9ਦੇਸ਼ ਲਈ ਨਸ਼ਾ ਵਿਰੋਧੀ ਜੰਗ ਲੜਨ ਕਾਰਨ ਪੰਜਾਬ ਨੂੰ ਕੀਤਾ ਜਾ ਰਿਹੈ ਬਦਨਾਮ
ਪੰਜਾਬ ਵਿਚ ਇਕ ਗ੍ਰਾਮ ਵੀ ਨਸ਼ਾ ਪੈਦਾ ਨਹੀਂ ਹੁੰਦਾ
ਮੁੱਖ ਮੰਤਰੀ ਵੱਲੋਂ ਮਲੋਟ ਵਿਧਾਨ ਸਭਾ ਹਲਕੇ ਵਿਚ ਸੰਗਤ ਦਰਸ਼ਨ
ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਆਪਣੇ ਪਰਿਵਾਰ ਦੀ ਪੰਜਾਬ ਅਤੇ ਸਿੱਖ ਵਿਰੋਧੀ ਪਰੰਪਰਾ ਨੂੰ ਬਾਖੂਬੀ ਅੱਗੇ ਵਧਾ ਰਹੇ ਹਨ।
ਅੱਜ ਇੱਥੇ ਮਲੋਟ ਵਿਧਾਨ ਸਭਾ ਹਲਕੇ ਦੇ ਸੰਗਤ ਦਰਸ਼ਨ ਸਮਾਗਮਾਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀਮਤੀ ਇੰਦਰਾ ਗਾਂਧੀ ਤੋਂ ਲੈ ਕੇ ਹੁਣ ਰਾਹੁਲ ਗਾਂਧੀ ਤੱਕ ਗਾਂਧੀ ਪਰਿਵਾਰ ਨੇ ਹਮੇਸਾ ਹੀ ਪੰਜਾਬ ਅਤੇ ਖਾਸ ਤੌਰ ਤੇ ਸਿੱਖਾਂ ਨੂੰ ਆਪਣੇ ਦੁਸ਼ਮਣ ਵਜੋਂ ਜਾਣਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਬਣੀਆਂ ਵੱਖ ਵੱਖ ਕਾਂਗਰਸ ਸਰਕਾਰਾਂ ਨੇ ਸਿੱਖਾਂ ਦੇ ਸਮਾਜਿਕ, ਆਰਥਿਕ ਅਤੇ ਸਿਆਸੀ ਅਤੇ ਇੱਥੋਂ ਤੱਕ ਕਿ ਧਾਰਮਿਕ ਮਸਲਿਆਂ ਵਿਚ ਬੇਲੋੜੀ ਦਖਲਅੰਦਾਜੀ ਕਰਕੇ ਸਿੱਖਾਂ ਦੇ ਮਨਾਂ ਤੇ ਡੁੰਘੀ ਠੇਸ ਪੰਹੁਚਾਈ ਹੈ। ਸ: ਬਾਦਲ ਨੇ ਕਿਹਾ ਕਿ ਕੋਈ ਵੀ ਪੰਜਾਬੀ ਕਾਂਗਰਸ ਨੂੰ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਅਤੇ 1984 ਵਿਚ ਬੇਦੋਸੇ ਸਿੱਖਾਂ ਦੇ ਕਤਲੇਆਮ ਕਾਰਨ ਕਦੇ ਵੀ ਮਾਫ ਨਹੀਂ ਕਰੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੇ ਵੱਢੇਰਿਆਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਹੋਏ ਮਿਹਨਤਕਸ਼ ਪੰਜਾਬੀਆਂ ਨੂੰ ਨਸ਼ਾਖੋਰਾ ਵਜੋਂ ਬਦਨਾਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਪੰਜਾਬ ਅਤੇ ਸਿੱਖ ਵਿਰੋਧੀ ਗੁੜਤੀ ਆਪਣੇ ਪਰਿਵਾਰ ਤੋਂ ਹੀ ਮਿਲੀ ਹੈ ਜਿਸ ਨੇ ਪੰਜਾਬ ਨੂੰ ਉਸਦੀ ਰਾਜਧਾਨੀ, ਪਾਣੀਆਂ ਵਿਚ ਬਣਦੇ ਹਿੱਸੇ ਅਤੇ ਪੰਜਾਬੀ ਬੋਲਦੇ ਇਲਾਕਿਆਂ ਤੋਂ ਵਾਂਝਾ ਕੀਤਾ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਉਪ ਪ੍ਰਧਾਨ ਕੋਲ ਜਾਂ ਉਸਦੀ ਪਾਰਟੀ ਕੋਲ ਕੋਈ ਜਾਦੂਈ ਚਿਰਾਗ ਨਹੀਂ ਹੈ ਜਿਸ ਨਾਲ ਉਹ ਸੂਬੇ ਵਿਚ ਨਸ਼ੇ ਦਾ ਖਾਤਮਾ ਕਰ ਦੇਣਗੇ। ਦੂਜੇ ਪਾਸੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਭਰਪੂਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੁਬੇ ਵਿਚ ਇਕ ਗ੍ਰਾਮ ਵੀ ਨਸ਼ਾ ਪੈਦਾ ਨਹੀਂ ਹੁੰਦਾ ਹੈ ਪਰ ਕਿਉਂਕਿ ਪੰਜਾਬ ਨਸ਼ਿਆ ਖਿਲਾਫ ਦੇਸ਼ ਦੀ ਲੜਾਈ ਲੜ ਰਿਹਾ ਹੈ ਇਸ ਕਾਰਨ ਉਸ ਨੂੰ ਬੇਵਜਾਹ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਈ ਅਜਿਹੇ ਹਿੱਸੇ ਹਨ ਜਿੱਥੇ ਨਸ਼ੇ ਦੀ ਸਮੱਸਿਆ ਪੰਜਾਬ ਨਾਲੋਂ ਵੀ ਜਿਆਦਾ ਗੰਭੀਰ ਹੈ ਪਰ ਸੁਬਾ ਵਿਰੋਧੀ ਤਾਕਤਾਂ ਜਾਣਬੁੱਝ ਕੇ ਪੰਜਾਬ ਨੂੰ ਇਸ ਮਸਲੇ ਤੇ ਬਦਨਾਮ ਕਰ ਰਹੀਆਂ ਹਨ।
ਇਸ ਤੋਂ ਪਹਿਲਾਂ ਪਿੰਡ ਲੱਖੇ ਵਾਲੀ, ਰਾਮਗੜ੍ਹ ਚੁੰਘਾ ਅਤੇ ਭਾਗਸਰ ਵਿਖੇ ਜਨਤਕ ਇੱਕਠਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਮੁੜ ਦੁਹਰਾਇਆ ਕਿ ਕਾਂਗਰਸ ਅਤੇ ਆਪ ਪਾਰਟੀ ਦੋਹੇਂ ਰਲ ਕੇ ਪੰਜਾਬ ਨੂੰ ਉਸਦੇ ਪਾਣੀਆਂ ਵਿਚ ਬਣਦੇ ਹਿੱਸੇ ਤੋਂ ਵਾਂਝਾ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਕਾਂਗਰਸ ਨੇ ਇਨ੍ਹਾਂ ਪਾਣੀਆਂ ਦੇ ਲਈ ਵੱਖ ਵੱਖ ਪੰਜਾਬ ਵਿਰੋਧੀ ਸਮਝੌਤੇ ਕੀਤੇ ਸਨ ਉੱਥੇ ਆਪ ਦੇ ਆਗੂ ਇਨ੍ਹਾਂ ਨੂੰ ਫੌਰੀ ਤੌਰ ਲਾਗੂ ਕਰਵਾਉਣਾ ਚਾਹੁੰਦੇ ਹਨ ਤਾਂ ਜੋ ਪੰਜਾਬ ਨੂੰ ਮਾਰੂਥਲ ਵਿਚ ਤਬਦੀਲ ਕੀਤਾ ਜਾ ਸਕੇ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਲੋਟ ਦੇ ਵਿਧਾਇਕ ਸ: ਹਰਪ੍ਰੀਤ ਸਿੰਘ, ਪੰਜਾਬ ਐਗਰੋ ਦੇ ਚੇਅਰਮੈਨ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਨਗਰ ਕੌਂਸ਼ਲ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਪ੍ਰਧਾਨ ਸ: ਮਿੱਤ ਸਿੰਘ ਬਰਾੜ, ਲੋਕ ਸਭਾ ਮੈਂਬਰ ਸ: ਸ਼ੇਰ ਸਿੰਘ ਘੁਬਾਇਆ, ਸੋਈ ਦੇ ਮਾਲਵਾ ਜੋਨ ਇਕ ਦੇਪ੍ਰਧਾਨ ਸ: ਰੌਬਿਨ ਬਰਾੜ, ਬੀਬੀ ਵੀਰਪਾਲ ਕੌਰ ਤਰਮਾਲਾ,  ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ: ਕੇ.ਜੇ.ਐਸ. ਚੀਮਾ, ਡਿਪਟੀ ਕਮਿਸ਼ਨਰ ਸ: ਸੁਮੀਤ ਜਾਰੰਗਲ, ਡੀ.ਆਈ.ਜੀ. ਸ: ਯੁਰਿੰਦਰ ਸਿੰਘ ਹੇਅਰ, ਐਸ.ਐਸ.ਪੀ. ਸ: ਗਰਪ੍ਰੀਤ ਸਿੰਘ ਗਿੱਲ ਆਦਿ ਵੀ ਹਾਜਰ ਸਨ।

LEAVE A REPLY