1ਚੰਡੀਗੜ੍ਹ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਤੋਂ ਕਿਹਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਆਮ ਆਦਮੀ ਪਾਰਟੀ ਕਾਂਗਰਸ ਜਨਰਲ ਸਕੱਤਰ ਤੇ ਪੰਜਾਬ ਇੰਚਾਰਜ ਕਮਲ ਨਾਥ ‘ਤੇ ਦੋਸ਼ ਲਗਾਉਂਦਿਆਂ ਹਲਕੀ ਸਿਆਸਤ ਕਰ ਰਹੀਆਂ ਹਨ, ਜਿਸ ਮਾਮਲੇ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ।
ਇਥੇ ਪ੍ਰੈਸ ਕਾਨਫਰੰਸ ਦੌਰਾਨ ਕੈਪਟਨ ਅਮਰਿੰਦਰ ਨੇ ਕਮਲ ਨਾਥ ਉਪਰ 1984 ਦੇ ਦੰਗਿਆਂ ‘ਚ ਕਥਿਤ ਸ਼ਮੂਲਿਅਤ ਸਬੰਧੀ ਲੱਗ ਰਹੇ ਦੋਸ਼ਾਂ ਸਬੰਧੀ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਲੋਕਾਂ ਦਾ ਅਨੁਭਵ ਸੱਚ ‘ਤੇ ਅਧਾਰਿਤ ਹੋਣਾ ਚਾਹੀਦਾ ਹੈ, ਨਾ ਕਿ ਝੂਠੀ ਕਹਾਣੀਆਂ ‘ਤੇ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਕੇਜਰੀਵਾਲ, ਬਾਦਲ ਜਾਂ ਫੂਲਕਾ ਵਰਗੇ ਲੋਕਾਂ ਵੱਲੋਂ ਉਸਦੇ ਆਗੂਆਂ ਖਿਲਾਫ ਲਗਾਏ ਗਏ ਝੂਠੇ ਤੇ ਨਿਰਾਧਾਰ ਦੋਸ਼ਾਂ ਅੱਗੇ ਝੁੱਕਣ ਵਾਲੀ ਨਹੀਂ, ਜਿਨ੍ਹਾਂ ਨੂੰ ਜਸਟਿਸ ਰੰਗਨਾਥ ਮਿਸ਼ਰਾ ਤੇ ਜਸਟਿਸ ਨਾਨਾਵਟੀ ਵਰਗੇ ਮਾਨਯੋਗ ਜੱਜਾਂ ਨੇ ਦੋਸ਼ ਮੁਕਤ ਕਰਾਰ ਦਿੱਤਾ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਫੂਲਕਾ, ਬਾਦਲ ਤੇ ਕੇਜਰੀਵਾਲ ਵਰਗੇ ਲੋਕ ਤੈਅ ਕਰਨਗੇ ਕਿ ਕਿਹੜਾ ਦੋਸ਼ੀ ਹੈ ਤੇ ਕਿਹੜਾ ਨਹੀਂ? ਅਸੀਂ ਚੋਣਾਂ ਮੌਕੇ ਇਨ੍ਹਾਂ ਵੱਲੋਂ ਫੈਲ੍ਹਾਏ ਜਾ ਰਹੇ ਝੂਠਾਂ ਨੂੰ ਸਵੀਕਾਰ ਨਹੀਂ ਕਰਨਗੇ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਫੂਲਕਾ ਤੇ ਉਨ੍ਹਾਂ ਦੇ ਪੈਟਰਨ ਕੇਜਰੀਵਾਲ ਕੋਲ ਲੋਕਾਂ ਖਿਲਾਫ ਝੂਠੇ ਤੇ ਨਿਰਾਧਾਰ ਦੋਸ਼ ਲਗਾਉਣ ਤੇ ਫਿਰ ਬਾਅਦ ‘ਚ ਮੈਦਾਨ ਛੱਡ ਕੇ ਭੱਜਣ ਲਈ ਮਹਾਰਤ ਹਾਸਿਲ ਹੈ। ਇਨ੍ਹਾਂ ਨੂੰ ਇਥੇ ਹੀ ਰੁੱਕ ਜਾਣਾ ਚਾਹੀਦਾ ਹੈ ਅਤੇ ਅਸੀਂ ਇਨ੍ਹਾਂ ਦੇ ਝੂਠਾਂ ਨੂੰ ਹੋਰ ਚੱਲਣ ਨਹੀਂ ਦਿਆਂਗੇ।
ਉਨ੍ਹਾਂ ਨੇ ਕਿਹਾ ਕਿ 2006 ‘ਚ ਫੂਲਕਾ ਵੱਲੋਂ ਜਾਣਬੁਝ ਕੇ ਇਸ ਵਿਵਾਦ ‘ਚ ਕਮਲ ਨਾਥ ਦਾ ਨਾਂਮ ਘਸੀਟਿਆ ਗਿਆ ਸੀ, ਲੇਕਿਨ ਉਨ੍ਹਾਂ ਨੂੰ ਜਸਟਿਸ ਨਾਨਾਵਟੀ ਕਮਿਸ਼ਨ ਨੇ ਦੋਸ਼ ਮੁਕਤ ਕਰਾਰ ਦਿੱਤਾ ਸੀ, ਜਿਸ ਕਮਿਸ਼ਨ ਨੂੰ ਭਾਜਪਾ ਅਗਵਾਈ ਐਨ.ਡੀ.ਏ ਸਰਕਾਰ ਨੇ ਸਿੱਖ ਵਿਰੋਧੀ ਦੰਗਿਆਂ ਮਾਮਲੇ ‘ਚ ਬਣਾਇਆ ਸੀ।
ਇਸ ਤੋਂ ਪਹਿਲਾਂ, ਜਸਟਿਸ ਰੰਗਨਾਥ ਮਿਸ਼ਰਾ ਕਮਿਸ਼ਨ ਨੇ ਦੰਗਿਆਂ ‘ਚ ਕਥਿਤ ਸ਼ਮੂਲਿਅਤ ਨੂੰ ਲੈ ਕੇ ਕਮਲ ਨਾਥ ਦੇ ਨਾਂ ਦਾ ਕਿਥੇ ਵੀ ਜ਼ਿਕਰ ਨਹੀਂ ਕੀਤਾ ਸੀ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੰਗੇ 31 ਅਕਤੂਬਰ ਨੂੰ ਸ਼ੁਰੂ ਹੋਏ ਸਨ। ਅਗਲੇ ਦਿਨ ਉਹ ਦਿੱਲੀ ਗਏ ਸਨ ਅਤੇ 4 ਨਵੰਬਰ ਨੂੰ ਗੁਰਪੁਰਬ ਵਾਲੇ ਦਿਨ ਤੱਕ ਚਾਰ ਦਿਨਾਂ ਦੌਰਾਨ ਪੀੜਤਾਂ ਨੂੰ ਮਿਲੇ ਸਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਚਾਰ ਦਿਨਾਂ ਦੌਰਾਨ ਪੀੜਤਾਂ ਨਾਲ ਮੁਲਾਕਾਤ ਮੌਕੇ ਕਿਸੇ ਨੇ ਵੀ ਨਾਥ ਦਾ ਨਾਂਮ ਨਹੀਂ ਲਿਆ, ਜਦਕਿ ਪੀੜਤਾਂ ਨੇ ਐਚ.ਕੇ.ਐਲ ਭਗਤ, ਧਰਮ ਦਾਸ ਸ਼ਾਸਤਰੀ, ਲਲਿਤ ਮਾਕਨ, ਅਰਜਨ ਦਾਸ ਤੇ ਸੱਜਣ ਕੁਮਾਰ ਦਾ ਨਾਂਮ ਲਿਆ ਸੀ। ਉਨ੍ਹਾਂ ਨੇ ਸਵਾਲ ਕੀਤਾ ਕਿ ਜੇ ਉਹ ਦੋਸ਼ੀ ਹਨ, ਤਾਂ ਕਿਉਂ ਕਿਸੇ ਵੀ ਪੀੜਤ ਨੇ ਉਨ੍ਹਾਂ ਦਾ ਨਾਂਮ ਨਹੀਂ ਲਿਆ?
ਕੈਪਟਨ ਅਮਰਿੰਦਰ ਨੇ ਕਿਹਾ ਕਿ ਫੂਲਕਾ ਨੇ ਦੰਗਿਆਂ ਤੋਂ 22 ਸਾਲਾਂ ਬਾਅਦ ਦੋ ਗਵਾਹਾਂ ਮੁਖਤਿਆਰ ਸਿੰਘ ਤੇ ਅਜਾਇਬ ਸਿੰਘ ਨੂੰ 2006 ‘ਚ ਨਾਨਾਵਟੀ ਕਮਿਸ਼ਨ ਦੇ ਸਾਹਮਣੇ ਪੇਸ਼ ਕੀਤਾ ਸੀ। ਇਸ ਤੋਂ ਇਲਾਵਾ, ਸੰਜੈ ਸੂਰੀ ਨਾਂ ਦੇ ਇਕ ਪੱਤਰਕਾਰ ਵੀ ਨਾਨਾਵਟੀ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਸਨ। ਪਰ ਮੁਖਤਿਆਰ ਸਿੰਘ ਤੇ ਅਜਾਇਬ ਸਿੰਘ ਦੇ ਪੱਖ ਸੂਰੀ ਤੇ ਭਾਜਪਾ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਵੱਲੋਂ ਬਣਾਏ ਨਾਨਾਵਟੀ ਕਮਿਸ਼ਨ ਦੇ ਪੱਖ ਤੋਂ ਵੱਖ ਸਨ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ 1998 ‘ਚ ਜਦੋਂ ਸ਼ੀਲਾ ਦੀਕਸ਼ਿਤ ਨੇ ਦਿੱਲੀ ‘ਚ ਸਰਕਾਰ ਬਣਾਈ, ਕਮਲ ਨਾਥ ਦਿੱਲੀ ਦੇ ਜਨਰਲ ਸਕੱਤਰ ਇੰਚਾਰਜ਼ ਸਨ। ਕਮਲ ਨਾਥ ਦੀ ਅਗਾਂਹਵਧੂ ਅਗਵਾਈ ਹੇਠ ਕਾਂਗਰਸ ਨੇ ਲੋਕਲ ਬਾਡੀਜ਼ ਦਾ ਵੀ ਸਫਾਇਆ ਕਰ ਦਿੱਤਾ ਸੀ। ਜੋ ਸਿੱਖਾਂ ਦੀ ਹਮਾਇਤ ਬਗੈਰ ਮੁਮਕਿਨ ਨਹੀਂ ਹੋ ਸਕਦਾ ਸੀ। ਫੂਲਕਾ ਤੋਂ ਇਲਾਵਾ, ਦਿੱਲੀ ‘ਚ ਕਿਸੇ ਵੀ ਸਿੱਖ ਨੇ ਉਨ੍ਹਾਂ ਖਿਲਾਫ ਸ਼ਿਕਾਇਤ ਨਹੀਂ ਕੀਤੀ ਸੀ, ਜਿਹੜੇ ਆਪਣੀਆਂ ਹੀ ਗੱਲਾਂ ਲੈ ਕੇ ਬੈਠੇ ਹਨ।
ਇਸੇ ਤਰ੍ਹਾਂ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਮਲ ਨਾਥ ਦੀ ਅਲੋਚਨਾ ਕੀਤੇ ਜਾਣ ‘ਤੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਦੁਹਰੇ ਮਾਪਦੰਡਾਂ ਤੇ ਦੁਹਰੇ ਚੇਹਰਿਆਂ ਦੀ ਉਨ੍ਹਾਂ ਦੇ ਚਰਿੱਤਰ ਦੀ ਵਿਸ਼ੇਸ਼ਤਾ ਹੈ। ਹੁਣ ਤੱਕ ਬਾਦਲ, ਜਾਂ ਕਿਸੇ ਵੀ ਅਕਾਲੀ ਲੀਡਰ ਨੇ ਕਮਲ ਨਾਥ ‘ਤੇ ਸਵਾਲ ਨਹੀਂ ਕੀਤੇ ਸਨ, ਬਲਕਿ ਉਹ ਉਨ੍ਹਾਂ ਨਾਲ ਮੇਲਮਿਲਾਪ ਰੱਖਦੇ ਸਨ ਤੇ ਉਨ੍ਹਾਂ ਦਾ ਬਚਾਅ ਵੀ ਕਰਦੇ ਸਨ। ਲੇਕਿਨ ਹੁਣ ਅਚਾਨਕ ਹੀ ਉਹ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ ਲੈ ਕੇ ਖੜ੍ਹੇ ਹੋ ਗਏ ਹਨ। ਬਾਵਜੂਦ ਇਸਦੇ ਕਿ ਜਦੋਂ ਕਮਲ ਨਾਥ ਮੰਤਰੀ ਸਨ, ਬਾਦਲ ਹਮੇਸ਼ਾ ਉਨ੍ਹਾਂ ਦੇ ਦਫਤਰ ਜਾਂਦੇ ਸਨ। ਹੁਣ ਕਿਵੇਂ ਬਾਦਲ ਨੂੰ ਦੰਗਿਆਂ ‘ਚ ਕਮਲ ਨਾਥ ਦੀ ਸ਼ਮੂਲਿਅਤ ਦਾ ਦੋਸ਼ ਯਾਦ ਆ ਗਿਆ?

LEAVE A REPLY