‘ਨਿਲ ਬਟੇ ਸੰਨਾਟਾ’ ਮੇਰੇ ਕਰੀਅਰ ਲਈ

flimy-duniya1ਅਹਿਮ ਪੇਸ਼ਕਦਮੀ: ਸ੍ਵਰਾ ਭਾਸਕਰ
ਆਮ ਤੌਰ ‘ਤੇ ਸਾਡੇ ਦੇਸ਼ ਵਿੱਚ ਜਦੋਂ ਕਦੇ ਵੀ ਕੋਈ ਅਦਾਕਾਰ, ਕਿਸੇ ਨਾਇਕਾ ਦੀ ਸਹੇਲੀ ਜਾਂ ਨਾਇਕ ਵਲੋਂ ਛੱਡੀ ਜਾਂ ਦੁਤਕਾਰੀ ਪ੍ਰੇਮਿਕਾ ਦਾ ਕਿਰਦਾਰ ਨਿਭਾਉਂਦੀ ਹੈ ਤਾਂ ਲੋਕ ਉਸ ਨੂੰ ਕੋਈ ਬਹੁਤੀ ਅਹਿਮੀਅਤ ਨਹੀਂ ਦਿੰਦੇ। ਉਨ੍ਹਾਂ ਦਾ ਅਜਿਹਾ ਮੰਨਣਾ ਹੁੰਦਾ ਹੈ ਕਿ ਉਹ ਕਹਾਣੀ ਨੂੰ ਅੱਗੇ ਤੋਰਨ ਲਈ ਤਾਂ ਠੀਕ ਹੈ ਪਰ ਉਹ ਆਪ ਕਦੇ ਕਹਾਣੀ ਨਹੀਂ ਬਣ ਸਕਦੀ ਪਰ ਪੰਜ ਸਾਲ ਦੇ ਅਰਸੇ ਵਿੱਚ ਕੁਝ ਅਰਥ-ਭਰਪੂਰ ਭੂਮਿਕਾਵਾਂ ਨੂੰ ਪਰਦੇ ‘ਤੇ ਸਾਕਾਰ ਕਰ ਕੇ ਦਿੱਲੀ ਦੀ ਇੱਕ ਲੜਕੀ  ਸ੍ਵਰਾ ਭਾਸਕਰ ਨੇ ਲੋਕਾਂ ਦੀ ਇਸ ਗ਼ਲਤਫ਼ਹਿਮੀ ਨੂੰ ਦੂਰ ਕਰ ਦਿੱਤਾ ਹੈ।  ਸ੍ਵਰਾ ਦੀ ਹਾਲੀਆ ਪ੍ਰਦਰਸ਼ਿਤ ਹੋਈ ਫ਼ਿਲਮ ‘ਨਿਲ ਬਟੇ ਸੰਨਾਟਾ’ ਵਿੱਚ ਉਸ ਵਲੋਂ 15 ਸਾਲ ਦੀ ਇੱਕ ਬੱਚੀ ਦੀ ਵਿਧਵਾ ਮਾਂ ਦਾ ਨਿਭਾਇਆ ਕਿਰਦਾਰ ਉਸ ਦੀ ਵੱਡੀ ਜਿੱਤ ਹੈ। ਕਿਸੇ ਨੂੰ ਵੀ ਇਸ ਗੱਲ ਦਾ ਚਿੱਤ-ਚੇਤਾ ਨਹੀਂ ਸੀ ਕਿ ਇੱਕ ਕੰਮ ਵਾਲੀ ਬਾਈ ਤੇ ਉਸ ਦੇ ਸੰਘਰਸ਼ ਦੀ ਕਹਾਣੀ ਨੂੰ ਇੰਨੇ ਵਿਆਪਕ ਪੱਧਰ ‘ਤੇ ਲੋਕ ਆਪਣੇ ਨਾਲ ਜੋੜ ਕੇ ਵੇਖਣਗੇ। ਪਿਛਲੇ ਦਿਨੀਂ ਸਿਨਮਾਘਰਾਂ ਦਾ ਸ਼ਿੰਗਾਰ ਬਣੀ ਨਿਰਦੇਸ਼ਕ ਅਸ਼ਵਨੀ ਕੁਮਾਰ ਅਈਅਰ ਦੇ ਨਿਰਦੇਸ਼ਨ ਵਾਲੀ ਇਸ ਫ਼ਿਲਮ ਵਿੱਚ  ਸ੍ਵਰਾ ਭਾਸਕਰ ਤੋਂ ਇਲਾਵਾ ਰੀਆ ਸ਼ੁਕਲਾ, ਪੰਕਜ ਤ੍ਰਿਪਾਠੀ ਤੇ ਰਤਨਾ ਪਾਠਕ ਸ਼ਾਹ ਨੇ ਵੀ ਅਹਿਮ ਕਿਰਦਾਰਾਂ ਨੂੰ ਸਾਕਾਰ ਕੀਤਾ ਹੈ। ਫ਼ਿਲਮ ਵਿੱਚ ਉੱਤਰ ਪ੍ਰਦੇਸ਼ ਦੇ ਸ਼ਹਿਰ ‘ਆਗਰਾ’ ਨੂੰ ਪਿੱਠਭੂਮੀ ਵਿੱਚ ਰੱਖਿਆ ਗਿਆ ਹੈ। ਫ਼ਿਲਮ ਦੀ ਕਹਾਣੀ ਕਾਫ਼ੀ ਸਾਧਾਰਨ ਹੈ ਜੋ ਮਾਂ-ਧੀ, ਉਨ੍ਹਾਂ ਦੀ ਗ਼ਰੀਬੀ ਤੇ ਆਪਣੇ ਖ਼ਵਾਬਾਂ ਨੂੰ ਪੂਰਾ ਕਰਨ ਦੀ ਚਾਹਨਾ ਨੂੰ ਦਰਸਾਉਂਦੀ ਹੈ। ਫ਼ਿਲਮਸਾਜ਼ ਤਿਵਾੜੀ ਨੇ ਇੱਕ ਘੰਟਾ 40 ਮਿੰਟ ਦੀ ਇਸ ਫ਼ਿਲਮ ਵਿੱਚ ਆਪਸੀ ਝਗੜਿਆਂ, ਸਕੂਲ ਵਿੱਚ ਵਰਤਾਓ ਤੇ ਨਿੱਜੀ ਜ਼ਿੱਦਗੀ ਦੀਆਂ ਝਲਕੀਆਂ ਨੂੰ ਬਖ਼ੂਬੀ ਕੈਮਰੇ ਵਿੱਚ ਕੈਦ ਕੀਤਾ ਹੈ। ਪੇਸ਼ ਹਨ  ਸ੍ਵਰਾ ਨਾਲ ਇਸ ਫ਼ਿਲਮ ਬਾਬਤ ਹੋਈ ਗੱਲਬਾਤ ਦੇ ਕੁਝ ਅੰਸ਼:
ਦ ਫ਼ਿਲਮ ਵਿੱਚ ਆਪਣੇ ਕਿਰਦਾਰ ਬਾਰੇ ਕੁਝ ਦੱਸੋ?
– ‘ਨਿਲ ਬਟੇ ਸੰਨਾਟਾ’ ਵਿੱਚ ਮੈਂ ਇੱਕ 15 ਸਾਲਾ ਲੜਕੀ ਦੀ ਮਾਂ ਚੰਦਾ ਸਹਾਏ ਦਾ ਕਿਰਦਾਰ ਨਿਭਾਇਆ ਹੈ ਜੋ ਪੇਸ਼ੇ ਵਜੋਂ ਕੰਮ ਵਾਲੀ ਬਾਈ ਹੈ ਅਤੇ ਦਸਵੀਂ ਵਿੱਚ ਪੜ੍ਹਦੀ ਆਪਣੀ ਧੀ ਅਪੇਕਸ਼ਾ (ਰੀਆ ਸ਼ੁਕਲਾ) ਦੇ ਗਣਿਤ ਵਿੱਚ ਕਮਜ਼ੋਰ ਹੋਣ ਨੂੰ ਲੈ ਕੇ ਚੰਦਾ ਕਾਫ਼ੀ ਪ੍ਰੇਸ਼ਾਨ ਹੈ ਪਰ ਫ਼ਿਰ ਹਾਲਾਤ ਕੁਝ ਅਜਿਹੇ ਬਣਦੇ ਹਨ ਕਿ ਉਹ ਆਪਣੀ ਧੀ ਦੀ ਜਮਾਤ ਵਿੱਚ ਦਾਖਲਾ ਲੈਂਦੀ ਹੈ ਤੇ ਦੋਵਾਂ ਮਾਂ-ਧੀ ‘ਚ ਇੱਕ ਮੁਕਾਬਲਾ ਸ਼ੁਰੂ ਹੋ ਜਾਂਦਾ ਹੈ ਜਿਸ ਤਾਂ ਨਤੀਜਾ ਕਾਫ਼ੀ ਵੱਖਰਾ ਹੁੰਦਾ ਹੈ।
ਦ ਚਰਚਾ ਹੈ ਕਿ ਦੋ ਸਾਲ ਪਹਿਲਾਂ ਤੁਸੀਂ ਇਸੇ ਫ਼ਿਲਮ ਨੂੰ ਕਰਨ ਤੋਂ ਨਾਂਹ ਕਰ  ਦਿੱਤੀ ਸੀ?
– ਜੀ ਹਾਂ, ਇਹ ਗੱਲ ਸੱਚ ਹੈ। ਮੈਂ ਉਦੋਂ ਸਲਮਾਨ ਖ਼ਾਨ ਦੀ ਫ਼ਿਲਮ ‘ਪ੍ਰੇਮ ਰਤਨ ਧਨ ਪਾਇਓ’ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਸੀ। ਇਸ ਫ਼ਿਲਮ ਵਿੱਚ ਮੈਂ ਸਲਮਾਨ ਦੀ ਛੋਟੀ ਭੈਣ ਦਾ ਕਿਰਦਾਰ ਨਿਭਾ ਰਹੀ ਸੀ। ਕਿਸੇ ਨੇ ਮੈਨੂੰ ਕਿਹਾ ਜੇ ਤੂੰ ਇਸੇ ਉਮਰ ‘ਚ ਮਾਂ ਦੇ ਕਿਰਦਾਰ ਕਰਨ ਲੱਗੀ ਤਾਂ ਤੈਨੂੰ ਕਿਸੇ ਨੇ ‘ਨਾਇਕਾ’ ਦੀ ਭੂਮਿਕਾ ਲਈ ਪੇਸ਼ਕਸ਼ ਨਹੀਂ ਕਰਨੀ।
ਫ਼ਿਰ ਤੁਹਾਡੀ ਸੋਚ ਨੂੰ ਮੋੜਾ ਕਿਵੇਂ ਪਿਆ?
– ਇੱਕ ਕਲਾਕਾਰ ਨੂੰ ਆਦਰਸ਼ ਵਜੋਂ ਅਜਿਹੀਆਂ ਭੂਮਿਕਾਵਾਂ ਕਰਨੀਆਂ ਚਾਹੀਦੀਆਂ ਹਨ ਜੋ ਉਸ ਦੀ ਉਮਰ, ਫ਼ਲਸਫ਼ੇ, ਕਾਮਕਤਾ ਤੇ ਅੰਦਰਲੇ ਡਰ ਲਈ ਇੱਕ ਚੁਣੌਤੀ ਹੋਣ ਪਰ ਬੌਲੀਵੁੱਡ ਵਿੱਚ ਜ਼ਿਆਦਾਤਰ ਲੋਕਾਂ ਨੂੰ ਇਸ ਰਾਹ ‘ਤੇ ਤੁਰਨਾ ਪਸੰਦ ਨਹੀਂ। ਮੇਰੀ ਖ਼ੁਸ਼ਕਿਸਮਤੀ ਹੈ ਕਿ ਮੈਂ ਇਸ ਤੰਗ ਸੋਚ ਤੇ ਨਜ਼ਰੀਏ ਤੋਂ ਅਗਾਂਹ ਵੇਖਣ ਦੇ ਸਮਰੱਥ ਹਾਂ। ਹਾਲਾਂਕਿ ਫ਼ਿਲਮ ਦੀ ਚੋਣ ਮੌਕੇ ਐਨ ਆਖਰੀ ਸਮੇਂ ਤਕ ਮੈਂ ਦੁਚਿੱਤੀ ਵਿੱਚ ਸੀ। ਚੰਦਾ ਦੀ ਭੂਮਿਕਾ ਦੀ ਚੋਣ ਕਰਨਾ ਇੰਜ ਸੀ ਜਿਵੇਂ ਵਿਸ਼ਵਾਸ ਦੀ ਲੰਮੀ ਪੁਲਾਂਘ ਪੁੱਟਣਾ ਜਿਹੜੀ ਨਾ ਸਿਰਫ਼ ਫ਼ਿਲਮੀ ਪਰਦੇ ‘ਤੇ ਬਲਕਿ ਅਸਲ ਜ਼ਿੰਦਗੀ ਵਿੱਚ ਵੀ ਉਸ ਨੂੰ ਭੈਅ ਤੇ ਖ਼ਦਸ਼ਿਆਂ ਤੋਂ ਨਿਜਾਤ ਦਿਵਾਉਂਦੀ। ਫ਼ਿਰ ਸੋਚਿਆ, ਜੇ ਮੈਂ ਆਪਣੇ ਝੂਠੇ ਪ੍ਰਤੀਬਿੰਬ ਜਾਂ ਦਿੱਖ ਨੂੰ ਬਚਾਉਣ ਲਈ ਇਸ ਪੇਸ਼ਕਸ਼ ਨੂੰ ਰੱਦ ਕਰਦੀ ਹਾਂ ਤਾਂ ਮੇਰੇ ਤੋਂ ਵੱਡਾ ਮੂਰਖ ਕੋਈ ਨਹੀਂ।
ਦ ਆਪਣੇ ਬਾਰੇ ਕੁਝ ਦੱਸੋ?
– ਮੈਂ ਦਿੱਲੀ ਦੀ ਰਹਿਣ ਵਾਲੀ ਹਾਂ। ਮੇਰੀ ਮਾਂ ਕਾਲਜ ਪ੍ਰੋਫ਼ੈਸਰ ਹੈ ਅਤੇ ਪਿਤਾ ਨੇਵੀ ‘ਚ ਅਫ਼ਸਰ ਹਨ। ਮੇਰੀ ਫ਼ਿਲਮਾਂ ਵਿੱਚ ਆਉਣ ਦੀ ਕੋਈ ਯੋਜਨਾ ਨਹੀਂ ਸੀ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਸਾਹਿਤ ‘ਚ ਐਮ.ਏ. ਕਰਦਿਆਂ ਦੇਖੀ ਫ਼ਿਲਮ ‘ਓਮਕਾਰਾ’ ਨੇ ਮੇਰੇ ਅੰਦਰ ਇਸ ਗੱਲ ਦਾ ਅਹਿਸਾਸ ਜਗਾਇਆ ਕਿ ਮੈਨੂੰ ਫ਼ਿਲਮੀ ਪਰਦੇ ‘ਤੇ ਹੋਣਾ ਚਾਹੀਦਾ ਹੈ। ਜਦੋਂ ਮਾਂ-ਪਿਓ ਨੂੰ ਇਸ ਬਾਰੇ ਦੱਸਿਆ ਤਾਂ ਉਹ ਹੈਰਾਨ ਹੀ ਰਹਿ ਗਏ ਕਿਉਂਕਿ ਉਦੋਂ ਮੇਰੀ ‘ਮਾਨਵ ਵਿਗਿਆਨ’ ਵਿੱਚ ਪੀਐੱਚ.ਡੀ. ਕਰਨ ਦੀ ਯੋਜਨਾ ਸੀ। ਇਸ ਤਰ੍ਹਾਂ ਜ਼ਿੰਦਗੀ ‘ਚ ਇਹ ਵੱਡੀ ਤਬਦੀਲੀ ਸੀ।
ਦ ਐਕਟਿੰਗ ਲਈ ਕੋਈ ਰਸਮੀ ਸਿਖਲਾਈ ਲਈ?
– ਮੈਂ ਲੀਲਾ ਸੈਮਸਨ ਤੋਂ ਭਾਰਤਨਾਟਿਅਮ ਜ਼ਰੂਰ ਸਿੱਖਿਆ ਹੈ ਪਰ ਅਦਾਕਾਰੀ ‘ਚ ਨਾ ਤਾਂ ਮੇਰਾ ਕੋਈ ਪਰਿਵਾਰਕ ਪਿਛੋਕੜ ਹੈ ਤੇ ਨਾ ਮੈਂ ਕਿਤੋਂ ਕੋਈ ਸਿਖਲਾਈ ਲਈ ਹੈ। ਜਦੋਂ ਮੈਂ ਮੁੰਬਈ ਆਈ ਤਾਂ ਉਦੋਂ ਮੈਂ ਲੇਖਕ ਅੰਜੁਮ ਰਾਜਾਬਾਲੀ ਤੇ ਇੱਕ ਸਹਾਇਕ ਨਿਰਦੇਸ਼ਕ ਨੂੰ ਹੀ ਜਾਣਦੀ ਸੀ। ਸ਼ੁਰੂਆਤ ਵਿੱਚ ਕਾਫ਼ੀ ਦਿੱਕਤ ਹੋਈ। ਦਿ ਇਕਨੌਮਿਕ ਤੇ ਪੋਲੀਟੀਕਲ ਵੀਕਲੀ ਲਈ ਕਾਪੀ ਐਡੀਟਰ ਵਜੋਂ ਕੰਮ ਕੀਤਾ ਜਿੱਥੇ ਮੈਨੂੰ 30 ਪੈਸੇ ਪ੍ਰਤੀ ਸ਼ਬਦ ਮਿਹਨਤਾਨਾ ਮਿਲਦਾ ਸੀ।
ਦ ‘ਤਨੂ ਵੈਡਜ਼ ਮਨੂ’ ਤੁਹਾਡੀ ਪਹਿਲੀ ਫ਼ਿਲਮ ਸੀ?
– ‘ਤਨੂ ਵੈਡਜ਼ ਮਨੂ’ ਭਾਵੇਂ ਪਹਿਲਾਂ ਰਿਲੀਜ਼ ਹੋ ਗਈ ਪਰ ‘ਨੀਅਤੀ’ ਮੇਰੀ ਪਲੇਠੀ ਫ਼ਿਲਮ ਹੈ ਜਿਹੜੀ ਅੱਜ ਤਕ ਸਿਨਮਾਘਰਾਂ ਤਕ ਨਹੀਂ ਪੁੱਜ ਸਕੀ। ਇਹ ਫ਼ਿਲਮ ‘ਬਿਹਾਰ’ ਸਭਿਆਚਾਰ ਬਾਰੇ ਸੀ ਜਿਸ ਵਿੱਚ ਲਾੜਿਆਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਵਿਆਹ ਕੀਤਾ ਜਾਂਦਾ ਸੀ ਤਾਂ ਕਿ ਦਾਜ ਦੇਣ ਤੋਂ ਬਚਿਆ ਜਾ ਸਕੇ। ਅੱਜ ਦੀ ਤਾਰੀਖ਼ ਵਿੱਚ ਇਸ ਫ਼ਿਲਮ ‘ਚ ਕੀਤੀ ਅਦਾਕਾਰੀ ਨੂੰ ਮੈਂ ਸਭ ਤੋਂ ਉੱਪਰ ਰੱਖਦੀ ਹਾਂ ਕਿਉਂਕਿ ਇਹ ਤਕਨੀਕ ਤੇ ਮੀਡੀਆ ਦੀ ਲਾਗ ਤੋਂ ਪਰ੍ਹੇ ਸੀ।
ਦ ਕਿਹਾ ਜਾਂਦਾ ਹੈ ਕਿ ਫ਼ਿਲਮ ‘ਰਾਂਝਣਾ’ ਨਾਲ ਤੁਹਾਡੀ ਇਸ ਕਿੱਤੇ ਪ੍ਰਤੀ ਪਹੁੰਚ ‘ਚ ਬਦਲਾਓ ਆਇਆ?
– ਅਸਲ ਜ਼ਿੰਦਗੀ ਵਿੱਚ ਮੈਂ ਓਨੀ ਧਾਰਮਿਕ ਨਹੀਂ ਪਰ ਰਾਂਝਣਾ ਵਿੱਚਲੀ ਬਿੰਦੀਆ ਦਾ ਕਿਰਦਾਰ ਉਸ ਤੋਂ ਉਲਟ ਸੀ। ਫ਼ਿਲਮ ਦੀ ਸ਼ੂਟਿੰਗ ਦੌਰਾਨ ਮੈਂ ਧਨੁਸ਼ ਨਾਲ ਕਾਸ਼ੀ ਵਿਸ਼ਵਨਾਥ ਮੰਦਰ ਵੀ ਗਈ ਪਰ ਮੈਂ ਜਦੋਂ ਧਨੁਸ਼ ਦੀ ਮੌਤ ਦੇ ਸੀਨ ਦੀ ਡਬਿੰਗ ਕੀਤੀ ਤਾਂ ਮੈਂ ਸਟੂਡੀਓ ਵਿੱਚ ਹੀ ਉੱਚੀ-ਉੱਚੀ ਰੋ ਪਈ। ਇਸ ਤੋਂ ਬਾਅਦ ਮੈਂ ਖ਼ੁਦ ਨਾਲ ਵਾਅਦਾ ਕੀਤਾ ਕਿ ਮੈਂ ਕਿਸੇ ਵੀ ਭੂਮਿਕਾ ਨੂੰ ਆਪਣੇ ‘ਤੇ ਚੜ੍ਹ ਬੈਠਣ ਨਹੀਂ ਦਿਆਂਗੀ।
ਦ ਆਗਾਮੀ ਪ੍ਰਾਜੈਕਟਾਂ ਬਾਰੇ ਕੁਝ ਦੱਸੋ?
– ਮੇਰੀ ਅਗਲੀ ਫ਼ਿਲਮ ‘ਅਨਾਰਕਲੀ ਅਰਾਵਲੀ’ ਹੈ ਜਿਸ ਵਿੱਚ ਮੇਰਾ ਕਿਰਦਾਰ ਆਰਕੈਸਟਰਾ ਪਾਰਟੀ ਸਿੰਗਰ ਦਾ ਹੈ। ਅਵਿਨਾਸ਼ ਦਾਸ ਵਲੋਂ ਨਿਰਦੇਸ਼ਤ ਇਸ ਫ਼ਿਲਮ ਵਿੱਚ ਮੈਂ ਦੋਹਰੇ ਅਰਥਾਂ ਵਾਲੇ ਗੀਤ ਗਾਉਂਦੀ ਨਜ਼ਰ ਆਵਾਂਗੀ। ਇਹ ਕਿਰਦਾਰ ਵੀ ਕਾਫ਼ੀ ਚੁਣੌਤੀਪੂਰਨ ਹੈ।

LEAVE A REPLY