walia-bigਪੰਜਾਬ ਵਿਚ ਚੋਣਾਂ ਦਾ ਦੰਗਲ ਭਖ ਗਿਆ ਹੈ। ਬਿਗਲ ਵੱਜਣ ਤੋਂ ਪਹਿਲਾਂ ਹੀ ਪੂਰੀ ਤਰ੍ਹਾਂ ਭਖ ਗਿਆ ਹੈ। 2017 ਵਿਚ ਹੋਣ ਵਾਲੀਆਂ ਚੋਣਾਂ ਇਸ ਲਈ ਵੀ ਅਹਿਮ ਹਨ ਕਿ ਇਸ ਵਾਰ ਪਹਿਲੀ ਵਾਰ ਤਿਕੋਨਾਂ ਮੁਕਾਬਲਾ ਹੋਣ ਜਾ ਰਿਹਾ ਹੈ। ਅਕਾਲੀ-ਭਾਜਪਾ ਅਤੇ ਕਾਂਗਰਸ ਵਿਚਾਲੇ ‘ਤੂੰ ਉਤਰ ਕਾਟੋ ਮੈਂ ਚੜ੍ਹਨਾ’ ਵਾਲੀ ਖੇਡ ਹੁਣ ਖਤਮ ਹੋਣ ਜਾ ਰਹੀ ਹੈ। ਪੰਜਾਬ ਦੀ ਸਿਆਸੀ ਗਰਾਮਰ ਬਦਲਣ ਜਾ ਰਹੀ ਹੈ। ਪੰਜਾਬ ਦੀ ਸਿਆਸਤ ਦੇ ਮੁਹਾਵਰੇ ਵਿਚ ਤਬਦੀਲੀ ਹੁੰਦੀ ਦਿਖਾਈ ਦੇ ਰਹੀ ਹੈ। ਸ੍ਰੀ ਮੁਕਤਸਰ ਦੀ ਮਾਘੀ ਕਾਨਫਰੰਸ ਤੋਂ ਬਾਅਦ ਅਕਾਲੀ ਅਤੇ ਕਾਂਗਰਸੀ ਆਮ ਆਦਮੀ ਪਾਰਟੀ ਦੀ ਚੜ੍ਹਤ ਤੋ ਖਾਰ ਖਾਣ ਲੱਗੇ ਹਨ। ਫਰਵਰੀ ਅਤੇ ਅਪ੍ਰੈਲ ਵਿਚ ਹੋਏ ਚੋਣ ਸਰਵੇਖਣ ਵੀ ਆਪ ਦੀ ਚੜ੍ਹਤ ਦੀ ਗਵਾਹੀ ਭਰੀ ਹੈ। ਸੀ-ਵੋਟਰ ਦੇ ਸਰਵੇਖਣ ਅਨੁਸਾਰ ਆਪ ਨੂੰ ਕੁੱਲ 117 ਸੀਟਾਂ ਵਿਚੋਂ 94-100 ਸੀਟਾਂ ਮਿਲਣ ਦੀ ਆਸ ਹੈ। ਇਸ ਸਰਵੇਖਣ ਅਨੁਸਾਰ ਕਾਂਗਰਸ 8-14 ਅਤੇ ਸ਼੍ਰੋਮਣੀ ਅਕਾਲੀ ਦਲ 6-12 ਵਿਧਾਨ ਸਭਾ ਹਲਕਿਆਂ ਵਿਚ ਜਿੱਤ ਪ੍ਰਾਪਤ ਕਰ ਸਕਦੇ ਹਨ। ਆਮ ਆਦਮੀ ਪਾਰਟੀ ਦੇ ਲੀਡਰ ਵੀ ਪੰਜਾਬ ਵਿਚ ਦਿੱਲੀ ਵਾਲੇ ਨਤੀਜਿਆਂ ਦੀ ਆਸ ਰੱਖੀ ਬੈਠੇ ਹਨ।
ਇਸ ਸਰਵੇ ਅਨੁਸਾਰ ਪੰਜਾਬ ਦੇ ਜ਼ਿਆਦਾ ਗਿਣਤੀ (59 ਫੀਸਦੀ) ਵਿਚ ਲੋਕ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਵੇਖਣਾ ਚਾਹੁੰਦੇ ਹਨ। 35 ਫੀਸਦੀ ਕੈਪਟਨ ਅਮਰਿੰਦਰ ਸਿੰਘ ਅਤੇ 7 ਫੀਸਦੀ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇ ਤੌਰ ‘ਤੇ ਵੇਖਦੇ ਹਨ। ਇਸ ਸਰਵੇਖਣ ਅਨੁਸਾਰ ਅੱਜ ਪੰਜਾਬ ਦੀਆਂ ਚੋਣਾਂ ਹੋਣ ਦੀ ਸੂਰਤ ਵਿਚ ਆਪ ਨੂੰ 48 ਫੀਸਦੀ ਵੋਟਾਂ ਮਿਲਣ ਦੀ ਆਸ ਹੈ।
ਆਪ ਨੂੰ ਟੱਕਰ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਆਪਣੇ ਪਰ ਤੋਲ ਰਹੀ ਹੈ। ਬਿਹਾਰ ਵਿਚ ਕਾਂਗਰਸ ਦਾ ਵਧੀਆ ਪ੍ਰਦਰਸ਼ਨ ਕਾਂਗਰਸੀਆਂ ਦੀ ਢਾਰਸ ਬੰਨ੍ਹ ਰਿਹਾ ਹੈ। ਉਧਰ ਪੰਜਾਬ ਪੀਪਲਜ਼ ਪਾਰਟੀ ਦਾ ਕਾਂਗਰਸ ਵਿਚ ਰਲੇਵਾਂ ਵੀ ਪੰਜਾਬ ਕਾਂਗਰਸ ਲਈ ਸ਼ੁਭ ਸੰਕੇਤ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ 5 ਫੀਸਦੀ ਵੋਟਾਂ ਲੈ ਗਈ ਸੀ। ਇਹਨਾਂ 5 ਫੀਸਦੀ ਵੋਟਾਂ ਕਾਰਨ ਹੀ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣ ਵਿਚ ਕਾਮਯਾਬ ਹੋਇਆ ਸੀ। ਕਾਂਗਰਸ ਬਹੁਜਨ ਸਮਾਜ ਪਾਰਟੀ ਨਾਲ ਵੀ ਗੱਠਜੋੜ ਕਰਨ ਦਾ ਯਤਨ ਕਰ ਰਹੀ ਹੈ। ਬੀ. ਐਸ. ਪੀ. ਨੇ ਪਿਛਲੀ ਵਾਰ 2 ਫੀਸਦੀ ਵੋਟਾਂ ਲਈਆਂ ਸਨ ਅਤੇ ਕਈ ਵਿਧਾਨ ਸਭਾ ਹਲਕਿਆਂ ਵਿਚ ਬੀ. ਐਸ. ਪੀ. ਦੀ ਸਥਿਤੀ ਕਾਫੀ ਤਕੜੀ ਹੈ। ਕੈਪਟਨ ਅਮਰਿੰਦਰ ਸਿੰਘ ਬੀ. ਐਸ. ਪੀ. ਨਾਲ ਸਮਝੌਤਾ ਕਰਨ ਦੇ ਇਛੁੱਕ ਹਨ। ਇਸ ਤਰ੍ਹਾਂ ਸੀ. ਪੀ. ਆਈ. ਦੇ ਡਾਕਟਰ ਜੋਗਿੰਦਰ ਦਿਆਲ ਨਾਲ ਕੈਪਟਨ ਦੇ ਨਿੱਜੀ ਸਬੰਧ ਹਨ ਅਤੇ ਡਾ. ਦਿਆਲ ਰਾਹੀਂ ਖੱਬੇ ਪੱਖੀਆਂ ਨਾਲ ਵੀ ਕੈਪਟਨ ਸਮਝੌਤਾ ਕਰ ਸਕਦੇ ਹਨ। ਦੂਜੇ ਪਾਸੇ ਕਾਂਗਰਸ ਪਾਰਟੀ ਵਿਚੋਂ ਕੱਢੇ ਗਏ ਜਗਮੀਤ ਬਰਾੜ ਅਤੇ ਬੀਰਦਵਿੰਦਰ ਸਿੰਘ ਕਾਂਞਰਸ ਦੇ ਅੰਦਰੂਨੀ ਕਾਟੋ ਕਲੇਸ਼ ਨੂੰ ਜੱਗ ਜਾਹਿਰ ਕਰ ਰਹੇ ਹਨ। ਕਾਂਗਰਸ ਦਾ ਬੇੜਾ ਪਾਰ ਕਰਨ ਲਈ ਰਾਹੁਲ ਗਾਂਧੀ ਵੱਲੋਂ ਭੇਜਿਆ ਪ੍ਰਸ਼ਾਂਤ ਕਿਸ਼ੋਰ ਵੀ ਦਿਨ ਰਾਤ ਇਕ ਕਰ ਰਿਹਾ ਹੈ। ਆਪ ਵੱਲੋਂ ਚੱਲੀਆਂ ਜਾ ਰਹੀਆਂ ਚਾਲਾਂ ਦਾ ਜਵਾ ਪ੍ਰਸ਼ਾਂਤ ਕਿਸ਼ੋਰ ਵੱਲੋਂ ਬਣਾਈਆਂ ਜੁਗਤਾਂ ਨਾਲ ਦਿੱਤਾ ਜਾ ਰਿਹਾ ਹੈ। ਕੌਫੀ ਵਿਦ ਕੈਪਟਨ, ਕਾਲਜਾਂ ਵਿਚ ਜਾ ਕੇ ਨੌਜਵਾਨਾਂ ਨੂੰ ਮਿਲਣ ਦਾ ਪ੍ਰੋਗਰਾਮ ਅਤੇ ਪ੍ਰਵਾਸੀ ਪੰਜਾਬੀਆਂ ਨਾਲ ਰਾਬਤਾ ਰੱਖਣ ਵਾਲੀਆਂ ਸਲਾਹਾਂ ਕਾਂਗਰਸੀ ਰਣਤੀਕੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ। ਜਗਮੀਤ ਬਰਾੜ ਨੂੰ ਵੀ ਉਸ ਦੀ ਸਲਾਹ ਨਾਲ ਕੱਢਿਆ ਗਿਆ ਹੈ। ਹਾਲਾਂਕਿ ਬੀਰਦਵਿੰਦਰ ਨੂੰ ਇਹ ਰਣਨੀਤੀਕਾਰ ਕਿਸੇ ਨੀਤੀ ਅਧੀਨ ਮੁੜ ਕਾਂਗਰਸ ਵਿਚ ਸਰਗਰਮ ਕਰਨ ਲਈ ਯਤਨਸ਼ੀਲ ਹੈ। ਭਾਵੇਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਜਿਤਾਉਣ ਲਈ ਪੂਰਾ ਟਿੱਲ ਲਾਵੇਗਾ ਪਰ ਅਜੇ ਹਾਲਾਤ ਕਾਂਗਰਸ ਪੱਖੀ ਨਹੀਂ ਲੱਗ ਰਹੇ।
ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਵੀ ਤੀਜੀ ਪਾਰੀ ਖੇਡਣ ਲਈ ਪੂਰਾ ਜ਼ੋਰ ਲਾ ਰਿਹਾ ਹੈ। ਵਿਕਾਸ ਦੇ ਨਾਂ ਤੇ ਵੋਟਾਂ ਮੰਗਣ ਦੀ ਗੱਲ ਮੀਡੀਆ ਵਿਚ ਪ੍ਰਚਾਰੀ ਜਾ ਰਹੀ ਹੈ। ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਨੂੰ ਕੇਂਦਰ ਸਰਕਾਰ ਦੇ ਗਲ਼ ਪਾਉਣ ਦੀ ਕੋਸ਼ਿਸ਼ ਜਾਰੀ ਹੈ। ਸਤਲੁਜ-ਯਮੁਨਾ ਲਿੰਕ ਨਹਿਰ ਹੇਠ ਆਈਆਂ ਜ਼ਮੀਨਾਂ ਕਿਸਾਨਾਂ ਨੂੰ ਵਾਪਸ ਕਰਨ ਵਾਲਾ ਬਿਲ ਪਾਸ ਕਰਕੇ ਵੱਡੀ ਚਾਲ ਚੱਲੀ ਗਈ ਹੈ। ਹਜ਼ਾਰਾਂ ਦੀ ਗਿਣਤੀ ਵਿਚ ਨੌਕਰੀਆਂ ਦੇਣ ਦੇ ਇਸ਼ਤਿਹਾਰ ਅਖਬਾਰਾਂ ਵਿਚ ਦਿੱਤੇ ਜਾ ਰਹੇ ਹਨ। ਪੁਲਿਸ ਮੁਲਾਜ਼ਮਾਂ ਨੂੰ ਵੱਡੀ ਤਾਦਾਦ ਵਿਚ ਤਰੱਕੀਆਂ ਦਿੱਤੀਆਂ ਗਈਆਂ ਹਨ। ਸੰਗਤ ਦਰਸ਼ਨਾਂ ਦੌਰਾਨ ਅਤੇ ਕੈਬਨਿਟ ਦੀਆਂ ਮੀਟਿੰਗਾਂ ਵਿਚ ਨਿੱਤ ਨਵੀਆਂ ਸਹੂਲਤਾਂ ਦੇਣ ਦੇ ਐਲਾਨ ਕੀਤੇ ਜਾ ਰਹੇ ਹਨ। ਇਹ ਵੀ ਚਰਚਾ ਹੈ ਕਿ 70 ਵਿਧਾਨ ਸਭਾ ਹਲਕਿਆਂ ਨੂੰ ਚੁਣ ਕੇ 20 ਕਰੋੜ ਪ੍ਰਤੀ ਹਲਕਾ ਖਰਚ ਕਰਨ ਦਾ ਨਿਰਣਾ ਲਿਆ ਗਿਆ ਹੈ। ਸਰਕਾਰ ਬਣਾਉਣ ਲਈ ਤਾਂ 59 ਸੀਟਾਂ ਦੀ ਲੋੜ ਹ ੈ ਅਤੇ ਇਹਨਾਂ ਸੱਤਰਾਂ ਵਿਚੋਂ 60 ਸੀਟਾਂ ਕੱਢਣ ਲਈ ਹਰ ਹੀਲਾ ਵਰਤਿਆ ਜਾਵੇਗਾ। ਭਾਵੇਂ ਅਕਾਲੀ ਦਲ ਉਤੇ ਬਾਦਲ ਜੋੜੀ ਦਾ ਪੂਰਾ ਕੰਟਰੋਲ ਹੈ ਪਰ ਫਿਰ ਵੀ ਪਰਗਟ ਸਿੰਘ ਦੀ ਬਗਾਵਤ ਨੇ ਬਾਦਲਾਂ ਨੂੰ ਬੇਚੈਨ ਕੀਤਾ ਹੈ।     ਇਸ ਤੋਂ ਪਹਿਲਾਂ ਰਾਜ ਗਾਇਕ ਹੰਸ ਰਾਜ ਹੰਸ ਵੱਲੋਂ ਅਕਾਲੀ ਦਲ ਨੂੰ ਅਲਵਿਦਾ ਕਹਿਣਾ ਸ਼੍ਰੋਮਣੀ ਅਕਾਲੀ ਦਲ ਦੀ ਉਸ ਪਰਤ ਵੱਲ ਸੰਕੇਤ ਕਰਦਾ ਹੈ, ਜਿਸ ਵਿਚ ਬੇਚੈਨੀ, ਬੇਕਰਾਰੀ, ਬੇਕਦਰੀ ਅਤੇ ਬਗਾਵਤ ਦੀਆਂ ਕਨਸੋਆਂ ਸੁਣਾਈ ਦਿੰਦੀਆਂ ਹਨ। ਇਸੇ ਤਰ੍ਹਾਂ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਹਾਲਾਤ ਹਨ। ਨਵਜੋਤ ਸਿੱਧੂ ਨੂੰ ਭਾਵੇਂ ਰਾਜ ਸਭਾ ਵਿਚ ਭੇਜ ਦਿੱਤਾ ਹੈ ਪਰ ਨਵਜੋਤ ਕੌਰ ਸਿੱਧੂ ਅਜੇ ਵੀ ਉਚੀ ਸੁਰ ਵਿਚ ਅਕਾਲੀਆਂ ਦੇ ਵਿਰੁੱਧ ਬੋਲ ਰਹੀ ਹੈ।
ਪੰਜਾਬ ਦੇ ਅਜਿਹੇ ਸਿਆਸੀ ਹਾਲਾਤ ਵਿਚ ਆਮ ਆਦਮੀ ਪਾਰਟੀ ਬਹੁਤ ਗਰਮਜੋਸ਼ੀ ਨਾਲ ਆਪਣੇ ਪ੍ਰਚਾਰ ਵਿਚ ਲੱਗੀ ਹੋਈ ਹੈ। ਆਪ ਨੂੰ ਇਹ ਗੱਲ ਤਾਂ ਸਪਸ਼ਟ ਨਜ਼ਰ ਆ ਰਹੀ ਹੈ ਕਿ ਪੰਜਾਬ ਦੇ ਲੋਕ ਤਬਦੀਲੀ ਚਾਹੁੰਦੇ ਹਨ। ਇਸ ਕਾਰਨ ਉਹ ਦਿੱਲੀ ਵਾਲੇ ਪੈਂਤੜੇ ਅਜ਼ਮਾ ਰਹੇ ਹਨ। ਆਪ ਨੇ ਪੰਜਾਬ ਦੀ ਲੜਾਈ ਜਿੱਤਣ ਲਈ ਨੌਜਵਾਨ ਰਣਨੀਤੀਕਾਰਾਂ ਦੀ ਪੂਰੀ ਟੀਮ ਕੰਮ ‘ਤੇ ਲਗਾ ਰੱਖੀ ਹੈ। ਇਸ ਟੀਮ ਵਿਚ ਸਟੈਂਡਫੋਰਡ ਯੂਨੀਵਰਸਿਟੀ ਵਿਖੇ ਫਿਜ਼ੀਕਸ ਵਿਸ਼ੇ ‘ਤੇ ਪੀ. ਐਚ. ਡੀ. ਕਰ ਰਿਹਾ ਰੱਘੂ ਮਹਾਜਨ ਸ਼ਾਮਲ ਹੈ। ਰੱਘੂ ਆਈ. ਆਈ. ਟੀ. ਦਾ ਟਾਪਰ ਰਿਹਾ ਹੈ। ਇਸੇ ਤਰ੍ਹਾਂ ਫਰ ਵਰਿੰਦਰਾ ਵੀ ਟੀਮ ਦਾ ਮੈਂਬਰ ਹੈ। ਵਰਿੰਦਰਾ ਕੈਂਬਰੇਜ਼ ਯੂਨੀਵਰਸਿਟੀ ਤੋਂ ਪੜ੍ਹਿਆ ਹੈ। ਗੁਰਵਿੰਦਰ ਸਿੰਘ ਵੈਰਿੰਗ ਨੇ ਐਕਸਫੋਰਡ ਤੋਂ ਐਮ. ਬੀ. ਏ. ਕੀਤੀ ਹੈ। ਅਰੁਨ ਖੰਨਾ ਵੀ ਕੰਪਿਊਟਰ ਹਾਰਡਵੇਅਰ ਦਾ ਮਾਹਿਰ ਹੈ। ਇਹ ਅਜਿਹੇ ਨੀਤੀਘਾੜੇ ਹਨ ਜੋ ਪੰਜਾਬ ਵਿਚ ਇਮਾਨਦਾਰ ਸਿਆਸੀ ਬਦਲਾਅ ਲਿਆਉਣ ਦੇ ਇਰਾਦੇ ਨਾਲ ਕੰਮ ਕਰ ਰਹੇ ਹਨ। ਦਿੱਲੀ ਦੇ ਮਾਡਲ ਨੂੰ ਪੰਜਾਬ ਵਿਚ ਲਾਗੂ ਕਰਨ ਲਈ ਸੰਜੇ ਸਿੰਘ ਨਾਲ ਅਸ਼ੀਸ਼ ਖੇਤਾਨ ਅਤੇ ਦੁਰਮੇਸ਼ ਪਾਠਕ ਵਰਗੇ ਅਨੇਕਾਂ ਲੋਕ ਲੱਗੇ ਹਨ। ਪਰਟੀ ਦੀ ਨਵੀਂ ਬਣੀ 30 ਮੈਂਬਰੀ ਕਾਰਜਕਾਰਨੀ ਵਿਚ ਪੰਜਾਬ ਦੀ ਚੰਗੀ ਹਿੱਸੇਦਾਰੀ ਹੈ। ਪਾਰਲੀਮੈਂਟ ਚੋਣਾਂ ਵਿਚ ਪੰਜਾਬ ਵਿਚੋਂ ਪਾਰਟੀ 24 ਫੀਸਦੀ ਵੋਟਾਂ ਲੈ ਗਈ ਸੀ। ਇਸੇ ਗੱਲ ਤੋਂ ਪ੍ਰੇਰਿਤ ਹੋ ਕੇ ਪਾਰਟੀ ਪੂਰੇ ਉਤਸ਼ਾਹ ਨਾਲ ਪੰਜਾਬ ਵਿਚ ਲੱਗੀ ਹੋਈ ਹੈ। ਆਪ ਦੀ ਲੀਡਰਸ਼ਿਪ ਚੰਗੀ ਤਰ੍ਹਾਂ ਜਾਣਦੀ ਹੈ ਕਿ ਪੰਜਾਬ ਦੇ ਲੋਕ ਤਬਦੀਲੀ ਚਾਹੁੰਦੇ ਹਨ। ਆਪ ਨੂੰ ਇਹ ਵੀ ਪਤਾ ਹੈ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਤੋਂ ਦੁਖੀ ਹਨ। ਇੱਥੋਂ ਤੱਕ ਕਿ ਅਕਾਲੀ ਦਲ ਦੇ ਵਰਕਰ ਅਤੇ ਹਮਦਰਦ ਵੀ ਵੱਡੀ ਗਿਣਤੀ ਵਿਚ ਨਰਾਜ਼ ਹਨ। ਕੋਈ ਨਰਾਜ਼ ਅਕਾਲੀ ਕਾਂਗਰਸ ਨੁੰ ਵੋਟ ਨਹੀਂ ਪਾ ਸਕਦਾ। 84 ਦੇ ਜ਼ਖਮ ਅਜੇ ਸਿੱਖਾਂ ਨੂੰ ਭੁੱਲੇ ਨਹੀਂ। ਸੋ ਅਜਿਹੇ ਨਰਾਜ਼ ਸਿੱਖ ਆਪ ਵੱਲ ਆ ਸਕਦੇ ਹਨ। ਦੂਜੇ ਨਰਾਜ਼ ਕਾਂਗਰਸੀ ਵੀ ਅਕਾਲੀਆਂ ਨੂੰ ਵੋਟ ਪਾਉਂਦੇ, ਉਹ ਵੀ ਆਪ ਦੀ ਝੋਲੀ ਵਿਚ ਜਾ ਸਕਦੇ ਹਨ।
ਅਰਵਿੰਦ ਕੇਜਰੀਵਾਲ ਅਤੇ ਸੰਜੇ ਸਿੰਘ ਵਰਗੇ ਲੀਡਰਾਂ ਦਾ ਵਿਦਰੋਹੀ ਅੰਦਾਜ਼ ਪੰਜਾਬੀਆਂ ਨੂੰ ਪਸੰਦ ਹੈ। ਜਿਸ ਢੰਗ ਨਾਲ ਆਪ ਦੇ ਲੀਡਰ ਡਰੱਗ ਮਾਫੀਆ, ਲੈਂਡ ਮਾਫੀਆ, ਰੇਤ ਮਾਫੀਆ ਅਤੇ ਕੇਬਲ ਮਾਫੀਆ ਦੇ ਖਿਲਾਫ ਬੋਲਦੇ ਹਨ, ਉਹ ਢੰਗ ਆਮ ਪੰਜਾਬੀ ਨੂੰ ਕਾਇਲ ਕਰ ਜਾਂਦਾ ਹੈ। ਆਪ ਕੋਲ ਸੋਸ਼ਲ ਮੀਡੀਆ ‘ਤੇ ਪ੍ਰਚਾਰ ਕਰਨ ਲਈ ਸੈਂਕੜੇ ਵਲੰਟੀਅਰ ਹਨ, ਜੋ ਨਾ ਤਾਂ ਕਾਂਗਰਸ ਕੋਲ ਹਨ ਅਤੇ ਨਾ ਹੀ ਅਕਾਲੀਆਂ ਕੋਲ। ਇਸੇ ਸੋਸ਼ਲ ਮੀਡੀਆ ਕਾਰਨ ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨੂੰ ਆਪਣੇ ਨਾਲ ਜੋੜਨ ਵਿਚ ਕਾਮਯਾਬ ਹੋ ਰਹੀ ਹੈ ਆਮ ਆਦਮੀ ਪਾਰਟੀ। ਸਿਆਸੀ ਮਾਹਿਰ ਇਹ ਵੀ ਕਹਿ ਰਹੇ ਹਨ ਕਿ ਹਰਿਆਣਾ ਵਾਂਗ ਮੁੱਖ ਮੰਤਰੀ ਦਾ ਨਾਮ ਚੋਣਾਂ ਤੋਂ ਪਹਿਲਾਂ ਨਾ ਐਲਾਨਣ ਦਾ ਫਾਇਦਾ ਵੀ ਹੋ ਸਕਦਾ ਹੈ। ਇਉਂ ਸਾਰੇ ਵੱਡੇ ਲੀਡਰ ਪੂਰੇ ਉਤਸ਼ਾਹ ਨਾਲ ਚੋਣ ਪ੍ਰਚਾਰ ਵਿਚ ਲੱਗੇ ਰਹਿਣਗੇ। ਮੁੱਖ ਮੰਤਰੀ ਦੇ ਨਾਮ ਨੂੰ ਐਲਾਨਣ ਤੋਂ ਬਾਅਦ ਕੁਝ ਕੁ ਚਾਹਵਾਨਾਂ ਦਾ ਉਤਸ਼ਾਹ ਮੱਠਾ ਪੈ ਸਕਦਾ ਹੈ। ਇਸੇ ਤਰ੍ਹਾਂ ਦੀ ਜੁਗਤ ਨੂੰ ਪਾਰਟੀ ਬਾਕੀ ਹਲਕਿਆਂ ਵਿਚ ਵੀ ਅਜਮਾਉਣਾ ਚਾਹੁੰਦੀ ਹੈ। ਪਾਰਟੀ ਆਪਣੇ ਉਮੀਦਵਾਰ ਐਲਾਨਣ ਤੋਂ ਪਹਿਲਾਂ ਪੂਰਾ ਮਾਹੌਲ ਆਪ ਪੱਖੀ ਬਣਾਉਣਾ ਚਾਹੇਗੀ। ਫਿਰ ਟਿਕਟ ਨਾ ਮਿਲਣ ਦੀ ਸਰਤ ਵਿਚ ਲੋਕ ਬਗਾਵਤ ਨਹੀਂ ਕਰ ਸਕਣਗੇ। ਪਾਰਟੀ ਹੁਣ ਵੱਡੇ ਨਾਵਾਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਤੋਂ ਝਿਜਕ ਰਹੀ ਹੈ ਤਾਂ ਕਿ ਆਪ ਵਰਕਰ ਦਾ ਉਤਸ਼ਾਹ ਮੱਠਾ ਨਾ ਪਵੇ। ਪੰਜਾਬ ਡਾਇਲਾਗ ਪ੍ਰੋਗਰਾਮ ਅਧੀਨ ਆਮ ਆਦਮੀ ਪਾਰਟੀ ਕਿਸਾਨਾਂ, ਨੌਜਵਾਨਾਂ, ਵਪਾਰੀਆਂ ਅਤੇ ਸਮਾਜ ਦੇ ਵਰਗ ਦੇ ਲੋਕਾਂ ਨਾਲ ਸੰਵਾਦ ਰਚਨ ਮੈਨੀਫੈਸਟੋ ਤਿਆਰ ਕਰ ਰਹੀ ਹੈ। ਪਾਰਟੀ ਨੇ ਬੂਥ ਪੱਧਰ ਤੱਕ ਆਪਣੇ ਆਪ ਨੂੰ ਸੰਗਠਿਤ ਕਰ ਲਿਆ ਹੈ। ਪਾਰਟੀ ਦਲਿਤ ਵੋਟ ‘ਤੇ ਵੀ ਨਜ਼ਰ ਰੱਖ ਰਹੀ ਹੈ। ਗੱਲ ਕੀ ਆਮ ਆਦਮੀ ਪਾਰਟੀ ਪੰਜਾਬ ਅਸੈਂਬਲੀ ਜਿੱਤਣ ਲਈ ਪੂਰੀ ਤਰ੍ਹਾਂ ਕਮਰਕੱਸੇ ਬੰਨ੍ਹੀ ਬੈਠੀ ਹੈ।
ਆਮ ਆਦਮੀ ਪਾਰਟੀ ਦੀਆਂ ਚੋਣਾਂ ਲੜਨ ਦੀਆਂ ਜੁਗਤਾਂ ਅਤੇ ਪੈਂਤੜਿਆਂ ਨੇ ਵਿਰੋਧੀ ਪਾਰਟੀਆਂ ਨੂੰ ਆਪਣੀਆਂ ਨੀਤੀਆਂ ਬਦਲਣ ਲਈ ਮਜਬੂਰ ਕਰ ਦਿੱਤਾ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਪੰਜਾਬ ਦਾ ਵੋਟਰ ਖੁਦ ਮੈਨੀਫੈਸਟੋ ਤਿਆਰ ਕਰਨ ਵਿਚ ਯੋਗਦਾਨ ਦੇਵੇਗਾ। ਇਉਂ ਪੰਜਾਬ ਦੇ ਵੋਟਰ ਹੋਰ ਚੇਤੰਨ ਅਤੇ ਜਾਗਰੂਕ ਹੋਣਗੇ। ਇਹੀ ਜਾਗਰੂਕਤਾ ਪੰਜਾਬ ਦੇ ਭਵਿੱਖ ਨੂੰ ਸੁਨਹਿਰਾ ਬਣਾਵੇਗੀ।

LEAVE A REPLY