flimy-duniya1ਸਾਲ 2014 ਵਿੱਚ ਆਈ ਫ਼ਿਲਮ ‘ਹੀਰੋਪੰਤੀ’ ਨਾਲ ਬੌਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਕ੍ਰਿਤੀ ਸੈਨਨ ਦਾ ਹੁਣ ਤਕ ਦਾ ਸਫ਼ਰ ਕਾਫ਼ੀ ਸ਼ਾਨਦਾਰ ਰਿਹਾ ਹੈ। ਉਂਜ, ਕ੍ਰਿਤੀ ਦਾ ਕਹਿਣਾ ਹੈ ਕਿ ਇਹ ਤਾਂ ਸਿਰਫ਼ ਸ਼ੁਰੂਆਤ ਹੈ ਅਤੇ ਉਸ ਨੇ ਹਾਲੇ ਬਹੁਤ ਅੱਗੇ ਤਕ ਜਾਣਾ ਹੈ। ਇਸ ਲਈ ਉਹ ਹਰ ਕਦਮ ਸੋਚ ਸਮਝ ਕੇ ਰੱਖ ਰਹੀ ਹੈ। ਇਹੀ ਕਾਰਨ ਹੈ ਕਿ ਉਸ ਕੋਲ ਅੱਜ ਵੀ ਕਈ ਚੰਗੀਆਂ ਫ਼ਿਲਮਾਂ ਹਨ। ਦਰਅਸਲ ਕ੍ਰਿਤੀ ਇੱਕ ਖ਼ਾਸ ਰਣਨੀਤੀ ਤਹਿਤ ਬੌਲੀਵੁੱਡ ਵਿੱਚ ਆਪਣੇ ਕਦਮ ਅੱਗੇ ਵਧਾ ਰਹੀ ਹੈ ਅਤੇ ਕੋਈ ਕਾਹਲ  ਨਹੀਂ ਦਿਖਾ ਰਹੀ। ਇਸ ਦਾ ਉਸ ਨੂੰ ਫ਼ਲ ਵੀ ਮਿਲ ਰਿਹਾ ਹੈ। ਇਸੇ ਸਬੰਧ ਵਿੱਚ ਪੇਸ਼ ਹਨ ਕ੍ਰਿਤੀ ਨਾਲ ਗੱਲਬਾਤ ਦੇ ਮੁੱਖ ਅੰਸ਼:
ਦ ਤੁਸੀਂ ਆਪਣੇ ਹੁਣ ਤਕ ਦੇ ਸਫ਼ਰ ਨੂੰ ਕਿਵੇਂ ਵੇਖਦੇ ਹੋ?
– ਮੇਰਾ ਹੁਣ ਤਕ ਦਾ ਸਫ਼ਰ ਬਹੁਤ ਸ਼ਾਨਦਾਰ ਰਿਹਾ ਹੈ। ਹਾਲਾਂਕਿ ‘ਹੀਰੋਪੰਤੀ’ ਨੂੰ ਰਿਲੀਜ਼ ਹੋਏ ਕਾਫ਼ੀ ਸਮਾਂ ਹੋ ਗਿਆ ਹੈ ਪਰ ਅੱਜ ਵੀ ਇੰਜ ਲੱਗਦਾ ਹੈ ਜਿਵੇਂ ਕੱਲ੍ਹ ਦੀ ਹੀ ਗੱਲ ਹੈ। ਇੱਕ ਅਦਾਕਾਰਾ ਵਜੋਂ ਮੈਂ ਹੋਰ ਵੀ ਬਹੁਤ ਕੁਝ ਕਰਨਾ ਚਾਹੁੰਦੀ ਹਾਂ। ਇਹ ਤਾਂ ਮੇਰੇ ਸਫ਼ਰ ਦੀ ਇੱਕ ਖ਼ੂਬਸੂਰਤ ਸ਼ੁਰੂਆਤ ਹੈ। ‘ਹੀਰੋਪੰਤੀ’ ਨੇ ਮੈਨੂੰ ਉਹ ਸਭ ਕੁਝ ਦਿੱਤਾ ਜਿਸ ਦੀ ਇੱਕ ਨਵੇਂ ਕਲਾਕਾਰ ਨੂੰ ਉਮੀਦ ਹੁੰਦੀ ਹੈ। ਤੁਹਾਡੀ ਪਹਿਲੀ ਹੀ ਫ਼ਿਲਮ ਹਿੱਟ ਹੋ ਜਾਵੇ ਤਾਂ ਸਭ ਇੱਕ ਸੁਪਨੇ ਵਾਂਗ ਲੱਗਦਾ ਹੈ। ਮੈਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਮੰਨਦੀ ਹਾਂ ਕਿ ਮੈਨੂੰ ਦੂਜੀ ਫ਼ਿਲਮ ‘ਦਿਲਵਾਲੇ’ ਵਿੱਚ ਬੌਲੀਵੁੱਡ ਦੇ ਕਿੰਗ ਖ਼ਾਨ ਤੇ ਕਾਜੋਲ ਜਿਹੀ ਅਦਾਕਾਰਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ।
ਦ ਪਹਿਲੀ ਫ਼ਿਲਮ ਵਿੱਚ ਟਾਈਗਰ ਸ਼ਰਾਫ਼ ਵਰਗੇ ਨਵੇਂ ਅਦਾਕਾਰ ਨਾਲ ਤੇ ਦੂਜੀ ਫ਼ਿਲਮ ਵਿੱਚ ‘ਕਿੰਗ ਖ਼ਾਨ’ ਨਾਲ ਕੰਮ ਕਰਨਾ ਕਿਵੇਂ ਲੱਗਿਆ?
– ਇਹ ਮੇਰੇ ਲਈ ਕਿਸੇ ਵੱਡੀ ਉਪਲੱਬਧੀ ਤੋਂ ਘੱਟ ਨਹੀਂ। ਬੌਲੀਵੁੱਡ ਦੇ ‘ਬਾਦਸ਼ਾਹ’ ਸ਼ਾਹਰੁਖ਼  ਦੇ ਨਾਲ ਕੰਮ ਕਰਨ ਦਾ ਸੁਪਨਾ ਤਾਂ ਇੱਥੋਂ ਦੀਆਂ ਸਾਰੀਆਂ ਨਾਇਕਾਵਾਂ ਦੇਖਦੀਆਂ ਹਨ। ਫ਼ਿਰ ਮੈਂ ਤਾਂ ਇੱਕ ਨਵੀਂ ਕਲਾਕਾਰ ਸੀ। ਜੇ ਤੁਹਾਨੂੰ ਦੂਜੀ ਫ਼ਿਲਮ ਵਿੱਚ ਸ਼ਾਹਰੁਖ਼ ਵਰਗੇ ਸਟਾਰ ਕਲਾਕਾਰ ਨਾਲ ਕੰਮ ਕਰਨ ਦਾ ਮੌਕਾ ਮਿਲ ਜਾਵੇ ਤਾਂ ਅਜਿਹੇ ਵਿੱਚ ਆਪਣੀ ਖ਼ੁਸ਼ੀ ਨੂੰ ਬਿਆਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਮੈਂ ਇਨ੍ਹਾਂ ਵੱਡੇ ਕਲਾਕਾਰਾਂ ਨਾਲ ਕੰਮ ਕਰਕੇ ਬਹੁਤ ਖ਼ੁਸ਼ ਹਾਂ। ਉਂਜ, ਇਹ ਤਾਂ ਹਾਲੇ ਸ਼ੁਰੂਆਤ ਹੈ ਜਦੋਂਕਿ ਮੈਂ ਬਹੁਤ ਅੱਗੇ ਤਕ ਜਾਣਾ ਹੈ।
ਦ ਕੀ ਦੋ ਸਾਲ ਵਿੱਚ ਸਿਰਫ਼ ਦੋ ਫ਼ਿਲਮਾਂ ਘੱਟ ਨਹੀਂ ਹਨ?
–  ਮੈਂ ਆਪਣੇ ਆਪ ਨੂੰ ਫ਼ਿਲਮਾਂ ਦੇ ਬੋਝ ਹੇਠ ਦਬਾਉਣਾ ਨਹੀਂ ਚਾਹੁੰਦੀ। ਮੈਂ ਸਿਰਫ਼ ਓਹੀ ਕੰਮ ਕਰਨਾ ਚਾਹੁੰਦੀ ਹਾਂ ਜਿਸ ਨਾਲ ਮੈਨੂੰ ਪਛਾਣ ਮਿਲੇ ਤੇ ਜੋ ਮੈਨੂੰ ਸਕੂਨ ਦੇਵੇ। ‘ਹੀਰੋਪੰਤੀ’ ਤੋਂ ਬਾਅਦ ਮੈਨੂੰ ਕਈ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਹੋਈਆਂ ਸਨ ਪਰ ਮੈਂ ਆਪਣੇ ਆਪ ਨੂੰ ਇੱਕ ਹੀ ਤਰ੍ਹਾਂ ਦੇ ਕਿਰਦਾਰਾਂ ਵਿੱਚ ਨਹੀਂ ਬੰਨ੍ਹਣਾ ਚਾਹੁੰਦੀ ਸੀ, ਇਸ ਲਈ ਮੈਂ ਚੰਗੀਆਂ ਤੇ ਦਮਦਾਰ ਫ਼ਿਲਮਾਂ ਦਾ ਇੰਤਜ਼ਾਰ ਕਰਨਾ ਸਹੀ ਸਮਝਿਆ ਜਿਸ ਦਾ ਫ਼ਾਇਦਾ ਮੈਨੂੰ ‘ਦਿਲਵਾਲੇ’ ਦੇ ਰੂਪ ਵਿੱਚ ਮਿਲਿਆ। ਮੈਂ ‘ਦਿਲਵਾਲੇ’ ਵੀ ਬਹੁਤ ਸੋਚ-ਵਿੱਚਾਰ ਕਰਨ ਤੋਂ ਬਾਅਦ ਪੂਰੀ ਤਰ੍ਹਾਂ ਸੰਤੁਸ਼ਟ ਹੋ ਕੇ ਕੀਤੀ ਸੀ।
ਦ ਅਕਸ਼ੈ ਕੁਮਾਰ ਨਾਲ ‘ਸਿੰਘ ਇਜ਼ ਬਲਿੰਗ’ ਵਿੱਚ ਕੰਮ ਕਰਨ ਦਾ ਮੌਕਾ ਕਿਵੇਂ ਗੁਆ ਦਿੱਤਾ?
– ਮੌਕਾ ਗਵਾਇਆ ਨਹੀਂ, ਬਲਕਿ ਮੇਰੀ ਕਿਸਮਤ ਵਿੱਚ ਇਹ ਫ਼ਿਲਮ ਨਹੀਂ ਸੀ। ਮੈਂ ਇਹ ਫ਼ਿਲਮ ਹਰ ਹਾਲ ਵਿੱਚ ਕਰਨਾ ਚਾਹੁੰਦੀ ਸੀ। ਇਸ ਲਈ ਮੈਂ ਘੋੜ ਸਵਾਰੀ ਦੀ ਟਰੇਨਿੰਗ ਲੈਣੀ ਤੇ ਕਥਕ ਸਿੱਖਣਾ ਵੀ ਸ਼ੁਰੂ ਕਰ ਦਿੱਤਾ ਸੀ। ਜੇ ਮੈਂ ਇਸ ਫ਼ਿਲਮ ਦਾ ਹਿੱਸਾ ਨਹੀਂ ਰਹੀ ਤਾਂ ਉਸ ਦੀ ਵਜ੍ਹਾ ਸ਼ੂਟਿੰਗ ਵਿੱਚ ਵਾਰ-ਵਾਰ ਹੋਣ ਵਾਲੀ ਦੇਰੀ ਸੀ। ਇਸ ਦੌਰਾਨ ਕਿਉਂਕਿ ਮੈਨੂੰ ‘ਦਿਲਵਾਲੇ’ ਮਿਲ ਗਈ ਤਾਂ ਦੋਵਾਂ ਦੀਆਂ ਤਾਰੀਖ਼ਾ ਟਕਰਾ ਗਈਆਂ। ਇਸ ਲਈ ਕਿਸੇ ਇੱਕ ਫ਼ਿਲਮ ਵਿੱਚ ਕੰਮ ਕਰਨਾ ਹੀ ਸੰਭਵ ਸੀ। ਫ਼ਿਰ ਮੈਂ ‘ਸਿੰਘ ਇਜ਼ ਬਲਿੰਗ’ ਦੇ ਡਾਇਰੈਕਟਰ ਨਾਲ ਗੱਲ ਕੀਤੀ ਅਤੇ ਆਪਣੀ ਸਮੱਸਿਆ ਦੱਸੀ ਤੇ ਭਰੇ ਮਨ ਨਾਲ ਫ਼ਿਲਮ ਲਈ ਨਾਂਹ ਕਰ ਦਿੱਤੀ। ਉਂਜ, ਜੇ ਸਭ ਕੁਝ ਸਹੀ ਰਿਹਾ ਤਾਂ ਸਲਮਾਨ ਦੇ ਅਗਲੇ ਪ੍ਰੋਜੈਕਟ ‘ਜੱਟ ਐਂਡ ਜੂਲੀਅਟ’  ਵਿੱਚ ਜੂਲੀਅਟ ਦੇ ਰੂਪ ਵਿੱਚ ਜ਼ਰੂਰ ਨਜ਼ਰ ਆਵਾਂਗੀ।
ਦ ਫ਼ਿਲਮ ‘ਰਾਬਤਾ’ ਬਾਰੇ ਕੁਝ ਦੱਸੋ?
– ਡਾਇਰੈਕਟਰ ਦਿਨੇਸ਼ ਵਿਜਨ ਦੀ ਫ਼ਿਲਮ ‘ਰਾਬਤਾ’ ਵਿੱਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਨਜ਼ਰ ਆਵਾਂਗੀ। ਇਸ ਫ਼ਿਲਮ ਦੀ ਅਸੀਂ ਬਹੁਤ ਦਿਨ ਤਕ ਬੁਡਾਪੇਸਟ ਵਿਖੇ ਸ਼ੂਟਿੰਗ ਕੀਤੀ ਹੈ ਜਿੱਥੇ ਬਹੁਤ ਠੰਢ ਸੀ ਅਤੇ ਮੈਨੂੰ ਕਹਾਣੀ ਮੁਤਾਬਕ ਗਰਮੀਆਂ ਦੇ ਕੱਪੜਿਆਂ ਵਿੱਚ ਸ਼ੂਟਿੰਗ ਕਰਨੀ ਪਈ। ਇਹ ਇੱਕ ਰੋਮਾਂਟਿਕ ਫ਼ਿਲਮ ਹੈ ਜੋ ਅਗਲੇ ਸਾਲ ਵੈਲਨਟਾਈਨ ਡੇਅ ‘ਤੇ ਰਿਲੀਜ਼ ਹੋਵੇਗੀ।
ਦ ਅੱਜ ਕੱਲ੍ਹ ਤੁਹਾਡੀ ਤੇ ਸੁਸ਼ਾਂਤ  ਦੀ ਨੇੜਤਾ ਦੇ ਕਾਫ਼ੀ ਚਰਚੇ ਹਨ?
– ਸਭ ਬਕਵਾਸ ਹੈ। ਜਦੋਂ ਮੈਂ ਟਾਈਗਰ ਸ਼ਰਾਫ਼  ਨਾਲ ਫ਼ਿਲਮ ਕਰ ਰਹੀ ਸੀ ਤਾਂ ਮੇਰਾ ਨਾਮ ਉਸ ਨਾਲ ਜੋੜਿਆ ਜਾ ਰਿਹਾ ਸੀ। ਹੁਣ ਸੁਸ਼ਾਂਤ  ਨਾਲ ਫ਼ਿਲਮ ਕਰ ਰਹੀ ਹਾਂ ਤਾਂ ਉਸ ਨਾਲ ਨੇੜਤਾ ਦੀ ਗੱਲ ਕੀਤੀ ਜਾ ਰਹੀ ਹੈ ਜਦੋਂਕਿ ਇਨ੍ਹਾਂ ਗੱਲਾਂ ਵਿੱਚ ਕੋਈ ਸੱਚਾਈ ਨਹੀਂ ਹੈ। ਅਸੀਂ ਸਿਰਫ਼ ਚੰਗੇ ਸਹਿ-ਕਲਾਕਾਰ ਹਾਂ।
ਦ ਫ਼ਿਲਮ ‘ਫ਼ਰਜ਼ੀ’ ਦਾ ਕੀ ਬਣਿਆ?
– ਡਾਇਰੈਕਟਰ ਜੋੜੀ ਰਾਜ ਨੀਦੀਮੋਰੂ ਅਤੇ ਕ੍ਰਿਸ਼ਨਾ ਡੀਕੇ ਦੀ ਇਸ ਫ਼ਿਲਮ ਦੀ ਸ਼ੂਟਿੰਗ ਵੀ ਚੱਲ ਰਹੀ ਹੈ। ‘ਫ਼ਰਜ਼ੀ’ ਵਿੱਚ ਮੇਰੇ ਨਾਲ ਅਰਜੁਨ ਕਪੂਰ ਮੁੱਖ ਭੂਮਿਕਾ ਵਿੱਚ ਹਨ। ਪਹਿਲਾਂ ਇਹ ਫ਼ਿਲਮ ਸ਼ਾਹਿਦ ਕਪੂਰ ਕਰ ਰਹੇ ਸਨ ਪਰ ਕਿਸੇ ਕਾਰਨ ਉਨ੍ਹਾਂ ਨੂੰ ਇਹ ਫ਼ਿਲਮ ਛੱਡਣੀ ਪਈ। ‘ਫ਼ਰਜ਼ੀ’ ਵਿੱਚ ਨਵਾਜ਼ੂਦੀਨ ਸੱਦੀਕੀ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਇਸ ਵਿੱਚ ਉਹ ਪੁਲਿਸ ਅਫ਼ਸਰ ਬਣੇ ਹਨ। ‘ਫ਼ਰਜ਼ੀ’ ਦੀ ਸਕ੍ਰਿਪਟ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਰਾਜ ਅਤੇ ਡੀਕੇ ਦਾ ਕਹਾਣੀ ਕਹਿਣ ਦਾ ਢੰਗ ਹੋਰਾਂ ਤੋਂ ਬਹੁਤ ਵੱਖਰਾ ਹੁੰਦਾ ਹੈ।
ਦ ‘ਹਾਊਸਫ਼ੁਲ-3’  ਅਤੇ ‘ਰਈਸ’  ਲਈ ਵੀ ਤੁਹਾਡੇ ਨਾਂ ਦੀ ਚਰਚਾ ਸੀ?
– ਇਹ ਚਰਚਾ ਮੈਂ ਵੀ ਸੁਣੀ ਸੀ ਪਰ ਮੈਨੂੰ ਇਨ੍ਹਾਂ ਫ਼ਿਲਮਾਂ ਦੀ ਪੇਸ਼ਕਸ਼ ਨਹੀਂ ਹੋਈ। ਸੱਚ ਤਾਂ ਇਹ ਹੈ ਕਿ ਜਦੋਂ ਤਕ ਮੈਨੂੰ ਕਿਸੇ ਫ਼ਿਲਮ ਲਈ ਸਾਈਨ ਨਹੀਂ ਕਰ ਲਿਆ ਜਾਂਦਾ, ਉਸ ਸਮੇਂ ਤਕ ਮੈਂ ਉਸ ਫ਼ਿਲਮ ਬਾਰੇ ਕੋਈ ਗੱਲ ਨਹੀਂ ਕਰਦੀ। ਉਂਜ, ਮੈਨੂੰ ਖ਼ੁਸ਼ੀ ਹੁੰਦੀ ਜੇ ਮੈਂ ਇਨ੍ਹਾਂ ਫ਼ਿਲਮਾਂ ਦਾ ਹਿੱਸਾ ਹੁੰਦੀ।
ਦ ‘ਹੀਰੋਪੰਤੀ’ ਤੋਂ ਬਾਅਦ ਟਾਈਗਰ ਨਾਲ ਕੋਈ ਫ਼ਿਲਮ ਨਹੀਂ ਆਈ?
-ਇਸ ਦਾ ਜਵਾਬ ਤਾਂ ਫ਼ਿਲਮਸਾਜ਼ ਹੀ ਦੇ ਸਕਦੇ ਹਨ ਕਿ ਉਨ੍ਹਾਂ ਨੇ ਹਿੱਟ ਫ਼ਿਲਮ ਦੇਣ ਦੇ ਬਾਵਜੂਦ ਸਾਡੀ ਜੋੜੀ ਨੂੰ ਰਿਪੀਟ ਕਿਉਂ ਨਹੀਂ ਕੀਤਾ! ਜੇ ਫ਼ਿਰ ਅਜਿਹਾ ਹੁੰਦਾ ਹੈ ਤਾਂ ਸਾਨੂੰ ਦੋਵਾਂ ਨੂੰ ਖ਼ੁਸ਼ੀ ਹੋਵੇਗੀ। ਹਾਲਾਂਕਿ ਅੱਜ ਅਸੀਂ ਦੋਵੇਂ ਹੀ ਬਹੁਤ ਰੁੱਝੇ ਹੋਏ ਹਾਂ। ਇਸ ਲਈ ਅਸੀਂ ਜਲਦਬਾਜ਼ੀ ਵਿੱਚ ਕੋਈ ਫ਼ਿਲਮ ਸਾਈਨ ਵੀ ਨਹੀਂ ਕਰ ਸਕਦੇ।
ਦ ਤੁਸੀਂ ਦੱਖਣ ਦੀਆਂ ਫ਼ਿਲਮਾਂ ਕਰ ਚੁੱਕੇ ਹੋ। ਬੌਲੀਵੁੱਡ ਅਤੇ ਦੱਖਣ ਦੇ ਸਿਨਮੇ ਵਿੱਚ ਕੀ ਫ਼ਰਕ ਮਹਿਸੂਸ ਕੀਤਾ?
– ਕੋਈ ਫ਼ਰਕ ਮਹਿਸੂਸ ਨਹੀਂ ਹੋਇਆ। ਇਸ ਦਾ ਕਾਰਨ ਇਹ ਹੈ ਕਿ ਹੁਣ ਬੌਲੀਵੁੱਡ ਵੀ ਕਾਫ਼ੀ ਅਨੁਸ਼ਾਸਨ ਵਿੱਚ ਕੰਮ ਕਰਦਾ ਹੈ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਦੋਵਾਂ ਇੰਡਸਟਰੀਆਂ ਦੇ ਲੋਕ ਇੱਕ ਹੀ ਤਰੀਕੇ ਦੀਆਂ ਫ਼ਿਲਮਾਂ ਬਣਾ ਰਹੇ ਹਨ। ਇੱਧਰ ਬੌਲੀਵੁੱਡ ਵਿੱਚ ਦੱਖਣ ਦੇ ਪੈਟਰਨ ਦੀਆਂ ਕਈ ਫ਼ਿਲਮਾਂ ਸੁਪਰਹਿੱਟ ਹੋ ਚੁੱਕੀਆਂ ਹਨ।
ਦ ਬੌਲੀਵੁੱਡ ਦੀ ਕਿਸ ਹੀਰੋਇਨ ਤੋਂ ਪ੍ਰਭਾਵਿਤ ਹੋ?
– ਮੈਂ ਕੰਗਨਾ ਦੀ ਪ੍ਰਸ਼ੰਸਕ  ਹਾਂ। ਮੈਂ ਉਸ ਦੀ ਫ਼ਿਲਮ ‘ਕੁਈਨ’ ਦੇਖੀ ਤਾਂ ਮੈਨੂੰ ਉਹ ਬਹੁਤ ਕਮਾਲ ਦੀ ਲੱਗੀ। ‘ਗੈਂਗਸਟਰ’ ਅਤੇ ‘ਤਨੂ ਵੈੱਡਜ਼ ਮਨੂ’ ਵੀ ਉਸ ਦੀਆਂ ਵਧੀਆ ਫ਼ਿਲਮਾਂ ਹਨ। ਉਹ ਬਹੁਤ ਹੀ ਮਿਹਨਤੀ ਕਲਾਕਾਰ ਹੈ।

LEAVE A REPLY