9ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਸੂਬੇ ਦੇ ਵਿਕਾਸ ਕਾਰਜਾਂ ‘ਚ ਸੁਹਿਰਦਤਾ ਨਾਲ ਕੰਮ ਕਰ ਰਹੇ ਪੰਜਾਬ ਦੇ ਮਿਹਨਤੀ ਤੇ ਅਣਥੱਕ ਅਫ਼ਸਰਾਂ ਨੂੰ ਡਰਾਉਣ ਦੀ ਰਣਨੀਤੀ ਤੋਂ ਬਾਜ਼ ਆਵੇ ਅਤੇ ਆਪਣੀ ਅਗਵਾਈ ‘ਚ ਸੂਬੇ ਦੀਆਂ ਅਗਾਮੀ ਆਮ ਚੋਣਾਂ ‘ਚ ਪਿਛਲੀ ਵਾਰ ਦੀ ਤਰ੍ਹਾਂ ਹੀ ਚਿੱਤ ਹੋਣ ਲਈ ਤਿਆਰ ਰਹੇ।
ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੇ ਅਧਿਕਾਰੀਆਂ ਨੂੰ ਧਮਕਾਉਣ ‘ਤੇ ਆਪਣੀ ਪ੍ਰਤੀਕ੍ਰਿਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਸੂਬੇ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਪਾ ਗੁਆ ਚੁੱਕੇ ਅਮਰਿੰਦਰ ਸਿੰਘ ਨਾ ਤਾਂ ਸੂਬੇ ਦੇ ਮੁੱਖ ਮੰਤਰੀ ਹਨ ਅਤੇ ਨਾ ਹੀ ਪੰਜਾਬ ਦੇ ਅਧਿਕਾਰੀ ‘ਰਾਜਿਆਂ ਦੇ ਸ਼ਾਸਨ’ ਅਧੀਨ ਕਾਰਜ ਕਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਕਿਹਾ ਕਿ ਪੰਜਾਬ ਦੇ ਅਧਿਕਾਰੀ ਇੱਕ ਚੁਣੀ ਹੋਈ ਸਰਕਾਰ ਦੇ ਅਧੀਨ ਕੰਮ ਕਰ ਰਹੇ ਹਨ ਅਤੇ ਕੈਪਟਨ ਕੋਲ ਚੁਣੀ ਹੋਈ ਸਰਕਾਰ ਦੀ ਇੱਛਾ ਅਨੁਸਾਰ ਕੰਮ ਕਰ ਰਹੇ ਅਧਿਕਾਰੀਆਂ ਨੂੰ ਧਮਕਾਉਣ ਦਾ ਕੋਈ ਅਧਿਕਾਰ ਨਹੀਂ ਹੈ। ਜੇਕਰ ਉਹ ਕੋਈ ਨੁਕਤਾ ਚੁੱਕਣਾ ਚਾਹੁੰਦੇ ਹਨ ਤਾਂ ਸਰਕਾਰ ਦੇ ਸਾਹਮਣੇ ਚੁੱਕਣ ਦੀ ਹਿੰਮਤ ਰੱਖਣ।
ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੈਪਟਨ ਅਮਰਿੰਦਰ ਨੇ ਆਪਣਾ ਕਾਨੂੰਨੀ ਫਰਜ ਨਿਭਾ ਰਹੇ ਅਧਿਕਾਰੀਆਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ। ਪਿਛਲੇ ਸਮੇਂ ਦੌਰਾਨ ਵੀ ਉਹ ਅਜਿਹਾ ਕਰ ਚੁੱਕੇ ਹਨ ਪਰ ਬੀਤੀਆਂ ਗਲਤੀਆਂ ਤੋਂ ਉਨ੍ਹਾਂ ਨੇ ਕੁੱਝ ਨਹੀਂ ਸਿੱਖਿਆ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੀਆਂ ਵਿਕਾਸਮੁਖੀ ਨੀਤੀਆਂ ਦੇ ਹੱਕ ਵਿੱਚ ਵੋਟਾਂ ਪਾ ਕੇ ਸਾਬਕਾ ਮਹਾਰਾਜੇ ਦੇ ਡਰ ਦੀ ਸਿਆਸਤ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ, ”ਇਸ ਵਾਰ ਵੀ ਇਤਿਹਾਸ ਦੁਹਰਾਇਆ ਜਾਵੇਗਾ ਅਤੇ ਕੈਪਟਨ ਅਮਰਿੰਦਰ ਨੂੰ ਫਿਰ ਤੋਂ ਹਾਰ ਦਾ ਡਰ ਸਤਾ ਰਿਹਾ ਹੈ ਕਿਉਂਜੋ ਉਸਨੂੰ ਆਪਣੀ ਹਾਰ ਸਪਸ਼ਟ ਦਿਖਣ ਲੱਗ ਪਈ ਹੈ।”
ਅਕਾਲੀ ਆਗੂ ਨੇ ਕੈਪਟਨ ਅਮਰਿੰਦਰ ਨੂੰ ਕਿਹਾ ਕਿ, ”ਕਾਂਗਰਸੀ ਵਰਕਰ ਤੁਹਾਨੂੰ ਮਹਾਰਾਜਾ ਕਹਿੰਦੇ ਹਨ ਅਤੇ ਇਸੇ ਕਾਰਨ ਤੁਸੀਂ ਹੰਕਾਰ ਵਿੱਚ ਆ ਕੇ ਇਹ ਵੀ ਭੁੱਲ ਚੁੱਕੇ ਹੋ ਕਿ ਹੁਣ ਤੁਸੀਂ ਸ਼ਾਹੀ ਨਹੀਂ ਰਹੇ ਸਗੋਂ ਲੋਕਤੰਤਰ ਵਿੱਚ ਰਹਿਣ ਵਾਲੇ ਇੱਕ ਆਮ ਆਦਮੀ ਹੋ ਅਤੇ ਆਪਣਾ ਫਰਜ ਕਾਨੂੰਨ ਤਹਿਤ ਨਿਭਾਉਣ ਵਾਲੇ ਅਫ਼ਸਰਾਂ ਨੂੰ ਵੀ ਤੁਹਾਡੇ ਬਰਾਬਰ ਹੀ ਹੱਕ ਹਨ।”
ਕੈਪਟਨ ਅਮਰਿੰਦਰ ਨੂੰ ਅਧਿਕਾਰੀਆਂ ਨੂੰ ਨਾ ਧਮਕਾਉਣ ਦੀ ਤਾੜਨਾ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਪੰਜਾਬ ਦੇ ਲੋਕਾਂ ਦੀ ਨਬਜ਼ ਪਛਾਣਨ ‘ਚ ਨਾਕਾਮ ਰਹੇ ਹਨ ਅਤੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਪਾਰਟੀ ‘ਤੇ ਧਿਆਨ ਦੇਣ ਜੋ ਕਿ ਫੁੱਟ ਦਾ ਸ਼ਿਕਾਰ ਹੈ ਅਤੇ ਲਗਾਤਾਰ ਤੀਸਰੀ ਹਾਰ ਵੱਲ ਵਧ ਰਹੀ ਹੈ।

LEAVE A REPLY