7ਚੰਡੀਗੜ੍ਹ  :  ਆਮ ਆਦਮੀ ਪਾਰਟੀ ਦੇ ਵਲੰਟੀਅਰ ਸੂਬੇ ਵਿਚਲੇ ਉਨ੍ਹਾਂ ਸਿਵਲ ਅਤੇ ਪੁਲਿਸ ਅਧਿਕਾਰੀਆਂ ਤੇ ਨਜਰ ਰੱਖਣਗੇ ਜੋ ਕਿ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ਗੈਰ ਕਾਨੂੰਨੀ ਵਪਾਰਾਂ ਨੂੰ ਪ੍ਰਫੁਲਿਤ ਕਰਨ ਵਿਚ ਲੱਗੇ ਹੋਏ ਹਨ। ਅਜਿਹੇ ਅਫਸਰ ਜੋ ਕਿ ਅਕਾਲੀ ਸਰਕਾਰ ਦੁਆਰਾ ਨਿਯਮਾਂ ਨੂੰ ਛਿੱਕੇ ਟੰਗ ਕੇ ਬਣਾਏ ਗਏ ਹਲਕਾ ਇੰਚਾਰਜਾਂ ਦੇ ਇਸ਼ਾਰਿਆਂ ਤੇ ਕੰਮ ਕਰਦੇ ਹਨ ਦੀ ਵੀ ਜਵਾਬਦੇਹੀ ਨਿਰਧਾਰਿਤ ਕੀਤੀ ਜਾਵੇਗੀ।
ਆਪ ਦੁਆਰਾ ਬੁੱਧਵਾਰ ਨੂੰ ਜਾਰੀ ਪ੍ਰੈਸ ਬਿਆਨ ਵਿਚ ਪ੍ਰਸ਼ਾਸਨਿਕ ਅਤੇ ਸ਼ਿਕਾਇਤ ਸੈਲ ਦੇ ਮੁਖੀ ਜਸਬੀਰ ਸਿੰਘ ਬੀਰ, ਆਈ.ਏ.ਐਸ. (ਰਿਟਾਇਡ) ਨੇ ਕਿਹਾ ਕਿ ਪੰਜਾਬ ਵਿਚ ਅਕਾਲੀ ਨੇਤਾਵਾਂ ਦੀ ਸਰਪ੍ਰਸਤੀ ਹੇਠਾਂ ਭੂ, ਰੇਤਾ ਅਤੇ ਟਰਾਂਸਪੋਰਟ ਮਾਫੀਆ ਫਲ-ਫੁਲ ਰਿਹਾ ਹੈ। ਇਸ ਵਿਚ ਕੁਝ ਕੁ ਭ੍ਰਿਸ਼ਟ ਅਫਸਰ ਉਨ੍ਹਾਂ ਦੀ ਸਹਾਇਤਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਅਫਸਰਾਂ ਨੂੰ ਭ੍ਰਿਸ਼ਟ ਨੇਤਾਵਾਂ ਤੇ ਇਸ਼ਾਰਿਆਂ ਤੇ ਕੰਮ ਕਰਨੇ ਬੰਦ ਕਰਕੇ ਲੋਕਾਂ ਦੇ ਹਿੱਤਾਂ ਵਿਚ ਕੰਮ ਕਰਨੇ ਚਾਹੀਦੇ ਹਨ।
ਬੀਰ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਗਰੀਬਾਂ ਦੀ ਭਲਾਈ ਲਈ ਨਿਧਾਰਤ ਸਰਕਾਰੀ ਫੰਡਾਂ ਨੂੰ ਵੀ ਅਕਾਲੀ ਦਲ ਦੇ ਲੀਡਰ ਆਪਣੀ ਇੱਛਾ ਅਨੁਸਾਰ ਹੋਰ ਕਾਰਜਾਂ ਲਈ ਵਰਤ ਰਹੇ ਹਨ। ਬੀਰ ਨੇ ਕਿਹਾ ਕਿ ਇਥੋਂ ਤੱਕ ਕਿ ਗਰੀਬ ਅਤੇ ਹਕਦਾਰ ਲੋਕਾਂ ਨੂੰ ਨੀਲੇ ਕਾਰਡ ਬਣਾਉਣ ਅਤੇ ਸਰਕਾਰੀ ਸਕੀਮਾਂ ਦਾ ਫਾਇਦਾ ਲੈਣ ਲਈ ਵੀ ਅਕਾਲੀ ਨੇਤਾਵਾਂ ਦੀ ਸਿਫਾਰਿਸ਼ ਦੀ ਜਰੂਰਤ ਪੈਂਦੀ ਹੈ।
ਬੀਰ ਨੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਫੰਡ ਦੇਣ ਸਮੇਂ ਵੀ ਉਨ੍ਹਾਂ ਵਿਚ ਰਾਜਨੀਤਿਕ ਅਧਾਰ ਤੇ ਵੰਡੀਆਂ ਪਾਈਆਂ ਜਾਂਦੀਆਂ ਹਨ ਅਤੇ ਅਕਾਲੀ ਦਲ ਤੋਂ ਬਿਨਾ ਹੋਰ ਪਾਰਟੀਆਂ ਨਾਲ ਸੰਬੰਧਤ ਸਰਪੰਚਾਂ ਦੇ ਪਿੰਡਾਂ ਨੂੰ ਸਰਕਾਰੀ ਫੰਡਾਂ ਤੋਂ ਵਾਂਝੇ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਤਾਂ ਧਰਮ ਨੂੰ ਵੀ ਨਾ ਬਖਸ਼ਿਆ ਅਤੇ ਮੁੱਖ ਮੰਤਰੀ ਤੀਰਥ ਯਾਤਰਾ ਲਈ ਵੀ ਅਕਾਲੀ ਹਲਕਾ ਇੰਚਾਰਜਾਂ ਦੀ ਸਿਫਾਰਿਸ਼ ਲਈ ਨਾਵਾਂ ਨੂੰ ਸ਼ਾਮਲ ਕੀਤਾ ਗਿਆ, ਜਦੋਂ ਕਿ ਇਹ ਕੰਮ ਸਰਕਾਰੀ ਅਫਸਰਾਂ ਦਾ ਹੁੰਦਾ ਹੈ।
ਆਮ ਆਦਮੀ ਪਾਰਟੀ ਦੇ ਵਰਕਰਾਂ ਉੱਤੇ ਝੂਠੇ ਮੁਕਦਮੇ ਦਰਜ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਚੇਤਾਵਨੀ ਦਿੰਦੇ ਬੀਰ ਨੇ ਕਿਹਾ ਕਿ ਉਹ ਯੂਥ ਅਕਾਲੀ ਦਲ ਅਤੇ ਸੋਈ ਦੇ ਨੇਤਾਵਾਂ ਦੇ ਇਸ਼ਾਰਿਆਂ ਤੇ ਬੇਕਸੂਰ ਨੌਜਵਾਨਾਂ ਉਤੇ ਪਰਚੇ ਦਰਜ ਕਰਨ ੇਬੰਦ ਕਰ ਦੇਣ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਜਿਹੇ ਅਫਸਰਾਂ ਦੇ ਖਿਲਾਫ ਕਾਨੂੰਨ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਅਕਾਲੀ ਭਾਜਪਾ ਸਰਕਾਰ ਦੁਆਰਾ ਸਰਕਾਰੀ ਪੈਸੇ ਦੀ ਦੁਰਵਰਤੋਂ ਬਾਰੇ ਬੋਲਦਿਆਂ ਬੀਰ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਦੇ ਸਰਕਾਰੀ ਕਰਮਚਾਰੀ ਕਈ ਮਹੀਨੀਆਂ ਤੋਂ ਤਨਖਾਹ ਦੀ ਉਡੀਕ ਵਿਚ ਬੈਠੇ ਹਨ ਅਤੇ ਦੂਜੇ ਪਾਸੇ ਅਕਾਲੀ ਦਲ ਦੁਆਰਾ ਬਣਾਏ ਗਏ ਚੇਅਰਮੈਨ ਅਤੇ ਹੋਰ ਨੇਤਾ ਖੁਲ ਕੇ ਨਜਾਇਜ ਢੰਗ ਨਾਲ ਸਰਕਾਰੀ ਪੈਸੇ ਦੀ ਦੁਰਵਰਤੋਂ ਕਰ ਰਹੇ ਹਨ।
ਇਸ ਮੌਕੇ ਤੇ  ਪ੍ਰਸ਼ਾਸਨਿਕ ਅਤੇ ਸ਼ਿਕਾਇਤ ਸੈਲ ਵਲੋਂ ਨਵੇਂ ਅਹੁਦੇਦਾਰਾਂ ਦੀ ਲਿਸਟ ਜਾਰੀ ਕੀਤੀ ਗਈ। ਜਿਸ ਵਿਚ ਡਾ. ਹਰਕੇਸ਼ ਸਿੰਘ ਸਿੱਧੂ ਆਈ.ਏ.ਐਸ. (ਰਿਟਾਇਡ), ਸੁਰਿੰਦਰ ਸਿੰਘ ਸੋਢੀ ਆਈ.ਪੀ.ਐਸ (ਰਿਟਾਇਡ), ਸੁਖਬੀਰ ਸਿੰਘ ਮਾਨ, ਜੇਪੀ ਸਿੰਘ, ਐਸ.ਐਸ. ਮੁਲਤਾਨੀ ਅਤੇ ਜਰਨੈਲ ਸਿੰਘ ਆਈ.ਐਫ.ਐਸ.  ਰਿਟਾਇਡ ਨੂੰ ਵਿੰਗ ਦਾ ਉਪ ਪ੍ਰਧਾਨ ਥਾਪਿਆ ਗਿਆ। ਅਮਰਜੀਤ ਸਿੰਘ ਵਾਲੀਆਂ, ਡਾ. ਗੁਰਜੋਤ ਸਿੰਘ, ਗੁਰਮੀਤ ਸਿੰਘ ਸੰਧੂ ਅਤੇ ਦਰਸ਼ਨ ਸਿੰਘ ਨੂੰ ਜੁਆਇੰਟ ਸੈਕਟਰੀ ਬਣਾਇਆ ਗਿਆ।
ਬੀਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਗੰਭੀਰ, ਮਿਹਨਤੀ ਅਤੇ ਸਮਰਪਿਤ ਵਲੰਟੀਅਰ ਪਾਰਟੀ ਦੇ ਸਾਰੇ ਕਾਰਜਾਂ ਵਿਚ ਪ੍ਰਮੁੱਖ ਭੂਮਿਕਾਵਾਂ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੀ ਚੋਣ ਵੀ ਹੇਠਲੇ ਪੱਧਰ ਦੇ ਵਲੰਟੀਅਰਾਂ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਧਾਰ ਤੇ ਹੀ ਹੋਵੇਗੀ। ਜੇਕਰ ਕੋਈ ਕਿਸੇ ਵਲੰਟੀਅਰ ਨੂੰ ਕਿਸੇ ਪ੍ਰਕਾਰ ਦਾ ਕੋਈ ਸ਼ਿਕਵਾ ਜਾਂ ਸ਼ਿਕਾਇਤ ਹੋਵੇ ਤਾਂ ਉਹ ਸੈਲ ਦੇ ਅਧਿਕਾਰੀਆਂ ਨਾਲ ਮਸ਼ਵਰਾ ਕਰ ਸਕਦਾ ਹੈ।

LEAVE A REPLY