3ਜਗਰਾਉਂ/ਚੰਡੀਗੜ੍ਹ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੁਲਿਸ ਤੇ ਪ੍ਰਸ਼ਾਸਨ ਦੇ ਅਫਸਰਾਂ ਨੂੰ ਕਾਂਗਰਸੀਆਂ ਵਰਕਰਾਂ ਨੂੰ ਤੰਗ ਤੇ ਪ੍ਰੇਸ਼ਾਨ ਕਰਦਿਆਂ ਪੱਖਪਾਤ ਕਰਨ ਖਿਲਾਫ ਚੇਤਾਵਨੀ ਦਿੱਤੀ ਹੈ।
ਇਸ ਲੜੀ ਹੇਠ ਅੱਜ ਇਥੇ ਉਨ੍ਹਾਂ ਨੂੰ ਮਿੱਲਣ ਵਾਸਤੇ ਵੱਡੀ ਗਿਣਤੀ ‘ਚ ਪਹੁੰਚੇ ਪਾਰਟੀ ਵਰਕਰਾਂ ਦੇ ਛਾਲਾਂ ਮਾਰਦੇ ਉਤਸਾਹ ਨੂੰ ਦੇਖਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਸਿਰਫ ਛੇ ਮਹੀਨਿਆਂ ਦੀ ਗੱਲ ਰਹਿ ਗਈ ਹੈ, ਜਦੋਂ ਕਾਂਗਰਸੀ ਵਰਕਰਾਂ ‘ਤੇ ਅੱਤਿਆਚਾਰ ਕਰਨ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦਾ ਸਾਹਮਣਾ ਕਰਨਾ ਪਵੇਗਾ।
ਹੱਲਕੇ ਵਿੱਚ ਕੈਪਟਨ ਪ੍ਰੋਗਰਾਮ ਦੌਰਾਨ ਵਰਕਰਾਂ ਦੀਆਂ ਸਮੱਸਿਆਵਾਂ ਨੂੰ ਸੁਣਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਵੱਡੀ ਗਿਣਤੀ ‘ਚ ਪਾਰਟੀ ਵਰਕਰਾਂ ਵੱਲੋਂ ਦੱਸਿਆ ਗਿਆ ਹੈ ਕਿ ਨਾ ਸਿਰਫ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੱਖਪਾਤ ਕੀਤਾ ਗਿਆ ਹੈ, ਸਗੋਂ ਪੁਲਿਸ ਵੱਲੋਂ ਝੂਠੇ ਕੇਸ ਦਰਜ ਕਰਦਿਆਂ ਉਨ੍ਹਾਂ ਨੂੰ ਪ੍ਰਤਾੜਿਤ ਵੀ ਕੀਤਾ ਗਿਆ ਹੈ।
ਜਿਸ ‘ਤੇ ਕੈਪਟਨ ਅਮਰਿੰਦਰ ਨੇ ਅਫਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਯਾਦ ਰੱਖਣ ਕਿ ਉਨ੍ਹਾਂ ਨੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਹੈ ਅਤੇ ਉਹ ਉਸਨੂੰ ਇਕ ਵਾਰ ਫਿਰ ਤੋਂ ਦੁਹਰਾਉਂਦੇ ਹਨ ਕਿ ਉਹ ਨਾ ਸਿਰਫ ਸਾਡੇ ਪਾਰਟੀ ਵਰਕਰਾਂ ਖਿਲਾਫ ਦਰਜ਼ ਝੂਠੇ ਕੇਸਾਂ ਨੂੰ ਰੱਦ ਕਰਨਗੇ, ਬਲਕਿ ਇਹ ਵੀ ਪੁਖਤਾ ਕਰਨਗੇ ਕਿ ਝੂਠੇ ਕੇਸ ਦਰਜ ਲਈ ਜ਼ਿੰਮੇਵਾਰ ਅਕਾਲੀ ਆਗੂਆਂ ਤੇ ਪੁਲਿਸ ਅਫਸਰਾਂ ਨੂੰ ਸਜ਼ਾ ਦਿੰਦਿਆਂ ਸਬਕ ਸਿਖਾਇਆ ਜਾਵੇਗਾ।
ਇਸ ਦੌਰਾਨ ਪਾਰਟੀ ਵਰਕਰਾਂ ਨੇ ਕਈ ਮੌਕਿਆਂ ਦਾ ਜ਼ਿਕਰ ਕੀਤਾ, ਜਦੋਂ ਉਨ੍ਹਾਂ ਨੂੰ ਵਿਕਾਸ ਲਈ ਗ੍ਰਾਂਟਾਂ ਵੰਡਦਿਆਂ ਜਾਂ ਗਰੀਬੀ ਰੇਖਾਂ ਹੇਠ ਰਹਿਣ ਵਾਲੇ ਲੋਕਾਂ ਨੂੰ ਨੀਲੇ ਕਾਰਡ ਜ਼ਾਰੀ ਕਰਦਿਆਂ ਨਜ਼ਰਅੰਦਾਜ਼ ਕੀਤਾ ਗਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਾਂਗਰਸੀ ਸਮਰਥਕਾਂ ਨਾਲ ਸਬੰਧਤ ਇਲਾਕਿਆਂ ਨੂੰ ਸੜਕਾਂ ਤੇ ਨਾਲੀਆਂ ਵਰਗੀਆਂ ਮੁੱਢਲੀਆਂ ਸੁਵਿਧਾਵਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ।
ਇਸੇ ਤਰ੍ਹਾਂ, ਬੇਰੁਜ਼ਗਾਰੀ ਦੀ ਸਮੱਸਿਆ ਨਾਲ ਸਬੰਧਤ ਇਕ ਸਵਾਲ ਦੇ ਜਵਾਬ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਨ੍ਹਾਂ ਦੀ ਸਰਕਾਰ ਪੁਖਤਾ ਕਰੇਗੀ ਕਿ ਹਰੇਕ ਪਰਿਵਾਰ ਦੇ ਮੈਂਬਰ ਨੂੰ ਘੱਟੋਂ ਘੱਟ ਇਕ ਨੌਕਰੀ ਮਿੱਲ ਸਕੇ ਤੇ ਉਹ ਹਰ ਮਹੀਨੇ ਉਚਿਤ ਤੇ ਸਨਮਾਨਯੋਗ ਆਮਦਨ ਹਾਸਿਲ ਕਰ ਸਕਣ।
ਇਸ ਸਬੰਧ ‘ਚ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਇਸ ਵਾਸਤੇ ਪ੍ਰਾਈਵੇਟ ਨਿਵੇਸ਼ਕਾਂ ਤੇ ਇੰਡਸਟਰੀ ‘ਚ ਭਰੋਸਾ ਤੇ ਗੁੱਡਵਿੱਲ ਪੈਦਾ ਕਰਨ ਲਈ ਬਹੁਤ ਸਾਰੀ ਮਿਹਨਤ ਕਰਨ ਦੀ ਲੋੜ ਹੈ। ਕਿਉਂਕਿ, ਸਰਕਾਰ ਵੱਲੋਂ ਸਾਰਿਆਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਸਕਦੀਆਂ ਤੇ ਰੋਜ਼ਗਾਰ ਅਤੇ ਮਾਲੀਆ ਪੈਦਾ ਕਰਨ ਲਈ ਪੰਜਾਬ ‘ਚ ਉਦਯੋਗ ਤੇ ਨਿਵੇਸ਼ ਆਉਣਾ ਬਹੁਤ ਜ਼ਰੂਰੀ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਹਰੇਕ ਲਈ ਸਿਹਤ ਸੁਵਿਧਾਵਾਂ ਤੇ ਮਿਆਰੀ ਸਿੱਖਿਆ ਉਨ੍ਹਾਂ ਦੀ ਸਰਕਾਰ ਦੀ ਸੱਭ ਤੋਂ ਪਹਿਲੀ ਪ੍ਰਾਥÎਮਿਕਤਾ ਹੋਵੇਗੀ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਸਾਰੇ ਕਮਜ਼ੋਰ ਆਰਥਿਕ ਹਾਲਾਤਾਂ ਵਾਲੇ ਵਰਗਾਂ ਨੂੰ ਸਿਹਤ ਬੀਮਾ ਮੁਹੱਈਆ ਕਰਵਾਇਆ ਜਾਵੇਗਾ, ਕਿਉਂਕਿ ਉਹ ਜਾਣਦੇ ਹਨ ਕਿ ਬਹੁਤ ਸਾਰੇ ਲੋਕ ਮੁੱਢਲੇ ਇਲਾਜ਼ ਦਾ ਖਰਚਾ ਵੀ ਨਹੀਂ ਉਠਾ ਸਕਦੇ।
ਇਕ ਕੈਂਸਰ ਮਰੀਜ਼ ਦੇ ਸਵਾਲ ਦੇ ਜਵਾਬ ‘ਚ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਕ ਸੁਪਰ ਸਪੈਸ਼ਲਿਟੀ ਕੈਂਸਰ ਹਸਪਤਾਲ ਦੀ ਸਥਾਪਨਾ ਕੀਤੀ ਜਾਵੇਗੀ, ਜਿਥੇ ਕੈਂਸਰ ਨਾਲ ਪੀੜਤ ਮਰੀਜ਼ਾਂ ਨੂੰ ਮੁਫਤ ਇਲਾਜ਼ ਮੁਹੱਈਆ ਕਰਵਾਇਆ ਜਾਵੇਗਾ। ਇਸ ਦੌਰਾਨ ਕੈਂਸਰ ਦੇ ਕੇਸਾਂ ‘ਚ ਖਤਰਨਾਕ ਵਾਧੇ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕੀਤਾ ਤੇ ਹੈਰਾਨੀ ਪ੍ਰਗਟਾਈ ਕਿ ਕਿਉਂ ਪ੍ਰਕਾਸ਼ ਸਿੰਘ ਬਾਦਲ ਨੇ ਇਨ੍ਹਾਂ ਦੇ ਇਲਾਜ਼ ਵਾਸਤੇ ਕੁਝ ਨਹੀਂ ਕੀਤਾ।
ਸਿੱਖਿਆ ਦੇ ਮਾਮਲੇ ‘ਚ ਉਨ੍ਹਾਂ ਨੇ ਇਕ ਵਰਕਰ ਦੀ ਸ਼ਿਕਾਇਤ ਨਾਲ ਹਾਮੀ ਭਰੀ ਕਿ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਜ਼ਰੂਰਤਮੰਦ ਪਰਿਵਾਰਾਂ ਨਾਲ ਸਬੰਧਤ ਬੱਚਿਆਂ ਲਈ 25 ਪ੍ਰਤੀਸ਼ਤ ਰਾਖਵੀਆਂ ਸੀਟਾਂ ਮੁਹੱਈਆ ਕਰਵਾਉਣ ਸਬੰਧੀ ਵਚਨਬੱਧਤਾ ਨੂੰ ਨਹੀਂ ਨਿਭਾਅ ਰਹੀਆਂ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਨੋਟ ਕਰ ਲਿਆ ਹੈ ਅਤੇ ਉਹ ਪੁਖਤਾ ਕਰਨਗੇ ਕਿ ਪ੍ਰਾਈਵੇਟ ਸਿੱਖਿਅਕ ਸੰਸਥਾਵਾਂ ਗਾਈਡਲਾਈਨਾਂ ਦੀ ਪਾਲਨਾ ਕਰਨ।
ਇਸੇ ਤਰ੍ਹਾਂ, ਆਟਾ-ਦਾਲ ਸਕੀਮ ਹੇਠ ਘਟੀਆ ਕੁਆਲਿਟੀ ਦੀ ਕਣਕ ਤੇ ਦਾਲਾਂ ਸਪਲਾਈ ਕਰਨ ਸਬੰਧੀ ਇਕ ਸ਼ਿਕਾਇਤ ਦੇ ਜਵਾਬ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਨਾ ਸਿਰਫ ਪੁਖਤਾ ਕਰਨਗੇ ਕਿ ਇਹ ਸਕੀਮ ਜ਼ਾਰੀ ਰਹੇ, ਬਲਕਿ ਇਹ ਵੀ ਤੈਅ ਕਰਨਗੇ ਕਿ ਲੋਕਾਂ ਨੂੰ ਵਧੀਆ ਕੁਆਲਿਟੀ ਦਾ ਆਟਾ-ਦਾਲ ਮੁਹੱਈਆ ਕਰਵਾਇਆ ਜਾਵੇ। ਇਸ ਤੋਂ ਇਲਾਵਾ, ਕਾਂਗਰਸ ਸਰਕਾਰ ਇਹ ਵੀ ਸੁਨਿਸ਼ਚਿਤ ਕਰੇਗੀ ਕਿ ਇਸ ਸੂਚੀ ‘ਚ ਖੰਡ ਤੇ ਚਾਹ ਪੱਤੀ ਵੀ ਸ਼ਾਮਿਲ ਕੀਤੇ ਜਾਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਸਥਾਨਕ ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ, ਡਿਪਟੀ ਸੀ.ਐਲ.ਪੀ ਲੀਡਰ ਭਾਰਤ ਭੂਸ਼ਣ ਆਸ਼ੂ, ਅਵਤਾਰ ਹੈਨਰੀ, ਗੁਰਦੇਵ ਸਿੰਘ ਲਾਪਰਾਂ, ਡਾ. ਅਮਰ ਸਿੰਘ, ਗੁਰਚਰਨ ਸਿੰਘ ਬੋਪਾਰਾਏ, ਗੁਰਬਚਨ ਸਿੰਘ ਬਰਾੜ ਤੇ ਮਮਤਾ ਦੱਤਾ ਵੀ ਮੌਜ਼ੂਦ ਰਹੇ।

LEAVE A REPLY