ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਰੇਲਵੇ ਅਤੇ ਸੜਕੀ ਖੇਤਰ ਦੇ ਬੁਨਿਆਦੀ ਢਾਂਚੇ ਵਿੱਚ ਵਿਕਾਸ ਦੀ ਸਮੀਖਿਆ ਕੀਤੀ।
ਰੇਲਵੇ ਖੇਤਰ ਦੀ ਸਮੀਖਿਆ ਮੌਕੇ ਦੱਸਿਆ ਗਿਆ ਕਿ ਸਾਲ 2015-16 ਦੌਰਾਨ ਇਸ ਵਿੱਚ 93,000 ਕਰੋੜ ਰੁਪਏ ਦਾ ਪੂੰਜੀ ਨਿਵੇਸ਼ ਕੀਤਾ ਗਿਆ, ਜਿਹੜਾ ਕਿ ਪਿਛਲੇ ਸਾਲ ਦੇ ਮੁਕਾਬਲੇ 65 ਫੀਸਦੀ ਜ਼ਿਆਦਾ ਸੀ ਅਤੇ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਪੂੰਜੀ ਨਿਵੇਸ਼ ਹੈ। ਇਸ ਪ੍ਰਕਾਰ ਹੀ 1780 ਕਿਲੋਮੀਟਰ ਲਾਈਨਾਂ ਦਾ ਨਿਰਮਾਣ ਕੀਤਾ ਗਿਆ ਅਤੇ ਸਾਲ 2015-16 ਦੌਰਾਨ 1730 ਕਿਲੋਮੀਟਰ ਦਾ ਬਿਜਲੀਕਰਨ ਕੀਤਾ ਗਿਆ, ਜਿਹੜੀ ਰੇਲਵੇ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵਧੀਆ ਕਾਰਗੁਜ਼ਾਰੀ ਹੈ।
ਪ੍ਰਧਾਨ ਮੰਤਰੀ ਨੇ ਰੇਲਵੇ ਸਟੇਸ਼ਨਾਂ ਦੇ ਮੁੜ ਵਿਕਾਸ ਵਿੱਚ ਤੇਜੀ ਲਿਆਉਣ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਰੇਲਵੇ ਨੂੰ ਇਸ ਸਬੰਧੀ ਅਪਣਾ ਪੱਧਰ ਹੋਰ ਉਪਰ ਚੁੱਕਣ ਦੀ ਅਪੀਲ ਕੀਤੀ। ਉਹਨਾਂ ਨੇ ਰੇਲਵੇ ਨੂੰ ਆਪਣਾ ਬੁਨਿਆਦੀ ਢਾਂਚਾ ਅਪਗ੍ਰੇਡ ਕਰਨ ਅਤੇ ਆਪਣਾ ਦਾਇਰਾ ਵਧਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਹਨਾਂ ਨੇ ਦੁਹਰਾਇਆ ਕਿ ਪੇਂਡੂ ਖੇਤਰਾਂ ਵਿੱਚ ਰੇਲਵੇ ਦੇ ਬੁਨਿਆਦੀ ਢਾਂਚੇ ਨੂੰ ਹੁਨਰ ਵਿਕਾਸ ਵਰਗੀਆਂ ਗਤੀਵਿਧੀਆਂ ਲਈ ਵਰਤਿਆ ਜਾ ਸਕਦਾ ਹੈ ਅਤੇ ਇਸ ਨਾਲ ਰੇਲਵੇ ਦਾ ਕਿਰਾਏ ਤੋਂ ਬਿਨਾਂ ਮਾਲੀਆ ਵੀ ਵੱਧ ਸਕਦਾ ਹੈ।
ਸੜਕੀ ਖੇਤਰ ਵਿੱਚ ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ ਸਾਲ 2015-16 ਦੌਰਾਨ 6000 ਕਿਲੋਮੀਟਰ ਰਾਜ ਮਾਰਗ ਮੁਕੰਮਲ ਕੀਤੇ ਗਏ ਜਦੋਂ ਕਿ ਇਸ ਸਮੇਂ ਦੌਰਾਨ ਹੀ 10,098 ਕਿਲੋਮੀਟਰ ਦੇ ਨਿਰਮਾਣ ਲਈ ਠੇਕੇ ਦਿੱਤੇ ਗਏ।
ਪ੍ਰਧਾਨ ਮੰਤਰੀ ਨੇ ਸਮੁੱਚੇ ਦੇਸ਼ ਵਿੱਚ ਸੜਕੀ ਵਿਕਾਸ ਦੇ ਵੱਖ ਵੱਖ ਮਾਡਲਾਂ ਦਾ ਅਧਿਐਨ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਇਹਨਾਂ ਵਿੱਚੋਂ ਸਭ ਤੋਂ ਵਧੀਆ ਨੂੰ ਅਪਣਾਉਣ ਲਈ ਕਿਹਾ ਤਾਂ ਕਿ ਰਾਜ ਮਾਰਗਾਂ ਦੇ ਨਿਰਮਾਣ ਖੇਤਰ ਵਿੱਚ ਜ਼ਿਆਦਾ ਪ੍ਰਾਈਵੇਟ ਨਿਵੇਸ਼ ਲਿਆਂਦਾ ਜਾ ਸਕੇ। ਉਹਨਾਂ ਨੇ ਖਤਰਨਾਕ ਰਸਤਿਆਂ ‘ਤੇ ਭੀੜ ਘਟਾਉਣ ਅਤੇ ਟੋਲ ਲੈਣ ਲਈ ਆਧੁਨਿਕ ਤਕਨੀਕਾਂ ਅਪਣਾਉਣ ‘ਤੇ ਜ਼ੋਰ ਦਿੱਤਾ।