1ਚੰਡੀਗੜ  : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਅਰਦਾਸੀਆ ਵਜੋਂ ਸਿਰੋਪਾਓ ਬਖ਼ਸ਼ਿਸ਼ ਕਰਨ ਤੋਂ ਇਨਕਾਰ ਕੀਤੇ ਜਾਣ ਦੇ ਇੱਕ ਦਿਨ ਪਿੱਛੋਂ ‘ਆਮ ਆਦਮੀ ਪਾਰਟੀ’ (ਆਪ) ਨੇ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਾਰ-ਵਾਰ ਬੇਅਦਬੀ ਹੋਣ ਕਾਰਣ ਸਮੂਹ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਪ੍ਰਤੀਕ੍ਰਿਆ ਕਰਾਰ ਦਿੱਤਾ।
ਆਮ ਆਦਮੀ ਪਾਰਟੀ ਦੇ ਬੁਲਾਰੇ ਸੁਖਪਾਲ ਖੈਰਾ ਨੇ ਕਿਹਾ,’ਸਿਰੋਪਾਓ ਬਖ਼ਸ਼ਿਸ਼ ਨਾ ਕਰ ਕੇ ‘ਅਰਦਾਸੀਆ ਭਾਈ ਬਲਬੀਰ ਸਿੰਘ ਸਮੁੱਚੀ ਸਿੱਖ ਕੌਮ ਦੇ ਬਾਦਲਾਂ ਪ੍ਰਤੀ ਰੋਹ ਨੂੰ ਹੀ ਪ੍ਰਗਟਾ ਰਹੇ ਸਨ ਕਿਉਂਕਿ ਬਾਦਲ ਹਾਲੇ ਤੱਕ ਬੇਅਦਬੀ ਦੇ ਇਹ ਸ਼ਰਮਨਾਕ ਅਪਰਾਧ ਕਰਨ ਵਾਲੇ ਇੱਕ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਤੋਂ ਨਾਕਾਮ ਰਹੇ ਹਨ।”
ਖੈਰਾ ਨੇ ਕਿਹਾ ਕਿ ਬਾਦਲ ਨੂੰ ਸਨਮਾਨ ਦੇਣ ਤੋਂ ਇਨਕਾਰ ਕੀਤੇ ਜਾਣ ਦੇ ਕੁੱਝ ਘੰਟਿਆਂ ਬਾਅਦ ਹੀ ਭਾਈ ਬਲਬੀਰ ਸਿੰਘ ਦਾ ਤਬਾਦਲਾ ਇਹ ਦਰਸਾਉਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਬਾਦਲਾਂ ਦੇ ਇਸ਼ਾਰਿਆਂ ਉਤੇ ਹੀ ਕੰਮ ਕਰ ਰਹੀ ਹੈ।
ਖੈਰਾ ਨੇ ਇਹ ਵੀ ਕਿਹਾ,”ਭਾਵੇਂ ਇਸ ਤੱਥ ਤੋਂ ਸਾਰੇ ਭਲੀਭਾਂਤ ਜਾਣੂ ਹਨ ਕਿ ਐਸ.ਜੀ.ਪੀ.ਸੀ. ਪ੍ਰਧਾਨ ਮੱਕੜ ਪੂਰੀ ਤਰ•ਾਂ ਬਾਦਲਾਂ ਦੀ ‘ਕਠਪੁਤਲੀ’ ਹੈ ਪਰ ਭਾਈ ਬਲਬੀਰ ਸਿੰਘ ਵਿਰੁੱਧ ਉਨ•ਾਂ ਦੀ ਕਾਰਵਾਈ ਨੇ ਇੱਕ ਵਾਰ ਫਿਰ ਦਰਸਾ ਦਿੱਤਾ ਹੈ ਕਿ ਮੱਕੜ ਆਪਣੇ ‘ਸਿਆਸੀ ਪ੍ਰਭੂਆਂ’ ਪ੍ਰਤੀ ਕਿੰਨੇ ਵਫ਼ਾਦਾਰ ਹਨ।”
ਖੈਰਾ ਨੇ ਕਿਹਾ ਕਿ ਬਰਗਾੜੀ ‘ਚ ਬੇਅਦਬੀ ਦੀ ਘਟਨਾ ਦੀ ਜਾਂਚ ਲਈ ਬਾਦਲ ਨੇ ਇੱਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਅਤੇ ਇੱਕ ਕਮਿਸ਼ਨ ਤੱਕ ਕਾਇਮ ਕੀਤੇ ਸਨ ਪਰ ਹਾਲੇ ਤੱਕ ਉਨ•ਾਂ ਦਾ ਕੋਈ ਨਤੀਜਾ ਸਾਹਮਣੇ ਨਹੀਂ ਆ ਸਕਿਆ। ਇੱਥੋਂ ਤੱਕ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਵਿੱਚ ਤਾਂ ਸੀ.ਬੀ.ਆਈ. ਵੀ ਬੁਰੀ ਤਰ•ਾਂ ਨਾਕਾਮ ਰਹੀ ਹੈ।
ਖੈਰਾ ਨੇ ਕਿਹਾ,”ਘਟਨਾ ਦੀ ਜਾਂਚ ਕਰਨ ਦੀ ਥਾਂ, ਸੀ.ਬੀ.ਆਈ. ਨੇ ਕੇਵਲ ਬੇਅਦਬੀ ਲਈ ਦੋਸ਼ੀ ਦੀ ਇਤਲਾਹ ਦੇਣ ਵਾਲੇ ਲਈ ਨਕਦ ਇਨਾਮ ਦੇਣ ਦਾ ਐਲਾਨ ਕੀਤਾ।”
ਪੰਜਾਬ ਵਿੱਚ ਕਾਨੂੰਨ ਤੇ ਵਿਵਸਥਾ ਦੀ ਹਾਲਤ ਬਾਰੇ ਬੋਲਦਿਆਂ ਖੈਰਾ ਨੇ ਕਿਹਾ ਕਿ ਪੰਜਾਬ ਵਿੱਚ ਘਿਨਾਉਣੇ ਜੁਰਮਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ, ਜਿਵੇਂ ਹਾਲੇ ਬੀਤੇ ਦਿਨੀਂ ਜਲੰਧਰ ‘ਚ ਦਿਨ ਦਿਹਾੜੇ ਇੱਕ ਉਦਯੋਗਪਤੀ ਦਾ ਕਤਲ ਹੋਇਆ, ਪਰ ਬਾਦਲਾਂ ਨੇ ਤਾਂ ਸੱਚਾਈ ਤੋਂ ਆਪਣੇ ਮੂੰਹ ਮੋੜੇ ਹੋਏ ਹਨ ਤੇ ਉਹ ਸੂਬੇ ਵਿੱਚ ਮੁਕੰਮਲ ਸ਼ਾਂਤੀ ਦੇ ਦਾਅਵੇ ਕਰ ਰਹੇ ਹਨ।
ਖੈਰਾ ਨੇ ਦੋਸ਼ ਲਾਇਆ ਕਿ ਸੰਤ ਰਣਜੀਤ ਸਿੰਘ ਢੱਡਰੀਆਂਵਾਲੇ ਉਤੇ ਹਮਲੇ ‘ਚ ਸ਼ਾਮਲ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਕਰਨ ਦੀ ਥਾਂ ਅਕਾਲੀ ਹੁਣ ਪੀੜਤਾਂ ਅਤੇ ਹਮਲਾਵਰਾਂ ਵਿਚਾਲੇ ਸੌਦੇਬਾਜ਼ੀਆਂ ਰਾਹੀਂ ਕੋਈ ਸਮਝੌਤਾ ਕਰਵਾਉਣ ਦੇ ਸਿਰਤੋੜ ਜਤਨ ਕਰ ਰਹੇ ਹਨ।

LEAVE A REPLY