5ਚੰਡੀਗੜ : ਮਸ਼ਹੂਰ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਅੱਜ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋ ਗਏ। ਉਨ੍ਹਾਂ ਨੂੰ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੀਨੀਅਰ ਆਗੂਆਂ ਸੁਨੀਲ ਜਾਖੜ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕੇਵਲ ਢਿਲੋਂ, ਰਾਣਾ ਗੁਰਮੀਤ ਸਿੰਘ ਸੋਢੀ ਤੇ ਸੁੱਖ ਸਰਕਾਰੀਆ ਦੀ ਮੌਜ਼ੂਦਗੀ ‘ਚ ਪਾਰਟੀ ‘ਚ ਸ਼ਾਮਿਲ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਬਿੱਟੀ ਇਕ ਮਸ਼ਹੂਰ ਗਾਇਕਾ ਹੋਣ ਤੋਂ ਇਲਾਵਾ, ਕੌਮੀ ਪੱਧਰੀ ਹਾਕੀ ਖਿਡਾਰਨ ਵੀ ਰਹੀ ਹਨ, ਜਿਨ੍ਹਾਂ ਨੇ ਪੰਜਾਬ ਤੇ ਏਅਰ ਇੰਡੀਆ ਲਈ ਕੌਮੀ ਪੱਧਰ ‘ਤੇ ਨੁਮਾਇੰਦਗੀ ਕੀਤੀ ਹੈ। ਉਹ ਪਟਿਆਲਾ ਨਾਲ ਸਬੰਧਤ ਹਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਕੈਪਟਨ ਅਮਰਿੰਦਰ ਦੀ ਅਗਵਾਈ ਤੋਂ ਪ੍ਰਭਾਵਿਤ ਰਹੀ ਹੈ ਅਤੇ ਉਹ ਇਸ ਨਤੀਜੇ ‘ਤੇ ਪਹੁੰਚ ਗਈ ਸੀ ਕਿ ਸਿਰਫ ਕੈਪਟਨ ਅਮਰਿੰਦਰ ਹੀ ਪੰਜਾਬ ਨੂੰ ਤਰੱਕੀ ਤੇ ਖੁਸ਼ਹਾਲੀ ਵੱਲ ਲਿਜਾ ਸਕਦੇ ਹਨ। ਇਸ ਤੋਂ ਇਲਾਵਾ, ਪਟਿਆਲਾ ਨਾਲ ਸਬੰਧਤ ਹੋਣ ਕਾਰਨ ਉਨ੍ਹਾਂ ‘ਤੇ ਕੈਪਟਨ ਅਮਰਿੰਦਰ ਦਾ ਵਿਸ਼ੇਸ਼ ਪ੍ਰਭਾਵ ਹੈ ਤੇ ਉਹ ਉਨ੍ਹਾਂ ਦਾ ਸਤਿਕਾਰ ਕਰਦੀ ਹੈ।
ਬਿੱਟੀ ਨੇ ਕਿਹਾ ਕਿ ਉਹ ਕਿਸੇ ਵੀ ਕਾਰਨ ਜਾਂ ਸਥਿਤੀ ‘ਚ ਹਾਲੇ ਤੱਕ ਕਿਸੇ ਵੀ ਪਾਰਟੀ ‘ਚ ਸ਼ਾਮਿਲ ਨਹੀਂ ਸਨ। ਉਹ ਹਮੇਸ਼ਾ ਤੋਂ ਪੰਜਾਬ ਪ੍ਰਤੀ ਬਹੁਤ ਚਿੰਤਤ ਰਹੀ ਹਨ ਅਤੇ ਉਨ੍ਹਾਂ ਨੂੰ ਪੱਕਾ ਭਰੋਸਾ ਹੈ ਕਿ ਕੈਪਟਨ ਅਮਰਿੰਦਰ ਮੁੱਖ ਮੰਤਰੀ ਬਣਨਗੇ। ਜਿਸ ਮਹਾਨ ਕੰਮ ‘ਚ ਉਨ੍ਹਾਂ ਨੇ ਵੀ ਹਿੱਸਾ ਪਾਉਣ ਦਾ ਫੈਸਲਾ ਕੀਤਾ ਹੈ।
ਬਿੱਟੀ ਦਾ ਕੈਪਟਨ ਅਮਰਿੰਦਰ ਨੇ ਪਾਰਟੀ ‘ਚ ਸਵਾਗਤ ਕਰਦਿਆਂ ਕਿਹਾ ਕਿ ਉਹ ਪਾਰਟੀ ਲਈ ਇਕ ਵੱਡੀ ਤਾਕਤ ਸਾਬਤ ਹੋਣਗੇ, ਜਿਨ੍ਹਾਂ ਦੀ ਸ਼ਾਨਦਾਰ ਪ੍ਰਤਿਭਾ ਦੇ ਬਹੁਤ ਸਾਰੇ ਨੌਜ਼ਵਾਨ ਪ੍ਰਸ਼ੰਸਕ ਹਨ। ਇਸ ਤੋਂ ਇਲਾਵਾ, ਉਹ ਪੰਜਾਬ ਦੀ ਇਕ ਸੱਭਿਆਚਾਰਕ ਪਛਾਣ ਹਨ, ਜਿਨ੍ਹਾਂ ਦੇ ਟੈਲੇਂਟ ਨੂੰ ਵਿਸ਼ਵ ਭਰ ‘ਚ ਸਨਮਾਨਿਆ ਗਿਆ ਹੈ।

LEAVE A REPLY