ਚੰਡੀਗੜ੍ਹ : ਸੀਨੀਅਰ ਪੱਤਰਕਾਰ ਮੇਜਰ ਸਿੰਘ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਮੇਜਰ ਸਿੰਘ ਇਥੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ, ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਰਾਸ਼ਟਰੀ ਸੰਗਠਨਾਤਮਕ ਢਾਂਚੇ ਦੇ ਮੁੱਖੀ ਦੁਰਗੇਸ਼ ਪਾਠਕ ਅਤੇ ਕਈ ਹੋਰ ਸੀਨੀਅਰ ਆਗੂਆਂ ਦੀ ਮੌਜੂਦਗੀ ਵਿਚ ‘ਆਪ’ ਵਿਚ ਸ਼ਾਮਿਲ ਹੋਏ। ਮੇਜਰ ਸਿੰਘ ਨੇ ਹੁਣ ਤੱਕ ਕਈ ਖੇਤਰੀ ਭਾਸ਼ਾਈ ਅਖਬਾਰਾਂ ਵਿਚ ਕੰਮ ਕੀਤਾ ਹੈ ਅਤੇ ਮੌਜੂਦਾ ਸਮੇਂ ਉਹ ਰੋਜ਼ਾਨਾ ਅਜੀਤ ਅਖਬਾਰ ਲਈ ਕੰਮ ਕਰ ਰਹੇ ਸਨ। ਇਸ ਤੋਂ ਇਲਾਵਾ ਉਹ ਜਲੰਧਰ ਪ੍ਰੈਸ ਕਲੱਬ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।
ਮੇਜਰ ਸਿੰਘ ਦਾ ਪਾਰਟੀ ਵਿਚ ਸਵਾਗਤ ਕਰਦੇ ਸੰਜੇ ਸਿੰਘ ਨੇ ਕਿਹਾ ਕਿ ਪੱਤਰਕਾਰ ਸਮਾਜ ਦਾ ਅਹਿਮ ਹਿੱਸਾ ਨੇ ਅਤੇ ਸਮਾਜ ਦੇ ਵੱਡੇ ਹਿੱਸੇ ਨੂੰ ਜਾਗਰੂਕ ਕਰਨ ਦੇ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਕਈ ਉੱਘੇ ਪੱਤਰਕਾਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਨ, ਜਿਹਨਾਂ ਨੇ ਅਰਵਿੰਦ ਕੇਜਰੀਵਾਲ ਵਲੋਂ ਚਲਾਈ ਗਈ ਮੁਹਿੰਮ ਨੂੰ ਹੋਰ ਮਜਬੂਤ ਕੀਤਾ ਹੈ।
ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ‘ਤੇ ਖੁਸ਼ੀ ਜਾਹਿਰ ਕਰਦਿਆਂ ਮੇਜਰ ਸਿੰਘ ਨੇ ਕਿਹਾ ਕਿ ਬਤੌਰ ਪੱਤਰਕਾਰ ਦੇ ਤੌਰ ਤੇ ਉਹਨਾਂ ਨੇ ਹਮੇਸ਼ਾ ਸਮਾਜ ਦੀ ਭਲਾਈ ਲਈ ਕੰਮ ਕੀਤਾ ਹੈ ਅਤੇ ਉਹ ਆਪਣੇ ਪੱਤਰਕਾਰਤਾ ਦੇ ਤਜ਼ਰਬੇ ਦੇ ਨਾਲ ਪਾਰਟੀ ਨੂੰ ਅਜਿਹੇ ਸੁਝਾਅ ਦੇਣਗੇ ਜਿਸ ਨਾਲ ਪਾਰਟੀ ਨੂੰ ਮਜਬੂਤੀ ਮਿਲੇਗੀ।
ਇਸ ਮੌਕੇ ਕੰਵਰ ਸੰਧੂ, ਹਿਮੰਤ ਸਿੰਘ ਸ਼ੇਰਗਿਲ, ਗੁਰਪ੍ਰੀਤ ਸਿੰਘ ਘੁੱਗੀ, ਹਰਜੋਤ ਸਿੰਘ ਬੈਂਸ, ਕੁਲਤਾਰ ਸਿੰਘ, ਜਗਤਾਰ ਸਿੰਘ ਸੰਘੇੜਾ, ਆਰ.ਆਰ. ਭਾਰਦਵਾਜ, ਬੂਟਾ ਸਿੰਘ ਅਸ਼ਾਂਤ ਅਤੇ ਕਰਨ ਟਿਵਾਣਾ ਵੀ ਮੌਜੂਦ ਸਨ।