏ ਪ੍ਰਤੀ ਕਿਤਾਬ ਦੇ ਹਿਸਾਬ ਨਾਲ ਪੈਸੇ ਕੱਲ੍ਹ ਜਾਂ ਪਰਸੋਂ ਲਿਆਉਣ ਲਈ ਕਿਹਾ। ਜਿਲਦਸਾਜ਼ ਜਿਲਦਾਂ ਚੜ੍ਹਾ ਕੇ ਚਾਰ ਦਿਨ ਬਾਅਦ ਕਿਤਾਬਾਂ ਵਾਪਸ ਕਰਨ ਅਤੇ ਉਦੋਂ ਹੀ ਪੈਸੇ ਲੈਣ ਦਾ ਵਾਅਦਾ ਕਰ ਕੇ ਚਲਾ ਗਿਆ।
ਸਕੂਲ ਵਿੱਚ ਬਾਕੀ ਬੱਚਿਆਂ ਦੇ ਨਾਲ-ਨਾਲ ਇੱਕ ਪਰਿਵਾਰ ਦੇ ਚਾਰ ਭੈਣ ਭਰਾ ਵੀ ਪੜ੍ਹਦੇ ਸਨ। ਇਨ੍ਹਾਂ ਵਿੱਚੋਂ ਵੱਡੇ ਦੋ ਭੈਣ ਭਰਾ ਪੰਜਵੀਂ, ਇੱਕ ਲੜਕੀ ਜੋਤੀ ਚੌਥੀ ਜਮਾਤ ਅਤੇ ਛੋਟਾ ਚੰਦਨ ਨਾਂ ਦਾ ਲੜਕਾ ਦੂਜੀ ਜਮਾਤ ਵਿੱਚ ਪੜ੍ਹਦੇ ਸਨ। ਉਨ੍ਹਾਂ ਦਾ ਪਿਤਾ ਇੱਕ ਫ਼ੈਕਟਰੀ ਵਿੱਚ ਕੰਮ ਕਰਦਾ ਸੀ ਅਤੇ ਮਾਤਾ ਘਰੇਲੂ ਸੁਆਣੀ ਸੀ। ਮੈਡਮ ਨੇ ਉਨ੍ਹਾਂ ਦੀਆਂ ਕਿਤਾਬਾਂ ਵੀ ਜਿਲਦਾਂ ਚੜ੍ਹਾਉਣ ਲਈ ਦੇ ਦਿੱਤੀਆਂ ਅਤੇ ਕਿਤਾਬਾਂ ਦੇ ਬਣਦੇ 234 ਰੁਪਏ ਇੱਕ-ਦੋ ਦਿਨਾਂ ਵਿੱਚ ਲਿਆਉਣ ਲਈ ਕਹਿ ਦਿੱਤਾ। ਅਗਲੇ ਦੋ ਦਿਨਾਂ ਵਿੱਚ ਉਨ੍ਹਾਂ ਚਾਰ ਬੱਚਿਆਂ ਤੋਂ ਇਲਾਵਾ ਸਾਰੇ ਬੱਚੇ ਪੈਸੇ ਲੈ ਆਏ। ਜਿਲਦਸਾਜ਼ ਮਿੱਥੇ ਸਮੇਂ ‘ਤੇ ਜਿਲਦਾਂ ਚੜ੍ਹਾ ਕੇ ਕਿਤਾਬਾਂ ਲੈ ਆਇਆ। ਮੈਡਮ ਨੇ ਕਿਤਾਬਾਂ ਦੇ ਬਣਦੇ ਪੈਸੇ ਉਸ ਨੂੰ ਦੇ ਦਿੱਤੇ ਅਤੇ ਕਿਤਾਬਾਂ ਬੱਚਿਆਂ ਵਿੱਚ ਵੰਡ ਦਿੱਤੀਆਂ। ਮੈਡਮ ਨੇ ਉਨ੍ਹਾਂ ਚਾਰ ਬੱਚਿਆਂ ਨੂੰ ਵੀ ਕਿਤਾਬਾਂ ਦੇ ਦਿੱਤੀਆਂ, ਪਰ ਪੈਸਿਆਂ ਬਾਰੇ ਕੋਈ ਗੱਲ ਨਾ ਕੀਤੀ। ਮੈਡਮ ਉਨ੍ਹਾਂ ਬੱਚਿਆਂ ਦੇ ਘਰ ਦੀ ਗ਼ਰੀਬੀ ਤੋਂ ਕਾਫ਼ੀ ਜਾਣੂ ਹੋ ਚੁੱਕੀ ਸੀ। ਮੈਡਮ ਨੇ ਉਨ੍ਹਾਂ ਬੱਚਿਆਂ ਬਾਰੇ ਹੈਰਾਨਗੀ ਵਾਲੀ ਇੱਕ ਗੱਲ ਮਹਿਸੂਸ ਕੀਤੀ। ਵੱਡੇ ਭੈਣ ਭਰਾ ਨੂੰ ਤਾਂ ਕੱਪੜੇ, ਕਾਪੀਆਂ, ਪੈਨਸਿਲਾਂ ਅਤੇ ਹੋਰ ਸਾਮਾਨ ਸਮੇਂ ਉੱਤੇ ਮਿਲਦਾ, ਪਰ ਛੋਟਿਆਂ ਨੂੰ ਨਹੀਂ। ਵੱਡਿਆਂ ਅਤੇ ਛੋਟਿਆਂ ਪ੍ਰਤੀ ਮਾਪਿਆਂ ਦੇ ਵਤੀਰੇ ਵਿੱਚ ਫ਼ਰਕ ਤੋਂ ਮੈਡਮ ਬਹੁਤ ਹੈਰਾਨ ਸੀ।
ਇਨ੍ਹਾਂ ਬੱਚਿਆਂ ਵਿੱਚ ਸਭ ਤੋਂ ਛੋਟਾ ਲੜਕਾ ਚੰਦਨ ਬਹੁਤ ਪਿਆਰਾ ਜਿਹਾ ਬੱਚਾ ਸੀ। ਪੜ੍ਹਾਈ ਵਿੱਚ ਹੁਸ਼ਿਆਰ ਅਤੇ ਖੇਡਾਂ ਵਿੱਚ ਕਾਫ਼ੀ ਤੇਜ਼ ਸੀ। ਉਹ ਸਮੇਂ ਦਾ ਪਾਬੰਦ ਤੇ ਹਸਮੁੱਖ ਸੁਭਾਅ ਦਾ ਬੱਚਾ ਸੀ। ਚਾਰਾਂ ਬੱਚਿਆਂ ਵਿੱਚੋਂ ਮੈਡਮ ਦਾ ਇਸ ਲੜਕੇ ਨਾਲ ਲਗਾਅ ਕੁਝ ਜ਼ਿਆਦਾ ਹੀ ਸੀ। ਘਰ ਦੇ ਹਾਲਾਤ ਅਤੇ ਸਾਧਨਾਂ ਦੀ ਕਮੀ ਦੇ ਬਾਵਜੂਦ ਉਹ ਪੜ੍ਹਾਈ ਅਤੇ ਸਕੂਲ ਦੀਆਂ ਸਾਰੀਆਂ ਗਤੀਵਿਧੀਆਂ ਵਿੱਚ ਆਪਣੇ ਬਾਕੀ ਭੈਣ ਭਰਾਵਾਂ ਤੋਂ ਵਧੀਆ ਨਤੀਜਾ ਦਿੰਦਾ ਸੀ। ਸਮਾਂ ਆਪਣੀ ਚਾਲ ਚੱਲ ਰਿਹਾ ਸੀ। ਕਦੇ ਕਦੇ ਉਨ੍ਹਾਂ ਬੱਚਿਆਂ ਦੀ ਮਾਂ ਵੀ ਸਕੂਲ ਆਉਂਦੀ ਰਹਿੰਦੀ ਸੀ। ਮੈਡਮ ਨੇ ਕਦੇ ਵੀ ਜਿਲਦਾਂ ਦੇ ਪੈਸਿਆਂ ਬਾਰੇ ਉਸ ਨੂੰ ਨਾ ਕਿਹਾ।ਮੈਡਮ ਕੋਲ ਅਕਸਰ ਉਹ ਘਰ ਦੀ ਗ਼ਰੀਬੀ, ਆਪਣੇ ਰਹਿਣ ਸਹਿਣ ਅਤੇ ਬੱਚਿਆਂ ਬਾਰੇ ਗੱਲਬਾਤ ਕਰਦੀ ਰਹਿੰਦੀ। ਸਕੂਲ ਦੇ ਬਾਕੀ ਬੱਚੇ ਕਈ ਵਾਰ ਮੈਡਮ ਨੂੰ 234 ਰੁਪਏ ਯਾਦ ਕਰਵਾਉਂਦੇ, ਪਰ ਮੈਡਮ ਅਕਸਰ ਬੱਚਿਆਂ ਦੀ ਇਹ ਗੱਲ ਅਣਸੁਣੀ ਕਰ ਦਿੰਦੀ ਅਤੇ ਉਨ੍ਹਾਂ ਬੱਚਿਆਂ ਦੀ ਹੋਰ  ਵੀ ਮਦਦ ਕਰਦੀ ਰਹਿੰਦੀ।
ਬੀਤਦੇ ਸਮੇਂ ਦੇ ਨਾਲ-ਨਾਲ ਹੌਲੀ ਹੌਲੀ ਚੰਦਨ ਦੇ ਵਤੀਰੇ ਵਿੱਚ ਇੱਕ ਅਜੀਬ ਜਿਹੀ ਤਬਦੀਲੀ ਆਉਣ ਲੱਗੀ। ਉਹ ਚੁੱਪ-ਚੁੱਪ ਰਹਿੰਦਾ, ਪੜ੍ਹਾਈ ਵਿੱਚ ਉਸ ਦੀ ਕਾਰਗੁਜ਼ਾਰੀ ਵਿੱਚ ਨਿਘਾਰ ਆਉਣ ਲੱਗਾ, ਖੇਡਾਂ ਵਿੱਚ ਵੀ ਉਸ ਨੇ ਭਾਗ ਲੈਣਾ ਘੱਟ ਕਰ ਦਿੱਤਾ। ਮੈਡਮ ਨੇ ਉਸ ਤੋਂ ਇਸ ਦਾ ਕਾਰਨ ਕਈ ਵਾਰੀ ਪੁੱਛਿਆ। ਉਹ ਕੁਝ ਨਾ ਦੱਸਦਾ, ਪਰ ਉਸ ਦੇ ਚਿਹਰੇ ਦੇ ਹਾਵ-ਭਾਵ ਉਦਾਸੀ ਵਾਲੇ ਜ਼ਰੂਰ ਹੋ ਜਾਂਦੇ। ਮੈਡਮ ਨੇ ਉਸ ਦੇ ਬਦਲਦੇ ਸੁਭਾਅ ਬਾਰੇ ਉਸ ਦੇ ਬਾਕੀ ਭੈਣ ਭਰਾਵਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਜਾਣਕਾਰੀ ਪ੍ਰਾਪਤ ਨਾ ਹੋਈ। ਮੈਡਮ ਨੇ ਸਮਝਿਆ ਕਿ ਮਾਪਿਆਂ ਨੂੰ ਇਸ ਬਾਰੇ ਜਾਣਕਾਰੀ ਹੋਵੇਗੀ। ਮੈਡਮ ਨੇ ਉਸ ਦੀ ਮਾਂ ਨੂੰ ਇਸ ਬਾਰੇ ਪੁੱਛਿਆ।
”ਕਿਆ ਕਰੇਂ ਮੈਡਮ ਜੀ, ਹਮ ਗ਼ਰੀਬ ਲੋਕ ਹੈਂ।” ਉਹ ਬੋਲੀ।  ”ਤੁਸੀਂ ਚੰਦਨ ਦਾ ਖ਼ਿਆਲ ਰੱਖੋ। ਉਸ ਉੱਤੇ ਵਧੇਰੇ ਧਿਆਨ ਦਿਉ।” ਮੈਡਮ ਨੇ ਕਿਹਾ।
”ਕਿਆ ਖ਼ਿਆਲ ਰਖੇਂ ਮੈਡਮ। ਯੇ ਤੋ ਭਗਵਾਨ ਕਾ ਭੇਜਾ ਹੂਆ ਹੈ। ਕਿਆ ਬਤਾਏਂ ਮੈਡਮ ਜੀ, ਹਮ ਦੋ ਬੱਚੋਂ ਕੇ ਬਾਅਦ ਅਪ੍ਰੇਸ਼ਨ ਕਰਵਾਨਾ ਚਾਹਤੇ ਥੇ। ਕਈ ਰੋਜ਼ ਮੂਸੀਪਲਟੀ ਹਸਪਤਾਲ ਜਾਤੇ ਰਹੇ। ਮਗਰ ਵਹਾਂ ਕਈ ਦਿਨ ਡਾਕਟਰ ਹੀ ਨਹੀਂ ਆਇਆ। ਜਬ ਆਇਆ ਤੋ ਸਾਮਾਨ ਨਾ ਥਾ। ਫ਼ਿਰ ਜਬ ਅਪ੍ਰੇਸ਼ਨ ਕੇ ਲੀਏ ਤਿਆਰੀ ਕੀ ਤੋ ਟੈਸਟ ਪਾਜੇਟਿਵ ਆ ਗਿਆ। ਅਪ੍ਰੇਸ਼ਨ ਨਾ ਹੋ ਸਕਾ ਔਰ ਜੋਤੀ ਹੋ ਗਿਆ। ਐਸੇ ਹੀ ਇਸ ਕੀ ਬਾਰ ਹੂਆ। ਤੀਨ ਮਹੀਨਾ ਹਮ ਲੋਗ ਹਸਪਤਾਲ ਮਾ ਘੂਮਤਾ ਰਹਾ। ਮਗਰ ਅਪ੍ਰੇਸ਼ਨ ਨਾ ਹੂਆ ਔਰ ਯੇ ਚੰਦਨ ਪੈਦਾ ਹੋ ਗਿਆ। ਅਬ ਭਗਵਾਨ ਨੇ ਭੇਜਾ ਹੈ ਤੋ ਪਾਲੇਗਾ ਭੀ। ਹਮੇਂ ਤੋ ਦੋ ਕਾ ਭੀ ਮੁਸ਼ਕਿਲ ਹੈ ਕਿਆ ਕਰੇਂ।” ਉਹ ਮੈਡਮ ਨੂੰ ਸੰਬੋਧਿਤ ਹੋ ਕੇ ਬੋਲੀ।
ਹੁਣ ਹੌਲੀ ਹੌਲੀ ਚੰਦਨ ਸਕੂਲ ਤੋਂ ਛੁੱਟੀਆਂ ਕਰਨ ਲੱਗਾ। ਅਕਸਰ ਸਕੂਲ ਨਾ ਆਉਂਦਾ। ਜੇ ਆ ਵੀ ਜਾਂਦਾ ਤਾਂ ਲੇਟ ਆਉਂਦਾ ਅਤੇ ਸਕੂਲ ਵਿੱਚ ਆ ਕੇ ਵੀ ਉਦਾਸ-ਉਦਾਸ ਖੋਇਆ-ਖੋਇਆ ਜਿਹਾ ਰਹਿੰਦਾ। ਮੈਡਮ ਨੇ ਕਈ ਵਾਰ ਸਮਝਾਇਆ, ਪਰ ਉਸ ਉੱਤੇ ਕੋਈ ਅਸਰ ਨਾ ਹੋਇਆ। ਚੰਦਨ ਦੇ ਬਾਕੀ ਭੈਣ ਭਰਾਵਾਂ ਦਾ ਵਤੀਰਾ ਪਹਿਲਾਂ ਵਰਗਾ ਹੀ ਸੀ। ਮੈਡਮ ਦੇ ਸਮਝਾਉਣ ਦਾ ਉਸ ਉੱਤੇ ਉਲਟਾ ਅਸਰ ਹੁੰਦਾ। ਉਸ ਦੀ ਉਦਾਸੀ ਵਧਦੀ ਹੀ ਜਾਂਦੀ। ਕਈ ਵਾਰੀ ਉਸ ਦਾ ਪਿਉ ਉਸ ਨੂੰ ਜ਼ਬਰਦਸਤੀ ਸਕੂਲ ਛੱਡ ਕੇ ਜਾਂਦਾ, ਪਰ ਮਾਪਿਆਂ ਅਤੇ ਮੈਡਮ ਦੇ ਉੱਦਮ ਕੋਈ ਹਾਂ-ਪੱਖੀ ਪ੍ਰਭਾਵ ਨਹੀਂ ਸੀ ਪਾ ਰਹੇ।
ਅਚਾਨਕ ਚੰਦਨ ਨੇ ਸਕੂਲ ਆਉਣਾ ਬਿਲਕੁਲ ਹੀ ਬੰਦ ਕਰ ਦਿੱਤਾ। ਹਫ਼ਤਾ ਬੀਤ ਗਿਆ। ਮੈਡਮ ਉਸ ਨੂੰ ਘਰੋਂ ਲੈਣ ਗਈ, ਪਰ ਉਹ ਨਾ ਮੰਨਿਆ। ਉਸ ਦੇ ਪਿਉ ਨੇ ਉਸ ਨੂੰ ਕੁੱਟ ਕੇ ਵੀ ਸਕੂਲ ਭੇਜਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਸਕੂਲ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਹਫ਼ਤਾ ਹੋਰ ਗੁਜ਼ਰ ਗਿਆ। ਚੰਦਨ ਸਕੂਲ ਨਾ ਆਇਆ, ਪਰ ਉਸ ਦੇ ਸਕੂਲ ਨਾ ਆਉਣ ਦਾ ਕਾਰਨ ਕਿਸੇ ਨੂੰ ਵੀ ਪਤਾ ਨਹੀਂ ਸੀ ਲੱਗ ਰਿਹਾ। ਚੰਦਨ ਦੇ ਮਾਪੇ ਅਤੇ ਮੈਡਮ ਉਸ ਦੇ ਇਸ ਰਵੱਈਏ ਤੋਂ ਬਹੁਤ ਹੈਰਾਨ-ਪ੍ਰੇਸ਼ਾਨ ਸਨ। ਹੁਣ ਮੈਡਮ ਹਰ ਰੋਜ਼ ਸਵੇਰੇ ਆਪਣੇ ਸਕੂਟਰ ‘ਤੇ ਚੰਦਨ ਦੇ ਘਰ ਉਸ  ਨੂੰ ਸਕੂਲ ਆਉਣ ਲਈ ਮਨਾਉਣ ਜਾਂਦੀ। ਇੱਕ ਹਫ਼ਤਾ ਹੋਰ ਲੰਘ ਗਿਆ, ਪਰ ਚੰਦਨ ਸਕੂਲ ਆਉਣ ਲਈ ਰਾਜ਼ੀ ਨਾ ਹੋਇਆ। ਇਸੇ ਤਰ੍ਹਾਂ ਦਿਨ ਬੀਤਦੇ ਰਹੇ, ਪਰ ਮੈਡਮ ਹਰ ਸਵੇਰ ਉਸ ਦੇ ਘਰ ਜਾਂਦੀ। ਮੈਡਮ ਨੇ ਜਮਾਤ ਦੇ ਬਾਕੀ ਬੱਚਿਆਂ ਤੋਂ ਵੀ ਇਸ ਦਾ ਕਾਰਨ ਪਤਾ ਕਰਨਾ ਚਾਹਿਆ, ਪਰ ਕੁਝ ਪਤਾ ਨਾ ਲੱਗਾ। ਮਹੀਨੇ ਕੁ ਬਾਅਦ ਮੈਡਮ ਨਾਲ ਸਕੂਟਰ ਉੱਤੇ ਸਕੂਲ ਆਉਣ ਲੱਗਾ, ਪਰ ਉਸ ਦਾ ਮਨ ਪੜ੍ਹਨ, ਖੇਡਣ ਜਾਂ ਕਿਸੇ ਵੀ ਗਤੀਵਿਧੀ ਵਿੱਚ ਨਾ ਲੱਗਦਾ। ਉਹ ਰੋਗੀ ਜਿਹਾ ਜਾਪਦਾ। ਫ਼ਿਰ ਸਚਮੁੱਚ ਹੀ ਬਿਮਾਰ ਰਹਿਣ ਲੱਗਾ। ਦੋ-ਦੋ ਦਿਨ ਬੁਖ਼ਾਰ ਚੜ੍ਹਿਆ ਰਹਿੰਦਾ। ਫ਼ਿਰ ਦੋ ਕੁ ਦਿਨ ਠੀਕ ਜਾਪਦਾ। ਇਸੇ ਤਰ੍ਹਾਂ ਇੱਕ ਮਹੀਨਾ ਲੰਘ ਗਿਆ। ਮੈਡਮ ਉਸ ਦੀ ਖ਼ਬਰ-ਸਾਰ ਹਰ ਰੋਜ਼ ਲੈਂਦੀ। ਕਦੇ-ਕਦੇ ਠੀਕ ਹੋਣ ਉੱਤੇ ਸਕੂਲ ਵੀ ਲੈ ਆਉਂਦੀ। ਕਦੇ ਹਫ਼ਤਾ-ਹਫ਼ਤਾ ਸਕੂਲ ਨਾ ਵੀ ਲਿਆਉਂਦੀ, ਪਰ ਬਿਮਾਰ ਉਹ ਘਰ ਵੀ ਹੋ ਜਾਂਦਾ। ਮੈਡਮ ਦੀ ਚਿੰਤਾ ਵਧ ਰਹੀ ਸੀ, ਪਰ ਇਸ ਦਾ ਕਾਰਨ ਪਤਾ ਨਹੀਂ ਸੀ ਲੱਗ ਰਿਹਾ। ਉਹ  ਚੰਦਨ ਦੇ ਭਰਾ ਅਤੇ ਭੈਣਾਂ ਨੂੰ ਕਈ ਵਾਰੀ ਪੁੱਛ ਚੁੱਕੀ ਸੀ, ਪਰ ਉਨ੍ਹਾਂ ਤੋਂ ਵੀ ਕੁਝ ਪਤਾ ਨਹੀਂ ਸੀ ਲੱਗ ਰਿਹਾ। ਇੱਕ ਦਿਨ ਚੰਦਨ ਦੀ ਛੋਟੀ ਭੈਣ ਜੋਤੀ ਨੇ ਦੱਸਿਆ ਕਿ ਚੰਦਨ ਕਦੇ ਕਦੇ ਮੰਮੀ ਡੈਡੀ ਨੂੰ ਤੁਹਾਡੇ 234 ਰੁਪਏ ਦੇਣ ਲਈ ਕਹਿੰਦਾ ਹੁੰਦਾ ਸੀ, ਪਰ ਪਾਪਾ ਕੋਲ ਪੈਸੇ ਨਹੀਂ ਸਨ। ਉਸ ਨੇ ਦੱਸਿਆ ਕਿ ਕੱਲ੍ਹ ਉਹ ਬੁਖ਼ਾਰ ਵਿੱਚ ਵੀ 234 ਰੁਪਏ ਬਾਰੇ ਬੁੜਬੁੜਾ ਰਿਹਾ ਸੀ। ਜੋਤੀ ਨੇ ਬਾਕੀ ਬੱਚਿਆਂ ਦੁਆਰਾ ਅਕਸਰ ਉਨ੍ਹਾਂ ਪੈਸਿਆਂ ਬਾਰੇ ਕਹਿੰਦੇ ਰਹਿਣ ਦੀ ਗੱਲ ਵੀ ਦੱਸੀ। ਅਗਲੇ ਦਿਨ ਮੈਡਮ ਨੇ ਚੰਦਨ ਦੀ ਮਾਂ ਨੂੰ ਸਕੂਲ ਵਿੱਚ ਬੁਲਾ ਕੇ 234 ਰੁਪਏ ਦੇ ਦਿੱਤੇ ਅਤੇ ਕਿਹਾ, ”ਮੈਂ ਕੱਲ੍ਹ ਸਵੇਰੇ ਤੁਹਾਡੇ ਘਰ ਆਵਾਂਗੀ। ਤੁਸੀਂ ਚੰਦਨ ਦੇ ਸਾਹਮਣੇ ਮੈਨੂੰ ਜਿਲਦਾਂ ਦੇ ਪੈਸੇ ਆਖ ਕੇ ਫ਼ੜਾ ਦੇਣੇ।” ਪਰ ਨਾਲ ਹੀ ਮੈਡਮ ਨੇ ਉਸ ਨੂੰ ਇਹ ਗੱਲ ਕਿਸੇ ਹੋਰ ਨੂੰ ਨਾ ਦੱਸਣ ਲਈ ਵੀ ਕਿਹਾ। ਅਗਲੇ ਦਿਨ ਮੈਡਮ ਉਨ੍ਹਾਂ ਦੇ ਘਰ ਗਈ। ਚੰਦਨ ਮੰਜੇ ਉੱਤੇ ਪਿਆ ਸੀ। ਉਸ ਨੂੰ ਥੋੜ੍ਹਾ ਬੁਖ਼ਾਰ ਸੀ। ਖ਼ਬਰ-ਸਾਰ ਲੈ ਕੇ ਜਦੋਂ ਮੈਡਮ ਆਉਣ ਲੱਗੀ ਤਾਂ ਚੰਦਨ ਦੀ ਮਾਂ ਨੇ ਮੈਡਮ ਨੂੰ ਰੁਪਏ ਫ਼ੜਾਉਂਦਿਆਂ ਕਿਹਾ, ”ਮੈਡਮ ਜੀ, ਯੇ ਆਪਕੇ ਜਿਲਦੋਂ ਕੇ ਪੈਸੇ।” ਚੰਦਨ ਕੋਲ ਪਿਆ ਵੇਖ ਰਿਹਾ ਸੀ। ਮੈਡਮ ਨੇ ਪੈਸੇ ਫ਼ੜ ਲਏ ਅਤੇ ਸਕੂਲ ਆ ਗਈ। ਅਗਲਾ ਦਿਨ ਐਤਵਾਰ ਸੀ। ਸੋਮਵਾਰ ਨੂੰ ਸਵੇਰੇ ਜਦੋਂ ਮੈਡਮ ਸਕੂਲ ਪਹੁੰਚੀ ਤਾਂ ਚੰਦਨ ਸਕੂਲ ਆ ਚੁੱਕਾ ਸੀ ਅਤੇ ਬੱਚਿਆਂ ਵਿੱਚ ਬੈਠਾ ਕੈਰਮ ਬੋਰਡ ਖੇਡ ਰਿਹਾ ਸੀ।
ਮਨਦੀਪ ਸਿੰਘ ਡਡਿਆਣਾ

LEAVE A REPLY