ਚੰਡੀਗੜ੍ਹ : ਰਾਜ ਦੀਆਂ ਸਮੂਹ ਪੰਚਾਇਤਾਂ ਪਿੰਡਾਂ ਦੇ ਲੋਕਾਂ ਨੂੰ ਵਿਆਹਾਂ ਸ਼ਾਦੀਆਂ ਅਤੇ ਹੋਰ ਸਮਾਗਮਾਂ ਤੇ ਹੁੰਦੇ ਖਰਚਿਆਂ ਨੂੰ ਘਟਾਉਣ ਲਈ ਮਿਸ਼ਨ ਸਮਝ ਕੇ ਜਾਗਰੂਕ ਕਰਨ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰ. ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਰਾਜ ਵਿਚ ਪਿੰਡਾਂ ਦੇ ਲੋਕਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨ ਦਾ ਮੁੱਖ ਕਾਰਨ ਬੇਲੋੜੇ ਖਰਚਿਆਂ ਵਿਚ ਹੋ ਰਿਹਾ ਵਾਧਾ ਹੈ। ਪਿੰਡਾਂ ਦੀਆਂ ਪੰਚਾਇਤਾਂ ਲੋਕਾਂ ਨੂੰ ਵਿਆਹ ਸਮਾਗਮਾਂ ਜਾਂ ਹੋਰ ਕਰਵਾਏ ਜਾਂਦੇ ਸਮਾਗਮਾਂ ‘ਤੇ ਖਰਚੇ ਘਟਾਉਣ ਅਤੇ ਬੇਲੋੜੇ ਖਰਚਿਆਂ ਨੂੰ ਕਰਨ ਤੋਂ ਗੁਰੇਜ਼ ਕਰਨ ਲਈ ਉਨ੍ਹਾਂ ਦੀ ਮਾਨਸਿਕ ਸੋਚ ਬਦਲਣ ਲਈ ਅੱਗੇ ਆਉਣ, ਤਾਂਕਿ ਰਾਜ ਵਿਚ ਵਾਪਰ ਰਹੀਆਂ ਭਿਆਨਕ ਘਟਨਾਵਾਂ ਨੂੰ ਠਲ੍ਹ ਪਾਈ ਜਾ ਸਕੇ।
ਸ੍ਰ. ਮਲੂਕਾ ਨੇ ਅੱਗੇ ਕਿਹਾ ਕਿ ਪੰਚਾਇਤਾਂ ਇੱਕ ਨਹੀਂ ਤਿੰਨ ਸ਼ਕਤੀਆਂ ਦੀ ਮਾਲਕ ਹਨ। ਪੰਚਾਇਤਾਂ ਨੂੰ ਨਿਆਂ ਪਾਲਿਕਾ, ਕਾਰਜ ਪਾਲਿਕਾ ਅਤੇ ਵਿਧਾਨ ਪਾਲਿਕਾ ਵਰਗੀਆਂ ਸ਼ਕਤੀਆਂ ਪਹਿਲਾਂ ਹੀ ਸੰਵਿਧਾਨਿਕ ਤੌਰ ਤੇ ਮਿਲੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਚਾਇਤਾਂ ਨੂੰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਹੰਭਲਾ ਮਾਰਨਾ ਸਮੇਂ ਦੀ ਲੋੜ ਹੈ। ਸਰਕਾਰ ਵਲੋਂ ਪਿੰਡਾਂ ਦੇ ਲੋਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਯੋਜਨਾਵਾਂ ਦੇ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਸਮੇਂ -ਸਮੇਂ ‘ਤੇ ਸੈਮੀਨਾਰਾਂ ਦਾ ਆਯੋਜਨ ਕਰਵਾਉਣ, ਤਾਕਿ ਵੱਧ ਤੋ ਵੱਧ ਲੋਕ ਇਨ੍ਹਾਂ ਸਕੀਮਾਂ ਦਾ ਲਾਭ ਚੁੱਕ ਸਕਣ।
ਸ੍ਰ ਮਲੂਕਾ ਨੇ ਪੰਚਾਇਤਾਂ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਚਾਇਤਾਂ ਵੱਲੋਂ ਲਏ ਗਏ ਅਹਿਮ ਫ਼ੈਸਲਿਆਂ ਰਾਹੀਂ ਪਿੰਡਾਂ ਵਿਚ ਨਸ਼ਿਆ ਅਤੇ ਹੋਰ ਸਮਾਜਿਕ ਬੁਰਾਈਆਂ ‘ਤੇ ਕਾਬੂ ਪਾਇਆ ਜਾ ਰਿਹਾ ਹੈ। ਉਨ੍ਹਾਂ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਦੇ ਕੰਮਾਂ ਦੀ ਚੋਣ ਗਰਾਮ ਸਭਾ ਤੇ ਇਜਲਾਸ ਦੌਰਾਨ ਕਰਨ ਨੂੰ ਕਿਹਾ ਤਾਂ ਜੋ ਪਿੰਡਾਂ ਦੇ ਵਿਕਾਸ ਦੇ ਕੰਮਾਂ ਦੀ ਸਹੀ ਰੂਪ-ਰੇਖਾ ਉਲੀਕੀ ਜਾ ਸਕੇ। ਪਿੰਡਾਂ ਦੀਆਂ ਪੰਚਾਇਤਾਂ ਆਪਣੇ ਪਿੰਡਾਂ ਦੇ ਲੋਕਾਂ ਨੂੰ ਆਪਣਾ ਆਲਾ -ਦੁਆਲਾ ਸਾਫ਼-ਸੁਥਰਾ ਰੱਖਣ ਲਈ ਵੀ ਸਮੇਂ ਸਮੇਂ ਜਾਗਰੂਕ ਕਰਦੇ ਰਹਿਣ।ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿਚ ਪਖਾਨੇ ਨਹੀਂ ਹਨ, ਉਨ੍ਹਾਂ ਨੂੰ ਵੀ ਪੰਚਾਇਤਾਂ ਪ੍ਰੇਰਿਤ ਕਰਨ ਤਾਂ ਕਿ ਸਰਕਾਰ ਵਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਤਹਿਤ ਉਨ੍ਹਾਂ ਘਰਾਂ ਵਿਚ ਵੀ ਪਖਾਨੇ ਬਣ ਸਕਣ। ਵਾਤਾਵਰਨ ਦੀ ਸੰਭਾਲ ਲਈ ਪਿੰਡਾਂ ਵਿਚ ਖਾਲੀ ਪਈਆਂ ਥਾਂਵਾਂ ‘ਤੇ ਵੱਧ ਤੋਂ ਵੱਧ ਰੁੱਖ ਲਗਾਉਣ ਤਾਂ ਜ਼ੋ ਵਾਤਾਵਰਨ ਨੂੰ ਵੀ ਪ੍ਰਦੁਸ਼ਿਤ ਹੋਣ ਤੋਂ ਰੋਕਿਆ ਜਾ ਸਕੇ।ਗਲੀਆਂ – ਨਾਲੀਆਂ ਦੇ ਟੁੱਟ ਜਾਣ ‘ਤੇ ਉਨ੍ਹਾਂ ਦੀ ਮੁਰੰਮਤ, ਛਪੜਾਂ ਦੀ ਸਫ਼ਾਈ ਅਤੇ ਉਨ੍ਹਾਂ ਦੀ ਸੁੰਦਰਤਾ ਲਈ ਵੀ ਅੱਗੇ ਆਉਣ। ਉਨ੍ਹਾਂ ਕਿਹਾ ਕਿ ਪੰਚਾਇਤਾਂ ਆਪਣੇ ਆਮਦਨ ਦੇ ਵਸੀਲੇ ਵਧਾਉਣ ਲਈ ਛਪੜਾਂ ਨੂੰ ਮੱਛੀ ਪਾਲਣ ਲਈ ਵੀ ਵਰਤ ਸਕਦੀਆਂ ਹਨ।