20 ਲੱਖ ਦੀ ਬ੍ਰਾਜ਼ੀਲੀਅਨ ਕਰੰਸੀ ਸਣੇ 1 ਗ੍ਰਿਫਤਾਰ

2ਜਲੰਧਰ – ਬ੍ਰਾਜ਼ੀਲ ਵਿਚ ਬੰਦ ਹੋਣ ਤੋਂ ਬਾਅਦ ਨਾਜਾਇਜ਼ ਢੰਗ ਨਾਲ ਭਾਰਤ ਵਿਚ ਲਿਆ ਕੇ ਵੇਚੀ ਜਾ ਰਹੀ ਬ੍ਰਾਜ਼ੀਲੀਅਨ ਕਰੰਸੀ ਕਮਿਸ਼ਨਰੇਟ ਪੁਲਸ ਨੇ ਬਰਾਮਦ ਕੀਤੀ ਹੈ। ਪੁਲਸ ਨੇ 20 ਲੱਖ ਬ੍ਰਾਜ਼ੀਲੀਅਨ ਰਿਆਲ ਸਮੇਤ ਇਕ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਦੋ ਸਮੱਗਲਰਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਦਾ ਦਾਅਵਾ ਹੈ ਕਿ ਬਰਾਮਦ ਕਰੰਸੀ ਓਰੀਜਨਲ ਹੈ ਅਤੇ ਬ੍ਰਾਜ਼ੀਲ ਵਿਚ ਇਹ ਕਰੰਸੀ ਬੈਨ ਹੋ ਚੁੱਕੀ ਹੈ।
ਏ. ਡੀ. ਸੀ. ਪੀ. ਸਿਟੀ 1 ਜਸਬੀਰ ਸਿੰਘ ਨੇ ਦੱਸਿਆ ਕਿ ਥਾਣਾ ਨੰਬਰ 8 ਦੇ ਇੰਸ. ਵਿਮਲਕਾਂਤ ਤੇ ਇੰਸ. ਬਲਬੀਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਏਰੀਏ ਵਿਚ ਰਵਨੀਤ ਕੁਮਾਰ, ਜਰਨੈਲ ਸਿੰਘ ਤੇ ਅਮਿਤ ਪੁਰੀ ਵਿਦੇਸ਼ੀ ਕਰੰਸੀ ਦੀ ਖਰੀਦੋ-ਫਰੋਖਤ ਦਾ ਕਾਰੋਬਾਰ ਕਰਦੇ ਹਨ ਤੇ ਜਲੰਧਰ ਵਿਚ ਕਰੰਸੀ ਦੀ ਸਪਲਾਈ ਦੇਣ ਆ ਰਹੇ ਹਨ।
ਸੂਚਨਾ ਮਿਲਣ ‘ਤੇ ਏ. ਸੀ. ਪੀ. ਨਾਰਥ ਬਲਵਿੰਦਰ ਇਕਬਾਲ ਸਿੰਘ ਕਾਹਲੋਂ ਦੀ ਅਗਵਾਈ ਵਿਚ ਪੁਲਸ ਟੀਮ ਨੇ ਨਾਕਾਬੰਦੀ ਦੌਰਾਨ ਸਵਿਫਟ ਡਿਜ਼ਾਇਰ ਕਾਰ ਨੂੰ ਨਾਕੇ ‘ਤੇ ਰੋਕ ਕੇ ਉਸ ਵਿਚ ਸਵਾਰ ਰਵਨੀਤ ਕੁਮਾਰ ਪੁੱਤਰ ਜਰਨੈਲ ਸਿੰਘ ਵਾਸੀ ਸ਼ੇਰਪੁਰ ਗਲਿੰਡ, ਬੁੱਲ੍ਹੋਵਾਲ ਨੂੰ ਗ੍ਰਿਫਤਾਰ ਕੀਤਾ। ਉਸ ਕੋਲੋਂ ਪੁਲਸ ਨੇ 20 ਲੱਖ ਦੀ ਬ੍ਰਾਜ਼ੀਲੀਅਨ ਕਰੰਸੀ ਬਰਾਮਦ ਕੀਤੀ ਹੈ। ਪੁਲਸ ਨੇ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ। ਪੁੱਛਗਿੱਛ ਵਿਚ ਉਹ ਉਕਤ ਕਰੰਸੀ ਆਪਣੇ ਕੋਲ ਰੱਖਣ ਸੰਬੰਧੀ ਕੋਈ ਲਾਇਸੈਂਸ ਜਾਂ ਲੀਗਲ ਦਸਤਾਵੇਜ਼ ਨਹੀਂ ਦਿਖਾ ਸਕਿਆ।
ਏ. ਡੀ. ਸੀ. ਪੀ. ਜਸਬੀਰ ਸਿੰਘ ਨੇ ਦੱਸਿਆ ਕਿ ਰਵਨੀਤ ਕੁਮਾਰ ਟ੍ਰੈਵਲ ਏਜੰਟ ਹੈ। ਇਕ ਸਵਾਲ ਦੇ ਜਵਾਬ ਵਿਚ ਏ. ਡੀ. ਸੀ. ਪੀ. ਨੇ ਦੱਸਿਆ ਕਿ ਬਰਾਮਦ ਕੀਤੀ ਗਈ ਬ੍ਰਾਜ਼ੀਲੀਅਨ ਕਰੰਸੀ ਦੀ ਭਾਰਤੀ ਕੀਮਤ ਕਰੀਬ ਸਵਾ ਤਿੰਨ ਕਰੋੜ ਰੁਪਏ ਹੈ ਪਰ ਉਕਤ ਕਰੰਸੀ ਬ੍ਰਾਜ਼ੀਲ ਵਿਚ ਬੈਨ ਹੋ ਚੁੱਕੀ ਹੈ। ਮੁੱਢਲੀ ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਰਵਨੀਤ ਨੂੰ ਉਕਤ ਕਰੰਸੀ ਅਮਿਤ ਪੁਰੀ ਨਿਵਾਸੀ ਪ੍ਰੇਮ ਨਗਰ ਫਗਵਾੜਾ ਨੇ ਦਿੱਤੀ ਸੀ। ਉਸਦਾ ਸੰਪਰਕ ਹੈਦਰਾਬਾਦ ਦੇ ਦੋ ਲੋਕਾਂ ਨਾਲ ਹੈ।
ਏ. ਡੀ. ਸੀ. ਪੀ. ਨੇ ਦੱਸਿਆ ਕਿ ਅਮਿਤ ਪੁਰੀ ਦੀ ਭਾਲ ਵਿਚ ਉਸਦੇ ਸੰਭਾਵਿਤ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਅਮਿਤ ਪੁਰੀ ਦੇ ਗ੍ਰਿਫਤ ਵਿਚ ਆਉਣ ਤੋਂ ਬਾਅਦ ਹੈਦਰਾਬਾਦ ਦੇ ਲੋਕਾਂ ਬਾਰੇ ਪਤਾ ਲੱਗ ਸਕੇਗਾ।

LEAVE A REPLY