Editorial1ਹਰ ਯੁੱਗ ਵਿੱਚ ਚੰਗਿਆਈ ਨੂੰ ਢਾਹ ਲਾਉਣ ਲਈ ਬੁਰਾਈ ਪਹਿਲਾਂ ਹੀ ਜਨਮ ਲੈ ਲੈਂਦੀ ਹੈ ਸੋ ਇਸ ਕਰਮਕਾਂਡਾਂ, ਵਹਿਮਾ-ਭਰਮਾਂ ਰੂਪੀ ਬੁਰਾਈ ਦਾ ਖ਼ਾਤਮਾ ਕਰਨ ਲਈ ਹੀ ਬਾਬੇ ਨਾਨਕ ਨੇ ਆਪਣਾ ਵੱਖਰਾ ਪੰਥ ਚਲਾਇਆ ਸੀ ਜਿਸ ਵਿੱਚ ਬਾਬੇ ਸਮੇਤ ਉਨ੍ਹਾਂ ਦੇ ਰਾਹ ਦੇ ਦੂਜੇ ਪਾਂਧੀਆਂ ਨੂੰ ਵੀ ਇੱਕ ਲੰਬਾ ਸਮਾਂ ਸੰਘਰਸ਼ ਕਰਨਾ ਪਿਆ ਅਤੇ ਕੁਰਬਾਨੀਆਂ ਦੇਣੀਆਂ ਪਈਆਂ। ਸਿੱਖਾਂ ਦਾ ਲਹੂ ਨਾਲ ਭਿੱਜਿਆ ਇਤਿਹਾਸ ਇਸ ਗੱਲ ਦਾ ਠੋਸ ਗਵਾਹ ਹੈ ਕਿ ਸਿੱਖ ਕੌਮ ਕੁਰਬਾਨੀਆਂ ਨਾਲ ਸਿਰਜੀ ਹੋਈ ਇੱਕ ਕੌਮ ਹੈ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਅਤੇ ਇਹ ਵੀ ਸੱਚ ਹੈ ਕਿ ਸਿੱਖ ਕੌਮ ਹੱਕ ਸੱਚ ‘ਤੇ ਪਹਿਰਾ ਦੇਣ ਤੋਂ ਨਾ ਕਦੇ ਪਹਿਲਾਂ ਪਿੱਛੇ ਹਟੀ ਸੀ, ਨਾ ਅੱਜ ਪਿੱਛੇ ਹਟ ਰਹੀ ਹੈ ਅਤੇ ਨਾ ਹੀ ਭਵਿੱਖ ਵਿੱਚ ਕਦੇ ਹਟੇਗੀ। ਕੌਮ ਦੇ ਦੁਸ਼ਮਣ ਕੌਣ ਹਨ? ਕੁਝ ਆਪਣੇ ਹੀ ਭਰਾ ਜੋ ਕੌਮ ਨਾਲ ਗ਼ਦਾਰੀ ‘ਤੇ ਉਤਰ ਆਏ ਹਨ ਅਤੇ ਲਾਲਚ ਵਸ ਆਪਣੀ ਹੀ ਕੌਮ ਦੇ ਦੁਸ਼ਮਣ ਬਣੀ ਬੈਠੇ ਹਨ। ਸਾਡੇ ‘ਤੇ ਇਹ ਗੱਲ ਬੜੀ ਢੁਕਦੀ ਹੈ ਕਿ ”ਕੌਮ ਕਦੇ ਨਾ ਹਾਰੇ ਜੇ ਸਿੱਖ ਸਿੱਖ ਨੂੰ ਨਾ ਮਾਰੇ”। ਇਸ ਦਾ ਕਾਰਨ ਹੈ ਕਿ ਸਿੱਖ ਅਪਣੇ ਗੁਰੂ ਦੀ ਸਿੱਖਿਆ ਤੋਂ ਹੀ ਅਣਜਾਣ ਹੋ ਚੁੱਕੇ ਹਨ ਅਤੇ ਗੁਰੂਆਂ ਦੇ ਹਲੂਣੇ ਨੂੰ ਭੁੱਲ ਚੁਕੇ ਹਨ ਜਿਸ ਵਿੱਚ ਉਨ੍ਹਾਂ ਨੂੰ ਬ੍ਰਾਹਮਣਵਾਦ ਦੇ ਖ਼ਤਰੇ ਤੋਂ ਸੁਚੇਤ ਕੀਤਾ ਗਿਆ ਸੀ। ਇਹੀ ਕਾਰਨ ਹੈ ਕਿ ਸਿੱਖ ਆਪਣੇ ਇਤਿਹਾਸਕ ਵਿਰਸੇ ਨੂੰ ਸੰਭਾਲ ਕੇ ਰੱਖਣ ਦੇ ਅਸਮਰਥ ਹਨ ਅਤੇ ਦਿਨ-ਬ-ਦਿਨ ਸਿਧਾਂਤਕ ਪੱਖੋਂ ਕਮਜ਼ੋਰ ਹੁੰਦੇ ਜਾ ਰਹੇ ਹਨ।
ਅੱਜ ਸਿੱਖ ਕੌਮ ਦਾ ਦੁਖਾਂਤ ਇਹ ਹੈ ਕਿ ਸਿੱਖ ਡੇਰੇਦਾਰਾਂ ਦੇ ਗ਼ੁਲਾਮ ਬਣ ਕੇ ਰਹਿ ਗਏ ਹਨ ਅਤੇ ਸਿੱਖਾਂ ਦੇ ਆਗੂਆਂ ਨੇ ਸਿੱਖ ਕੌਮ ਨੂੰ ਨਾ ਬਰਦਾਸ਼ਤ ਕਰਨ ਵਾਲੀਆਂ ਤਾਕਤਾਂ ਦੇ ਹੱਥਾਂ ਦੀ ਕਠਪੁਤਲੀ ਬਣਾ ਕੇ ਛੱਡਿਆ ਹੋਇਆ ਹੈ ਜੋ ਉਸ ਨੂੰ ਆਪਣੀ ਹੀ ਕੌਮ ਦਾ ਵੈਰੀ ਬਣਾਉਂਦੀਆਂ ਹਨ। ਜਿਹੜੇ ਲੋਕ ਕੌਮ ਦਾ ਭਲਾ ਸੋਚਦੇ ਹਨ, ਉਨ੍ਹਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਕੌਮ ਵਿੱਚ ਵਿਗਾੜ ਤੇ ਵਿਕਾਰ ਪਾਉਣ ਵਾਲਿਆਂ ਨੂੰ ਕੌਮ ਵਿੱਚੋਂ ਨਿਖੇੜਨ। ਵੈਸੇ ਵੀ, ਜੇ ਸਾਡੇ ਇਨਸਾਨੀ ਸ਼ਰੀਰ ਦਾ ਕੋਈ ਹਿੱਸਾ ਬੇਕਾਰ ਹੋ ਜਾਵੇ ਜਾਂ ਉਸ ਦੀ ਵਜ੍ਹਾ ਨਾਲ ਬੰਦੇ ਦੀ ਜਾਨ ਨੂੰ ਖ਼ਤਰਾ ਬਣਦਾ ਹੋਵੇ ਤਾਂ ਉਸ ਹਿੱਸੇ ਨੂੰ ਕਟਣਾ ਹੀ ਬੇਹਤਰ ਹੁੰਦਾ ਹੈ। ਉਸ ਅੰਗ ਨੂੰ ਸ਼ਰੀਰ ਨਾਲੋਂ ਅਲੱਗ ਕਰ ਦਿੱਤਾ ਜਾਂਦਾ ਹੈ, ਸੋ ਇਸੇ ਤਰ੍ਹਾਂ ਗ਼ਦਾਰ ਸਿੱਖ ਆਗੂਆਂ, ਜੋ ਆਪਣੀ ਹੀ ਕੌਮ ਦੀਆਂ ਜੜ੍ਹਾਂ ਕੱਟਣ ਵਿੱਚ ਮਸਰੂਫ਼ ਹਨ, ਨੂੰ ਕੌਮ ‘ਚੋਂ ਬਾਹਰ ਦਾ ਰਸਤਾ ਦਿਖਾਇਆ ਜਾਣਾ ਚਾਹੀਦਾ ਹੈ ਤਾਂ ਜੋ ਸਿੱਖੀ ਦਾ ਸਾਡਾ ਇਹ ਬੂਟਾ ਵੱਧ ਫੁੱਲ ਸਕੇ। ਸਾਡੀ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੀ ਮਾਂ ਬੋਲੀ ਅਤੇ ਅਪਣੇ ਵਿਰਸੇ ਤੋਂ ਦੂਰ ਕਰਨ ਦੀਆਂ ਕੋਸ਼ਿਸ਼ਾਂ ਸਫ਼ਲ ਨਾ ਹੋ ਸਕਣ।
ਸਿੱਖ ਵਿਰੋਧੀ ਤਾਕਤਾਂ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਕੋਈ ਵੀ ਹਥਕੰਡਾ ਅਪਣਾਉਣ ਲਈ ਹਰ ਵਕਤ ਤਿਆਰ ਰਹਿੰਦੀਆਂ ਹਨ। ਜਿਹੜਾ ਵੀ ਵਿਅਕਤੀ ਇਨ੍ਹਾਂ ਨੂੰ ਕਿਸੇ ਘੱਟ ਗਿਣਤੀ ਕੌਮ ਅੰਦਰ ਦੀ ਕਮਜ਼ੋਰ ਕੜੀ ਲੱਗਦਾ ਹੈ, ਇਹ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਲਾਲਚ ਦੇ ਕੇ ਅਪਣੇ ਮਿਸ਼ਨ ਦੀ ਪੂਰਤੀ ਲਈ ਆਪਣੇ ਨਾਲ ਰਲਾ ਲੈਂਦੀਆਂ ਹਨ। ਜੇਕਰ ਕਿਸੇ ਆਗੂ ਦੀ ਗ਼ਦਾਰੀ ਕਰ ਕੇ ਕੌਮ ‘ਤੇ ਦਾਗ਼ ਲੱਗ ਰਿਹਾ ਹੈ ਤਾਂ ਉਸ ਕਮਜ਼ੋਰ ਕੜੀ ਨੂੰ ਕੌਮ ਦੀ ਭਲਾਈ ਦੀ ਖ਼ਾਤਿਰ ਤੋੜ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਹੋਰ ਆਗੂ ਮੁੜ ਅਜਿਹਾ ਕਰਨ ਦੀ ਹਿੰਮਤ ਨਾ ਕਰੇ। ਇਸ ਵਿੱਚ ਹੀ ਸਮੁੱਚੀ ਕੌਮ ਦੀ ਭਲਾਈ ਹੈ। ਹੁਣ ਸਿੱਖ ਵਿਰੋਧੀਆਂ ਦੀ ਨਵੀਂ ਰਣਨੀਤੀ ਇਹ ਲਗਦੀ ਹੈ ਕਿ ਸਿੱਖਾਂ ਵਿੱਚ ਆਪਸੀ ਪਾਟੋਧਾੜ ਪੁਆ ਕੇ ਵਿਸ਼ਵ ਪੱਧਰ ‘ਤੇ ਬਦਨਾਮ ਕਰ ਕੇ ਉਨ੍ਹਾਂ ਨੂੰ ਖ਼ਤਮ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਰਬੱਤ ਖ਼ਾਲਸਾ ਦਾ ਸੰਕਲਪ ਕਦੇ ਵੀ ਪੂਰਾ ਨਾ ਹੋ ਸਕੇ । ਸਿੱਖ ਵਿਰੋਧੀ ਤਾਕਤਾਂ ਇਹ ਬਰਦਾਸ਼ਤ ਨਹੀਂ ਕਰ ਸਕਦੀਆਂ ਕਿ ਦੋ ਕਰੋੜ ਸਿੱਖ ਇੱਕ ਝੰਡੇ ਹੇਠ ਇਕੱਠੇ ਹੋ ਜਾਣ ਕਿਉਂਕਿ ਜੇ ਕੌਮ ਇਕੱਠੀ ਹੋ ਗਈ ਤਾਂ ਫਿਰ ਇਨ੍ਹਾਂ ਗ਼ਦਾਰਾਂ ਅਤੇ ਕੌਮ ਵਿਰੋਧੀਆਂ ਦੀਆਂ ਮਾਰੂ ਸਾਜ਼ਿਸ਼ਾਂ ਵਾਲੇ ਕਾਰੋਬਾਰ ਬੰਦ ਹੋ ਜਾਣਗੇ ਤੇ ਸ਼ਾਇਦ ਇਸੇ ਕਾਰਨ ਉਹ ਸਿੱਖਾਂ ਦਾ ਏਕਾ ਬਰਦਾਸ਼ਤ ਨਹੀਂ ਕਰ ਸਕਦੇ। ਆਖਣ ਨੂੰ ਭਾਰਤ ਵਿੱਚ ਹਰ ਨਾਗਿਰਕ ਨੂੰ ਅਪਣੇ ਹੱਕ ਮੰਗਣ ਦੀ ਪੂਰੀ ਆਜ਼ਾਦੀ ਹੈ, ਪਰ ਜੇ ਕੋਈ ਸਿੱਖ ਅਪਣੇ ਹੱਕਾਂ ਲਈ ਲੜਦਾ ਹੈ ਤਾਂ ਉਸ ਨੂੰ ਅਤਿਵਾਦੀ ਹੋਣ ਦਾ ਖ਼ਿਤਾਬ ਦਿੱਤਾ ਜਾਂਦਾ ਹੈ।
ਸਿੱਖ ਦੀ ਮਰਿਆਦਾ ਅਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੱਖ ਆਤੰਕ ਨਹੀਂ ਫ਼ੈਲਾਉਂਦੇ ਬਲਕਿ ਹਮੇਸ਼ਾ ਸਰਬੱਤ ਦਾ ਭਲਾ ਮੰਗਦੇ ਹਨ। ਪੰਜਾਬ ਨੂੰ ਮੱਲੋ ਮੱਲੀ ਬਲਦੇ ਭਾਂਬੜ ਵਿੱਚ ਸੁੱਟਣ ਲਈ ਕਾਹਲੇ ਹੋਏ ਸ਼ਿਵ ਸੈਨਿਕਾਂ ਵਲੋਂ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ, ਜੋ ਕਿ ਸਿੱਖ ਕੌਮ ਦੇ ਮਹਾਨ ਸ਼ਹੀਦ ਹਨ, ਦੇ ਪੋਸਟਰ ਸ਼ਰੇਆਮ ਪਾੜੇ ਅਤੇ ਸਾੜੇ ਗਏ। ਉਨ੍ਹਾਂ ਦੀਆਂ ਇਹ ਨੀਚ ਹਰਕਤਾਂ ਪੰਜਾਬ ਵਿੱਚ ਇੱਕ ਵਾਰ ਫ਼ਿਰ ਅੱਗ ਲਗਾਉਣ ਦਾ ਕੰਮ ਕਰ ਰਹੀਆਂ ਹਨ। ਸਿੱਖ ਕੌਮ ਤਾਂ ਪਹਿਲਾਂ ਹੀ ਇੱਕ ਲੰਬੇ ਸੰਘਰਸ਼ ‘ਚੋਂ ਲੰਘ ਰਹੀ ਹੈ। ਕਿੰਨਾ ਕੁਝ ਹੋ ਚੁਕਾ ਹੈ ਅਤੇ ਹੋ ਰਿਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾ ਰਹੀ ਹੈ। ਕੌਮ ਦੇ ਸੱਚੇ ਸਿੰਘ 30-30 ਸਾਲਾਂ ਤੋਂ ਜੇਲ੍ਹਾਂ ਵਿੱਚ ਸੜ ਰਹੇ ਹਨ। ਹੱਕਾਂ ਲਈ ਲੜ ਰਹੇ ਹਜ਼ਾਰਾਂ ਸਿੰਘ ਸ਼ਹੀਦ ਕਰ ਦਿਤੇ ਗਏ। ਸਿੱਖ ਕੌਮ ਇਹ ਸਪੱਸ਼ਟ ਕਰ ਦੇਣਾ ਚਾਹੁੰਦੀ ਹੈ ਕਿ ਐਨਾ ਕੁਝ ਬਰਦਾਸ਼ਤ ਕਰਨ ਦਾ ਜਿਗਰਾ ਤਾਂ ਸਾਨੂੰ ਗੁਰੂ ਨੇ ਦਿੱਤਾ ਹੈ, ਪਰ ਸਿੱਖ ਕੌਮ ਕਦੇ ਵੀ ਕਮਜ਼ੋਰ ਨਹੀਂ ਪੈ ਸਕਦੀ। ਸਾਡੇ ਗੁਰਾਂ ਦੇ ਬਚਨ ਹਨ: ”ਸਵਾ ਲਾਖ ਸੇ ਏਕ ਲੜਾਊਂ, ਤਬੇ ਗੋਬਿੰਦ ਸਿੰਘ ਨਾਮ ਕਹਾਊਂ”, ਸੋ ਉਪਰੋਕਤ ਸੰਕਲਪ ਦੀ ਰੌਸ਼ਨੀ ਵਿੱਚ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਖ਼ਾਲਸਾ ਪੰਥ ਬਹੁ ਗਿਣਤੀ ਤੋਂ ਕਦੇ ਨਹੀਂ ਡਰਦਾ ਜਾਂ ਹਾਰਦਾ ਅਤੇ ਇਹ ਮੇਰਾ ਗੁਰੂ ‘ਤੇ ਅਟੱਲ ਵਿਸ਼ਵਾਸ ਵੀ ਹੈ ਕਿ ਪੰਥ ਕੀ ਜੀਤ ਵੀ ਇੱਕ ਦਿਨ ਅਵੱਸ਼ ਹੋਵੇਗੀ, ਬਸ਼ਰਤੇ ਕੌਮ ਆਪਸੀ ਭਰਾ ਮਾਰੂ ਜੰਗ ਦਾ ਰਾਹ ਛੱਡ ਕੇ ਏਕਤਾ ਦਾ ਰਾਹ ਫ਼ੜੇ।
ਰਣਜੀਤ ਕੌਰ ਨਾਗਰਾ (ਸਰਹਿੰਦ, ਪੰਜਾਬ)
011-91-90566-83013

LEAVE A REPLY