2ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 4 ਜੂਨ, 2016 ਤੋਂ 8 ਜੂਨ, 2016 ਤੱਕ ਅਫ਼ਗ਼ਾਨਿਸਤਾਨ, ਕਤਰ ਸਟੇਟ, ਸਵਿਟਜ਼ਰਲੈਂਡ, ਸੰਯੁਕਤ ਰਾਜ ਅਮਰੀਕਾ ਅਤੇ ਮੈਕਸੀਕੋ ਦੀ ਯਾਤਰਾ ‘ਤੇ ਰਹਿਣਗੇ। ਪ੍ਰਧਾਨ ਮੰਤਰੀ ਨੇ ਆਪਣੇ ਫ਼ੇਸਬੁੱਕ ਅਕਾਊਂਟ ‘ਤੇ ਕਈ ਪੋਸਟਸ ਦੀ ਲੜੀ ਰਾਹੀਂ ਦੱਸਿਆ:
” ਮੈਂ ਅਫ਼ਗ਼ਾਨਿਸਤਾਨ ਦੀ ਯਾਤਰਾ ‘ਤੇ ਹੇਰਾਤ ‘ਚ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨਾਲ ਅਫ਼ਗ਼ਾਨਿਸਤਾਨ-ਭਾਰਤ ਦੋਸਤੀ ਬੰਨ੍ਹ ਦਾ ਉਦਘਾਟਨ ਕਰਾਂਗਾ। ਇਹ ਸਾਡੀ ਦੋਸਤੀ ਦਾ ਪ੍ਰਤੀਕ ਹੈ ਅਤੇ ਇਸ ਰਾਹੀਂ ਆਸਾਂ ਜਾਗਣਗੀਆਂ, ਘਰ ਰੌਸ਼ਨ ਹੋਣਗੇ, ਹੇਰਾਤ ਦੇ ਉਪਜਾਊ ਖੇਤ ਪ੍ਰਫ਼ੁੱਲਤ ਹੋਣਗੇ ਅਤੇ ਇਸ ਖੇਤਰ ਦੇ ਲੋਕ ਖ਼ੁਸ਼ਹਾਲ ਹੋਣਗੇ।
ਆਪਣੇ ਦੋਸਤ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੂੰ ਮਿਲਣ ਦਾ ਚਾਹਵਾਨ ਹਾਂ ਅਤੇ ਉਸ ਮੁਲਾਕਾਤ ਦੌਰਾਨ ਖੇਤਰੀ ਸਥਿਤੀ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਵੇਗਾ ਅਤੇ ਆਉਣ ਵਾਲੇ ਸਮੇਂ ਲਈ ਦੁਵੱਲੇ ਸਹਿਯੋਗ ਵਾਸਤੇ ਏਜੰਡਾ ਤੈਅ ਕੀਤਾ ਜਾਵੇਗਾ।
ਮੈਂ ਕਤਰ ਦੇ ਮਾਣਯੋਗ ਏਮੀਰ ਦੇ ਸੱਦੇ ਉੱਤੇ 4 ਅਤੇ 5 ਜੂਨ ਨੂੰ ਕਤਰ ਸਟੇਟ ‘ਚ ਹੋਵਾਂਗਾ।
ਮਾਣਯੋਗ ਸ਼ੇਖ਼ ਤਮੀਮ ਨੂੰ ਮਿਲਣ ਦਾ ਚਾਹਵਾਨ ਹਾਂ, ਪਿਛਲੇ ਵਰ੍ਹੇ ਜਿਨ੍ਹਾਂ ਦੀ ਯਾਦਗਾਰ ਭਾਰਤ-ਫੇਰੀ ਨੇ ਸਾਡੇ ਸਬੰਧਾਂ ਵਿੱਚ ਇੱਕ ਨਵੀਂ ਰਫ਼ਤਾਰ ਲਿਆਂਦੀ ਸੀ।
ਮੈਨੂੰ ਏਮੀਰ ਦੇ ਪਿਤਾ ਨੂੰ ਮਿਲਣ ਦਾ ਮਾਣ ਹਾਸਲ ਹੋਵੇਗਾ, ਜਿਨ੍ਹਾਂ ਲਗਭਗ ਦੋ ਦਹਾਕਿਆਂ ਤੱਕ ਸਾਡੇ ਸਬੰਧਾਂ ਨੂੰ ਨਿਜੀ ਤੌਰ ਉੱਤੇ ਰਾਹ ਵਿਖਾਇਆ।
ਇਸ ਫੇਰੀ ਨਾਲ ਉਸ ਦੋਸਤੀ ਦੇ ਇਤਿਹਾਸਕ ਬੰਧਨ ਹੋਰ ਮਜ਼ਬੂਤ ਹੋਣਗੇ, ਜਿਨ੍ਹਾਂ ਦੀਆਂ ਜੜ੍ਹਾਂ ਦੋਵੇਂ ਦੇਸ਼ਾਂ ਦੀ ਜਨਤਾ ਦੇ ਆਪਸੀ ਸੰਪਰਕਾਂ, ਊਰਜਾ, ਵਪਾਰ ਅਤੇ ਨਿਵੇਸ਼ ਭਾਈਵਾਲੀ ਰਾਹੀਂ ਪਹਿਲਾਂ ਹੀ ਬਹੁਤ ਡੂੰਘੀਆਂ ਹਨ।
ਮੈਂ ਕਾਮਿਆਂ ਦੇ ਕੈਂਪ ‘ਚ ਭਾਰਤੀ ਕਾਮਿਆਂ ਨਾਲ ਗੱਲਬਾਤ ਕਰਾਂਗਾ, ਉਸ ਦੇਸ਼ ਵਿੱਚ 6 ਲੱਖ ਭਾਰਤੀ ਵਸਦੇ ਹਨ, ਉਨ੍ਹਾਂ ਵਿੱਚੋਂ ਹੀ ਕੁਝ ਮੈਂਬਰਾਂ ਨੇ ਆਪਣੀ ਸਖ਼ਤ ਮਿਹਨਤ ਅਤੇ ਪਸੀਨੇ ਨਾਲ ਸਾਡੇ ਸਬੰਧਾਂ ਨੂੰ ਮਜ਼ਬੂਤ ਬਣਾਈ ਰੱਖਿਆ ਹੈ। ਸਾਡੇ ਕਾਰੋਬਾਰ ਅਤੇ ਨਿਵੇਸ਼ ਸਹਿਯੋਗ ਦੀ ਪੂਰੀ ਸੰਭਾਵਨਾ ਦਾ ਅਨੁਮਾਨ ਲਾਉਣ ਲਈ ਕਤਰ ਦੇ ਵਪਾਰਕ ਆਗੂਆਂ ਨਾਲ ਵੀ ਗੱਲਬਾਤ ਕਰਾਂਗਾ।
ਯੂਰੋਪ ‘ਚ ਸਾਡੇ ਪ੍ਰਮੁੱਖ ਭਾਈਵਾਲ ਸਵਿਟਜ਼ਰਲੈਂਡ ਦੀ ਦੁਵੱਲੀ ਫੇਰੀ ‘ਤੇ ਮੈਂ 5 ਜੂਨ ਦੀ ਸ਼ਾਮ ਨੂੰ ਜਨੇਵਾ ਪੁੱਜਾਂਗਾ। ਮੈਂ ਆਪਣਾ ਦੁਵੱਲਾ ਤੇ ਬਹੁ-ਪੱਖੀ ਸਹਿਯੋਗ ਹੋਰ ਮਜ਼ਬੂਤ ਕਰਨ ਲਈ ਰਾਸ਼ਟਰੀ ਸ਼ਨਾਇਡਰ-ਅੰਮਾਨ ਨਾਲ ਗੱਲਬਾਤ ਕਰਾਂਗਾ।
ਜਨੇਵਾ ‘ਚ, ਮੈਂ ਉੱਘੇ ਕਾਰੋਬਾਰੀ-ਵਪਾਰੀਆਂ ਨੂੰ ਮਿਲਾਂਗਾ। ਸਾਡਾ ਏਜੰਡਾ ਆਰਥਿਕ ਤੇ ਨਿਵੇਸ਼ ਸਬੰਧਾਂ ਦਾ ਪਾਸਾਰ ਕਰਨਾ ਹੋਵੇਗਾ। ਮੈਂ CERN ‘ਚ ਕੰਮ ਕਰਦੇ ਭਾਰਤੀ ਵਿਗਿਆਨੀਆਂ ਨੂੰ ਮਿਲਾਂਗਾ। ਮਨੁੱਖਤਾ ਦੀ ਸੇਵਾ ਵਿੱਚ ਵਿਗਿਆਨ ਦੇ ਨਵੇਂ ਮੋਰਚਿਆਂ ਦੀ ਖੋਜ ਵਿੱਚ ਉਨ੍ਹਾਂ ਦੇ ਯੋਗਦਾਨ ਉੱਤੇ ਭਾਰਤ ਨੂੰ ਮਾਣ ਹੈ।
6 ਜੂਨ ਦੀ ਸ਼ਾਮ ਨੂੰ ਮੈਂ ਰਾਸ਼ਟਰਪਤੀ ਬਰਾਕ ਓਬਾਮਾ ਦੇ ਸੱਦੇ ‘ਤੇ ਦੁਵੱਲੀ ਫੇਰੀ ਉੱਤੇ ਵਾਸ਼ਿੰਗਟਨ ਡੀ.ਸੀ. ਪੁੱਜਾਂਗਾ।
7 ਜੂਨ ਨੂੰ ਰਾਸ਼ਟਰਪਤੀ ਨਾਲ ਆਪਣੀ ਮੁਲਾਕਾਤ ਦੌਰਾਨ, ਅਸੀਂ ਵਿਭਿੰਨ ਖੇਤਰਾਂ ਵਿੱਚ ਆਪਣੀ ਨੀਤੀਗਤ ਭਾਈਵਾਲੀ ਵਿੱਚ ਨਵਾਂ ਜੋਸ਼ ਭਰਨ ਤੇ ਉਸ ਨੂੰ ਰਫ਼ਤਾਰ ਦੇਣ ਦੇ ਮਾਮਲੇ ਵਿੱਚ ਹਾਸਲ ਕੀਤੀ ਪ੍ਰਗਤੀ ਬਾਰੇ ਗੱਲ ਕਰਾਂਗੇ।
ਮੈਂ ਯੂ.ਐੱਸ.ਆਈ.ਬੀ.ਸੀ.(U.S.-India Business Council) ਦੀ 40ਵੀਂ ਏ.ਜੀ.ਐੱਮ. (Annual General Meeting – ਸਲਾਨਾ ਆਮ ਮੀਟਿੰਗ) ਨੂੰ ਸੰਬੋਧਨ ਕਰਾਂਗਾ ਅਤੇ ਅਮਰੀਕਾ ਦੇ ਉਨ੍ਹਾਂ ਵਪਾਰਕ ਆਗੂਆਂ ਨੂੰ ਮਿਲਾਂਗਾ ਜਿਨ੍ਹਾਂ ਨੇ ਪਿਛਲੇ ਦੋ ਵਰ੍ਹਿਆਂ ਦੌਰਾਨ ਭਾਰਤ ਵਿੱਚ ਆਪਣਾ ਵਿਸ਼ਵਾਸ ਨਵਿਆਇਆ ਹੈ।
ਮੈਂ ਅਮਰੀਕਾ ਦੇ ਉੱਘੇ ਚਿੰਤਕਾਂ ਨਾਲ ਵਿਚਾਰ ਸਾਂਝੇ ਕਰਾਂਗਾ ਅਤੇ ਭਾਰਤ ਦੀਆਂ ਪ੍ਰਾਚੀਨ ਵਸਤਾਂ ਦੀ ਵਾਪਸੀ ਨੂੰ ਯਾਦ ਕਰਨ ਲਈ ਰੱਖੇ ਇੱਕ ਸਮਾਰੋਹ ਵਿੱਚ ਸ਼ਾਮਲ ਹੋਵਾਂਗਾ। ਅਰਲਿੰਗਟਨ ਦੇ ਕਬਰਿਸਤਾਨ ਵਿੱਚ ਆਪਣੀ ਫੇਰੀ ਦੌਰਾਨ ਮੈਂ ਅਗਿਆਤ ਸਿਪਾਹੀ ਦੇ ਮਕਬਰੇ ਅਤੇ ਪੁਲਾੜ ਸ਼ਟਲ ਕੋਲੰਬੀਆ ਯਾਦਗਾਰ ਉੱਤੇ ਪੁਸ਼ਪਾਂਜਲੀ ਅਰਪਿਤ ਕਰਾਂਗਾ, ਜਿਸ ਵਿੱਚ ਅਸੀਂ ਭਾਰਤੀ ਮੂਲ ਦੀ ਪੁਲਾੜ ਯਾਤਰੀ ਕਲਪਨਾ ਚਾਵਲਾ ਨੂੰ ਗੁਆਇਆ ਸੀ।
8 ਜੂਨ ਨੂੰ, ਮੈਂ ਅਮਰੀਕੀ ਸੰਸਦ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਾਂਗਾ। ਮੈਂ ਸਪੀਕਰ ਪੌਲ ਰਿਆਨ (Paul Ryan) ਦਾ ਧੰਨਵਾਦੀ ਹਾਂ ਕਿ ਉਨ੍ਹਾਂ ਸੰਸਦ ਮੈਂਬਰਾਂ ਅਤੇ ਸੈਨੇਟਰਾਂ ਨੂੰ ਸੰਬੋਧਨ ਕਰਨ ਲਈ ਮੈਨੂੰ ਸੱਦਿਆ।
ਅਮਰੀਕਾ ਦੀ ਰਾਜਧਾਨੀ ਵਿੱਚ ਆਪਣੀ ਫੇਰੀ ਦੌਰਾਨ, ਮੈਂ ਪ੍ਰਤੀਨਿਧ ਸਦਨ (House of Representatives) ਅਤੇ ਸੈਨੇਟ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗਾ, ਜਿਨ੍ਹਾਂ ਵਿੱਚੋਂ ਬਹੁਤੇ ਭਾਰਤ ਦੇ ਵਡਮੁੱਲੇ ਦੋਸਤ ਰਹੇ ਹਨ ਅਤੇ ਉਨ੍ਹਾਂ ਸਦਕਾ ਹੀ ਭਾਰਤ-ਅਮਰੀਕਾ ਸਬੰਧ ਹੋਰ ਮਜ਼ਬੂਤ ਹੁੰਦੇ ਰਹੇ ਹਨ।
ਭਾਰਤ ਅਤੇ ਅਮਰੀਕਾ ਸੁਭਾਵਕ ਭਾਈਵਾਲ ਹਨ, ਦੋ ਗੁੰਜਾਇਮਾਨ ਲੋਕਤੰਤਰ ਜੋ ਵਿਭਿੰਨਤਾ ਅਤੇ ਬਹੁਲਵਾਦ ਦੇ ਜਸ਼ਨ ਮਨਾਉਂਦੇ ਹਨ। ਭਾਰਤ ਅਤੇ ਅਮਰੀਕਾ ਦੇ ਮਜ਼ਬੂਤ ਸਬੰਧਾਂ ਦਾ ਲਾਭ ਕੇਵਲ ਦੋ ਰਾਸ਼ਟਰਾਂ ਨੂੰ ਹੀ ਨਹੀਂ, ਸਗੋਂ ਸਮੁੱਚੇ ਵਿਸ਼ਵ ਨੂੰ ਹੀ ਹੁੰਦਾ ਹੈ। ਮੈਂ 8 ਜੂਨ ਨੂੰ ਲਾਤੀਨੀ ਅਮਰੀਕੀ ਖੇਤਰ ਵਿੱਚ ਇੱਕ ਮਰਿਆਦਾ ਭਰਪੂਰ ਭਾਈਵਾਲ ਦੇਸ਼ ਮੈਕਸੀਕੋ ਦੀ ਫੇਰੀ ਦੌਰਾਨ ਰਾਸ਼ਟਰਪਤੀ ਪੈਨਾ ਨੀਏਟੋ (President Peña Nieto) ਨੂੰ ਮਿਲਾਂਗਾ।
ਰਾਸ਼ਟਰਪਤੀ ਪੈਨਾ ਨੀਏਟੋ ਨੇ ਦੂਰ-ਦ੍ਰਿਸ਼ਟੀ ਵਾਲੇ ਸੁਧਾਰ ਲਾਗੂ ਕੀਤੇ ਹਨ। ਮੈਂ ਆਪਣੇ ਤਜਰਬੇ ਸਾਂਝੇ ਕਰਾਂਗਾ। ਇਹ 30 ਸਾਲਾਂ ਬਾਅਦ ਕਿਸੇ ਪ੍ਰਧਾਨ ਮੰਤਰੀ ਵੱਲੋਂ ਮੈਕਸੀਕੋ ਦੀ ਪਹਿਲੀ ਦੁਵੱਲੀ ਫੇਰੀ ਹੈ। ਭਾਵੇਂ ਇਹ ਦੌਰਾ ਕੁਝ ਛੋਟਾ ਹੈ, ਪਰ ਇਸ ਫੇਰੀ ਦਾ ਏਜੰਡਾ ਨਿੱਗਰ ਹੈ ਜੋ ਕਿ ਸਾਡੀ ਭਾਈਵਾਲੀ ਨੂੰ ਨਵੇਂ ਸਿਖ਼ਰਾਂ ਤੱਕ ਲੈ ਕੇ ਜਾਵੇਗਾ।”

LEAVE A REPLY