ਚੰਗੀਆਂ ਫ਼ਿਲਮਾਂ ਦਾ ਹਿੱਸਾ ਬਣਨਾ ਚਾਹੁੰਦੀ ਹੈ ਸ਼੍ਰਧਾ ਕਪੂਰ

flimy-duniya1ਸਫ਼ਲਤਾ ਵੱਲ ਵਧਦੀ ਅਦਾਕਾਰਾ ਸ਼੍ਰਧਾ ਕਪੂਰ ਇਨ੍ਹੀਂ ਦਿਨੀਂ ਫ਼ਿਲਮ ‘ਬਾਗ਼ੀ’ ਕਾਰਨ ਚਰਚਾ ਵਿੱਚ ਹੈ। ਇਹ ਉਸ ਦੇ ਕਰੀਅਰ ਦੀ ਪਹਿਲੀ ਅਜਿਹੀ ਫ਼ਿਲਮ ਹੈ ਜਿਸ ਵਿੱਚ ਮਸਾਲਾ ਫ਼ਿਲਮਾਂ ਦੀ ਤਰ੍ਹਾਂ ਡਾਂਸ ਕੀਤਾ ਹੈ ਅਤੇ ਪਹਿਲੀ ਵਾਰ ਆਪਣੇ ਬਚਪਨ ਤੇ ਸਕੂਲ ਦੇ ਸਾਥੀ ਟਾਈਗਰ ਸ਼ਰਾਫ਼ ਨਾਲ ਮੁੱਖ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਵਿੱਚ ਉਸ ਨੇ ਖ਼ੁਦ ਹੀ ਐਕਸ਼ਨ ਦ੍ਰਿਸ਼ ਕੀਤੇ ਹਨ। ਇਸ ਸਬੰਧੀ ਪੇਸ਼ ਹਨ ਸ਼੍ਰਧਾ ਕਪੂਰ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼:
ਦ ਤੁਸੀਂ ਆਪਣੀ ਸਫ਼ਲਤਾ ਨੂੰ ਕਿਸ ਤਰ੍ਹਾਂ ਨਾਲ ਲੈਂਦੇ ਹੋ?
– ਮੈਨੂੰ ਜੋ ਸਫ਼ਲਤਾ ਮਿਲ ਰਹੀ ਹੈ, ਉਸ ਦੀ ਮੁੱਖ ਵਜ੍ਹਾ ਇਹ ਹੈ ਕਿ ਮੈਨੂੰ ਉਹ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ ਜਿਨ੍ਹਾਂ ਨਾਲ ਲੋਕ ਖ਼ੁਦ ਨੂੰ ਜੁੜੇ ਮਹਿਸੂਸ ਕਰਦੇ ਹਨ। ਮੈਂ ਕਦੇ ਵੀ ਆਪਣੀ ਇਮੇਜ਼ ਬਦਲਣ ਬਾਰੇ ਨਹੀਂ ਸੋਚਿਆ ਪਰ ਮੈਂ ਸਿਰਫ਼ ਉਨ੍ਹਾਂ ਫ਼ਿਲਮਾਂ ਦਾ ਹਿੱਸਾ ਹੀ ਬਣਨਾ ਚਾਹੁੰਦੀ ਹਾਂ ਜਿਨ੍ਹਾਂ ਨੂੰ ਲੋਕ ਦੇਖਣਾ ਚਾਹੁਣ। ਉਂਜ ਮੇਰੀ ਹਰ ਵਾਰ ਕੁਝ ਨਵਾਂ ਕਰਨਾ ਦੀ ਇੱਛਾ ਹੁੰਦੀ ਹੈ। ਫ਼ਿਲਮ ‘ਬਾਗ਼ੀ’ ਵਿੱਚ ਵੀ ਬਹੁਤ ਕੁਝ ਨਵਾਂ ਹੈ।  ਇਹ ਦੋ ਬਾਗ਼ੀਆਂ ਦੀ ਕਹਾਣੀ ਹੈ। ਮੈਨੂੰ ਇਸ ਦੀ ਕਹਾਣੀ ਅਤੇ ਆਪਣਾ ਕਿਰਦਾਰ ਬਹੁਤ ਪਸੰਦ ਆਇਆ ਸੀ। ਮੈਨੂੰ ਲੱਗਿਆ ਸੀ ਕਿ ਇਸ ਫ਼ਿਲਮ ਦਾ ਹਿੱਸਾ ਬਣ ਕੇ ਬਹੁਤ ਮਜ਼ਾ ਆਵੇਗਾ। ਇਸ ਲਈ ਮੈਂ ਇਹ ਫ਼ਿਲਮ ਕੀਤੀ ਅਤੇ ਸੱਚੀਂ ਮੈਨੂੰ ਫ਼ਿਲਮ ਕਰ ਕੇ ਬਹੁਤ ਮਜ਼ਾ ਆਇਆ। ਮੇਰੀ ਜਗ੍ਹਾ ਜੇ ਕੋਈ ਹੋਰ ਅਦਾਕਾਰਾ ਹੁੰਦੀ ਤਾਂ ਉਹ ਵੀ ਇਹ ਫ਼ਿਲਮ ਕਰਨ ਤੋਂ ਮਨ੍ਹਾਂ ਨਹੀਂ ਕਰ ਸਕਦੀ ਸੀ।
ਦ ਫ਼ਿਲਮ ਵਿੱਚ ਆਪਣੇ ਕਿਰਦਾਰ ਬਾਰੇ ਦੱਸੋ?
– ਮੈਂ ਇਸ ਫ਼ਿਲਮ ਵਿੱਚ ਸੀਆ ਦਾ ਕਿਰਦਾਰ ਨਿਭਾਇਆ ਹੈ। ਸੀਆ ਦੇ ਆਪਣੇ ਕੁਝ ਵੱਖਰੇ ਹੀ ਫ਼ੰਡੇ ਹਨ। ਇੱਕ ਦਿਨ ਅਚਾਨਕ ਉਸ ਦੀ ਮੁਲਾਕਾਤ ਰੌਨੀ ਨਾਲ ਹੁੰਦੀ ਹੈ ਅਤੇ ਫ਼ਿਰ ਉਨ੍ਹਾਂ ਦੋਵਾਂ ਨੂੰ ਆਪਸ ਵਿੱਚ ਪਿਆਰ ਹੋ ਜਾਂਦਾ ਹੈ। ਸੀਆ ਦਾ ਕਿਰਦਾਰ ਬਹੁਤ ਹੀ ਮੌਜ-ਮਸਤੀ ਵਾਲਾ ਹੈ। ਉਸ ਨੇ ਮਾਰਸ਼ਲ ਆਰਟ ਦੀ ਇੱਕ ਕਿਸਮ ‘ਕਲਾਰੀ ਪੱਟੂ’ ਨੂੰ ਸਿੱਖ ਰੱਖਿਆ ਹੈ ਅਤੇ ਉਹ ਆਪਣੀ ਰੱਖਿਆ ਕਰਨੀ ਜਾਣਦੀ ਹੈ।
ਦ ਤੁਸੀਂ ‘ਕਲਾਰੀ ਪੱਟੂ’ ਕਲਾ ਕਿਸ ਤੋਂ ਸਿੱਖੀ?
– ਮੈਂ ਬੈਂਕਾਕ ਵਿੱਚ ਹੀ ਕੁਝ ਦਿਨ ਕੁਝ ਘੰਟਿਆਂ ਦੀ ਟਰੇਨਿੰਗ ਲਈ ਸੀ। ਸਾਡੀ ਫ਼ਿਲਮ ਦੇ ਐਕਸ਼ਨ ਨਿਰਦੇਸ਼ਕ ਚੀਤਾ ਸਰ ਨੇ ਹੀ ਮੈਨੂੰ ਟਰੇਨਿੰਗ ਦਿੱਤੀ। ਪਹਿਲਾਂ ਮੈਨੂੰ ਲੱਗਿਆ ਸੀ ਕਿ ਮੈਂ ਇਹ ਐਕਸ਼ਨ ਦ੍ਰਿਸ਼ ਨਹੀਂ ਕਰ ਸਕਾਂਗੀ ਪਰ ਹੌਲੀ-ਹੌਲੀ ਸਭ ਕੁਝ ਹੋ ਗਿਆ। ਇਸ ਲਈ ਮੈਂ ਮਾਰਸ਼ਲ ਆਰਟ ਦੀ ਟਰੇਨਿੰਗ ਦੇਣ ਵਾਲੇ ਚੀਤਾ ਸਰ ਦੇ ਨਾਲ ਨਿਰਦੇਸ਼ਕ ਸਬੀਰ ਖ਼ਾਨ ਦੀ ਵੀ ਬਹੁਤ ਧੰਨਵਾਦੀ ਹਾਂ।
ਦ ਕੇਰਲਾ ਦੇ ‘ਕਲਾਰੀ ਪੱਟੂ’ ਮਾਰਸ਼ਲ ਆਰਟ ਬਾਰੇ ਤੁਹਾਨੂੰ ਪਹਿਲਾਂ ਤੋਂ ਹੀ ਜਾਣਕਾਰੀ ਸੀ?
– ਨਹੀਂ, ਮੈਨੂੰ ਇਸ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ। ‘ਬਾਗ਼ੀ’ ਫ਼ਿਲਮ ਕਰਨ ਕਰ ਕੇ ਹੀ ਮੈਨੂੰ ਇਹ ਜਾਣਕਾਰੀ ਹਾਸਲ ਹੋਈ ਹੈ। ਕਲਾਰੀ ਪੱਟੂ, ਮਾਰਸ਼ਲ ਆਰਟ ਦੀ ਬਹੁਤ ਹੀ ਦਿਲਚਸਪ ਕਿਸਮ ਹੈ। ਅਸਲ ਵਿੱਚ ਇਹ ਇਨਸਾਨ ਦੇ ਮਨ ਤੋਂ ਸ਼ੁਰੂ ਹੁੰਦਾ ਹੈ। ਜਦੋਂ ਤੁਸੀਂ ਆਪਣੇ ਮਨ ਨੂੰ ਸ਼ਾਂਤ ਤੇ ਸਥਿਰਤਾ ਦੀ ਸਥਿਤੀ ਵਿੱਚ ਲੈ ਆਉਂਦੇ ਹੋ ਤਾਂ ਤੁਹਾਡਾ ਸਰੀਰ ਵੀ ਉਸੇ ਤਰ੍ਹਾਂ ਨਾਲ ਕੰਮ ਕਰਦਾ ਹੈ। ਮਾਰਸ਼ਲ ਆਰਟ ਦੀ ਇਹ ਕਲਾ ‘ਬਾਗ਼ੀ’ ਫ਼ਿਲਮ ਦਾ ਹਿੱਸਾ ਹੈ। ਉਂਜ, ਟਾਈਗਰ ਲਈ ਇਹ ਕਾਫ਼ੀ ਆਸਾਨ ਰਿਹਾ ਕਿਉਂਕਿ ਟਾਈਗਰ ਨਿਪੁੰਨ ਜਿਮਨਾਸਟ   ਹੈ। ਉਹ ਸਕੂਲ ਦੇ ਦਿਨਾਂ ਵਿੱਚ ਬਾਸਕਟਬਾਲ ਖੇਡਿਆ ਕਰਦਾ ਸੀ। ਮਾਰਸ਼ਲ ਆਰਟ ‘ਚ ਵੀ ਉਸ ਨੂੰ ਮੁਹਾਰਤ ਹਾਸਿਲ ਹੈ। ਮੈਂ ਉਸ ਨੂੰ ਸਕੂਲ ਦੇ ਦਿਨਾਂ ਤੋਂ ਜਾਣਦੀ ਹਾਂ। ਮੈਨੂੰ ਕਦੇ ਨਹੀਂ ਲੱਗਿਆ ਸੀ ਕਿ ਉਹ ਅਦਾਕਾਰ ਬਣੇਗਾ। ਮੈਨੂੰ ਖ਼ੁਸ਼ੀ ਹੈ ਕਿ ਸਾਨੂੰ ਇਕੱਠਿਆਂ ਕੰਮ ਕਰਨ ਦਾ ਮੌਕਾ ਮਿਲਿਆ। ਉਂਜ, ਫ਼ਿਲਮ ਵਿੱਚ ਸਾਡੇ ਕਿਰਦਾਰ ਕਾਫ਼ੀ ਵੱਖਰੇ ਹਨ।
ਦ ਟਾਈਗਰ ਸ਼ਰਾਫ਼ ਨਾਲ ਕੰਮ ਕਰ ਕੇ ਕਿਵੇਂ ਲੱਗਿਆ?
– ਬਹੁਤ ਵਧੀ। ਮੈਂ ਪਹਿਲਾਂ ਹੀ ਦੱਸਿਆ ਹੈ ਕਿ ਟਾਈਗਰ ਤੇ ਮੈਂ ਬਚਪਨ ਦੇ ਦੋਸਤ ਹਾਂ। ਅਸੀਂ ਸਕੂਲ ਵਿੱਚ ਵੀ ਇਕੱਠੇ ਪੜ੍ਹੇ ਹਾਂ ਪਰ ਇਸ ਫ਼ਿਲਮ ਵਿੱਚ ਕੰਮ ਕਰਨ ਤੋਂ ਬਾਅਦ ਮੈਂ ਉਸ ਨੂੰ ਜ਼ਿਆਦਾ ਚੰਗੀ ਤਰ੍ਹਾਂ ਨਾਲ ਸਮਝ ਸਕੀ ਹਾਂ। ਉਹ ਬਹੁਤ ਹੀ ਵਧੀਆ ਇਨਸਾਨ ਹੈ।
ਦ ਨਿਰਦੇਸ਼ਕ ਸਬੀਰ ਖ਼ਾਨ ਨਾਲ ਕੰਮ ਕਰ ਕੇ ਕਿਵੇਂ ਲੱਗਿਆ?
– ਹਰ ਨਿਰਦੇਸ਼ਕ ਦਾ ਕੰਮ ਕਰਨ ਦਾ ਆਪਣਾ ਤਰੀਕਾ ਹੁੰਦਾ ਹੈ। ਵੱਖ-ਵੱਖ ਨਿਰਦੇਸ਼ਕਾਂ ਨਾਲ ਕੰਮ ਕਰ ਕੇ ਕਲਾਕਾਰ ਵੀ ਅਨੁਭਵੀ ਹੁੰਦਾ ਜਾਂਦਾ ਹੈ। ਸਬੀਰ ਖ਼ਾਨ ਕਮਰਸ਼ੀਅਲ ਸਿਨਮਾ ਨੂੰ ਧਿਆਨ ਵਿੱਚ ਰੱਖ ਕੇ ਸਕ੍ਰਿਪਟ ਲਿਖਦੇ ਹਨ ਅਤੇ ਉਸੇ ਅੰਦਾਜ਼ ਵਿੱਚ ਫ਼ਿਲਮ ਬਣਾਉਂਦੇ ਹਨ। ਉਹ ਹਮੇਸ਼ਾਂ ਸਕਾਰਾਤਮਕ ਸੋਚ ਵਾਲੇ ਨਿਰਦੇਸ਼ਕ ਹਨ। ਉਨ੍ਹਾਂ ਨਾਲ ਕੰਮ ਕਰਦੇ ਹੋਏ ਮੈਂ ਮਹਿਸੂਸ ਕੀਤਾ ਕਿ ਉਹ ਮੇਰੇ ਦਿਮਾਗ਼ ਨੂੰ ਪੜ੍ਹਨ ਦੀ ਸਮਰੱਥਾ ਰੱਖਦੇ ਹਨ। ਜਦੋਂ ਵੀ ਮੈਂ ਕੁਝ ਸੋਚ ਰਹੀ ਹੁੰਦੀ ਸੀ ਕਿ ਇਸ ਦ੍ਰਿਸ਼ ਨੂੰ ਇਸ ਤਰ੍ਹਾਂ ਨਿਭਾਵਾਂਗੀ ਤਾਂ ਉਹ ਤੁਰੰਤ ਦੱਸ ਦਿੰਦੇ ਸਨ ਕਿ ਮੇਰੇ ਦਿਮਾਗ਼ ਵਿੱਚ ਕੀ ਚੱਲ ਰਿਹਾ ਹੈ। ਉਨ੍ਹਾਂ ਨਾਲ ਕੰਮ ਕਰ ਕੇ ਬਹੁਤ ਮਜ਼ਾ ਆਇਆ।
ਦ ਗਾਇਕੀ ਵਾਲੇ ਪਾਸੇ ਕੀ ਕਰ ਰਹੇ ਹੋ?
– ਮੈਂ ਆਪਣੀਆਂ ਫ਼ਿਲਮਾਂ ਵਿੱਚ ਮੌਕਾ ਮਿਲਦੇ ਹੀ ਗਾਣਾ ਗਾ ਲੈਂਦੀ ਹਾਂ। ਫ਼ਿਲਮ ‘ਬਾਗ਼ੀ’ ਵਿੱਚਲਾ ਗੀਤ ‘ਸਬ ਤੇਰਾ’ ਮੈਂ ਹੀ ਗਾਇਆ ਹੈ। ਜਦੋਂ ਮੈਂ ਆਪਣੀ ਫ਼ਿਲਮ ਵਿੱਚ ਆਪਣੇ ਲਈ ਗਾਣਾ ਗਾਉਂਦੀ ਹਾਂ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਹੈ। ਮੇਰੀ ਅੱਗੇ ਵੀ ਇਹੀ ਕੋਸ਼ਿਸ਼ ਰਹੇਗੀ ਕਿ ਮੈਂ ਆਪਣੀ ਹਰੇਕ ਫ਼ਿਲਮ ਵਿੱਚ ਘੱਟੋ-ਘੱਟ ਇੱਕ ਗੀਤ ਜ਼ਰੂਰ ਗਾਵਾਂ। ਮੈਨੂੰ ਜਦੋਂ ਸਮਾਂ ਮਿਲਦਾ ਹੈ ਮੈਂ ਰਿਆਜ਼ ਕਰਦੀ ਹਾਂ। ਉਂਜ ਮੈਂ ਅਜੇ ਵੀ ਸੰਗੀਤ ਦੀਆਂ ਕਲਾਸਾਂ ਲਾ ਰਹੀ ਹਾਂ। ਸਾਮੰਥਾ ਐਡਵਰਡ ਤੋਂ ਮੈਂ ਫ਼ਿਲਮ ‘ਰਾਕ ਆਨ-2’ ਲਈ ਸੰਗੀਤ ਸਿੱਖ ਰਹੀ ਹਾਂ। ਉਹ ਬਹੁਤ ਵਧੀਆ ਉਸਤਾਦ ਹਨ।
ਦ ਫ਼ਿਲਮ ‘ਰੌਕ ਔਨ-2’ ਬਾਰੇ ਦੱਸੋ?
– ‘ਰੌਕ ਔਨ-2’ ਲਈ ਮੈਂ ਖ਼ਾਸ ਤੌਰ ‘ਤੇ ਸੰਗੀਤ ਸਿੱਖ ਰਹੀ ਹਾਂ। ਇਹ ਫ਼ਿਲਮ ਦੇਖਣ ਤੋਂ ਬਾਅਦ ਜ਼ਰੂਰ ਦੱਸਿਓ ਕਿ ਮੈਂ ਸੰਗੀਤ ਦੇ ਖੇਤਰ ਵਿੱਚ ਕਿੱਥੋਂ ਤਕ ਪਹੁੰਚੀ ਹਾਂ।
ਦ ਫ਼ਿਲਮ ‘ਓਕੇ ਜਾਨੂੰ’ ਬਾਰੇ ਕੀ ਕਹੋਗੇ?
-ਇਹ ਫ਼ਿਲਮ ਮਣੀਰਤਨਮ ਦੀ ਪੁਰਾਣੀ ਫ਼ਿਲਮ ਦਾ ਹਿੰਦੀ ਰੀਮੇਕ ਹੈ ਜੋ ਕਿ ਇੱਕ ਅਜਿਹੇ ਜੋੜੇ ਦੀ ਕਹਾਣੀ ਹੈ ਵਿਆਹ ਤੋਂ ਬਿਨਾਂ ਇਕੱਠੇ ਰਹਿੰਦੇ ਹਨ।
ਦ ਕਿਸ ਤਰ੍ਹਾਂ ਦੀਆਂ ਫ਼ਿਲਮਾਂ ਕਰਨਾ ਚਾਹੁੰਦੇ ਹੋ?
– ਮੈਂ ਸਿਰਫ਼ ਚੰਗੀਆਂ ਫ਼ਿਲਮਾਂ ਦਾ ਹਿੱਸਾ ਬਣਨਾ ਚਾਹੁੰਦੀ ਹਾਂ ਤਾਂ ਕਿ ਮੈਨੂੰ ਵਧੀਆ ਕਿਰਦਾਰ ਨਿਭਾਉਣ ਦੇ ਮੌਕੇ ਮਿਲਦੇ ਰਹਿਣ। ਮੈਂ ਚੰਗੀ ਕਹਾਣੀ ਦੀ ਭਾਲ ‘ਚ ਰਹਿੰਦੀ ਹਾਂ ਪਰ ਮੈਂ ਇਹ ਕਦੇ ਨਹੀਂ ਕਹਿੰਦੀ ਕਿ ਮੈਨੂੰ ਐਕਸ਼ਨ ਫ਼ਿਲਮ ਕਰਨੀ ਹੈ ਜਾਂ ਬਾਇਓਪਿਕ ਫ਼ਿਲਮ ਕਰਨੀ ਹੈ।

LEAVE A REPLY