ਫ਼ਿਲਮ ਜਗਤ ‘ਚ ਆਪਣੇ ਲਈ ਵੱਖਰਾ ਮੁਕਾਮ ਚਾਹੁੰਦੀ ਹੈ ਰਿਚਾ ਚੱਢਾ

flimy-duniya1ਸਾਲ 2008 ਵਿੱਚ ਦਿਵਾਕਰ ਬੈਨਰਜੀ ਦੀ ਫ਼ਿਲਮ ‘ਓਏ ਲੱਕੀ ਲੱਕੀ ਓਏ’ ਨਾਲ ਆਪਣਾ ਫ਼ਿਲਮੀ ਕਰੀਅਰ ਸ਼ੁਰੂ ਕਰਨ ਵਾਲੀ ਰਿਚਾ ਚਿੱਢਾ ਨੇ ਅੱਠ ਸਾਲਾਂ ਵਿੱਚ ਚੰਗਾ ਨਾਮਣਾ ਖੱਟਿਆ ਹੈ। ਉਸ ਦੀ ਫ਼ਿਲਮ ‘ਸਰਬਜੀਤ’ ਜਿੱਥੇ ਬੀਤੇ ਕੱਲ੍ਹ ਰਿਲੀਜ਼ ਹੋ ਚੁੱਕੀ ਹੈ, ਉੱਥੇ 27 ਮਈ ਨੂੰ ਬਿਲਕੁਲ ਇੱਕ ਹਫ਼ਤੇ ਦੇ ਫ਼ਰਕ ਨਾਲ ਉਸ ਦੀ ਦੂਜੀ ਫ਼ਿਲਮ ‘ਕੈਬਰੇ’ ਰਿਲੀਜ਼ ਹੋਣ ਜਾ ਰਹੀ ਹੈ। ਇਨ੍ਹਾਂ ਦੋਵਾਂ ਫ਼ਿਲਮਾਂ ਵਿੱਚ ਉਸ ਨੇ ਇੱਕ ਦੂਜੇ ਨਾਲੋਂ ਬਿਲਕੁਲ ਵੱਖਰੇ ਕਿਰਦਾਰ ਨਿਭਾਏ ਹਨ। ਫ਼ਿਲਮ ‘ਸਰਬਜੀਤ’ ਵਿੱਚ ਜਿੱਥੇ ਉਹ ਇੱਕ ਪੇਂਡੂ ਔਰਤ ਸੁਖਪ੍ਰੀਤ ਦੇ ਕਿਰਦਾਰ ਵਿੱਚ ਨਜ਼ਰ ਆਈ ਹੈ, ਉੱਥੇ ‘ਕੈਬਰੇ’ ਫ਼ਿਲਮ ਵਿੱਚ ਉਸ ਨੇ ਇੱਕ ਗਲੈਮਰਸ ਡਾਂਸਰ ਦਾ ਕਿਰਦਾਰ ਨਿਭਾਇਆ ਹੈ। ਪੇਸ਼ ਹਨ ਰਿਚਾ ਨਾਲ ਇਨ੍ਹਾਂ ਦੋ ਫ਼ਿਲਮਾਂ ਅਤੇ ਫ਼ਿਲਮੀ ਦੁਨੀਆਂ ਨੂੰ ਲੈ ਕੇ ਹੋਈ ਗੱਲਬਾਤ ਦੇ ਮੁੱਖ ਅੰਸ਼:
ਤੁਹਾਡੀ ਫ਼ਿਲਮ ‘ਸਰਬਜੀਤ’ ਰਿਲੀਜ਼ ਹੋ ਚੁੱਕੀ ਹੈ ਅਤੇ ‘ਕੈਬਰੇ’ ਰਿਲੀਜ਼ ਹੋਣ ਲਈ ਤਿਆਰ ਹੈ। ਦੋਵਾਂ ਫ਼ਿਲਮਾਂ ਦੇ ਐਨੇ ਘੱਟ ਵਕਫ਼ੇ ਦੇ ਫ਼ਰਕ ਨਾਲ ਰਿਲੀਜ਼ ਹੋਣਾ ਕਿਵੇਂ ਲੱਗਿਆ?
– ਇਹ ਦੋਵੇਂ ਫ਼ਿਲਮਾਂ ਇੱਕੱਠੀਆਂ ਨਹੀਂ ਆਉਣੀਆਂ ਸਨ ਪਰ ਨਿਰਮਾਤਾਵਾਂ ਦੀ ਗ਼ਲਤੀ ਕਾਰਨ ਇਹ ਸਭ ਕੁਝ ਹੋ ਗਿਆ। ਉਂਜ, ਮਜ਼ੇਦਾਰ ਗੱਲ ਇਹ ਹੈ ਕਿ ਦੋਵੇਂ ਫ਼ਿਲਮਾਂ ਬਹੁਤ ਹੀ ਵੱਖਰੀ ਕਿਸਮ ਦੀਆਂ ਹਨ। ਦੋਵਾਂ ਫ਼ਿਲਮਾਂ ਵਿੱਚ ਮੇਰੇ ਕਿਰਦਾਰ ਵੀ ਬਿਲਕੁਲ ਵੱਖਰੇ ਹਨ। ਦੋਵੇਂ ਫ਼ਿਲਮਾਂ ਦੇ ਐਨੇ ਘੱਟ ਅੰਤਰਾਲ ਨਾਲ ਰਿਲੀਜ਼ ਹੋਣ ਕਾਰਨ ਇਨ੍ਹਾਂ ਦੇ ਪ੍ਰਚਾਰ ਲਈ ਮੈਨੂੰ ਬਹੁਤ ਦੌੜ ਭੱਜ ਕਰਨੀ ਪਈ ਹੈ। ਸਰਬਜੀਤ ਰਿਲੀਜ਼ ਹੋ ਚੁੱਕੀ ਹੈ ਤਾਂ ਥੋੜ੍ਹਾ ਸੁੱਖ ਦਾ ਸਾਹ ਆਇਆ ਹੈ। ਹੁਣ ਕੈਬਰੇ 27 ਮਈ ਨੂੰ ਰਿਲੀਜ਼ ਹੋਵੇਗੀ।
ਕੈਬਰੇ ਡਾਂਸ, ਹੈਲਨ ਦੀ ਪਛਾਣ ਬਣਿਆ ਅਤੇ ਤੁਹਾਡੀ ਫ਼ਿਲਮ ‘ਕੈਬਰੇ’ ਦੇ ਰਿਲੀਜ਼ ਹੋਣ ਮਗਰੋਂ ਦਰਸ਼ਕ ਤੁਹਾਡੀ ਉਸ ਨਾਲ ਤੁਲਨਾ ਜ਼ਰੂਰ ਕਰਨਗੇ?
– ਅਜਿਹਾ ਨਹੀਂ ਹੋਵੇਗਾ ਕਿਉਂਕਿ ਇਸ ਫ਼ਿਲਮ ਦੀ ਕਹਾਣੀ ਕੈਬਰੇ ਡਾਂਸਰ ਦੀ ਨਹੀਂ ਹੈ। ਫ਼ਿਲਮ ਵਿੱਚ ਮੈਂ ਡਾਂਸਰ ਜ਼ਰੂਰ ਹੈ ਪਰ ਕੈਬਰੇ ਡਾਂਸਰ ਨਹੀਂ। 80 ਅਤੇ 90 ਦੇ ਦਹਾਕੇ ਦੌਰਾਨ ਜੋ ਕੈਬਰੇ ਡਾਂਸ ਹੁੰਦਾ ਸੀ, ਉਹ ਬਹੁਤ ਵੱਖਰਾ ਸੀ। ਮੈਂ ਫ਼ਿਲਮ ‘ਕੈਬਰੇ’ ਵਿੱਚ ਇੱਕ ਇਰੋਟਿਕ ਡਾਂਸਰ ਹਾਂ ਅਤੇ ਡਾਂਸ ਗਰੁੱਪ ਦਾ ਨਾਮ ‘ਕੈਬਰੇ’ ਹੈ। ਫ਼ਿਲਮ ਦੀ ਕਹਾਣੀ ਝਾਰਖੰਡ ਦੀ  ਰਹਿਣ ਵਾਲੀ ਇੱਕ ਪਿੰਡ ਦੀ ਕੁੜੀ ਹੈ ਜੋ ਡਾਂਸ ਦੀ ਦੁਨੀਆਂ ਵਿੱਚ ਨਾਮ ਕਮਾਉਣਾ ਚਾਹੁੰਦੀ ਹੈ। ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੂੰ ਘਰੋਂ ਭੱਜਣਾ ਪੈ ਜਾਂਦਾ ਹੈ। ਇਸ ਕਾਰਨ ਉਹ ਆਪਣਾ ਪਹਿਰਾਵਾ ਅਤੇ ਨਾਮ ਬਦਲਦੀ ਰਹਿੰਦੀ ਹੈ। ਉਹ ਰਜ਼ੀਆ ਤੋਂ ਰੋਜ਼ਾ ਬਣਦੀ ਹੈ। ਉਸ ‘ਤੇ ਜਾਨਲੇਵਾ ਹਮਲੇ ਹੁੰਦੇ ਰਹਿੰਦੇ ਹਨ।
ਪੂਜਾ ਭੱਟ ਨਾਲ ਕੰਮ ਕਰ ਕੇ ਕਿਵੇਂ ਲੱਗਿਆ?
– ਫ਼ਿਲਮ ‘ਕੈਬਰੇ’ ਦੀ ਨਿਰਮਾਤਾ ਪੂਜਾ ਭੱਟ ਅਤੇ ਨਿਰਦੇਸ਼ਕ ਕੌਸਤਵ ਨਾਰਾਇਣ ਨਿਯੋਗੀ ਹੈ। ਪੂਜਾ ਭੱਟ ਖ਼ੁਦ ਨਾਇੱਕਾ ਰਹਿ ਚੁੱਕੀ ਹੈ ਅਤੇ ਇੱਕ ਅਦਾਕਾਰ ਦੀਆਂ ਭਾਵਨਾਵਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ। ਫ਼ਿਲਮ ਦੌਰਾਨ ਉਸ ਤੋਂ ਕਾਫ਼ੀ ਕੁਝ ਸਿੱਖਣ ਦਾ ਮੌਕਾ ਮਿਲਿਆ। ਉਹ ਫ਼ਿਲਮ ਦੀ ਸਹਾਇੱਕ ਨਿਰਦੇਸ਼ਕ ਵੀ ਹੈ।
ਫ਼ਿਲਮ ‘ਸਰਬਜੀਤ’ ਵਿੱਚ ਆਪਣੇ ਕਿਰਦਾਰ ਬਾਰੇ ਦੱਸੋ?
– ਫ਼ਿਲਮ ਵਿੱਚ ਮੈਂ ਸਰਬਜੀਤ ਦੀ ਘਰਵਾਲੀ ਸੁਖਪ੍ਰੀਤ ਦਾ ਕਿਰਦਾਰ ਨਿਭਾਇਆ ਹੈ। ਸਰਬਜੀਤ ਨਾਲ ਜੋ ਕੁਝ ਵਾਪਰਿਆ, ਉਸ ਕਾਰਨ ਸਭ ਤੋਂ ਜ਼ਿਆਦਾ ਦੁੱਖ ਸੁਖਪ੍ਰੀਤ ਨੇ ਭੋਗਿਆ ਹੈ। ਸਰਬਜੀਤ ਦੇ ਪਰਿਵਾਰ ਦਾ ਹਰ ਜੀਅ ਅੱਗੇ ਨਿੱਕਲ ਗਿਆ ਪਰ ਉਹ ਉੱਥੇ ਦੀ ਉੱਥੇ ਹੀ ਖੜ੍ਹੀ ਰਹੀ। ਸਰਬਜੀਤ ਨੂੰ ਛੁਡਾਉਣ ਲਈ ਉਸ ਦੀ ਭੈਣ ਦਲਬੀਰ ਕੌਰ ਅੱਗੇ ਆ ਗਈ। ਉਸ ਨੇ ਨੌਕਰੀ ਕਰਨ ਦੇ ਨਾਲ ਉਸ ਨੂੰ ਛੁਡਾਉਣ ਦਾ ਕੰਮ ਵੀ ਕੀਤਾ।  ਹਾਂ, ਜੇ ਦਲਬੀਰ ਕੌਰ ਆਵਾਜ਼ ਨਾ ਉਠਾਉਂਦੀ ਤਾਂ ਇਹ ਕੌਣ ਕਰਦਾ ਕਿਉਂਕਿ ਸੁਖਪ੍ਰੀਤ ਸਿੱਧੀ-ਸਾਦੀ ਪੇਂਡੂ ਔਰਤ ਹੈ ਜਿਸ ਨੂੰ ਸਿਰਫ਼ ਇਹ  ਪਤਾ ਹੈ ਕਿ ਖੇਤੀ ਕਿਵੇਂ ਕੀਤੀ ਜਾਂਦੀ ਹੈ ਅਤੇ ਮਾਲ-ਡੰਗਰ ਕਿਵੇਂ ਸਾਂਭੇ ਜਾਂਦੇ  ਹਨ। ਉਸ ਦੀ ਪੂਰੀ ਜਵਾਨੀ ਇਸ ਤਰ੍ਹਾਂ ਲੰਘੀ ਹੈ। ਉਸ ਨੂੰ ਤਾਂ ਅੱਜ ਵੀ ਹੱਸਣ ਬੋਲਣ ਵਿੱਚ ਮੁਸ਼ਕਲ ਆਉਂਦੀ ਹੈ। ਮੈਂ ਇਹ ਕਿਰਦਾਰ ਇਸ ਲਈ ਨਿਭਾਇਆ ਹੈ ਕਿ ਇਹ ਆਮ ਕਿਰਦਾਰ ਹੈ ਜਿਸ ਨਾਲ ਲੋਕ ਜੁੜ ਸਕਦੇ ਹਨ। ਮੇਰੇ ਲਈ ਇਹ ਕਿਰਦਾਰ ਨਿਭਾਉਣਾ ਵੱਡੀ ਚੁਣੌਤੀ ਸੀ ਕਿ ਸੁਖਪ੍ਰੀਤ ਪਿੰਡ ਦੀ ਔਰਤ ਹੈ ਅਤੇ ਮੈਂ ਸ਼ਹਿਰ ਵਿੱਚ ਜੰਮੀ-ਪਲੀ ਹਾਂ। ਮੈਂ ਸੁਖਪ੍ਰੀਤ ਨੂੰ ਪੂਰੀ ਇੱਜ਼ਤ ਦਿੰਦੇ ਹੋਏ ਇਹ ਕਿਰਦਾਰ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ।
ਸੁਣਿਆ ਹੈ ਕਿ ਤੁਹਾਡੇ ਲਈ ਸੁਖਪ੍ਰੀਤ ਦਾ ਕਿਰਦਾਰ ਨਿਭਾਉਣਾ ਦੁਖਦਾਈ ਰਿਹਾ?
– ਭਾਰਤ-ਪਾਕਿ ਸਬੰਧ ਸੁਖਾਵੇਂ ਨਾ ਹੋਣ ਕਾਰਨ ਕਈ ਭਾਰਤੀਆਂ ਨੂੰ ਪਾਕਿਸਤਾਨੀ ਜੇਲ੍ਹਾਂ ਵਿੱਚ ਮੌਤ ਦੀ ਨੀਂਦ ਸੌਣਾ ਪੈ ਰਿਹਾ ਹੈ। ਸਰਬਜੀਤ ਵੀ ਪਾਕਿਸਤਾਨ ਜੇਲ੍ਹ ਵਿੱਚ ਬੰਦ ਸੀ। ਉਸ ਨੂੰ ਛੁਡਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ ਤੇ ਇੱਕ ਦਿਨ ਉਸ ਦੀ ਮੌਤ ਦੀ ਖ਼ਬਰ ਆ ਗਈ। ਸੁਭਾਵਿਕ ਤੌਰ ‘ਤੇ ਇਹ ਭਾਵਨਤਮਕ ਤੌਰ ‘ਤੇ ਪੀੜਾ ਦੇਣ ਵਾਲੀ ਘਟਨਾ ਹੈ।
ਰਣਦੀਪ ਹੁੱਡਾ ਨਾਲ ਕੰਮ ਕਰ ਕੇ ਕਿਵੇਂ ਲੱਗਿਆ?
– ਉਹ ਇੱਕ ਮੂਡੀ ਕਲਾਕਾਰ ਹੈ। ਕਦੋਂ ਕਿਵੇਂ ਪੇਸ਼ ਆਊ, ਇਹ ਕਿਹਾ ਨਹੀਂ ਜਾ ਸਕਦਾ। ਫ਼ਿਲਮ ਵਿੱਚ ਉਸ ਦੀ ਪਤਨੀ ਦਾ ਕਿਰਦਾਰ ਨਿਭਾਉਣ ਕਾਰਨ ਮੈਨੂੰ ਉਸ ਦੇ ਮੂਡ ਦਾ ਸ਼ਿਕਾਰ ਹੋਣਾ ਪਿਆ।
ਐਸ਼ਵਰਿਆ ਰਾਏ ਨਾਲ ਕੰਮ ਕਰਨ ਦੇ ਕੀ ਅਨੁਭਵ ਰਹੇ?
– ਉਹ ਦੱਖਣ ਭਾਰਤੀ ਹੈ ਪਰ ਉਸ ਨੂੰ ਫ਼ਿਲਮ ਵਿੱਚ ਪੰਜਾਬੀ ਬੋਲਣੀ ਪਈ। ਸ਼ੂਟਿੰਗ ਦੇ ਨਾਲ ਉਹ ਘਰ ਤੇ ਆਪਣੀ ਧੀ ਨੂੰ ਵੀ ਸੰਭਾਲ ਰਹੀ ਸੀ। ਉਸ ਨਾਲ ਕੰਮ ਕਰ ਕੇ ਚੰਗਾ ਲੱਗਿਆ। ਸਾਡੇ ਚੰਗੇ ਸਬੰਧ ਹਨ।
ਤੁਸੀਂ ਕਿਵੇਂ ਦੀ ਇਮੇਜ਼ ਬਣਾਉਣਾ ਚਾਹੁੰਦੇ ਹੋ?
– ਮੈਂ ਆਪਣੀ ਅਜਿਹੀ ਇਮੇਜ਼ ਬਣਾਉਣਾ ਚਾਹੁੰਦੀ ਹੈ ਕਿ ਜੋ ਮੈਂ ਕਰ ਸਕਾਂ, ਕੋਈ ਦੂਜਾ ਨਾ ਕਰ ਸਕੇ। ਮੈਂ ਅਜਿਹੀ ਅਦਾਕਾਰਾ ਹਾਂ ਜੋ ਗਲੈਮਰਸ ਕਿਰਦਾਰ ਨਿਭਾਉਣ ਦੇ ਨਾਲ ਆਰਟ ਫ਼ਿਲਮਾਂ ਵੀ ਕਰਦੀ ਹਾਂ। ਇੱਥੇ ਲੋਕ ਹਾਲੀਵੁੱਡ ਫ਼ਿਲਮਾਂ ਦੀਆਂ ਉਦਾਹਰਣਾਂ ਤਾਂ ਦਿੰਦੇ ਹਨ ਪਰ ਅਜਿਹਾ ਕੰਮ ਨਹੀਂ ਕਰਦੇ। ਹਾਲੀਵੁੱਡ ਵਿੱਚ ਸੋਹਣੀ ਅਦਾਕਾਰਾ ਵੀ ਪਰਦੇ ‘ਤੇ ਬਦਸੂਰਤ ਦਿਸਣ ਤੋਂ ਪਰਹੇਜ਼ ਨਹੀਂ ਕਰਦੀ ਪਰ ਬੌਲੀਵੁੱਡ ਵਿੱਚ ਅਜਿਹਾ ਨਹੀਂ ਹੁੰਦਾ। ਇੱਥੇ ਤਾਂ ਹੀਰੋਇਨਾਂ ਫ਼ਿਲਮੀ ਪਰਦੇ ‘ਤੇ ਮਾਂ ਬਣਨ ਲਈ ਵੀ ਤਿਆਰ ਨਹੀਂ।
ਆਪਣੀਆਂ ਆਉਣ ਵਾਲੀ ਫ਼ਿਲਮਾਂ ਬਾਰੇ ਦੱਸੋ?
– ਕਈ ਫ਼ਿਲਮਾਂ ਕਰ ਰਹੀ ਹਾਂ। ‘ਘੂਮਕੇਤੂ’ ਤੋਂ ਇਲਾਵਾ ਸੁਧੀਰ ਮਿਸ਼ਰਾ ਦੀ ਫ਼ਿਲਮ ‘ਏਕ ਔਰ ਦੇਵਦਾਸ’ ਦੀ ਸ਼ੂਟਿੰਗ ਲਖਨਊ ਵਿੱਚ ਹੁਣੇ ਪੂਰੀ ਹੋਈ ਹੈ।

LEAVE A REPLY