ਪਟਿਆਲਾ : ਬਾਦਲ ਸਰਕਾਰ ਸੂਬੇ ਦਾ ਸ਼ਾਂਤਮਈ ਵਾਤਾਵਰਨ ਬਿਗਾੜ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ। ਇਹ ਸੱਭ ਸਾਜਿਸ਼ ਤਹਿਤ ਲੋਕਾਂ ‘ਚ ਡਰ ਪੈਦਾ ਕਰਨ ਲਈ ਕੀਤਾ ਜਾ ਰਿਹਾ ਹੈ। ਕਾਨੂੰਨ ਤੇ ਵਿਵਸਥਾ ਦੀ ਮਾੜੀ ਹਾਲਤ ‘ਤੇ ਬਾਦਲ ਸਰਕਾਰ ‘ਤੇ ਹਮਲਾ ਬੋਲਦਿਆਂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਫਤਹਿ ਜੰਗ ਬਾਜਵਾ ਨੇ ਕਿਹਾ ਕਿ ਬਾਬਾ ਰਣਜੀਤ ਸਿੰਘ ਢੰਡਰੀਆਂਵਾਲੇ ‘ਤੇ ਹਮਲੇ ਪਿੱਛੇ ਸਰਕਾਰ ਦੇ ਹੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਸਰਕਾਰ ਖਿਲਾਫ ਖੁੱਲ੍ਹ ਕੇ ਬੋਲਦੇ ਸਨ। ਮਾਮਲੇ ਦੀ ਜਾਂਚ ਸੀ.ਬੀ.ਆਈ ਹਵਾਲੇ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਦੋਸ਼ੀਆਂ ਦੇ ਬੱਚਣ ਦਾ ਰਾਹ ਖੁੱਲ੍ਹਾ ਛੱਡਣ ਲਈ ਐਸ.ਆਈ.ਟੀ ਬਣਾਉਣਾ ਇਸ ਸਰਕਾਰ ਦੀ ਆਦਤ ਬਣ ਚੁੱਕੀ ਹੈ। ਮਾਮਲੇ ‘ਚ ਤਾਜ਼ਾ ਖੁਲਾਸੇ ਦੋਸ਼ੀਆਂ ਨੂੰ ਸਰਕਾਰ ਦੀ ਸ਼ੈਅ ਮਿੱਲਣ ਵੱਲ ਇਸ਼ਾਰਾ ਕਰਦੇ ਹਨ। ਪੰਜਾਬ ਪੁਲਿਸ ਆਪਣੇ ਸਿਆਸੀ ਆਕਾਵਾਂ ਦੇ ਆਦੇਸ਼ਾਂ ‘ਤੇ ਦੋਸ਼ੀਆਂ ਨੂੰ ਜਾਣ ਦੇਵੇਗੀ।
ਬਾਜਵਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਵੀ ਵਰ੍ਹੇ ਕਿ ਉਨ੍ਹਾਂ ਕੋਲ ਸੱਤਾ ‘ਚ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਸੂਬੇ ‘ਚ ਕਾਨੂੰਨ ਤੇ ਵਿਵਸਥਾ ਦਾ ਮਾੜਾ ਹਾਲ ਹੋ ਚੁੱਕਾ ਹੈ ਤੇ ਹਰ ਰੋਜ਼ ਦਿਨ ਦਿਹਾੜੇ ਹੱਤਿਆਵਾਂ ਹੁੰਦੀਆਂ ਹਨ। ਇਸ ਲੜੀ ਹੇਠ ਸਾਜਿਸ਼ ਹੇਠ ਲੁਧਿਆਣਾ ਨੇੜੇ ਬੀਤੇ ਦਿਨੀਂ ਬਾਬਾ ਰਣਜੀਤ ਸਿੰਘ ਢੰਡਰੀਆਂਵਾਲੇ ‘ਤੇ ਕੀਤਾ ਗਿਆ ਹਮਲਾ ਹੈਰਾਨੀਜਨਕ ਹੈ, ਜਿਸ ਦੌਰਾਨ ਇਕ ਦਰਜ਼ਨ ਤੋਂ ਵੱਧ ਹਥਿਆਰਬੰਦ ਦੋਸ਼ੀ ਸ਼ਾਮਲ ਸਨ ਤੇ ਕਾਰ ਸਵਾਰਾਂ ‘ਚੋਂ ਇਕ ਬਾਬਾ ਭੁਪਿੰਦਰ ਸਿੰਘ ਢੱਕੀਵਾਲੇ ਨੂੰ ਕਤਲ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਹਾਲਾਤ ਸਾਰੀਆਂ ਸੀਮਾਵਾਂ ਪਰ ਕਰ ਚੁੱਕੇ ਹਨ। ਜਿਸ ਤਰੀਕੇ ਨਾਲ ਇਹ ਸਾਜਿਸ਼ਨ ਹਮਲਾ ਕੀਤਾ ਗਿਆ ਹੈ, ਇਸ ਤੋਂ ਸ਼ੱਕ ਪੈਦਾ ਹੁੰਦਾ ਹੈ ਕਿ ਹਮਲੇ ਪਿੱਛੇ ਕਿੰਨੇ ਲੋਕ ਸ਼ਾਮਲ ਹੋ ਸਕਦੇ ਹਨ, ਜਦਕਿ ਸੂਬੇ ਦੀਆਂ ਇੰਟੈਲੀਜੇਂਸ ਏਜੰਸੀਆਂ ਹਮਲੇ ਤੋਂ ਕੁਝ ਦਿਨ ਪਹਿਲਾਂ ਹਮਲਾਵਰਾਂ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਦਾ ਪਤਾ ਲਗਾਉਣ ‘ਚ ਨਾਕਾਮ ਰਹੀਆਂ।
ਫਤਹਿ ਜੰਗ ਬਾਜਵਾ ਪਰਮੇਸ਼ਵਰ ਦਵਾਰ ਵੀ ਗਏ ਅਤੇ ਉਥੇ ਉਨ੍ਹਾਂ ਨੇ ਬਾਬਾ ਰਣਜੀਤ ਸਿੰਘ ਢੰਡਰੀਆਂਵਾਲੇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਧਰਮ ਪ੍ਰਚਾਰਕ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਉਨ੍ਹਾਂ ਨਾਲ ਖੜ੍ਹੀ ਹੈ। ਬਾਜਵਾ ਨਾਲ ਸਮਾਨਾ ਤੇ ਗੁਰਦਾਸਪੁਰ ਹਲਕੇ ਤੋਂ ਹੈਰੀ ਮਾਨ ਸਮੇਤ ਹੋਰ ਆਗੂ ਵੀ ਮੌਜ਼ੂਦ ਸਨ।