ਕੈਬ ਦੀ ਸਬ ਕਮੇਟੀ ਨੇ ਅਧਿਆਪਕਾਂ ਦੇ ਸਿਖਲਾਈ ਪ੍ਰੋਗਰਾਮ ‘ਤੇ ਦਿੱਤਾ ਜ਼ੋਰ

7ਭੁਵਨੇਸ਼ਵਰ/ਚੰਡੀਗੜ੍ਹ  : ਪੰਜਾਬ ਦੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਅੱਜ ਭੁਵਨੇਸ਼ਵਰ (ਉੜੀਸਾ) ਵਿਖੇ ਸਿੱਖਿਆ ਬਾਰੇ ਕੇਂਦਰੀ ਸਲਾਹਕਾਰ ਬੋਰਡ (ਕੈਬ) ਦੀ ਸਬ ਕਮੇਟੀ ਦੀ ਚੌਥੀ ਮੀਟਿੰਗ ਹੋਈ ਜਿਸ ਵਿੱਚ ਦੇਸ਼ ਦੇ ਸਰਕਾਰੀ ਸਕੂਲਾਂ ਵਿੱਚ ਹੋਰ ਸੁਧਾਰਾਂ ਲਈ ਖੁੱਲ੍ਹ ਕੇ ਵਿਚਾਰਾਂ ਹੋਈਆਂ। ਮੀਟਿੰਗ ਵਿੱਚ ਸਮੂਹ ਮੈਂਬਰਾਂ ਨੇ ਆਪੋ-ਆਪਣੇ ਸੂਬਿਆਂ ਦੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਸਕੂਲਾਂ ਦੀ ਸਥਿਤੀ ਬਾਰੇ ਵਿਸਥਾਰ ਵਿੱਚ ਪੇਸ਼ਕਾਰੀ ਦਿੱਤੀਆਂ ਗਈਆਂ ਜਿਸ ਵਿੱਚ ਅਧਿਆਪਕਾਂ ਦੇ ਸਿਖਲਾਈ ਪ੍ਰੋਗਰਾਮ ਨੂੰ ਅਹਿਮੀਅਤ ਦੇਣ ‘ਤੇ ਜ਼ੋਰ ਦਿੱਤਾ ਗਿਆ। ਇਸ ਦੇ ਨਾਲ ਹੀ ਬੁਨਿਆਦੀ ਢਾਂਚਾ ਮਜ਼ਬੂਤ ਕਰਨ, ਪੰਜਵੀਂ ਤੇ ਅੱਠਵੀਂ ਦੀ ਪ੍ਰੀਖਿਆ ਮੁੜ ਸ਼ੁਰੂ ਕਰਨ, ਇਕ ਕਾਰਗਾਰ ਨੀਤੀ ਤਹਿਤ ਭਰਤੀ ਕੈਲੰਡਰ ਬਣਾ ਕੇ ਖਾਲੀ ਸਥਾਨਾਂ ‘ਤੇ ਅਧਿਆਪਕਾਂ ਦੀ ਤੁਰੰਤ ਭਰਤੀ ਕਰਨ  ਅਤੇ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ‘ਤੇ ਵੀ ਜ਼ੋਰ ਦਿੱਤਾ।
ਡਾ.ਚੀਮਾ ਦੀ ਪ੍ਰਧਾਨਗੀ ਹੇਠ ਹੋਈ ਅੱਜ ਦੀ ਮੀਟਿੰਗ ਵਿੱਚ ਕਰਨਾਟਕਾ ਦੇ ਸਿੱਖਿਆ ਮੰਤਰੀ  ਸ੍ਰੀ ਕੇ.ਰਤਨਾਕਰ, ਰਾਜਸਥਾਨ ਦੇ ਸਿੱਖਿਆ ਮੰਤਰੀ ਪ੍ਰੋ.ਵਾਸੂਦੇਵ ਦੇਵਨਾਨੀ, ਨਿਊਪਾ ਦੇ ਉਪ ਕੁਲਪਤੀ ਸ੍ਰੀ ਟੀ.ਬੀ.ਜੇ.ਤਿਲਕ, ਐਨ.ਸੀ.ਈ.ਆਰ.ਟੀ. ਵੱਲੋਂ ਸ੍ਰੀਮਤੀ ਰੰਜਨਾ ਗਰਗ, ਪ੍ਰੇਮਜੀ ਫਾਊਡੇਸ਼ਨ ਦੇ ਦੀਪਕ ਰਾਜਨਾਨ, ਪੰਜਾਬ ਦੇ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ ਸਮੇਤ ਉਤਰ ਪ੍ਰਦੇਸ਼, ਉੜੀਸਾ, ਤਾਮਿਲਨਾਡੂ ਅਤੇ ਸਮੂਹ ਉਤਰੀ ਪੂਰਬੀ ਸੂਬਿਆਂ ਦੇ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਵਿੱਚ ਸ਼ਾਮਲ ਹੋਏ ਸਮੂਹ ਮੈਂਬਰਾਂ ਨੇ ਮਿਆਰੀ ਸਿੱਖਿਆ ਦੇ ਟੀਚਿਆਂ ਦੀ ਪ੍ਰਾਪਤੀ ਲਈ ਅਧਿਆਪਕਾਂ ਦੇ ਸਿਖਲਾਈ ਪ੍ਰੋਗਰਾਮ ‘ਤੇ ਜ਼ੋਰ ਦੇਣ ਦੀ ਮੰਗ ਕਰਦਿਆਂ ਅਧਿਆਪਕਾਂ ਨੂੰ ਪ੍ਰੀ ਸਰਵਿਸ ਤੇ ਇਨ ਸਰਵਿਸ ਸਿਖਲਾਈ ਦੇਣ ਦੀ ਗੱਲ ਕਹੀ। ਇਸ ਦੇ ਨਾਲ ਹੀ ਇਹ ਵੀ ਮੰਗ ਕੀਤੀ ਕਿ ਦੇਸ਼ ਦੀਆਂ ਸਭਨਾਂ ਯੂਨੀਵਰਸਿਟੀਆਂ ਵਿੱਚ ਅਧਿਆਪਕ ਸਿਖਲਾਈ ਵਿਭਾਗ ਸਥਾਪਤ ਕੀਤਾ ਜਾਵੇ। ਹਰ ਸੂਬੇ ਵਿੱਚ ਸਟੇਟ ਆਫ ਆਰਟ ਕੌਮੀ ਪੱਧਰ ਦਾ ਅਧਿਆਪਕ ਸਿਖਲਾਈ ਇੰਸਟੀਚਿਊਟ ਸਥਾਪਤ ਕਰਨ ਦੀ ਗੱਲ ਵੀ ਕਹੀ।
ਮੀਟਿੰਗ ਦੌਰਾਨ ਅਧਿਆਪਕਾਂ ਦੀ ਭਰਤੀ ਲਈ ਕਾਰਗਾਰ ਨੀਤੀ ਬਣਾਉਣ ‘ਤੇ ਜ਼ੋਰ ਦਿੱਤਾ ਗਿਆ ਤਾਂ ਜੋ ਕਿਸੇ ਵੀ ਸਰਕਾਰੀ ਸਕੂਲ ਵਿੱਚ ਕਿਸੇ ਵੀ ਅਧਿਆਪਕ ਦੀ ਕੋਈ ਵੀ ਪੋਸਟ ਖਾਲੀ ਨਾ ਰਹੇ। ਸਾਰਿਆਂ ਨੇ ਇਹ ਸਹਿਮਤੀ ਪ੍ਰਗਟਾਈ ਕਿ ਅਧਿਆਪਕਾਂ ਦੀ ਭਰਤੀ ਸਹੀ ਸਮੇਂ ‘ਤੇ ਕੀਤੀ ਜਾਵੇ। ਇਸ ਲਈ ਭਰਤੀ ਕੈਲੰਡਰ ਬਣਾਇਆ ਜਾਵੇ। ਇਸ ਦੇ ਨਾਲ ਹੀ ਸਾਰੇ ਮੈਂਬਰਾਂ ਨੇ ਅੰਗਰੇਜ਼ੀ ਤੇ ਕੰਪਿਊਟਰ ਵਿਸ਼ੇ ਦੇ ਅਧਿਆਪਕਾਂ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ। ਇਸ ਗੱਲ ‘ਤੇ ਵੀ ਆਮ ਸਹਿਮਤੀ ਬਣਾਈ ਕਿ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਲਾਜ਼ਮੀ ਸ਼ੁਰੂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਸਰਕਾਰੀ ਸਕੂਲਾਂ ਖਾਸ ਕਰ ਕੇ ਪ੍ਰਾਇਮਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਹੋਰ ਉਚਾ ਹੋ ਸਕੇ। ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਆਖੀ ਗਈ ਤਾਂ ਜੋ ਇਸ ਦੀਆਂ ਘਾਟਾਂ ਨੂੰ ਪੂਰਾ ਕੀਤਾ ਜਾ ਸਕੇ। ਕੈਬ ਦੀ ਸਬ ਕਮੇਟੀ ਦੀ ਅਗਲੀ ਮੀਟਿੰਗ 25 ਜੂਨ ਨੂੰ ਨਵੀਂ ਦਿੱਲੀ ਵਿਖੇ ਹੋਵੇਗੀ।
ਜ਼ਿਕਰਯੋਗ ਹੈ ਕਿ ਕੇਂਦਰੀ ਮਨੁੱਖ ਸਰੋਤ ਵਿਕਾਸ ਮੰਤਰਾਲੇ ਵੱਲੋਂ ਦੇਸ਼ ਭਰ ਵਿੱਚ ਸਰਕਾਰੀ ਸਕੂਲਾਂ ਦਾ ਮਿਆਰ ਉਚਾ ਚੁੱਕਣ ਲਈ ਕੈਬ ਦੀ ਸਬ ਕਮੇਟੀ ਬਣਾਈ ਗਈ ਜਿਸ ਦਾ ਚੇਅਰਮੈਨ ਪੰਜਾਬ ਦੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੂੰ ਬਣਾਇਆ ਗਿਆ। ਇਸ ਕਮੇਟੀ ਨੇ ਇਕ ਸਾਲ ਦੇ ਅੰਦਰ ਆਪਣੀ ਰਿਪੋਰਟ ਕੇਂਦਰ ਸਰਕਾਰ ਨੂੰ ਸੌਂਪਣੀ ਹੈ।

LEAVE A REPLY