Editorial1-2-300x172ਮੌਤ ਕਾ ਏਕ ਦਿਨ ਮੁਅੱਈਅਨ ਹੈ, ਨੀਂਦ ਕਿਉਂ ਰਾਤ ਭਰ ਨਹੀਂ ਆਤੀ?
ਅੱਜ ਤੋਂ ਚਾਰ ਸਾਲ ਪਹਿਲਾਂ, ਮਈ ਦੇ ਦੂਸਰੇ ਹਫ਼ਤੇ ਵਿੱਚ, ਆਪਣੇ ਪਿਤਾ ਦੀ ਕੈਂਸਰ ਦੀ ਪੀੜਾ ਘਟਾਉਣ ਲਈ ਮੈਨੂੰ ਉਨ੍ਹਾਂ ਦੇ ਆਖ਼ਰੀ ਕੁਝ ਦਿਨਾਂ ਦੌਰਾਨ ਉਨ੍ਹਾਂ ਨੂੰ ਮੌਰਫ਼ੀਨ ਦੀ ਡੋਜ਼ ਵਧਾ ਕੇ ਦੇਣੀ ਪਈ ਤਾਂ ਕਿ ਉਹ ਸੁੱਤੇ ਸੁੱਤੇ ਹੀ ਇਸ ਸੰਸਾਰ ਨੂੰ ਅਲਵਿਦਾ ਆਖ ਸਕਣ। ਡੈਡੀ ਦੀ ਉਮਰ ਉਸ ਵਕਤ 69 ਵਰ੍ਹਿਆਂ ਦੀ ਸੀ, ਅਤੇ ਸਮਾਜ ਉਨ੍ਹਾਂ ਨੂੰ ਮੌਤ ਦੇ ਉਮੀਦਵਾਰ ਵਜੋਂ ਉਸ ਵਕਤ ਨਿਸਬਤਨ ਛੋਟੀ ਉਮਰ ਦਾ ਹੀ ਕਰਾਰ ਦੇ ਰਿਹਾ ਸੀ। ਲੋਕਾਂ ਨੇ ਸਾਨੂੰ ਉਸ ਵਕਤ ਮੁੱਢ ਕਦੀਮ ਤੋਂ ਪੜ੍ਹਾਇਆ ਜਾਂਦਾ ਪਾਠ ਹੀ ਪੜ੍ਹਾਇਆ ਕਿ ”ਰੱਬ ਦੀ ਮਰਜ਼ੀ ਅੱਗੇ ਕਿਸ ਦੀ ਚਲਦੀ!” ਫ਼ਿਰ ਪਿਛਲੇ ਸਾਲ 21 ਜੂਨ ਨੂੰ ਦਾਸ ਨੂੰ ਆਪਣੇ, ਅਤੇ ਪਰਿਵਾਰ ਦੇ ਵੀ, ਪਹਿਲੇ ਬੱਚੇ ਨੂੰ ਉਸ ਦੀ ਔਕਸੀਜਨ ਪਾਈਪ ਖਿਚਵਾ ਕੇ ਮੌਤ ਇਸ ਲਈ ਦੇਣੀ ਪਈ ਕਿਉਂਕਿ ਉਸ ਦਾ 440 ਮਿਲੀਲੀਟਰ ਖ਼ੂਨ ਮਾਂ ਦੇ ਖ਼ੂਨ ਪ੍ਰਵਾਹ ਵਿੱਚ ਲੀਕ ਹੋ ਜਾਣ ਕਾਰਨ ਬੱਚੇ ਦਾ ਦਿਮਾਗ਼ ਕੁਝ ਘੰਟੇ ਔਕਸੀਜਨ ਤੋਂ ਵਿਹੂਣਾ ਰਿਹਾ ਜਿਸ ਨਾਲ ਉਸ ਦਾ 70 ਫ਼ੀਸਦੀ ਬ੍ਰੇਨ ‘ਡੈਮੇਜਡ’ ਹੋ ਚੁੱਕਾ ਸੀ। ਸਨਮਨ ਬੈਂਸ ਉਸ ਵਕਤ 9 ਮਹੀਨੇ ਇੱਕ ਦਿਨ ਦਾ ਸੀ, ਅਤੇ ਓਦੋਂ ਵੀ ਸਾਡੇ ਪਰਿਵਾਰ ਨੂੰ ਧੀਰਜ ਧਰਨ ਅਤੇ ਵਾਹਿਗੁਰੂ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਸਲਾਹ ਦਿੱਤੀ ਗਈ। ਮੇਰੇ ਜ਼ਹਿਨ ਵਿੱਚ ਉਸ ਵਕਤ ਬੱਸ ਇਹੋ ਲਫ਼ਜ਼ ਉਪਜੇ ਜੋ ਅੱਜ ਉਸ ਦੀ ਕਬਰ ‘ਤੇ ਵੀ ਉਕਰੇ ਪਏ ਹਨ: ‘So small, so sweet, so soon!’ ਭਾਵ, ਕਿੰਨਾ ਛੋਟਾ, ਕਿੰਨਾ ਸੋਹਣਾ, ਕਿੰਨੀ ਛੇਤੀ। ਆਪਣੇ ਮੋਏ ਪੁੱਤਰ ਦੀ ਪਹਿਲੀ ਅਤੇ ਪਿਤਾ ਦੀ ਚੌਥੀ ਬਰਸੀ ‘ਤੇ ਉਨ੍ਹਾਂ ਦੋਹਾਂ ਨੂੰ ਚੇਤੇ ਕੀਤਿਆਂ ਨੂੰ ਸਾਡਾ ਹਾਲੇ ਮਸਾਂ ਹਫ਼ਤਾ ਵੀ ਨਹੀਂ ਸੀ ਬੀਤਿਆ ਹੋਣਾ ਕਿ ਮੇਰੇ ਪਰਿਵਾਰ ‘ਤੇ ਦੁਖਾਂ ਦਾ ਇੱਕ ਹੋਰ ਪਹਾੜ ਟੁੱਟ ਪਿਆ … ਮੇਰੇ ਤੋਂ ਪੌਣੇ ਦੋ ਸਾਲ ਛੋਟੇ, ਮੇਰੇ ਭਰਾ, ਵਿਨੀ ਦੀ ਵਿਦੇਸ਼ ਵਿੱਚ ਇੱਕ ਬਿਜ਼ਨਸ ਟ੍ਰਿਪ ਦੌਰਾਨ 25 ਜੂਨ ਨੂੰ ਅਚਾਨਕ ਮੌਤ ਹੋ ਗਈ।
ਵਿਨੀ ਬੈਂਸ (42 ਸਾਲ) ਇੱਕ ਹੋਟਲ ਖ਼ਰੀਦਣ ਦੀ ਇੱਛਾ ਨਾਲ 18 ਜੂਨ ਨੂੰ ਵਾਈਆ ਚੀਨ ਕਮਬੋਡੀਆ ਗਿਆ ਸੀ ਜਿੱਥੇ ਉਹ 21 ਨੂੰ ਲੈਂਡ ਕੀਤਾ, ਅਤੇ ਇਸ ਵਪਾਰਕ ਫ਼ੇਰੀ ਦੌਰਾਨ ਦਿਲ ਦਾ ਇੱਕ ਚੁਪਚੁਪੀਤਾ ਦੌਰਾ (silent heart attack) ਪੈਣ ਕਾਰਨ ਉਹ ਆਪਣੇ ਹੋਟਲ ਰੂਮ ਵਿੱਚ ਹੀ ਨੀਂਦ ਦੌਰਾਨ ਸੁੱਤਾ ਸੁੱਤਾ ਇੰਤਕਾਲ ਕਰ ਗਿਆ। ਜਦੋਂ ਮੇਰੀ ਮੰਮਾਂ ਨੇ ਮੈਨੂੰ ਇਹ ਮਨਹੂਸ ਖ਼ਬਰ ਦੇਣ ਲਈ ਫ਼ੋਨ ਕੀਤਾ ਤਾਂ ਉਸ ਵਕਤ ਮੈਂ ਇੱਕ ਸਥਾਨਕ ਹਾਈਵੇਅ ਉੱਪਰ ਬਿਨਾ ਤੇਲ ਦੇ ਅਟਕਿਆ ਪਿਆ ਸੀ। ਮੇਰੇ ਦਫ਼ਤਰ ਨੇ ਮੇਰੀ ਵੋਆਇਸ ਮੇਲ ‘ਤੇ ਵੀ ਮੈਨੂੰ ਜਲਦੀ ਫ਼ੋਨ ਕਰਨ ਦੀ ਤਾਕੀਦ ਛੱਡੀ ਹੋਈ ਸੀ ਕਿਉਂਕਿ ਵਿਨੀ ਨਾਲ ਉਨ੍ਹਾਂ ਨੂੰ ਕੁਝ ਮਾੜਾ ਹੋਣ ਦਾ ਅੰਦੇਸ਼ਾ ਹੋ ਚੁੱਕਾ ਸੀ, ਪਰ ਮੈਂ ਆਪਣਾ ਉਹ ਮੈਸੇਜ ਵੀ ਆਪਣੀ ਤੇਲ ਦੀ ਮੁਸ਼ਕਿਲ ਹੱਲ ਕਰਨ ਤੋਂ ਬਾਅਦ ਹੀ ਚੈੱਕ ਕੀਤਾ। ਮਮਾ ਨੂੰ ਫ਼ੋਨ ਕੀਤਾ ਤਾਂ ਸਿਰਫ਼ ਦਿਲ ਵਿੰਨ੍ਹਣ ਵਾਲੇ ਇਹ ਸ਼ਬਦ ਸੁਣਨ ਲਈ ਕਿ ਵਿਨੀ ਮਰ ਗਿਐ! ਮੈਨੂੰ ਇਹ ਵੀ ਚੇਤੇ ਨਹੀਂ ਕਿ ਜਦੋਂ ਉਹ ਸ਼ਬਦ ਮੇਰੇ ਕੰਨੀਂ ਪਏ ਤਾਂ ਉਸ ਵਕਤ ਮੇਰੇ ਮੁੱਢਲੇ ਖ਼ਿਆਲ ਕੀ ਸਨ, ਪਰ ਉਨ੍ਹਾਂ ਵਿੱਚੋਂ ਬਹੁਤੇ ਅਸਲੀ ਖ਼ਿਆਲ ਨਾ ਹੋ ਕੇ ਦਰਅਸਲ ਨਾ ਮਿਣੇ ਜਾਂ ਮਾਪੇ ਜਾ ਸਕਣ ਵਾਲੇ ਪ੍ਰਚੰਡ ਪੀੜਾ ਵਾਲੇ ਅਹਿਸਾਸ ਸਨ … ਜਿਵੇਂ ਕੋਈ ਚੀਜ਼ ਸੁੰਨ ਨਹੀਂ ਹੋ ਜਾਂਦੀ, ਠੀਕ ਉਸੇ ਤਰ੍ਹਾਂ ਦਾ ਕੋਈ ਅਹਿਸਾਸ! ਜਿਹੜਾ ਤੁਹਾਨੂੰ ਕੇਵਲ ਓਦੋਂ ਹੁੰਦੈ ਜਦੋਂ ਤੁਸੀਂ ਆਪਣਾ ਠੁੱਡਾ ਕਿਤੇ ਮਾਰ ਲੈਂਦੇ ਹੋ ਜਾਂ ਆਪਣੀਆਂ ਉਂਗਲਾਂ ਕਿਸੇ ਬੰਦ ਹੁੰਦੇ ਬੂਹੇ ਵਿੱਚ ਫ਼ਸਾ ਕੇ ਮਿਧਵਾ ਬੈਠਦੇ ਹੋ … ਜਦੋਂ ਦਰਦ ਹੋਣੀ ਹਾਲੇ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਈ ਹੁੰਦੀ, ਪਰ ਤੁਹਾਨੂੰ ਪਤਾ ਹੁੰਦੈ ਕਿ ਥੋੜ੍ਹੀ ਹੀ ਦੇਰ ਵਿੱਚ ਤੁਸੀਂ ਦਰਦ ਕਾਰਨ ਬਹੁਤ ਸ਼ਿੱਦਤ ਨਾਲ ਕਰਾਹੁਣ ਵਾਲੇ ਹੋ ਤੇ ਉੱਚੀ ਉੱਚੀ ਰੋਣ ਵਾਲੇ ਵੀ। ਇਸ ਵਾਰ ਵੀ, ਹਰ ਵਾਰ ਵਾਂਗ, ਇੱਕ ਵਾਰ ਫ਼ਿਰ ਸਾਡੇ ਪਰਿਵਾਰਕ ਦੁੱਖ ਨੂੰ ਲੋਕਾਂ ਨੇ ਰੱਬ ਦਾ ਭਾਣਾ ਕਰਾਰ ਦਿੱਤਾ … ਕਈਆਂ ਨੇ ਇਸ ਨੂੰ ਉਸ ਪਰਵਰਦਿਗ਼ਾਰ ਦਾ ਜ਼ੁਲਮ ਵੀ ਕਿਹਾ! ਕੁਝ ਕੁ ਨੂੰ ਤਾਂ ਮੈਂ ਇਹ ਵੀ ਕਹਿੰਦੇ ਸੁਣਿਆ ਕਿ ਹਰ ਵਿਅਕਤੀ ਦੇ ਮਰਨ ਦਾ ਸਮਾਂ, ਸਥਾਨ ਅਤੇ ਢੰਗ ਪਹਿਲਾਂ ਤੋਂ ਹੀ ਮੁਕੱਰਰ ਹੋਏ ਹੁੰਦੇ ਹਨ। ”ਸੱਚਮੱਚ!” ਮੈਂ ਮਨ ਹੀ ਮਨ ਸੋਚਿਆ।
ਵਕਤ ਸਾਡੇ ਮਨੁੱਖਾਂ ਦੇ ਹਮੇਸ਼ਾ ਉਲਟ ਹੀ ਕੰਮ ਕਰਦੈ। ਕੀ ਤੁਸੀਂ ਕਦੇ ਕਿਸੇ ਅਜਿਹੇ ਬੰਦੇ ਬਾਰੇ ਸੁਣਿਐ ਜਿਹੜਾ ਵਧਦੀ ਉਮਰ ਜਾਂ ਮੌਤ ਨੂੰ ਆਪਣੇ ਕੋਲ ਆਉਣ ਤੋਂ ਸਦਾ ਲਈ ਰੋਕ ਕੇ ਰੱਖ ਸਕਦਾ ਹੋਵੇ? ਜਾਂ, ਕੀ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜਿਹੜਾ ਕਦੇ ਮਰੇਗਾ ਹੀ ਨਹੀਂ? ਇਹ ਇੱਕ ਨਾਮੁਮਕਿਨ ਜਿਹੀ ਗੱਲ ਹੈ! ਨਾਮੁਮਕਿਨ ਇਸ ਲਈ ਕਿਉਂਕਿ ਸਾਡਾ ਮਨੁੱਖਾਂ ਦਾ ਆਪਣੇ ਜੀਵਨਾਂ ‘ਤੇ ਕੋਈ ਪ੍ਰਭਾਵ ਜਾਂ ਕੰਟਰੋਲ ਹੀ ਨਹੀਂ। ਭਾਂਤ ਭਾਂਤ ਦੇ ਧਾਰਮਿਕ ਗ੍ਰੰਥ, ਸ਼ਾਸਤਰ ਤੇ ਵੇਦ ਕਤੇਬ ਸਾਨੂੰ ਬਾਰ ਬਾਰ ਇਹ ਸਮਝਾਉਣ ਜਾਂ ਚੇਤੇ ਕਰਾਉਣ ਦਾ ਯਤਨ ਕਰਦੇ ਰਹੇ ਹਨ ਕਿ ਮਨੁੱਖ ਨੇ ਕਿਉਂਕਿ ਆਪਣਾ ਜਨਮ ਖ਼ੁਦ ਨਹੀਂ ਚੁਣਿਆ ਨਤੀਜਤਨ ਉਸ ਦਾ ਆਪਣੀ ਮੌਤ ‘ਤੇ ਕੋਈ ਕੰਟਰੋਲ ਨਾ ਹੋਣਾ ਵੀ ਸੁਭਾਵਿਕ ਹੈ। ਇਸ ਤਲਖ਼ ਸੁਣਾਈ ਦੇਣ ਵਾਲੀ ਹਕੀਕਤ ਇੱਕ ਹੋਰ ਸਬੂਤ ਹੈ ਮੌਤ ਸਨਮੁੱਖ ਵੱਡੇ ਤੋਂ ਵੱਡੇ, ਮਹਾਨ ਤੋਂ ਮਹਾਨ ਇਨਸਾਨਾਂ ਦੀ ਸਾਡੀ ਸੁਣੀ ਜਾਂ ਆਪਣੀ ਅੱਖਾਂ ਨਾਲ ਦੇਖੀ ਲਾਚਾਰੀ। ਮੁਕੱਦਸ ਕੁਰਾਨ ਅਨੁਸਾਰ ਮਨੁੱਖੀ ਜੀਵਨ ਦਾ ਅਸਲੀ ਮਾਲਕ ਉਹ ਪਰਵਰਦਿਗ਼ਾਰ ਹੀ ਹੈ ਜਿਸ ਨੇ ਮਨੁੱਖ ਨੂੰ ਇਹ ਜੀਵਨ ਬਖ਼ਸਿਐ। ਅਤੇ ਜਦੋਂ ਵੀ ਉਸ ਦੀ ਮਰਜ਼ੀ ਹੋਵੇਗੀ, ਉਹ ਇਸ ਨੂੰ ਵਾਪਿਸ ਲੈ ਲਵੇਗਾ। ਇਸ ਪਲ ਵੀ ਇਸ ਧਰਤੀ ‘ਤੇ ਖ਼ਰਬਾਂ ਲੋਕ ਵਸੇ ਹੋਏ ਹਨ। ਇਸ ਤੋਂ ਹੀ ਅਸੀਂ ਇਹ ਨਤੀਜਾ ਕੱਢ ਸਕਦੇ ਹਾਂ ਕਿ ਪਹਿਲੇ ਮਨੁੱਖ ਦੇ ਇਸ ਧਰਤੀ ‘ਤੇ ਜਨਮ ਲੈਣ ਤੋਂ ਲੈ ਕੇ ਹੁਣ ਤਕ ਅਰਬਾਂ ਹੀ ਲੋਕ ਇਸ ਧਰਤੀ ‘ਤੇ ਆਏ ਅਤੇ ਇੱਥੋਂ ਗਏ ਹੋਣਗੇ। ਉਹ ਸਾਰੇ ਬਿਨਾ ਕਿਸੇ ਭੇਦਭਾਵ ਦੇ ਮਰੇ, ਫ਼ਰਕ ਸਿਰਫ਼ ਉਨ੍ਹਾਂ ਦੇ ਮਰਨ ਦੇ ਢੰਗ ਤੇ ਉਸ ਵਿੱਚ ਲੱਗਣ ਵਾਲੇ ਵੱਧ ਜਾਂ ਘੱਟ ਵਕਤ ਦਾ ਹੁੰਦੈ। ਮੌਤ ਇਸ ਧਰਤੀ ‘ਤੇ ਆਏ ਸਭ ਲੋਕਾਂ ਦਾ ਇੱਕ ਨਿਸ਼ਚਿਤ ਅੰਤ ਹੈ – ਅਤੀਤ ਵਿੱਚ ਪੈਦਾ ਹੋਇਆਂ ਦਾ ਵੀ ਮੌਤ ਹੀ ਅੰਤ ਸੀ, ਵਰਤਮਾਨ ਵਿੱਚ ਜਿਊਂਦਿਆਂ ਦਾ ਵੀ ਇਹੋ ਅੰਤ ਹੈ ਅਤੇ ਭਵਿੱਖ ਵਿੱਚ ਪੈਦਾ ਹੋਣ ਵਾਲਿਆਂ ਦਾ ਵੀ ਅੰਤ ਇਹੋ ਹੀ ਹੋਵੇਗਾ। ਇਸ ਨੂੰ ਕੋਈ ਰੋਕ ਨਹੀਂ ਸਕਦਾ, ਇਸ ਤੋਂ ਕੋਈ ਬੱਚ ਨਹੀਂ ਸਕਦਾ।” ਪਵਿੱਤਰ ਕੁਰਾਨ ਅੱਗੇ ਇਹ ਵੀ ਕਹਿੰਦੀ ਹੈ: ”ਹਰ ਜੀਵਤ ਵਿਅਕਤੀ ਇੱਕ ਦਿਨ ਮੌਤ ਦਾ ਸਵਾਦ ਚਖ਼ੇਗਾ। ਹਸ਼ਰ ਵਾਲੇ ਦਿਨ, ਜਿਸ ਦਿਨ ਸਾਰਿਆਂ ਦਾ ਹਿਸਾਬ ਹੋਣੈ, ਸਾਡੇ ਸਾਰਿਆਂ ਦਾ ਹਿਸਾਬ ਕਿਤਾਬ ਚੁਕਤਾ ਕਰ ਦਿੱਤਾ ਜਾਵੇਗਾ। ਸਾਡੀਆਂ ਬਕਾਇਆ ਤਨਖ਼ਾਹਾਂ ਵੀ ਉਸੇ ਦਿਨ ਚੁਕਾ ਦਿੱਤੀਆਂ ਜਾਣਗੀਆਂ। ਜਿਹੜਾ ਵੀ ਦੋਜ਼ਖ਼ ਦੀ ਅੱਗ ਤੋਂ ਬੱਚ ਗਿਆ ਅਤੇ ਜਿਸ ਕਿਸੇ ਲਈ ਵੀ ਜੱਨਤ ਦੇ ਬਾਗ਼ ਦੇ ਦਰਵਾਜ਼ੇ ਖੁਲ੍ਹ ਗਏ ਉਹ ਜੇਤੂ ਸਮਝਿਆ ਜਾਵੇਗਾ। ਇਸ ਸੰਸਾਰ ਵਿਚਲੀ ਜ਼ਿੰਦਗੀ ਤਾਂ ਕੇਵਲ ਭੁਲੇਖਿਆਂ ਦਾ ਆਨੰਦ ਮਾਤਰ ਹੈ …” (ਸੂਰਾਹ ਅਲ-ਇਮਰਾਨ: 185) … ”ਠੀਕ ਜਿਵੇਂ ਬੰਦੇ ਦੀ ਜਨਮ ਤਿਥੀ ਪਹਿਲਾਂ ਤੋਂ ਨਿਰਧਾਰਿਤ ਹੁੰਦੀ ਹੈ, ਉਸੇ ਤਰ੍ਹਾਂ ਹੀ ਉਸ ਦੀ ਮੌਤ ਦੀ ਤਾਰੀਖ਼ ਵੀ ਐਨ ਉਸ ਦੇ ਆਖ਼ਰੀ ਸਾਹਾਂ ਦੇ ਆਖ਼ਰੀ ਸੈਕਿੰਡ ਤਕ ਪਹਿਲਾਂ ਤੋਂ ਹੀ ਤੈਅਸ਼ੁਦਾ ਹੁੰਦੀ ਹੈ। ਬੰਦਾ ਆਪਣੀ ਜ਼ਿੰਦਗੀ ਦੇ ਉਸ ਆਖ਼ਰੀ ਪਲ ਵੱਲ ਜਲਦੀ ਨਾਲ ਦੌੜ ਕੇ ਪਹੁੰਚਣ ਦੀ ਲਗਾਤਾਰ ਕੋਸ਼ਿਸ਼ ਕਰਦਾ ਰਹਿੰਦੈ, ਖ਼ੁਦ ਨੂੰ ਜੀਣ ਲਈ ਮਿਲੇ ਹੋਏ ਸਾਰੇ ਘੰਟੇ, ਸਾਰੇ ਮਿੰਟ ਤੇਜ਼ੀ ਨਾਲ ਆਪਣੇ ਪਿੱਛੇ ਛੱਡਦਾ ਹੋਇਆ। ਹਰ ਇੱਕ ਦੀ ਮੌਤ, ਮੌਤ ਦਾ ਸਥਾਨ ਤੇ ਵਕਤ, ਇਸ ਦੇ ਨਾਲ ਨਾਲ ਉਸ ਦੇ ਮਰਨ ਦਾ ਢੰਗ, ਆਦਿ ਸਭ ਕੁਝ ਪਹਿਲਾਂ ਤੋਂ ਹੀ ਮੁਕੱਰਰ ਹੁੰਦੇ ਹਨ”
ਅਤੇ ਵਿਨੀ ਦੇ ਮਾਮਲੇ ਵਿੱਚ, ਕੁਝ ਸ਼ੁਭਚਿੰਤਕਾਂ ਦਾ ਕਹਿਣਾ ਸੀ ਕਿ ਘੱਟੋ ਘੱਟ ਉਸ ਨੇ ਆਪਣੀ ਮੌਤ ਦਾ ਸਥਾਨ ਤਾਂ ਖ਼ੁਦ ਚੁਣਿਐ – ਸਾਰੇ ਸੰਸਾਰ ਨੂੰ ਛੱਡ ਕੇ ਦੂਰ ਕੰਬੋਡੀਆ ਜਾ ਕੇ ਮਰਨਾ ਚੰਗਾ ਲੱਗਾ ਸੀ ਵਿਨੀ ਨੂੰ। ਪਰ ਕੁਝ ਨੇ ਇਹ ਵੀ ਕਿਹਾ ਕਿ ਉਸ ਦੀ ਮੌਤ ‘ਮੰਦਭਾਗੀ’ ‘ਅਣਿਆਈ’ ਅਤੇ ‘ਬੇਵਕਤੀ’ ਸੀ। ”ਇਹ ਉਹਦੀ ਕੋਈ ਮਰਨ ਦੀ ਉਮਰ ਸੀ!” ਕੁਝ ਨੇ ਕਿਹਾ। ਪਿੱਛਲੇ ਚਾਰ ਸਾਲ ਦੌਰਾਨ, ਆਪਣੇ ਪਰਿਵਾਰ ਵਿੱਚ ਤੀਸਰੀ ਮੌਤ ਦੇਖਣ ਉਪਰੰਤ, ਇੱਕ ਸਵਾਲ ਹਮੇਸ਼ਾ ਮੇਰੇ ਜ਼ਹਿਨ ਵਿੱਚ ਪਨਪਦਾ ਰਿਹੈ: ਕਿਸੇ ਪਿਆਰੇ ਦੇ ਮਰਨ ਦੀ ਸਹੀ ਉਮਰ ਕਿਹੜੀ ਹੁੰਦੀ ਹੋਵੇਗੀ? ਮੇਰੀ ਪਤਨੀ ਮਨੀਸ਼ਾ, ਜੋ ਕਿ ਸ਼ਾਇਦ ਆਪਣੇ ਬੱਚੇ ਦੀ ਪਿੱਛਲੇ ਸਾਲ ਹੋਈ ‘ਅਣਿਆਈ’ ਮੌਤ ਅਤੇ ਆਪਣੇ ਸੀ-ਸੈਕਸ਼ਨ ਦੀ ਪੀੜਾ ਤੋਂ ਹੀ ਹਾਲੇ ਪੂਰੀ ਤਰ੍ਹਾਂ ਨਹੀਂ ਉਬਰੀ ਹੋਣੀ, ਦੀ ਵਿਨੀ ਦੀ ਮੌਤ ਉਪਰੰਤ ਇਸ ਸੰਦਰਭ ‘ਚ ਇੱਕ ਬਹੁਤ ਹੀ ਮਾਸੂਮਾਨਾ ਟਿੱਪਣੀ ਸੀ ਜੋ ਮੈਂ ਇੱਥੇ ਆਪਣੇ ਪਾਠਕਾਂ ਨਾਲ ਸਾਂਝੀ ਕਰਨੀ ਚਾਹਾਂਗਾ। ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਘੋਰ ਦੁਖੀ ਅਵਸਥਾ ਵਿੱਚ ਉਸ ਦਾ ਬੜੇ ਹੀ ਭੋਲੇ ਅੰਦਾਜ਼ ਵਿੱਚ ਕਹਿਣਾ ਸੀ, ”ਰੱਬ ਇੰਝ ਕਿਉਂ ਨਹੀਂ ਕਰਦਾ ਕਿ ਜਿੰਨੇ ਕੁ ਚੰਗੇ ਬੰਦਿਆਂ ਦਾ ਸਮਾਜ ਉਸ ਨੂੰ ਚਾਹੀਦਾ ਹੋਵੇ, ਓਨੇ ਕੁ ਬੰਦੇ ਉਹ ਇੱਕ ਵਾਰ ਪੈਦਾ ਕਰ ਲਵੇ ਤਾਂ ਕਿ ਫ਼ਿਰ ਬਾਅਦ ਵਿੱਚ ਉਸ ਨੂੰ ਨਾ ਤਾਂ ਨਵਿਆਂ ਨੂੰ ਮੁੜ ਮੁੜ ਜਨਮ ਦੇਣਾ ਪਵੇ ਅਤੇ ਨਾ ਹੀ ਉਨ੍ਹਾਂ ਪੁਰਾਣਿਆਂ ਨੂੰ ਇਸ ਸੰਸਾਰ ਤੋਂ ਭੇਜਣਾ ਜਿਨ੍ਹਾਂ ਨੂੰ ਕਦੇ ਜੀਵਨ ਬਖ਼ਸ਼ਣਾ ਉਸ ਨੇ ਉੱਚਿਤ ਸਮਝਿਆ ਸੀ! ਮੇਰੇ ਦੁਖੀ ਮਨ ਨੂੰ ਵੀ ਮਨੀਸ਼ਾ ਦੀ ਇਹ ਦਲੀਲ ਚੰਗੀ ਤਾਂ ਲੱਗੀ, ਪਰ ਅੰਦਰੋਂ ਇਹ ਹੂਕ ਵੀ ਉਠੀ ਕਿ ਕਾਸ਼ ਇਹ ਸੰਸਾਰ ਇੰਝ ਹੀ ਚਲਦਾ ਹੁੰਦਾ!
ਵਿਨੀ ਦੇ 42 ਸਾਲਾ ਜੀਵਨ ਜਾਂ ਅਚਣਚੇਤੀ ਮੌਤ ਬਾਰੇ ਤਾਂ ਮੈਂ ਕੇਵਲ ਇੰਨਾ ਹੀ ਕਹਿ ਸਕਦਾ ਹਾਂ ਕਿ ਉਹ ਇੱਕ ਜ਼ਿੰਦਾ ਦਿਲ ਇਨਸਾਨ ਸੀ ਜਿਸ ਵਿੱਚ ਠੁੱਕ ਨਾਲ ਜੀਊਣ ਦੀ ਇੱਛਾ ਕੁੱਟ ਕੁੱਟ ਕੇ ਭਰੀ ਹੋਈ ਸੀ … ਜਿਸ ਨੇ ਆਪਣਾ ਜੀਵਨ ਆਪਣੀਆਂ ਸ਼ਰਤਾਂ ‘ਤੇ ਜੀਵਿਆ, ਜਿਸ ਨੇ ਨਿਕਰਾਗੁਆ ਵਿੱਚ ਹੀਰੇ ਤੇ ਸੋਨੇ ਦੀਆਂ ਖਾਣਾਂ ਲੱਭਣ ਜਾਣ ਤੋਂ ਲੈ ਕੇ ਤ੍ਰਿਨੀਦਾਦ ਵਿੱਚ ਜਿਊਲਰੀ ਸਟੋਰ, ਮੋਟਲ, ਰੈਸਟੋਰੈਂਟ, ਸਮੋਸਾ ਫ਼ੈਕਟਰੀ ਖੋਲ੍ਹਣ ਦੀਆਂ ਤਜਵੀਜ਼ਾਂ ਬਣਾਈਆਂ, ਜਿਸ ਨੇ ਦੁਬਈ ਵਿੱਚ ਇੱਕ ਭਾਰਤੀ ਰੈਸਟੋਰੈਂਟ ਅਤੇ ਕੈਨੇਡਾ ਵਿੱਚ ਇੱਕ ‘ਵੋਆਇਪ’ ਟੈਲੇਕਮਿਉਨੀਕੇਸ਼ਨਜ਼ ਕੰਪਨੀ ਚਲਾਉਣ ਦੇ ਤਜਰਬੇ ਵੀ ਹਾਸਿਲ ਕੀਤੇ … ਕੈਨੇਡਾ ਦਾ 25 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਸਿਟੀਜ਼ਨ ਹੋਣ ਦੇ ਬਾਵਜੂਦ ਵਿਨੀ ਨੇ ਹਾਲੇ ਪਿਛਲੇ ਮਹੀਨੇ ਪੈਨੇਮਾ ਦੀ ਨਾਗਰਿਕਤਾ ਹਾਸਿਲ ਕੀਤੀ। ਗੱਲ ਕੀ, ਆਪਣੇ ਪੁਰਾਣੇ ਕਾਰਨਾਮਿਆਂ ਦੀਆਂ ਸ਼ੇਖੀਆਂ ਅਤੇ ਕਹਾਣੀਆਂ ਦੇ ਸਿਰ ‘ਤੇ ਹੀ ਆਪਣੀ ਬਾਕੀ ਦੀ ਜ਼ਿੰਦਗੀ ਮਜ਼ੇ ਨਾਲ ਬਿਤਾਉਣ ਵਿੱਚ ਦਿਲਚਸਪੀ ਰੱਖਣ ਵਾਲੇ ਬੰਦਿਆਂ ‘ਚੋਂ ਨਹੀਂ ਸੀ ਸਾਡਾ ਵਿਨੀ। ਕੰਬੋਡੀਆ ਜਾਣ ਤੋਂ ਪਹਿਲਾਂ ਮੈਂ ਉਸ ਨੂੰ ਆਪਣੇ ਕਿਸੇ ਦੋਸਤ ਨੂੰ ਕਹਿੰਦਿਆਂ ਸੁਣਿਆ, ”ਕੁਝ ਕੁ ਸਾਲਾਂ ਬਾਅਦ ਇੱਕ ਹੀ ਕਿੱਤੇ ਵਿੱਚ ਕੰਮ ਕਰਦਾ ਕਰਦਾ ਮੈਂ ਬੋਰ ਹੋ ਜਾਨਾਂ, ਯਾਰ। ਫ਼ਿਰ ਉਸ ਕੰਮ ਵਿੱਚ ਮੇਰੀ ਦਿਲਚਸਪੀ ਘਟਣ ਲਗਦੀ ਹੈ ਅਤੇ ਮੈਨੂੰ ਕੁਝ ਹੋਰ ਕਰਨਾ ਪੈਂਦੈ … ਨਹੀਂ ਤਾਂ ਮੇਰੀ ਰਫ਼ਤਾਰ ਮੱਠੀ ਪੈ ਜਾਂਦੀ ਐ … ਖੜੋਤ ਆ ਜਾਂਦੀ ਐ ਫ਼ਿਰ ਬੰਦੇ ਵਿੱਚ!” ਜਦੋਂ ਸਿਰਫ਼ ਯਾਰਾਂ ਦੋਸਤਾਂ ਨਾਲ ਗੱਲਾਂ ਕਰ ਕੇ ਉਸ ਦੇ ਮਨ ਦੀ ਤਸੱਲੀ ਨਾ ਹੋਈ ਤਾਂ ਉਸ ਦੀ ਬੇਚੈਨ ਆਤਮਾ ਨੇ ਕੰਬੋਡੀਆ ਵੱਲ ਨੂੰ ਵਹੀਰਾਂ ਘੱਤੀਆਂ ਜਿੱਥੇ ਉਸ ਨੇ ਨੋਮ ਪੈਨ ਸ਼ਹਿਰ ਦੇ ‘ਹੋਮ ਟਾਊਨ ਸੁਈਟ ਹੋਟਲ’ ਦੇ ਕਮਰਾ ਨੰਬਰ 208 ਵਿੱਚ ਆਪਣਾ ਸ਼ਰੀਰਕ ਖੋਲ ਤਿਆਗ ਕੇ ਸਦਾ ਲਈ ਇਸ ਸੰਸਾਰ ਤੋਂ ਉਡਾਰੀ ਮਾਰਨੀ ਸੀ, ਉਥੇ ਜਾ ਕੇ ਉਸ ਦੇ ਦਿਲ ਨੇ ਅਚਾਨਕ ਧੜਕਨਾ ਬੰਦ ਕਰਨਾ ਸੀ। ਨੀਂਦ ਵਿੱਚ ਜੇਕਰ ਕਿਸੇ ਨੂੰ ਸੁੱਤੇ ਸੁੱਤੇ ਮੌਤ ਆ ਜਾਵੇ ਤਾਂ ਇਸ ਤੋਂ ਵੱਧ ਸ਼ਾਂਤਮਈ ਮੌਤ ਤਾਂ, ਮੇਰੇ ਨਜ਼ਦੀਕ, ਹੋਰ ਕੋਈ ਹੋ ਹੀ ਨਹੀਂ ਸਕਦੀ।
ਹਰ ਵਾਰ ਜਦੋਂ ਵੀ ਮੈਨੂੰ ਆਪਣੇ ਕਿਸੇ ਪਿਆਰੇ ਦੀ ਮੌਤ ਨਾਲ ਦੋਚਾਰ ਹੋਣਾ ਪਿਐ, ਅਤੇ ਮੈਂ ਨਿਰਾਸ਼ ਨਿਗਾਹਾਂ ਨਾਲ ਬੱਦਲਾਂ ਨੂੰ ਤੱਕਿਐ ਅਤੇ ਰੱਬ ਵਿੱਚ ਆਪਣੇ ਲਗਾਤਾਰ ਥਿੜਕ ਰਹੇ ਵਿਸ਼ਵਾਸ ਨਾਲ ਸਵਰਗਾਂ ਵੱਲ ਨੂੰ ਨਿਹਾਰਿਐ ਤਾਂ ਮੇਰੇ ਜ਼ਹਿਨ ਵਿੱਚ ਕੇਵਲ ਇੱਕ ਹੀ ਸਵਾਲ ਨੇ ਉਸਲਵੱਟੇ ਲਏ ਹਨ ਜਿਸ ਨੇ ਫ਼ਿਰ ਅੱਗੋਂ ਕਈ ਹੋਰ ਸਮਾਨਅਰਥਕ ਸਵਾਲਾਂ ਨੂੰ ਜਨਮ ਦਿੱਤੈ। ਕੀ ਰੱਬ ਦੀ ਹੋਂਦ ਤੋਂ ਬਿਨਾ ਇਨਸਾਨ ਦੀ ਹੋਂਦ ਦਾ ਕੋਈ ਅਰਥ ਰਹਿ ਜਾਂਦੈ? ਜੇ ਇਸ ਸੰਸਾਰ ਵਿੱਚ ਰੱਬ ਦੀ ਕੋਈ ਹੋਂਦ ਹੀ ਨਹੀਂ ਤਾਂ ਫ਼ਿਰ ਸਾਡੇ ਚੰਗੇ ਜਾਂ ਮਾੜੇ ਕਰਮਾਂ ਨਾਲ ਕੀ ਫ਼ਰਕ ਪੈਂਦੈ? ਜੇ ਸਾਨੂੰ ਵਾਚਣ ਵਾਲਾ, ਸਾਡੇ ਚੰਗੇ ਮਾੜੇ ਕੰਮਾਂ ਦਾ ਨਿਰਣਾ ਕਰ ਕੇ, ਚੰਗੇ ਦਾ ਇਨਾਮ ਅਤੇ ਭੈੜੇ ਕਰਮਾਂ ਲਈ ਸਜ਼ਾ ਦੇਣ ਵਾਲਾ ਹੀ ਕੋਈ ਨਹੀਂ ਤਾਂ ਫ਼ਿਰ ਇਨਸਾਨ ਨੂੰ ਕਿਸੇ ਵੀ ਚੀਜ਼ ਦੀ ਪਰਵਾਹ ਕਰਨ ਦੀ ਕੀ ਲੋੜ ਪਈ ਹੈ? ਜੇ ਇੱਥੇ ਕਰਮਾਂ ਦੇ ਨਬੇੜੇ ਕਰਨ ਵਾਲਾ ਹੀ ਕੋਈ ਨਹੀਂ ਤਾਂ ਫ਼ਿਰ ਕਿਸੇ ਸੰਤ ਵਰਗਾ ਜੀਵਨ ਜਿਊਣ ਦੀ ਬਜਾਏ ਕੋਈ ਸਟਾਲਿਨ ਹੀ ਕਿਉਂ ਨਹੀਂ ਬਣਨਾ ਚਾਹੇਗਾ? ਜੇ ਇਸ ਸੰਸਾਰ ਵਿੱਚ ਕੋਈ ਅਜਿਹੀਆਂ ਕਦਰਾਂ ਕੀਮਤਾਂ ਹੀ ਨਹੀਂ ਜਿਨ੍ਹਾਂ ‘ਤੇ ਸਾਨੂੰ ਖ਼ਰਾ ਉਤਰਨਾ ਪੈਣੈ ਤਾਂ ਫ਼ਿਰ ਸਾਨੂੰ ਸਾਰਿਆਂ ਨੂੰ ਉਂਝ ਹੀ ਨਹੀਂ ਕਰਨਾ ਅਤੇ ਜੀਣਾ ਚਾਹੀਦਾ ਜਿਵੇਂ ਸਾਨੂੰ ਚੰਗਾ ਲੱਗੇ? ਜੇ ਇਸ ਸੰਸਾਰ ਵਿੱਚ ਰੱਬ ਹੀ ਨਹੀਂ ਤਾਂ ਫ਼ਿਰ ਕੋਈ ਕਿਉਂ ਅਮਰ ਹੋ ਕੇ ਇਸ ਧਰਤੀ ‘ਤੇ ਸਦਾ ਲਈ ਜਿਊਂਦਾ ਰਹਿਣਾ ਚਾਹੇਗਾ? ਰੱਬ ਤੋਂ ਬਿਨਾ ਇਸ ਸੰਸਾਰ ਵਿੱਚ ਸਾਡੇ ਮਨੁੱਖੀ ਜੀਵਨ ਦਾ ਕੀ ਮੰਤਵ ਰਹਿ ਜਾਂਦੈ? ਰੱਬ ਦੇ ਨਾ ਹੋਣ ਦੀ ਸੂਰਤ ਵਿੱਚ ਕੀ ਸਾਡਾ ਮਨੁੱਖੀ ਜੀਵਨ ਬਿਲਕੁਲ ਵਿਅਰਥ ਹੈ?
ਇਨ੍ਹਾਂ ਸਵਾਲਾਂ ਦੇ ਜਵਾਬ ਟਟੋਲਦੇ ਟਟੋਲਦੇ ਦਾ ਨੈੱਟ ‘ਤੇ ਮੇਰਾ ਸਾਹਮਣਾ ਵਿਲੀਅਮ ਕ੍ਰੇਗ ਦੀਆਂ ਕੁਝ ਦਿਲਚਸਪ ਲਿਖਤਾਂ ਨਾਲ ਹੋਇਆ। ਵਿਲੀਅਮ ਲੇਨ ਕ੍ਰੇਗ, ਲਾ ਮਿਰਾਡਾ, ਕੈਲੇਫ਼ੋਰਨੀਆ ਦੇ ਟੈਲਬਟ ਸਕੂਲ ਔਫ਼ ਥੀਔਲੋਜੀ (ਧਰਮ-ਸ਼ਾਸਤਰ) ਵਿੱਚ ਰੀਸਰਚ ਪ੍ਰੋਫ਼ੈਸਰ ਔਫ਼ ਫ਼ਿਲੌਸਫ਼ੀ ਵਜੋਂ ਸੇਵਾ ਨਿਭਾ ਰਿਹੈ। ਉਹ ਇੱਕ ਐਪੌਲੋਜਿਸਟ, ਬੁਲਾਰੇ ਅਤੇ ਡਿਬੇਟਰ ਦੇ ਤੌਰ ‘ਤੇ ਆਪਣੇ ਕਾਰਜਾਂ ਲਈ ਵਿਸ਼ਵ ਭਰ ਵਿੱਚ ਚੰਗੀ ਤਰ੍ਹਾਂ ਸਿਆਣਿਆ ਜਾਂਦੈ। ਉਸ ਦੀ ਇੱਕ ਕਿਤਾਬ ‘ਰੀਜ਼ਨੇਬਲ ਫ਼ੇਥ’ (Reasonable Faith) ਕਾਫ਼ੀ ਚਰਚਾ ਵਿੱਚ ਰਹੀ ਹੈ। ਅਗਲੇ ਕੁਝ ਹਫ਼ਤਿਆਂ ਦੌਰਾਨ ਮੈਂ ਆਪਣੇ ਪਾਠਕਾਂ ਲਈ ਕ੍ਰੇਗ ਦੀ ਇਸੇ ਕਿਤਾਬ ਦੇ ਦੂਸਰੇ ਅਧਿਆਏ, ‘ਦਾ ਅਬਸਰਡਿਟੀ ਔਫ਼ ਲਾਈਫ਼ ਵਿਦਾਊਟ ਗੌਡ’ ਭਾਵ ਰੱਬ ਦੇ ਬਿਨਾ ਫ਼ਿਜ਼ੂਲ ਹੈ ਇਹ ਜ਼ਿੰਦਗੀ, ਦਾ ਆਪਣੀ ਸਮਝ ਅਨੁਸਾਰ ਤਰਜਮਾ ਕਰਾਂਗਾ। ਜੇਕਰ ਅਦਾਰਾ ਅਜੀਤ ਵੀਕਲੀ ਦੇ ਪਾਠਕ ਵੀ ਹਥਲੇ ਵਿਸ਼ੇ ‘ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਚਾਹੁਣ ਤਾਂ ਉਹ ਆਪਣੇ ਵਿਚਾਰਾਂ ਨੂੰ ਸਾਡੇ ਤਕ ਪਹੁੰਚਾ ਸਕਦੇ ਹਨ ਅਤੇ ਉਨ੍ਹਾਂ ਨੂੰ ਇਨ੍ਹਾਂ ਪੰਨਿਆਂ ‘ਤੇ ਢੁੱਕਵਾਂ ਸਥਾਨ ਦਿੱਤਾ ਜਾਵੇਗਾ।
ਜੇਕਰ ਰੱਬ ਦੀ ਹੋਂਦ ਨਹੀਂ ਤਾਂ ਫ਼ਿਰ ਮਨੁੱਖ ਅਤੇ ਇਸ ਸੰਸਾਰ ਦੋਹਾਂ ਨੂੰ ਮਰਨ ਤੋਂ ਕੋਈ ਵੀ ਸ਼ੈਅ ਰੋਕ ਨਹੀਂ ਸਕਦੀ। ਇਸ ਧਰਤੀ ‘ਤੇ ਜਨਮੇ ਦੂਸਰੇ ਜੀਵਾਂ ਵਾਂਗ ਮਨੁੱਖ ਨੂੰ ਵੀ ਇੱਕ ਦਿਨ ਮੌਤ ਆਉਣੀ ਨਿਸ਼ਚਿਤ ਹੈ। ਮੌਤ ਮਨੁੱਖੀ ਜੀਵਨ ਦੀ ਇੱਕ ਅਟੱਲ ਸੱਚਾਈ ਹੈ। ਅਮਰਤਾ ਦੀ ਕੋਈ ਉਮੀਦ ਨਾ ਹੋਣ ਕਾਰਨ, ਮਨੁੱਖ ਦਾ ਜੀਵਨ ਕੇਵਲ ਕਬਰ ਤਕ ਉਸ ਦਾ ਮਾਰਗਦਰਸ਼ਨ ਕਰ ਸਕਦਾ ਹੈ। ਫ਼ਿਰ ਜਿਸ ਢੰਗ ਨਾਲ ਵੀ ਮਨੁੱਖ ਦਾ ਜੀਵਨ ਚਾਹੇ, ਉਸ ਨੂੰ ਉਸ ਦੇ ਅੰਤ ਤਕ ਲੈ ਜਾਵੇ … ਢੰਗ ਨਾਲ ਫ਼ਰਕ ਨਹੀਂ ਪੈਂਦਾ ਕਿਉਂਕਿ ਮਨੁੱਖ ਦੀ ਆਖ਼ਰੀ ਮੰਜ਼ਿਲ ਤਾਂ ਮੌਤ ਹੀ ਹੈ। ਉਸ ਦੀ ਜ਼ਿੰਦਗੀ ਅਸੀਮਿਤ ਅੰਧਕਾਰ ਵਿੱਚ ਇੱਕ ਚਿੰਗਾੜੀ ਤੋਂ ਵੱਧ ਹੋਰ ਕੁਝ ਵੀ ਨਹੀਂ, ਇੱਕ ਅਜਿਹੀ ਚਿੰਗਿਆੜੀ ਜਿਹੜੀ ਹਨ੍ਹੇਰੇ ਵਿੱਚੋਂ ਹੀ ਚਾਣਚਕ ਪੈਦਾ ਹੁੰਦੀ ਹੈ, ਟਿਮਟਿਮਾਉਂਦੀ ਹੈ, ਤਿਲਮਿਲਾਉਂਦੀ ਹੈ, ਫ਼ੜਫ਼ੜਾਉਂਦੀ ਹੈ ਅਤੇ ਫ਼ਿਰ ਅੰਤ ਵਿੱਚ ਬੁੱਝ ਕੇ ਸਦਾ ਲਈ ਉਸੇ ਅੰਧਕਾਰ ਵਿੱਚ ਹੀ ਅਲੋਪ ਹੋ ਜਾਂਦੀ ਹੈ। ਇਸੇ ਲਈ, ਮੈਂ ਸਮਝਦਾ ਹਾਂ ਕਿ, ਸਾਡੇ ਵਿੱਚੋਂ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਇੱਕ ਨਾ ਇੱਕ ਦਿਨ ਉਸ ਦਾ ਸਾਹਮਣਾ ਕਰਨਾ ਪੈਂਦੈ ਜਿਸ ਨੂੰ ਧਰਮ ਸ਼ਾਸਤਰੀ (theologist) ਪੌਲ ਟਿਲਿਚ ‘ਥ੍ਰੈੱਟ ਔਫ਼ ਨੌਨ ਬੀਇੰਗ’ ਕਹਿੰਦੈ, ਭਾਵ ਨਾ ਰਹਿਣ ਦਾ ਡਰ। ”ਕਿਉਂਕਿ ਮੈਂ ਜਾਣਦਾ ਹਾਂ ਕਿ ਹੁਣ ਮੇਰੀ ਹੋਂਦ ਹੈ, ਇਸ ਲਈ ਮੈਂ ਜ਼ਿੰਦਾ ਹਾਂ, ਮੈਂ ਇਹ ਵੀ ਜਾਣਦਾ ਹਾਂ ਕਿ ਇੱਕ ਦਿਨ ਮੈਂ ਨਹੀਂ ਰਹਾਂਗਾ, ਕਿ ਮੈਂ ਇਸ ਸੰਸਾਰ ਤੋਂ ਸਦਾ ਲਈ ਚਲਾ ਜਾਵਾਂਗਾ, ਕਿ ਮੈਂ ਇੱਕ ਦਿਨ ਮਰ ਜਾਵਾਂਗਾ।” ਇਨਸਾਨ ਦੀ ਆਪਣੇ ਜੀਵਨ ਬਾਰੇ ਇਹ ਸੋਚ ਉਸ ਨੂੰ ਅੰਦਰ ਤਕ ਹਿਲਾ ਕੇ ਰੱਖ ਦਿੰਦੀ ਹੈ, ਉਹ ਤ੍ਰਭਕ ਜਾਂਦੈ, ਆਪਣੀ ਮੌਤ ਬਾਰੇ ਸੋਚ ਕੇ ਉਹ ਦਹਿਲ ਜਾਂਦੈ: ਇਹ ਸੋਚ ਕੇ ਉਹ ਭੈਅਭੀਤ ਹੋ ਜਾਂਦੈ ਕਿ ਮੈਂ ਆਪਣੇ ਆਪ ਨੂੰ ਜਿਹੜਾ ਬੰਦਾ ਕਹਿ ਕੇ ਹੁਣ ਤਕ ਬੁਲਾਉਂਦਾ ਰਿਹਾ ਹਾਂ ਉਸ ਦੀ ਹੋਂਦ ਇੱਕ ਦਿਨ ਮੁੱਕ ਜਾਵੇਗੀ, ਕਿ ਮੈਂ ਇੱਕ ਦਿਨ ਨਹੀਂ ਰਹਾਂਗਾ, ਖ਼ਤਮ ਹੋ ਜਾਵਾਂਗਾ ਮੈਂ!
ਮੈਨੂੰ ਹਾਲੇ ਵੀ ਥੋੜ੍ਹਾ ਥੋੜ੍ਹਾ ਚੇਤੇ ਐ ਉਹ ਪਲ ਜਦੋਂ ਮੇਰੇ ਪਿਤਾ ਜੀ ਨੇ ਮੈਨੂੰ ਪਹਿਲੀ ਵਾਰ ਦੱਸਿਆ ਕਿ ਇੱਕ ਦਿਨ ਮੈਂ ਮਰ ਜਾਵਾਂਗਾ। ਇੱਕ ਬੱਚਾ ਹੋਣ ਕਾਰਨ ਇਹ ਸੋਚ ਉਸ ਤੋਂ ਪਹਿਲਾਂ ਕਦੇ ਮੇਰੇ ਦਿਮਾਗ਼ ਵਿੱਚ ਆਈ ਹੀ ਨਹੀਂ ਸੀ। ਜਦੋਂ ਪਿਤਾ ਜੀ ਨੇ ਮੈਨੂੰ ਇਹ ਦੱਸਿਆ ਤਾਂ ਡਰ ਅਤੇ ਅਸਹਿਣਯੋਗ ਉਦਾਸੀ ਨਾਲ ਮੇਰਾ ਅੰਦਰ ਜਿਵੇਂ ਭਰ ਜਿਹਾ ਗਿਆ। ਤੇ … ਹਾਲਾਂਕਿ ਮੇਰੇ ਪਿਤਾ ਨੇ ਉਸ ਤੋਂ ਬਾਅਦ ਬਾਰ ਬਾਰ ਮੈਨੂੰ ਇਹ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਕਿ ਮੌਤ ਮੇਰੇ ਲਈ ਹਾਲੇ ਬਹੁਤ ਦੂਰ ਦੀ ਗੱਲ ਹੈ, ਪਰ ਉਸ ਯਕੀਨਦਹਾਨੀ ਦਾ ਮੇਰੇ ‘ਤੇ ਕੋਈ ਅਸਰ ਨਾ ਹੋਇਆ। ਚਾਹੇ ਉਹ ਬਹੁਤ ਦੇਰ ਨਾਲ ਵਾਪਰਣ ਵਾਲੀ ਸੀ ਜਾਂ ਥੋੜ੍ਹੀ ਦੇਰ ਬਾਅਦ, ਨਾ ਨਕਾਰਿਆ ਜਾਣ ਵਾਲਾ ਤੱਥ ਤਾਂ ਇਹੀ ਸੀ ਨਾ ਕਿ ਇੱਕ ਦਿਨ ਮੈਂ ਮਰਨ ਵਾਲਾ ਸਾਂ, ਅਤੇ ਇਸ ਵਿਚਾਰ ਨੇ ਮੈਨੂੰ ਪੂਰੀ ਤਰ੍ਹਾਂ ਧੁਰ ਅੰਦਰ ਤਕ ਇੱਕ ਅਜੀਬੋ ਗ਼ਰੀਬ ਉਦਾਸੀ ਨਾਲ ਭਰ ਦਿੱਤਾ। ਆਖ਼ਿਰਕਾਰ, ਸਾਡੇ ਸਭਨਾਂ ਵਾਂਗ ਹੀ, ਮੈਂ ਵੀ ਇਸ ਤੱਥ ਨੂੰ ਸਵੀਕਾਰਦਾ ਹੋਇਆ ਵੱਡਾ ਹੋਇਆ ਕਿ ਇੱਕ ਦਿਨ ਮੈਂ ਵੀ ਮਰ ਜਾਣੈ! ਅਸੀਂ ਸਾਰੇ ਹੀ ਅਟੱਲ ਹਕੀਕਤਾਂ ਨਾਲ ਜੀਣਾ ਸਿੱਖ ਜਾਂਦੇ ਹਾਂ। ਪਰ ਮੇਰੇ ਅੰਦਰ ਦੇ ਬੱਚੇ ਦੇ ਨਾਜ਼ੁਕ ਮਨ ‘ਤੇ ਮੌਤ ਦੀ ਕਠੋਰ ਸੱਚਾਈ ਸਦਾ ਲਈ ਆਪਣੀ ਛਾਪ ਛੱਡ ਗਈ ਸੀ। ਸਦਾ ਜਿਊਂਦੇ ਰਹਿ ਸਕਣ ਦੀ ਮੇਰੀ ਉਮੀਦ ਮੇਰੇ ਪਿਤਾ ਜੀ ਦੇ ਸ਼ਬਦਾਂ ਨੇ ਸਦਾ ਲਈ ਖ਼ਤਮ ਕਰ ਦਿੱਤੀ ਸੀ। ਜਿਵੇਂ 20ਵੀਂ ਸਦੀ ਦੇ ਫ਼ਿਲਾਸਫ਼ਰ, ਨਾਟਕਕਾਰ ਅਤੇ ਨਾਵਲਿਸਟ ਯੌਂ ਪਾਲ ਸਾਰਤਰ ਨੇ ਇੱਕ ਜਗ੍ਹਾ ਕਿਹਾ ਸੀ ਕਿ ਕਈ ਘੰਟਿਆਂ ਜਾਂ ਕਈ ਸਾਲਾਂ ਦੀ ਹੋਂਦ ਨਾਲ ਕੋਈ ਫ਼ਰਕ ਨਹੀਂ ਪੈਣ ਵਾਲਾ ਜਦੋਂ ਕਿ ਅਸੀਂ ਆਪਣੀ ਅਨੰਤਤਾ ਹੀ ਗੁਆ ਚੁੱਕੇ ਹੋਵਾਂਗੇ। ਅਤੇ ਇਹ ਬ੍ਰਹਿਮੰਡ ਵੀ ਇੱਕ ਦਿਨ ਆਪਣੀ ਮੌਤ ਖ਼ੁਦ ਹੀ ਮਰ ਜਾਵੇਗਾ। ਵਿਗਿਆਨੀ ਸਾਨੂੰ ਦਸਦੇ ਹਨ ਕਿ ਸਾਡੀ ਕਾਇਨਾਤ ਫ਼ੈਲ ਰਹੀ ਹੈ, ਅਤੇ ਸਾਡੀਆਂ ਆਕਾਸ਼ ਗੰਗਾਵਾਂ ਇੱਕ ਦੂਸਰੇ ਤੋਂ ਦੂਰ ਤੋਂ ਹੋਰ ਵੀ ਦੂਰ ਹੁੰਦੀਆਂ ਜਾ ਰਹੀਆਂ ਹਨ। ਜਿਉਂ ਜਿਉਂ ਅਜਿਹਾ ਹੋ ਰਿਹੈ, ਸਾਡਾ ਬ੍ਰਹਿਮੰਡ ਠੰਡੇ ਤੋਂ ਹੋਰ ਠੰਡਾ ਹੁੰਦਾ ਜਾ ਰਿਹੈ ਕਿਉਂਕਿ ਉਸ ਦੀ ਊਰਜਾ ਲਗਾਤਾਰ ਖੱਪ ਰਹੀ ਹੈ। ਅੰਤ ਨੂੰ ਸਾਡਾ ਸੌਰ ਮੰਡਲ ਵੀ ਆਪਣੀ ਸਾਰੀ ਊਰਜਾ ਮੁਕਾ ਬੈਠੇਗਾ … ਸਾਰੇ ਤਾਰੇ ਬੁੱਝ ਜਾਣਗੇ, ਅਤੇ ਇਸ ਬ੍ਰਹਿਮੰਡ ਵਿਚਲਾ ਸਾਰਾ ਪਦਾਰਥਕ ਮਾਦਾ ਮਰੇ ਹੋਏ ਤਾਰਿਆਂ ਅਤੇ ਸਾਡੀ ਫ਼ਿਜ਼ਾ ਵਿਚਲੇ ਕਾਲੇ ਹਨ੍ਹੇਰੇ ਮਘੋਰਿਆਂ ਨਾਲ ਟਕਰਾ ਕੇ ਉਨ੍ਹਾਂ ਨਾਲ ਉਨ੍ਹਾਂ ਵਿੱਚ ਹੀ ਕਿਤੇ ਗਰਕ ਹੋ ਜਾਵੇਗਾ। ਇਸ ਸੰਸਾਰ ਵਿੱਚ ਕੋਈ ਰੌਸ਼ਨੀ ਬਾਕੀ ਨਹੀਂ ਰਹੇਗੀ; ਇੱਥੇ ਗਰਮੀ ਨਾਮ ਦੀ ਕੋਈ ਸ਼ੈਅ ਵੀ ਬਚੀ ਨਹੀਂ ਹੋਵੇਗੀ; ਇੱਕ ਦਿਨ ਸਾਡੀ ਇਸ ਧਰਤੀ ਉੱਪਰ ਜੀਵਨ ਦਾ ਨਾਮੋ ਨਿਸ਼ਾਨ ਮੁੱਕ ਜਾਵੇਗਾ; ਇੱਥੇ ਜੇ ਕੁਝ ਰਹੇਗਾ ਤਾਂ ਉਹ ਹੋਣਗੀਆਂ ਮਰੇ ਹੋਏ ਤਾਰਿਆਂ ਅਤੇ ਮਰ ਖੱਪ ਚੁੱਕੀਆਂ ਆਕਾਸ਼ਗੰਗਾਵਾਂ ਦੀਆਂ ਲਾਸ਼ਾਂ ਜੋ ਕਿ ਲਗਾਤਾਰ ਅੰਧਕਾਰ ਵਿੱਚ ਅਤੇ ਅੰਤਰਿਕਸ਼ ਦੀਆਂ ਠੰਡੀਆਂ ਵਿਰਲਾਂ, ਵਿਥਾਂ ਤੇ ਝੀਥਾਂ ਵਿੱਚ ਧਸਦੀਆਂ ਜਾਣਗੀਆਂ। ਇੱਕ ਦਿਨ ਤਬਾਹ ਹੋ ਜਾਏਗੀ ਸਾਡੀ ਇਹ ਸਾਰੀ ਸ੍ਰਿਸ਼ਟੀ, ਸਾਡੀ ਇਹ ਧਰਤੀ ਨੇਸਤੋਨਾਬੂਦ ਹੋ ਜਾਵੇਗੀ ਇੱਕ ਦਿਨ!
ਇਹ ਮੈਂ ਤੁਹਾਨੂੰ ਸਾਇੰਸ ਫ਼ਿਕਸ਼ਨ ਦੀ ਕੋਈ ਕਹਾਣੀ ਨਹੀਂ ਸੁਣਾ ਰਿਹਾ। ਇਹ ਇੱਕ ਦਿਨ ਸੱਚਮੁੱਚ ਵਾਪਰਣ ਵਾਲੈ ਜੇਕਰ ਮੇਰੇ ਅਤੇ ਤੁਹਾਡੇ ਰੱਬ ਨੇ ਆ ਕੇ ਇਸ ਗੰਭੀਰ ਮਾਮਲੇ ਵਿੱਚ ਦਖ਼ਲ ਨਾ ਦਿੱਤਾ ਤਾਂ। ਅੱਜ ਦੇ ਸੰਸਾਰ ਨੂੰ ਰੱਬ ਦੇ ਬਹੁੜਨ ਦਾ ਡਾਹਢੀ ਬੇਸਬਰੀ ਨਾਲ ਇੰਤਜ਼ਾਰ ਹੈ … ਫ਼ਿਰ ਉਹ ਬੇਸ਼ੱਕ ਅੱਬੂ ਬਕਰ ਅਲ-ਬਗ਼ਦਾਦੀ ਦਾ ਅੱਲ੍ਹਾ ਹੋਵੇ, ਜਿਸ ਦੇ ਨਾਮ ‘ਤੇ ਉਹ ਸੈਂਕੜੇ ਮਾਸੂਮਾਂ ਦੇ ਗਾਟੇ ਜ਼ਿਬਾਹ ਕਰਨ ਜਾਂ ਉਨ੍ਹਾਂ ਨੂੰ ਬੰਬਾਂ ਨਾਲ ਉਡਾਣ ਤੋਂ ਪਹਿਲਾਂ ਇੱਕ ਪਲ ਲਈ ਵੀ ਨਹੀਂ ਸੋਚਦਾ ਜਾਂ ਫ਼ਿਰ ਡੌਨਲਡ ਟਰੰਪ ਦਾ ਯਸੂ ਮਸੀਹ ਜਿਸ ਦੇ ਨਾਮ ‘ਤੇ ਉਹ ਅੱਲ੍ਹਾ ਵਾਲਿਆਂ ‘ਤੇ ਪਾਬੰਦੀ ਲਗਾਉਣ ਤੇ ਦੀਵਾਰਾਂ ਉਸਾਰਨ ਨੂੰ ਫ਼ਿਰਦੈ ਜਾਂ ਯਹੂਦੀਆਂ ਦਾ ਰੱਬ ‘ਯਹੋਵਾਹ’ ਹੋਵੇ ਜਿਸ ਦੇ ਨਾਮ ‘ਤੇ ਉਹ ਫ਼ਿਲਿਸਤੀਨੀਆਂ ਦਾ ਹਰ ਰੋਜ਼ ਖ਼ੂਬ ਵਢਾਂਗਾ ਕਰਦੇ ਨੇ! … ਕੋਈ ਤਾਂ ਅਜਿਹਾ ਰੱਬ ਬਹੁੜੇ ਜਿਹੜਾ ਇਸ ਧਰਤੀ ਨੂੰ ਫ਼ਨਾਹ ਹੋਣ ਤੋਂ ਬਚਾ ਸਕੇ, ਜਿਹੜਾ ਜੀਵਨ ਨੂੰ ਖ਼ਤਮ ਹੋਣ ਤੋਂ ਰੋਕ ਸਕੇ। ਇਸ ਧਰਤੀ ‘ਤੇ ਵਸਦੇ ਹਰ ਇੱਕ ਮਨੁੱਖ ਦੀ ਹੀ ਜ਼ਿੰਦਗੀ ਇੱਕ ਦਿਨ ਖ਼ਤਮ ਨਹੀਂ ਹੋਣੀ ਸਗੋਂ ਮਨੁੱਖਾਂ ਸਮੇਤ ਇਸ ਧਰਤੀ ‘ਤੇ ਸਾਹ ਲੈ ਰਹੇ ਹਰ ਜੀਵ ਜੰਤੂ, ਹਰ ਪੇੜ ਪੌਦੇ ਦਾ ਅੰਤ ਲਾਜ਼ਮੀ ਹੈ। ਇਸ ਧਰਤੀ ‘ਤੇ ਜਿਹੜਾ ਵੀ ਉਗਮਿਐ ਉਸ ਨੇ ਬਿਨਸਣੈ! ਸਮੁੱਚੀ ਮਨੁੱਖ ਜਾਤੀ ਵਲੋਂ ਹਾਸਿਲ ਕੀਤੀਆਂ ਗਈਆਂ ਸਾਰੀਆਂ ਉਪਲੱਬਧੀਆਂ, ਉਸ ਵਲੋਂ ਮਾਰੀਆਂ ਗਈਆਂ ਸਾਰੀਆਂ ਮੱਲਾਂ, ਸਭ ਕੁਝ ਇੱਕ ਦਿਨ ਫ਼ਨਾਹ ਹੋਣ ਵਾਲੈ। ਮੌਤ ਦੀ ਸਜ਼ਾ ਪ੍ਰਾਪਤ ਕੈਦੀਆਂ ਵਾਂਗ ਅਸੀਂ ਸਾਰੇ ਕੇਵਲ ਆਪੋ ਆਪਣੀ ਵਾਰੀ ਦੇ ਆਉਣ ਦਾ ਇੰਤਜ਼ਾਰ ਹੀ ਕਰ ਰਹੇ ਹਾਂ ਇਸ ਧਰਤੀ ‘ਤੇ। ਮੌਤ ਤੋਂ ਬੱਚ ਕੇ ਕੋਈ ਵੀ ਵਿਅਕਤੀ ਇੱਥੋਂ ਫ਼ਰਾਰ ਨਹੀਂ ਹੋ ਸਕਦਾ। ਉਮੀਦ ਦੀ ਇੱਥੇ ਕੋਈ ਕਿਰਨ ਨਜ਼ਰ ਨਹੀਂ ਆ ਰਹੀ। ਅਸੀਂ ਸਾਰੇ ਇੱਥੇ ਸਿਰਫ਼ ਆਪੋ ਆਪਣੀ ਨਾ ਰੋਕੇ ਜਾ ਸਕਣ ਵਾਲੀ ਮੌਤ ਦਾ ਇੰਤਜ਼ਾਰ ਕਰ ਰਹੇ ਹਾਂ। … ਤੇ ਇਸ ਸਭ ਦਾ ਮਤਲਬ ਕੀ ਹੈ? ਇਸ ਦਾ ਅਰਥ ਇਹ ਹੈ ਕਿ ਇਨ੍ਹਾਂ ਸਾਰੀਆਂ ਹਕੀਕਤਾਂ ਦਾ ਅਹਿਸਾਸ ਹੋ ਜਾਣ ਤੋਂ ਬਾਅਦ ਮਨੁੱਖੀ ਜੀਵਨ ਆਪਣੇ ਆਪ ਵਿੱਚ ਬਿਲਕੁਲ ਬੇਮਤਲਬ ਜਾਂ ਫ਼ਿਜ਼ੂਲ ਹੋ ਜਾਂਦਾ ਹੈ। ਇਸ ਦਾ ਅਰਥ ਹੋਇਆ ਕਿ ਸਾਡੇ ਕੋਲ ਜਿਹੜਾ ਇਹ ਜੀਵਨ ਹੈ ਇਸ ਦੀ ਅੰਤ ਵਿੱਚ ਕੋਈ ਖ਼ਾਸ ਅਹਿਮੀਅਤ ਨਹੀਂ, ਇਸ ਦੀ ਕੋਈ ਕੀਮਤ ਜਾਂ ਇਸ ਦਾ ਕੋਈ ਮੰਤਵ ਨਹੀਂ। ਅਗਲੇ ਹਫ਼ਤੇ ਅਸੀਂ ਇਨ੍ਹਾਂ ਕਾਲਮਾਂ ਰਾਹੀਂ ਉਪਰੋਕਤ ਨੁਕਤਿਆਂ ਨੂੰ ਥੋੜ੍ਹੇ ਹੋਰ ਵਿਸਥਾਰ ਵਿੱਚ ਵਿਚਾਰਾਂਗੇ। ਅੰਤ ਵਿੱਚ ਮੈਂ ਮਿਰਜ਼ਾ ਗ਼ਾਲਿਬ ਦੀ ਲਗਭਗ ਇਸੇ ਵਿਸ਼ੇ ‘ਤੇ ਲਿਖੀ ਇੱਕ ਨਜ਼ਮ ਤੁਹਾਡੇ ਵਿਚਾਰ ਗੋਚਰੇ ਛੱਡ ਜਾਂਦਾ ਹਾਂ। ਤਦ ਤਕ ਲਈ ਤੁਹਾਡਾ ਅਤੇ ਮੇਰਾ, ਸਭ ਦਾ ਰੱਬ ਰਾਖਾ!
ਕੋਈ ਉਮੀਦ ਬਰ ਨਹੀਂ ਆਤੀ, ਕੋਈ ਸੂਰਤ ਨਜ਼ਰ ਨਹੀਂ ਆਤੀ!
ਮੌਤ ਕਾ ਏਕ ਦਿਨ ਮੁਅੱਈਅਨ (ਤੈਅ) ਹੈ, ਨੀਂਦ ਕਿਉਂ ਰਾਤ ਭਰ ਨਹੀਂ ਆਤੀ?
ਆਗੇ ਆਤੀ ਥੀ ਹਾਲ-ਏ-ਦਿਲ ਪੇ ਹੰਸੀ, ਅਬ ਕਿਸੀ ਬਾਤ ਪਰ ਨਹੀਂ ਆਤੀ
ਜਾਨਤਾ ਹੂੰ ਸਵਾਬ-ਏ-ਤਈਅਤ-ਓ-ਜ਼ੋਹਦ, ਪਰ ਤਬੀਅਤ ਉਧਰ ਨਹੀਂ ਆਤੀ
(ਭਾਵ ਅਗਲੇ ਜੀਵਨ ਵਿੱਚ ਇਸ ਜੀਵਨ ਦੇ ਚੰਗੇ ਕਰਮਾਂ ਦੇ ਇਨਾਮਾਂ ਅਤੇ ਧਾਰਮਿਕ ਫ਼ਰਜ਼ ਨਿਭਾਉਣ ਦੇ ਫ਼ਾਇਦਿਆਂ ਬਾਰੇ ਮੈਨੂੰ ਸਮਝ ਬਾਖ਼ੂਬੀ ਹੈ, ਪਰ ਮੇਰਾ ਮਨ ਹੀ ਜਦੋਂ ਇਸ ਪਾਸੇ ਵੱਲ ਨਹੀਂ ਮੰਨਦਾ ਤਾਂ ਮੈਂ ਕੀ ਕਰਾਂ!)
ਹੈ ਕੁਛ ਐਸੀ ਹੀ ਬਾਤ ਜੋ ਚੁਪ ਹੂੰ, ਵਰਨਾ ਕਿਆ ਬਾਤ ਕਰ ਨਹੀਂ ਆਤੀ?
ਕਿਉਂ ਨਾ ਚੀਖ਼ੂੰ ਕਿ ਯਾਦ ਕਰਤੇ ਹੈਂ, ਮੇਰੀ ਆਵਾਜ਼ ਗ਼ਰ ਨਹੀਂ ਆਤੀ
ਦਾਗ਼-ਏ-ਦਿਲ ਗ਼ਰ ਨਜ਼ਰ ਨਹੀਂ ਆਤਾ, ਬੂ ਭੀ ਐ ਚਾਰਾਗਰ (ਡਾਕਟਰ) ਨਹੀਂ ਆਤੀ!
ਹਮ ਵਹਾਂ ਹੈਂ ਜਹਾਂ ਸੇ ਹਮਕੋ ਭੀ, ਕੁਛ ਹਮਾਰੀ ਖ਼ਬਰ ਨਹੀਂ ਆਤੀ!
ਮਰਤੇ ਹੈਂ ਆਰਜ਼ੂ ਮੇਂ ਮਰਨੇ ਕੀ, ਮੌਤ ਆਤੀ ਹੈ ਪਰ ਨਹੀਂ ਆਤੀ
ਕਾਬ੍ਹਾ ਕਿਸ ਮੂੰਹ ਸੇ ਜਾਓਗੇ ਗ਼ਾਲਿਬ, ਸ਼ਰਮ ਤੁਮ ਕੋ ਮਗਰ ਨਹੀਂ ਆਤੀ!

LEAVE A REPLY