main-news-300x150ਸੱਥ ਕੋਲ ਦੀ ਤੇਜ਼ ਚਾਲ ਨਾਲ ਲੰਘੇ ਜਾਂਦੇ ਕਾਹਲਿਆਂ ਦੇ ਤੇਜੇ ਫ਼ਾਂਸੇ ਨੂੰ ਵੇਖ ਕੇ ਬਾਬੇ ਜੱਗਰ ਸਿਉਂ ਨੇ ਐਨਕਾਂ ਲੱਗੀਆਂ ਅੱਖਾਂ ਉੱਪਰ ਹੱਥ ਦੀ ਛਾਂ ਕਰ ਕੇ ਤੇਜੇ ਫ਼ਾਂਚੇ ਵੱਲ ਝਾਕ ਕੇ ਨਾਲ ਬੈਠੇ ਸੀਤੇ ਮਰਾਸੀ ਨੂੰ ਪੁੱਛਿਆ, ”ਸੀਤਾ ਸਿਆਂ! ਆਹ ਫ਼ਾਂਚਿਆਂ ਦਾ ਤੇਜਾ ਸਿਉਂ ਬੜਾ ਵਗਿਆ ਜਾਂਦਾ, ਕੋਈ ਔਹਰ ਪੈ ਗੀ ਇਹਨੂੰ?”
ਨਾਥਾ ਅਮਲੀ ਸੀਤੇ ਮਰਾਸੀ ਦੇ ਬੋਲਣ ਤੋਂ ਪਹਿਲਾਂ ਹੀ ਖੜਕ ਪਿਆ ਲੁੱਕ ਵਾਲੇ ਖ਼ਾਲੀ ਢੋਲ ਵਾਂਗੂੰ, ”ਸੂਗਰ ਹੋਈ ਵੀ ਐ ਬਾਬਾ ਇਹਨੂੰ, ਤਾਂ ਕਰਕੇ ਵਗਿਆ ਜਾਂਦਾ। ਹੋਰ ਕਿਤੇ ਗਾਹਾਂ ਕਣਕ ਦੀਆਂ ਘਾੜਾਂ ਤਾਂ ਚੁਗਣੀਆਂ ਖੇਤ ਜਾ ਕੇ।”
ਸੀਤੇ ਮਰਾਸੀ ਨੇ ਪੁੱਛਿਆ, ”ਕਣਕ ਵੀ ਬੀਜੀ ਵੀ ਐ ਇਹਦੀ। ਇਹਨੂੰ ਤਾਂ ਬੁੜ੍ਹੇ ਨੇ ਪੈਲੀ ਓ ਈ ਨ੍ਹੀ ਦਿੱਤੀ, ਕਣਕ ਕਿੱਥੇ ਬੀਜ ਲੀ ਇਹ ਨੇ ਪੀ ਪੀ ‘ਠਾਰਾਂ?”
ਨਾਥਾ ਅਮਲੀ ਮਰਾਸੀ ਨੂੰ ਇਉਂ ਟੁੱਟ ਕੇ ਪਿਆ ਜਿਮੇਂ ਮੰਜੇ ‘ਤੇ ਪਈ ਸਣ ਦੀ ਜੂੜੀ ਅੱਗ ਪੈ ਗੀ ਹੋਵੇ, ”ਪੈਲ਼ੀ ਕਿੱਥੋਂ ਆਉਣੀ ਸੀ ਇਹਦੇ ਕੋਲੇ। ਮੈਂ ਤਾਂ ਇੱਕ ਸੁੱਤੇ ਸਭਾਅ ਗੱਲ ਕੀਤੀ ਸੀ ਬਈ ਕਾਹਲੀ ਨਾਲ ਇਉਂ ਭੱਜਿਆ ਜਾਂਦਾ ਜਿਮੇਂ ਕਿਸੇ ਕਾਹਲੇ ਕਾਮੇ ਜੱਟ ਨੂੰ ਹਾੜ੍ਹੀ ਵੱਢਦਿਆਂ ਕੋਲ ਜਾਣ ਦੀ ਕਾਹਲ ਹੁੰਦੀ ਐ। ਤੂੰ ਪਤੰਦਰਾ ਹੋਰ ਈ ਗਲੇਲੇ ਵੱਟਣ ਲੱਗ ਗਿਐਂ। ਪੈਲੀ ਭਾਲਦਾ ਇਹਦੇ ਕੋਲੇ ਫ਼ਤੂਹੀ ਆਲੇ ਨਾਜਰ ਨੰਬਰਦਾਰ ਕੋਲੇ।”
ਹਾਕਮ ਫ਼ੌਜੀ ਕਾ ਜੰਗੀ ਕਹਿੰਦਾ, ”ਤਾਹੀਉਂ ਤਾਂ ਇਨ੍ਹਾਂ ਦਾ ਟੱਬਰ ਕਾਹਲਿਆਂ ਦਾ ਲਾਣਾ ਵੱਜਦਾ ਬਈ ਤੇਜ ਤੁਰਦੇ ਐ। ਇੱਕ ਇਹਦਾ ਨਾਂਅ ਵੀ ਤੇਜ ਐ ਫ਼ਿਰ। ਨਾਲੇ ਹਰੇਕ ਕੰਮ ‘ਚ ਕਾਹਲੀ ਬਾਹਲੀ ਕਰਦੇ ਐ। ਤਾਂ ਕਰ ਕੇ ਕਾਹਲਿਆਂ ਦਾ ਲਾਣਾ ਕਹਿੰਦੇ ਐ ਇਨ੍ਹਾਂ ਨੂੰ।”
ਸੀਤੇ ਮਰਾਸੀ ਨੇ ਬਾਬੇ ਜੱਗਰ ਸਿਉਂ ਨੂੰ ਪੁੱਛਿਆ, ”ਬਾਬਾ! ਤੈਨੂੰ ਤਾਂ ਯਾਰ ਪਤਾ ਹੋਣੈ ਬਈ ਇਨ੍ਹਾਂ ਨੂੰ ਕਾਹਲਿਆਂ ਦੀ ਅੱਲ ਕਦੋਂ ਕੁ ਦੀ ਪੈਂਦੀ ਐ?”
ਬਾਬਾ ਕਹਿੰਦਾ, ”ਮੇਰੀ ਉਮਰ ਦੋ ਘੱਟ ਨੱਬ੍ਹਿਆਂ ਦੀ ਹੋ ਗੀ। ਮੈਂ ਨਿੱਕੇ ਹੁੰਦੇ ਤੋਂ ਈ ਇਨ੍ਹਾਂ ਦੇ ਟੱਬਰ ਨੂੰ ਫ਼ਾਂਚਿਆਂ ਦਾ ਲਾਣਾ ਸੁਣਦਾ ਆਉਨਾ। ਆਹ ਗੱਲ ਫ਼ਾਂਚਿਆਂ ਦੇ, ਆਹ ਫ਼ਾਂਚਿਆਂ ਦਾ ਟਰੈਗਟ ਐ। ਹੁਣ ਫ਼ਾਂਚਿਆਂ ਦੀ ਐ ਨਹਿਰੀ ਪਾਣੀ ਦੀ ਵਾਰੀ। ਫ਼ਾਂਚੇ, ਫ਼ਾਂਚੇ ਈ ਹੁੰਦੀ ਐ ਪਿੰਡ ‘ਚ। ਆਹ ਕਾਹਲਿਆਂ ਦਾ ਲਾਣਾ ਤਾਂ ਪਤਾਂ ਨ੍ਹੀ ਕੀਹਨੇ ਧਰਿਆਂ ਇਨ੍ਹਾਂ ਦਾ ਨਾਂ।”
ਸੀਤਾ ਮਰਾਸੀ ਕਹਿੰਦਾ, ”ਹੋਰਾਂ ਕੰਮਾਂ ‘ਚ ਤਾਂ ਬਾਬਾ ਭਾਮੇਂ ਕਾਹਲੇ ਹੋਣ, ਪਰ ਵੀਹ ਵਰ੍ਹੇ ਹੋ ਗੇ ਦਰਾਂ ਮੂਹਰੋਂ ਰੂੜੀ ਨ੍ਹੀ ਚੱਕ ਹੋਈ ਵੱਡੇ ਕਾਹਲਿਆਂ ਤੋਂ। ਅੱਧ ਪਚੱਧ ਜੀ ਚੱਕ ਦਿੰਦੇ ਐ, ਉਹਦੇ ‘ਤੇ ਫ਼ੇਰ ਸਿੱਟੀ ਜਾਂਦੇ ਐ। ਰੂੜੀ, ਅੱਕ ਤੇ ਬੇਰੀ ਤਾਂ ਬਾਬਾ ਦਰਾਂ ਮੂਹਰੇ ਊਈਂ ਮਾੜੇ ਹੁੰਦੇ ਐ। ਸਾਰੇ ਪਿੰਡ ‘ਚੋਂ ਘੌਲ਼ੀ ਟੱਬਰ ਐ, ਵੱਜਦਾ ਕਾਹਲ਼ਿਆਂ ਦਾ ਲਾਣਾ। ਆਪਣੇ ਪਿੰਡ ਦੇ ਲੋਕ ਵੀ ਠੀਕ ਈ ਐ।”
ਨਾਥਾ ਅਮਲੀ ਕਹਿੰਦਾ, ”ਇਹ ਕਾਹਲਾ ਤੁਰਦੇ ਕਰ ਕੇ ਨ੍ਹੀ ਇਨ੍ਹਾਂ ਦੇ ਟੱਬਰ ਨੂੰ ਕਾਹਲਿਆਂ ਦਾ ਲਾਣਾ ਕਹਿੰਦੇ। ਇਹ ਤਾਂ ਕੋਈ ਹੋਰ ਗੱਲ ਐ।”
ਮਾਹਲੇ ਨੰਬਰਦਾਰ ਨੇ ਪੁੱਛਿਆ, ”ਹੋਰ ਕੀ ਐ ਉਹ ਤੂੰ ਦੱਸਦੇ ਜੇ ਤੈਨੂੰ ਪਤਾ ਤਾਂ।”
ਨਾਥਾ ਅਮਲੀ ਕਹਿੰਦਾ, ”ਖ਼ਾਸੇ ਚਿਰ ਦੀ ਗੱਲ ਐ, ਕਹਿੰਦੇ ਕੇਰਾਂ ਇਹਨੇ ਫ਼ਾਂਚੇ ਨੇ, ਆਹ ਜਿਹੜਾ ਹੁਣ ਨੰਘ ਕੇ ਗਿਆ ਸੱਥ ਕੋਲ ਦੀ, ਆਪਣੇ ਪਿੰਡ ਦੇ ਰਾਮ ਲਾਲ ਬਾਣੀਏ ਦੀ ਹੱਟੀ ਤੋਂ ਸਰੋਂ ਦੇ ਤੇਲ ਦੀ ਬੋਤਲ ਚੋਰੀ ਕਰ ਲੀ ਸੀ। ਜਿੱਥੋਂ ਇਨ੍ਹਾਂ ਨੂੰ ਕਾਹਲਿਆਂ ਦੀ ਅੱਲ ਪਈ ਐ। ਸੋਨੂੰ ਤਾਂ ਬਾਬਾ ਪਤਾ ਹੋਣਾ, ਆਪਣੇ ਪਿੰਡ ਰਾਮ ਲਾਲ ਬਾਣੀਏ ਦੀ ਹੱਟ ਹੁੰਦੀ ਸੀ ਪੰਦਰਾਂ ਵੀਹ ਵਰ੍ਹੇ ਪਹਿਲਾਂ।”
ਬਾਬੇ ਜੱਗਰ ਸਿਉਂ ਨੇ ਹੁੰਗਾਰਾ ਭਰਦਿਆਂ ਕਿਹਾ, ”ਹਾਂ! ਓਧਰਲੇ ਬਾਘੇ ਕੇ ਗੁਆੜ ਹੁੰਦੀ ਸੀ।”
ਮਾਹਲੇ ਨੰਬਰਦਾਰ ਨੇ ਬਾਬੇ ਨੂੰ ਪੁੱਛਿਆ, ”ਉਹ ਤਾਂ ਜੱਗਰ ਸਿਆਂ ਏਥੋਂ ਉਠ ਨ੍ਹੀ ਗਏ ਸੀ ਕਿਸੇ ਵੱਡੇ ਸ਼ਹਿਰ ਸ਼ੂਹਰ?”
ਬਾਬਾ ਜੱਗਰ ਸਿਉਂ ਕਹਿੰਦਾ, ”ਰਾਮ ਲਾਲ ਆਪ ਤਾਂ ਮਰ ਗਿਆ ਸੀ, ਸਾਹ ਸੂਹ ਜਾ ਹੁੰਦਾ ਸੀ ਉਹਨੂੰ। ਉਹਦੇ ਮੁੰਡੇ ਸੀ ਮਗਰ। ਉਹ ਵੇਖ ਲਾ ਪੜ੍ਹ ਲਿਖ ਕੇ ਕਿਸੇ ਹੋਰ ਵਪਾਰ ਧੰਦੇ ‘ਚ ਪੈ ਗੇ ਸੀ। ਏਥੋਂ ਉਠ ਕੇ ਉਹ ਹਰਿਆਣੇ ਹਰੂਣੇ ‘ਚ ਜੀਂਦ ਰੋਹਤਕ ਵੱਲ ਜਾ ਕੇ ਰਹਿਣ ਲੱਗ ਗੇ ਸੀ। ਮੁੜ ਕੇ ਉਨ੍ਹਾਂ ਦਾ ਕੋਈ ਆਇਆ ਨ੍ਹੀ ਗਿਆ ਨ੍ਹੀ। ਪਤਾ ਨ੍ਹੀ ਹੈ ਕੁ ਨਹੀਂ। ਆਹ ਜਿੱਥੇ ਹੁਣ ਮਖਤਿਆਰੇ ਬਿੰਬਰ ਕੇ ਰਹਿੰਦੇ ਐ, ਏਸੇ ਥਾਂ ਈਂ ਸੀ ਉਨ੍ਹਾਂ ਬਾਣੀਆਂ ਦਾ ਘਰ। ਇਹਨੂੰ ਮਖਤਿਆਰੇ ਕਿਆਂ ਨੂੰ ਵੇਚ ਵੂਚ ਗੇ ਸੀ ਘਰ।”
ਸੀਤਾ ਮਰਾਸੀ ਬਾਬੇ ਦੀ ਗੱਲ ਸੁਣ ਕੇ ਟਿੱਚਰ ‘ਚ ਬੋਲਿਆ, ”ਮੁੜਕੇ ਕੀ ਕਰਨ ਆਉਣਾ ਸੀ ਕਰਾੜਾਂ ਨੇ ਏਥੇ। ਘਰ ਬਾਰ ਤਾਂ ਸਭ ਕੁਸ ਵੇਚ ਗੇ ਸੀ ਮਗਰ ਕੀ ਏਥੇ ਸਕਰ ਕੰਦੀਆਂ ਬੀਜੀਆਂ ਸੀ ਬਈ ਪੱਟਣ ਵਲੋਂ ਰਹਿ ਗੀਆਂ ਸੀ।”
ਰਾਮ ਲਾਲ ਬਾਣੀਏ ਕੀ ਗੱਲ ਚੱਲਦੀ ਟੋਕ ਕੇ ਬੁੱਘਰ ਦਖਾਣ ਬਾਬੇ ਜੱਗਰ ਸਿਉਂ ਨੂੰ ਕਹਿੰਦਾ, ”ਅਮਲੀ ਦੀ ਤਾਂ ਬਾਬਾ ਗੱਲ ਸੁਣ ਲੋ। ਇਹਦੀ ਗੱਲ ਤਾਂ ਤੁਸੀਂ ਧੂੜ ਚੀ ਰਲਾ ‘ਤੀ। ਇਹ ਦੱਸਣ ਲੱਗਿਆ ਸੀ ਬਈ ਤੇਜੇ ਫ਼ਾਂਚੇ ਕਿਆਂ ਨੂੰ ਕਾਹਲਿਆਂ ਦਾ ਲਾਣਾ ਕਾਹਤੋਂ ਕਹਿੰਦੇ ਐ?”
ਬਾਬਾ ਜੱਗਰ ਸਿਉਂ ਬੁੱਘਰ ਦਖਾਣ ਦੀ ਗੱਲ ਸੁਣ ਕੇ ਅਮਲੀ ਵੱਲ ਨੂੰ ਹੋਇਆ, ”ਹਾਂ ਬਈ ਨਾਥਾ ਸਿਆਂ! ਤੂੰ ਦੱਸ ਹੁਣ ਕੀ ਕਹਿਣ ਲੱਗਿਆ ਸੀ?”
ਨਾਥਾ ਅਮਲੀ ਕਹਿੰਦਾ, ”ਮੈਂ ਤਾਂ ਬਾਬਾ ਇਉਂ ਦੱਸਣ ਲੱਗਿਆ ਸੀ ਬਈ ਤੇਜੇ ਫ਼ਾਂਚੇ ਕਿਆਂ ਨੂੰ ਕਾਹਲਿਆਂ ਦਾ ਲਾਣਾ ਕਾਹਤੋਂ ਕਹਿੰਦੇ ਐ। ਇਹ ਜਿਹੜਾ ਤੇਜਾ ਫ਼ਾਂਚਾ, ਇਹ ਕਿਤੇ ਰਾਮ ਲਾਲ ਦੀ ਹੱਟੀ ਤੋਂ ਰੰਗ ਲੈਣ ਜਾ ਵੜਿਆ। ਅਕੇ ਰਾਮ ਲਾਲ ਬਾਣੀਏ ਨੂੰ ਜਾ ਕੇ ਕਹਿੰਦਾ ‘ਛਟਾਂਕ ਘਿਉ ਕਪੂਰੀ ਰੰਗ ਦੇ ਦੇ’। ਰਾਮ ਲਾਲ ਤਾਂ ਰੰਗ ਭਾਲਣ ਲੱਗ ਗਿਆ ਬਈ ਇਹ ਕਿਹੜਾ ਰੰਗ ਹੋਇਆ, ਫ਼ੰਮਣ ਖੜ੍ਹੇ ਖੜ੍ਹੇ ਨੇ ਸਰੋਂ ਦੇ ਤੇਲ ਦੀ ਬੋਤਲ ਚੋਰੀ ਚੱਕ ਕੇ ਨੀਕਰ ਤੇ ਸੁੱਥੂ ਦੇ ਨੇਫ਼ੇ ‘ਚ ਟੰਗ ਲਈ। ਜਿੱਥੋਂ ਇਨ੍ਹਾਂ ਨੂੰ ਕਾਹਲਿਆਂ ਦੀ ਅੱਲ ਪੈਣ ਲੱਗੀ ਐ। ਟੰਗ ਲੀ ਕਿਤੇ ਕਾਹਲੀ ‘ਚ ਪੁੱਠੀ। ਬੋਤਲ ਦਾ ਡੱਟ ਕਿਤੇ ਮਾੜਾ ਮੋਟਾ ਢਿੱਲਾ ਹੋਣੈ। ਡੱਟ ਤਾਂ ਬੋਤਲ ਤੋਂ ਲਹਿ ਕੇ ਨੀਕਰ ‘ਚ ਅੜ ਗਿਆ, ਤੇਲ ਸੀ ਜਿਹੜਾ ਸਰੋਂ ਦਾ, ਉਹ ਨੀਕਰ ਵਿਚਦੀ ਚਿਉਂਦਾ ਚਿਉਂਦਾ ਤੇਜੇ ਫ਼ਾਂਚੇ ਦੇ ਖੜ੍ਹੇ ਖੜ੍ਹੇ ਸੁੱਥੂ ਦੇ ਪੌਂਚੇ ਭਿਉਂਦਾ ਰਾਮ ਲਾਲ ਦੀ ਹੱਟੀ ‘ਚ ਡੁੱਲਣ ਲੱਗ ਗਿਆ। ਤੇਜੇ ਨੂੰ ਤਾਂ ਤੇਲ ਡੁੱਲਦੇ ਦਾ ਪਤਾ ਨਾ ਲੱਗਿਆ, ਰਾਮ ਲਾਲ ਨੇ ਤੇਲ ਡੁੱਲਦਾ ਵੇਖ ਲਿਆ। ਪਰ ਰਾਮ ਲਾਲ ਨੂੰ ਇਹ ਨਾ ਪਤਾ ਨਾ ਲੱਗਿਆ ਬਈ ਇਹ ਸਰੋਂ ਦਾ ਤੇਲ ਐ। ਜਦੋਂ ਉਹਨੇ ਹੱਟ ‘ਚ ਵਿਛੀ ਵੀ ਬੋਰੀ ਗਿੱਲੀ ਹੋਈ ਵੇਖੀ ਤਾਂ ਬਾਣੀਏ ਨੇ ਸੋਚਿਆ ਬਈ ਮੈਂ ਤਾਂ ਬੋਰੀ ‘ਤੇ ਕੋਈ ਡੁੱਲਣ ਆਲੀ ਚੀਜ ਰੱਖੀ ਨ੍ਹੀ, ਇਹ ਬੋਰੀ ਕਿਮੇਂ ਗਿੱਲੀ ਹੋ ਗੀ ਜਿੱਥੇ ਇਹ ਖੜ੍ਹਾ। ਬਾਣੀਏ ਨੇ ਬਾਬਾ ਅਕੇ ਆਪ ਈ ਲੱਖਣ ਲਾ ਲਿਆ ਬਈ ਇਹਨੂੰ ਫ਼ਾਂਚੇ ਨੂੰ ਤਾਂ ਮਰੋੜੇ ਲੱਗੇ ਲੱਗਦੇ ਐ ਜਿਹੜੀ ਬੋਰੀ ਗਿੱਲੀ ਹੋ ਗੀ। ਡੁੱਲਦਾ ਤੇਲ ਸੀ। ਅਕੇ ਰਾਮ ਲਾਲ ਫ਼ਾਂਚੇ ਨੂੰ ਕਹੇ। ਚੱਲ ਚੱਲ ਜਾਹ ਏਥੋਂ, ਜਿਹੜਾ ਰੰਗ ਤੂੰ ਮੰਗਦੈਂ ਮੇਰੇ ਕੋਲੇ ਹੈਨ੍ਹੀ। ਅਕੇ ਫਾਂਚਾ ਕਹੇ ‘ਜੇ ਘਿਉ ਕਪੂਰੀ ਨ੍ਹੀ ਤਾਂ ਦੁੱਧਾ ਕਾਸਣੀ ਦੇ ਦੇ। ਬਾਣੀਆ ਫੇਰ ਕਹਿ ਦੇ ‘ਤੂੰ ਹੱਟ ‘ਚੋਂ ਬਾਹਰ ਹੋ’। ਫ਼ਾਂਚਾ ਫ਼ੇਰ ਕਹੇ ਜੇ ਦੁਧਾ ਕਾਸਣੀ ਵੀ ਹੈਨ੍ਹੀ ਤਾਂ ਸੁੱਚਾ ਸਲੇਟੀ ਦੇ ਦੇ। ਕੋਈ ਨਾ ਕੋਈ ਤਾਂ ਦੇ ਦੇ। ਅਕੇ ਬਾਣੀਆਂ ਫ਼ਾਂਚੇ ਨੂੰ ਛਟਾਂਕੀ ਵੱਟੀ ਚੱਕੀ ਖੜ੍ਹਾ ਬਈ ਜੇ ਹੱਟ ‘ਚੋਂ ਨਾ ਬਾਹਰ ਹੋਇਆ ਤਾਂ ਮੱਥੇ ‘ਚ ਆਹ ਵੱਟੀ ਮਾਰ ਕੇ ਰੋਂਭੜਾ ਪਾ ਦੂੰ।”
ਗੱਲ ਵਿੱਚੋਂ ਟੋਕ ਕੇ ਮਾਹਲੇ ਨੰਬਰਦਾਰ ਨੇ ਅਮਲੀ ਨੂੰ ਪੁੱਛਿਆ, ”ਵੱਟੀ ਕਾਹਤੋਂ ਮਾਰਦਾ ਸੀ ਅਮਲੀਆ?”
ਅਮਲੀ ਕਹਿੰਦਾ, ”ਵੱਟੀ ਤਾਂ ਉਦੋਂ ਮਾਰਨ ਲੱਗਿਆ ਸੀ ਬਾਣੀਆ, ਜਦੋਂ ਫ਼ਾਂਚੇ ਨੇ ਸੁੱਚੇ ਸਲੇਟੀ ਦਾ ਨਾਂ ਲਿਆ।”
ਬਾਬਾ ਕਹਿੰਦਾ, ”ਸੁੱਚੇ ਸਲੇਟੀ ਦੀ ਕਾਹਦੀ ਚੇੜ ਸੀ ਬਾਣੀਏ ਨੂੰ ਬਈ?”
ਨਾਥਾ ਅਮਲੀ ਕਹਿੰਦਾ, ”ਰਾਮ ਲਾਲ ਦੇ ਪਿਓ ਦਾ ਨਾਂ ਸੁੱਚਾ ਮੱਲ ਸੀ। ਤਾਂ ਕਰ ਕੇ ਬਾਣੀਆ ਠੂੰਹੇਂ ਆਂਗੂੰ ਟੱਪਦਾ ਸੀ। ਫ਼ਾਂਚਾ ਰੰਗ ਮੰਗੇ, ਬਾਣੀਆ ਉਹਨੂੰ ਬਾਹਰ ਕੱਢੇ। ਫ਼ੇਰ ਕਿਤੇ ਪਸ਼ੌਰਾ ਸਿਉਂ ਸੂਬੇਦਾਰ ਨੇ ਆ ਕੇ ਫ਼ਾਂਚੇ ਨੂੰ ਸਰੋਂ ਦੇ ਤੇਲ ਨਾਲ ਲਿਬੜਿਆ ਵੇਖ ਕੇ ਕਿਹਾ ‘ਜਾ ਓਏ ਆਹ ਸੁੱਥੂ ਜਾ ਧੋ ਲਾ ਘਰੇ ਜਾ ਕੇ ਪਤਾ ਨ੍ਹੀ ਕਾਹਦੇ ਨਾਲ ਲਬੇੜੀ ਫ਼ਿਰਦੈਂ ਐਮੇਂ ਏਥੇ ਬਿਨਾਂ ਗੱਲ ਤੋਂ ਲੜੀ ਜਾਨੈ’। ਇਉਂ ਕਰ ਕੇ ਕਾਹਲਿਆਂ ਦਾ ਲਾਣਾ ਵਜਦੇ ਐ ਇਹੇ। ਕੰਮ ਕਾਹਲਾ ਕਰਨ ਕਰ ਕੇ ਨ੍ਹੀ ਇਨ੍ਹਾਂ ਨੂੰ ਕਾਹਲੇ ਕਹਿੰਦੇ। ਪਤੰਦਰ ਨੇ ਬੋਤਲ ਈ ਪੁੱਠੀ ਟੰਗ ਲੀ ਕਾਹਲੀ ‘ਚ।”
ਸੀਤਾ ਮਰਾਸੀ ਕਹਿੰਦਾ, ”ਅਮਲੀਆ ਫ਼ੇਰ ਸੂਬੇਦਾਰ ਨ੍ਹੀ ਬੋਲਿਆ ਬਾਣੀਏ ਨੂੰ ਕੁਸ?”
ਅਮਲੀ ਕਹਿੰਦਾ, ”ਸੂਬੇਦਾਰ ਨੇ ਰਾਮ ਲਾਲ ਨੂੰ ਪੁੱਛਿਆ ਬਈ ਕਾਹਦੇ ਪਿੱਛੇ ਲੜਦਾ ਸੀ ਇਹੇ? ਅਕੇ ਬਾਣੀਆ ਕਹਿੰਦਾ ‘ਇਹਨੂੰ ਮਰੋੜੇ ਲੱਗੇ ਵੇ ਐ, ਆਹ ਵੇਖ ਹੱਟ ਦਾ ਕੀ ਬੁਰਾ ਹਾਲ ਕੀਤਾ ਜੱਟ ਨੇ ਬੋਹਣੀ ਦੇ ਟੈਮ। ਅਕੇ ਸੂਬੇਦਾਰ ਬਾਣੀਏ ਨੂੰ ਕਹਿੰਦਾ ‘ਓਏ ਇਹ ਤਾਂ ਸੇਠਾ ਤੇਲ ਤੂਲ ਡੁੱਲ੍ਹਿਆ ਲੱਗਦਾ। ਮਰੋੜਿਆਂ ਮਰੂੜਿਆਂ ਆਲੀ ਨ੍ਹੀ ਕੋਈ ਗੱਲ’। ਜਦੋਂ ਬਾਬਾ ਬਾਣੀਏ ਨੇ ਵੇਖਿਆ ਬਈ ਇਹ ਤਾਂ ਸਰੋਂ ਦਾ ਤੇਲ ਐ, ਫ਼ੇਰ ਪਤਾ ਲੱਗਿਆ ਬਾਣੀਏ ਨੂੰ ਬਈ ਇਹ ਤਾਂ ਸਰੋਂ ਦੇ ਤੇਲ ਆਲੀ ਬੋਤਲ ਨੇਫ਼ੇ ‘ਚ ਟੰਗ ਕੇ ਲੈ ਗਿਆ ਲੱਗਦਾ। ਬਾਣੀਏ ਨੂੰ ਸੱਤੀਂ ਕੱਪੜੀਂ ਅੱਗ ਲੱਗ ਗੀ। ਆਹ ਗੱਲ ਹੋਈ ਸੀ ਜਿੱਥੋਂ ਇਨ੍ਹਾਂ ਨੂੰ ਕਾਹਲਿਆਂ ਦਾ ਲਾਣਾ ਕਹਿਣ ਲੱਗਿਆ ਪਿੰਡ।”
ਸੀਤਾ ਮਰਾਸੀ ਟਿੱਚਰ ‘ਚ ਹੱਸ ਕੇ ਕਹਿੰਦਾ, ”ਤੇਲ ਤਾਂ ਫ਼ਿਰ ਬਾਣੀਏ ਦੀ ਹੱਟ ਚੀ ਡੋਲ੍ਹ ਗਿਆ ਫ਼ਾਂਵਾ ਹੈਂਅ। ਘਰੇ ਤਾਂ ਖਾਲੀ ਬੋਤਲ ਈ ਗਈ ਹੋਣੀ ਐ।”
ਨਾਥਾ ਅਮਲੀ ਹੱਸ ਕੇ ਕਹਿੰਦਾ, ”ਉਹ ਵੀ ਘਰੇ ਵੜਦੇ ਦੀ ਫ਼ੁੱਟ ਗੀ ਸੀ ਜਦੋਂ ਦੇਹਲ਼ੀ ਤੋਂ ਠੇਡਾ ਖਾ ਕੇ ਡਿੱਗਿਆ।”
ਬਾਬਾ ਜੱਗਰ ਸਿਉਂ ਸੱਥ ਵਾਲਿਆਂ ਨੂੰ ਕਹਿੰਦਾ, ”ਕਿਉਂ ਬਈ! ਸੁਣ ਲੀ ਕਾਹਲਿਆਂ ਦੇ ਕੰਮ ਦੀ ਹੀਰ?”
ਬਜਰੰਗੇ ਕਾ ਮਿੱਠੂ ਆਵਦੇ ਕੋਲੋਂ ਗੱਲ ਬਣਾ ਕੇ ਕਹਿੰਦਾ, ”ਸੁੱਥੂ ਤੇਲ ਨਾਲ ਲਿਬੜਿਆ ਵੇਖ ਕੇ ਘਰੇ ਬੁੜ੍ਹੀਆਂ ਨੇ ਵੀ ਚੁੰਨੀਆਂ ਨਾਲ ਨੱਕ ਇਉਂ ਵਲ੍ਹੇਟ ਲੇ ਹੋਣੇ ਐਂ ਜਿਮੇਂ ਤੂੜੀ ਲਤੜ ਦੀਆਂ ਸਬ੍ਹਾਤ ‘ਚੋਂ ਨਿਕਲੀਆਂ ਹੋਣ। ਕਹਿੰਦੀਆਂ ਹੋਣਗੀਆਂ ‘ਬੂਹ ਮੈਂ ਮਰ ਜਾਂ, ਆਹ ਤਾਂ ਬੰਨ੍ਹ ਈਂ ਖੁੱਲ੍ਹ ਗਿਆ ਲੱਗਦਾ ਡੁੱਬੜੇ ਦਾ’।”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਚਿਰ ਨੂੰ ਤੇਜੇ ਫ਼ਾਂਚੇ ਨੂੰ ਸੱਥ ਵੱਲ ਮੁੜੇ ਆਉਂਦੇ ਨੂੰ ਵੇਖ ਕੇ ਸੀਤਾ ਮਰਾਸੀ ਕਹਿੰਦਾ, ”ਹੋਅ ਆਉਂਦਾ ਬਰੀ ਦਾ ਤਿਓਰ ਡਾਕ ਬਣਿਆ। ਹੁਣ ਪਤਾ ਨ੍ਹੀ ਕੀ ਟੰਗੀ ਆਉਂਦਾ ਹੋਊ ਨੇਫ਼ੇ ‘ਚ?”
ਨਾਥਾ ਅਮਲੀ ਕਹਿੰਦਾ, ”ਹਜੇ ਪਹਿਲਾਂ ਆਲੇ ਸੁੱਥੂ ‘ਚੋਂ ਈ ਨ੍ਹੀ ਨਿੱਕਲੀ ਹੋਣੀ ਥੰਧਿਆਈ।”
ਅਮਲੀ ਦੀ ਗੱਲ ਸੁਣ ਕੇ ਸਾਰੀ ਸੱਥ ਉੱਚੀ ਉੱਚੀ ਹੱਸ ਪਈ। ਏਨੇ ਨੂੰ ਤੇਜਾ ਵੀ ਸੱਥ ਦੇ ਨੇੜੇ ਆ ਗਿਆ। ਸੱਥ ‘ਚ ਆ ਕੇ ਤੇਜਾ ਕਹਿੰਦਾ, ”ਬਲਾ ਉੱਚੀ ਉੱਚੀ ਹੱਸੀ ਜਾਨੇਂ ਐ ਜਿਮੇਂ ਕਿਸੇ ਦਾ ਕੁਸ ਡੁੱਲ੍ਹ ਗਿਆ ਹੁੰਦਾ।”
ਤੇਜੇ ਦੀ ਗੱਲ ਸੁਣ ਕੇ ਸੱਥ ਵਾਲੇ ਫ਼ੇਰ ਹੱਸ ਪਏ। ਬਾਬਾ ਜੱਗਰ ਸਿਉਂ ਹੱਸਦਿਆਂ ਨੂੰ ਵੇਖ ਕੇ ਲੜਾਈ ਪੈਣ ਤੋਂ ਡਰਦਾ ਗੱਲ ਟਾਲਣ ਦਾ ਮਾਰਾ ਕਹਿੰਦਾ, ”ਚੱਲੋ ਓਏ ਉੱਠੋ ਘਰਾਂ ਨੂੰ ਚੱਲੀਏ। ਦਿਨ ਛਿਪਿਆ ਪਿਆ, ਇਨ੍ਹਾਂ ਨੂੰ ਉੱਤੋਂ ਹੱਸਣ ਦੀ ਪਈ ਐ।”
ਬਾਬੇ ਦੇ ਕਹਿਣ ‘ਤੇ ਸਾਰੇ ਸੱਥ ਵਾਲੇ ਤੇਜੇ ਫਾਂਚੇ ਦੀ ਬੋਤਲ ਵਾਲੀ ਗੱਲ ਤੋਂ ਹੱਸਦੇ ਹੱਸਦੇ ਆਪੋ ਆਪਣੇ ਘਰਾਂ ਨੂੰ ਤੁਰ ਗਏ।

LEAVE A REPLY