ਚੰਡੀਗੜ : ਆਮ ਆਦਮੀ ਪਾਰਟੀ (ਆਪ) ਨੇ ਸੋਸ਼ਲ ਮੀਡਿਆ ਉੱਤੇ ‘ਆਪ’ ਦੇ ਖਿਲਾਫ ਕੁੜ ਪ੍ਰਚਾਰ ਲਈ ਫਰਜੀ ਖਬਰਾਂ ( ਫੇਕ ਨਿਊਜ) ਅਤੇ ਅਪਣਾਏ ਜਾ ਰਹੇ ਵੱਖ-ਵੱਖ ਤਰ੍ਹਾਂ ਦੇ ਹੱਥਕੰਡਿਆਂ ਦਾ ਕੜਾ ਨੋਟਿਸ ਲੈਂਦੇ ਹੋਏ ਪੰਜਾਬ ਦੀ ਜਨਤਾ ਅਤੇ ਮੁੱਖਧਾਰਾ ਦੇ ਮੀਡਿਆ ਨੂੰ ਜਾਗਰੂਕ ਰਹਿਣ ਦੀ ਅਪੀਲ ਕੀਤੀ ਹੈ।
ਐਤਵਾਰ ਨੂੰ ‘ਆਪ’ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵਲੋਂ ਚੋਣਾਂ ਤੋਂ ਪਹਿਲਾਂ ਹੀ ਨਾਕਾਰ ਦਿੱਤੇ ਗਏ ਪਰੰਪਰਾਗਤ ਰਾਜਨੀਤਕ ਦਲ ਹੁਣ ਬੇਹੱਦ ਘੱਟੀਆ ਅਤੇ ਕੋਝੀ ਹਰਕਤਾਂ ਕਰਨ ਲੱਗੇ ਹਨ, ਜੋ ਸੋਸ਼ਲ ਮੀਡਿਆ ਦੇ ਰਾਹੀਂ ਫਰਜੀ ਖਬਰਾਂ ਪੋਸਟ ਕਰਕੇ ਆਮ ਆਦਮੀ ਪਾਰਟੀ ਅਤੇ ਇਸਦੇ ਆਗੂਆਂ ਸੰਬੰਧੀ ਕੁੜ ਪ੍ਰਚਾਰ ਕਰਣ ਲੱਗੇ ਹਨ। ਇਸ ਤਰ੍ਹਾਂ ਦੇ ਕੂੜ ਪ੍ਰਚਾਰ ਕਰ ਰਹੀਆਂ ਵਿਰੋਧੀ ਪਾਰਟੀਆਂ ਦੀ ਜੋਰਦਾਰ ਨਿੰਦਾ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ‘ਆਪ’ ਦੀ ਚੜ੍ਹਤ ਨੇ ਅਕਾਲੀ-ਭਾਜਪਾ ਅਤੇ ਕਾਂਗਰਸ ਦੀ ਨੀਂਦ ਹਰਾਮ ਕਰ ਦਿੱਤੀ ਹੈ, ਆਮ ਆਦਮੀ ਪਾਰਟੀ ਦੇ ਖਿਲਾਫ ਆਪਣਾਏ ਜਾ ਰਹੇ ਅਜਿਹੇ ਨੀਚ ਹੱਥਕੰਡਿਆਂ ਵਿੱਚ ਇਨ੍ਹਾਂ ਪਰੰਪਰਾਗਤ ਦਲਾਂ ਦੀ ਬੌਖਲਾਹਟ ਸਾਫ਼ ਝਲਕ ਰਹੀ ਹੈ। ਖਹਿਰਾ ਨੇ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਅਜਿਹੇ ਘਟੀਆ ਕੰਮਾਂ ਤੋਂ ਬਾਜ ਆਉਣ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਵਿੱਚ ਭਾਜਪਾ ਅਤੇ ਅਕਾਲੀ ਦਲ ਦੀਆਂ ਗਲਤੀਆਂ ਤੋਂ ਸਬਕ ਲੈਣਾ ਚਾਹੀਦਾ, ਕਿਉਂਕਿ ਹੁਣ ਦੇਸ਼ ਦੇ ਲੋਕ ਨਕਾਰਾਤਮਕ ਪ੍ਰਚਾਰ ਨੂੰ ਪਸੰਦ ਨਹੀਂ ਕਰਦੇ। ।
ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵਾਰ ਵਾਰ ਸੱਤਾ ਦਾ ਸੁੱਖ ਭੋਗਣ ਵਾਲੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵਰਗੇ ਦਲਾਂ ਨੂੰ ਭਵਿੱਖ ਵਿੱਚ ਕਦੇ ਵੀ ਸੱਤਾ ਨਾ ਦੇਣ ਦਾ ਪੱਕਾ ਇਰਾਦਾ ਬਣਾ ਲਿਆ ਲਿਆ ਹੈ, ਜੋ ਇਨ੍ਹਾਂ ਪਾਰਟੀਆਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ। ਬੁਝ ਰਹੇ ਦੀਵੇ ਦੀ ਤਰ੍ਹਾਂ ਫੜ-ਫੜਾਉਂਦੇ ਹੋਏ ਅਕਾਲੀ ਅਤੇ ਕਾਂਗਰਸੀ ਅਜਿਹੀ ਹਰਕਤਾਂ ਉੱਤੇ ਉੱਤਰ ਆਏ ਹਨ ਕਿ ਅਖਬਾਰ ਵਿੱਚ ਛਪਦੀ ਖਬਰ ਵਰਗੀ ਹੂ-ਬ-ਹੂ ਫਰਜੀ ਅਤੇ ਝੂਠੀ ਖਬਰ ਸੋਸ਼ਲ ਮੀਡਿਆ ਉੱਤੇ ਬਣਾਕੇ ਫੈਲਾਈ ਜਾ ਰਹੀ ਹੈਂ, ਜਿਨ੍ਹਾਂ ਦਾ ਮਕਸਦ ਲੋਕਾਂ ਵਿੱਚ ਧਰਮ ਦੇ ਨਾਮ ਉੱਤੇ ਸੰਪਰਦਾਇਕ ਦਰਾਰ ਪੈਦਾ ਕਰਨਾ, ਲੋਕਾਂ ਦੇ ਨਾਲ-ਨਾਲ ਮੀਡਿਆ ਵਿੱਚ ਅਸੰਮਜਸ ਦੇ ਹਾਲਤ ਪੈਦਾ ਕਰਨੇ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵਿੱਚ ਬੇਬੁਨਿਆਦ ਮੱਤਭੇਦ ਕਰਨਾ ਹੈ। ਖਹਿਰਾ ਨੇ ਮੀਡਿਆ ਅਤੇ ਪੰਜਾਬ ਦੀ ਜਨਤਾ ਨੂੰ ਜਾਗਰੂਕ ਅਤੇ ਸਪਸ਼ਟ ਕਰਦੇ ਹੋਏ ਦੱਸਿਆ ਕਿ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਉਨ੍ਹਾਂ ਦੇ ਵਿੱਚ ਕਦੇ ਵੀ ਕਿਸੇ ਗੱਲ ਨੂੰ ਲੈ ਕੇ ਕੋਈ ਮੱਤਭੇਦ ਨਹੀਂ ਹੋਇਆ। ਉਨ੍ਹਾਂ ਨੇ ਕਿਹਾ 16 ਮਈ ਦੇ ਦਿਨ ਘੇਰਾਓ ਦੌਰਾਨ ਜਿਸ ਸਮੇਂ ਪਾਰਟੀ ਦੇ ਵੱਡੇ ਨੇਤਾ ਸੰਜੇ ਸਿੰਘ ਅਤੇ ਸੁੱਚਾ ਸਿੰਘ ਛੋਟੇਪੁਰ ਦੇ ਅਗਵਾਈ ਵਿੱਚ ਰਾਜਪਾਲ ਅਤੇ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਗਿਆ ਸੀ ਉਸ ਸਮੇਂ ਚੰਡੀਗੜ-ਮੋਹਾਲੀ ਬੈਰਿਅਰ ਉੱਤੇ ਭਾਰੀ ਗਿਣਤੀ ਵਿੱਚ ਪੁੱਜੇ ‘ਆਪ’ ਵਾਲੰਟਿਅਰਸ, ਆਗੂ ਅਤੇ ਸਮਰਥਕਾਂ ਨੂੰ ਸੰਬੋਧਨ ਕਰਨ ਦੀ ਡਿਊਟੀ ਮੈਂ ( ਸੁਖਪਾਲ ਖੈਹਰਾ) ਆਪ ਮੰਗ ਕੇ ਲਗਵਾਈ ਸੀ।
ਖਹਿਰਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਆਪ ਦੇ ਰਾਸ਼ਟਰੀ ਨੇਤਾ ਕੁਮਾਰ ਵਿਸ਼ਵਾਸ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੇ ਖਿਲਾਫ ਵੀ ਸੋਸ਼ਲ ਮੀਡਿਆ ਉੱਤੇ ਫਰਜੀ ਖਬਰਾਂ ਫੈਲਾਉਣ ਦੀਆਂ ਸ਼ਰਾਰਤਾਂ ਕੀਤੀਆਂ ਜਾ ਚੁੱਕੀਆਂ ਹਨ। ਜਿਨ੍ਹਾਂ ਤੋਂ ਸਾਰਿਆਂ ਨੂੰ ਜਾਗਰੂਕ ਰਹਿਣ ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਮੋਹਾਲੀ ਵਿੱਚ ਅਖੰਡ ਕੀਰਤਨੀ ਜਥੇ ਦੇ ਨਾਮ ਉੱਤੇ ਝੂਠੇ ਅਤੇ ਫਰਜੀ ਪੋਸਟਰ ਲਗਾ ਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਤੁਲਨਾ ਇੰਦਰਾ ਗਾਂਧੀ ਨਾਲ ਕਰਨ ਦੀ ਸ਼ਰਾਰਤ ਕੀਤੀ ਗਈ ਸੀ। ਜਿਸਦਾ ਆਮ ਆਦਮੀ ਪਾਰਟੀ ਦੇ ਨਾਲ-ਨਾਲ ਅਖੰਡ ਕੀਰਤਨੀ ਜਥੇ ਨੇ ਵੀ ਜੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ ਹੈ। ਉਨ੍ਹਾਂ ਨੇ ਮੀਡਿਆ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੀਆਂ ਸ਼ੱਕੀ ਅਤੇ ਸਾਜਿਸ਼ੀ ਖਬਰਾਂ ਨੂੰ ਪਾਰਟੀ ਦੀ ਮੰਜੂਰੀ ਤੋਂ ਬਿਨਾ ਮੇਨ-ਸਟਰੀਮ ਮੀਡਿਆ ਵਿੱਚ ਪ੍ਰਕਾਸ਼ਿਤ ਅਤੇ ਟੇਲਿਕਾਸਟ ਨਾ ਕੀਤਾ ਜਾਵੇ।