Editorial1ਇਸ ਵੇਲੇ ਤੁਹਾਡੇ ਫ਼ੋਨ ‘ਤੇ ਕਿੰਨੀਆਂ ਕੁ ਤਸਵੀਰਾਂ ਹੋਣਗੀਆਂ? ਇੱਕ ਅਨੁਮਾਨ ਅਨੁਸਾਰ, ਅੱਜਕੱਲ੍ਹ ਮਨੁੱਖ ਹਰ ਸਾਲ ਇੱਕ ਟ੍ਰਿਲੀਅਨ ਫ਼ੋਟੋਆਂ ਖਿੱਚ ਰਹੇ ਨੇ। ਆਪਣੇ ਇਸ ਅੰਕੜੇ ਨੂੰ ਕਿਸੇ ਸੰਦਰਭ ਵਿੱਚ ਪੇਸ਼ ਕਰਨ ਲਈ ਮੈਂ ਇਹ ਕਹਿ ਸਕਦਾਂ ਕਿ ਅੱਜ ਦੀ ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਅਸੀਂ ਕੁਝ ਹੀ ਮਿੰਟਾਂ ਵਿੱਚ ਇੰਨੀਆਂ ਤਸਵੀਰਾਂ ਖਿੱਚ ਲੈਂਦੇ ਹਾਂ ਜਿੰਨੀਆਂ ਅਸੀਂ ਸ਼ਾਇਦ ਪੂਰੀ 19ਵੀਂ ਸਦੀ ਵਿੱਚ ਵੀ ਨਹੀਂ ਖਿੱਚੀਆਂ ਹੋਣੀਆਂ। ਅਤੇ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਫ਼ੋਟੋਆਂ ਸੈਲਫ਼ੀਜ਼ ਹੁੰਦੀਆਂ ਹਨ – ਸਵੈ-ਚਿੱਤਰ, ਜੋ ਆਮ ਤੌਰ ‘ਤੇ ਸਮਾਰਟਫ਼ੋਨਾਂ ਨਾਲ ਖਿੱਚੇ ਜਾਂਦੇ ਹਨ। ਔਕਸਫ਼ਰਡ ਡਿਕਸ਼ਨਰੀਆਂ ਦੇ ਸੰਪਾਦਕ ਸ਼ਬਦ ਸੈਲਫ਼ੀ ਨੂੰ ਇੱਕ ‘ਅਨਿਯਮਿਤ ਨਾਂਵ’ (informal noun) ਕਹਿੰਦੇ ਹਨ ਅਤੇ ਉਹ ਇਸ ਨੂੰ ”ਖ਼ੁਦ ਦੀ ਖਿੱਚੀ ਹੋਈ ਇੱਕ ਤਸਵੀਰ …” ਪ੍ਰਭਾਸ਼ਿਤ ਕਰਦੇ ਹਨ, ਖ਼ਾਸ ਤੌਰ ‘ਤੇ ” … ਸਮਾਰਟਫ਼ੋਨ ਜਾਂ ਵੈੱਬਕੈਮ ਨਾਲ ਖਿੱਚੀ ਹੋਈ ਅਤੇ ਕਿਸੇ ਸੋਸ਼ਲ ਮੀਡੀਆ ਵੈੱਬਸਾਈਟ ‘ਤੇ ਅੱਪਲੋਡ ਕੀਤੀ ਹੋਈ ਇੱਕ ਤਸਵੀਰ …।”
ਸੈਲਫ਼ੀ ਬਾਰੇ ਕੁਝ ਰੋਚਕ ਤੱਥ
ਪਹਿਲੀ ਫ਼ੋਟੋਗ੍ਰੈਫ਼ਿਕ ‘ਸੈਲਫ਼ੀ’ ਰੌਬਰਟ ਕੌਰਨੈਲੀਅਸ ਵਲੋਂ 1839 ਵਿੱਚ ਖਿੱਚੀ ਗਈ ਸੀ। ਅੱਜ ਦੀ ਤਾਰੀਖ਼ ਵਿੱਚ ਹੁਣ ਤਕ, ਇਹ ਸਤਰਾਂ ਟਾਈਪ ਕਰਨ ਵਕਤ ਤਕ, 288,527,850 ਇੰਸਟਾਗ੍ਰੈਮ ਫ਼ੋਟੋਆਂ ‘ਤੇ #selfie ਦਾ ਹੈਸ਼ਟੈਗ ਲੱਗਾ ਹੋਇਆ ਹੈ। ਇੱਕ ਘੰਟੇ ਵਿੱਚ ਖਿੱਚੀਆਂ ਗਈਆਂ ਸਭ ਤੋਂ ਵੱਧ ਸੈਲਫ਼ੀਆਂ ਦੀ ਗਿਣਤੀ 657 ਹੈ। ਫ਼ੋਟੋਆਂ ਵਿੱਚੋਂ ਸਭ ਤੋਂ ਵੱਧ ਮੁੱਲ ਵੀ ਇੱਕ ਸੈਲਫ਼ੀ ਤਸਵੀਰ ਨੇ ਹੀ ਆਕਰਸ਼ਿਤ ਕੀਤਾ ਸੀ। ਇਹ ਸੀ ਸਿੰਡੀ ਸ਼ਰਮਨ ਦੀ ਸੈਲਫ਼ੀ ਦਾ ਇੱਕ ਪ੍ਰਿੰਟ ਜੋ ਕਿ ਅੰਤਰਰਾਸ਼ਟਰੀ ਔਕਸ਼ਨ ਹਾਊਸ ਕ੍ਰਿਸਟੀਜ਼ ਵਲੋਂ 3.9 ਮਿਲੀਅਨ ਡੌਲਰ ਦੀ ਕੀਮਤ ਵਿੱਚ ਵੇਚਿਆ ਗਿਆ ਸੀ। ਵਿਸ਼ਵ ਦੀਆਂ ਸਭ ਤੋਂ ਵੱਧ ਸੈਲਫ਼ੀਆਂ ਫ਼ਿਲੀਪੀਨਜ਼ ਦੇ ਮਕੈਟੀ ਸਿਟੀ ਵਿੱਚ ਖਿੱਚੀਆਂ ਜਾਂਦੀਆਂ ਹਨ ਅਤੇ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਨਿਊ ਯੌਰਕ ਸਿਟੀ ਦੀ। ਸ਼ਬਦ ਸੈਲਫ਼ੀ ਔਕਸਫ਼ਰਡ ਤੇ ਮਰੀਅਮ ਵੈੱਬਸਟਰ ਡਿਕਸ਼ਨਰੀਆਂ ਦੀ ਅਧਿਕਾਰਕ ਜ਼ੀਨਤ ਹਾਲੇ ਪਿੱਛਲੇ ਸਾਲ ਹੀ ਬਣਿਆ ਹੈ। ਤੇ ਜੇ ਹੁਣ ਤਕ ਤੁਸੀਂ ਇਹ ਬੁੱਝ ਚੁੱਕੇ ਹੋ ਕਿ ਮਹਿਲਾਵਾਂ ਮਰਦਾਂ ਦੇ ਮੁਕਾਬਲੇ ਸੈਲਫ਼ੀ ਦੀਆਂ ਵਧੇਰੇ ਸ਼ੌਕੀਨ ਹੁੰਦੀਆਂ ਹਨ ਤਾਂ ਤੁਸੀਂ ਆਪਣੇ ਇਸ ਗੈੱਸ ਵਿੱਚ ਬਿਲਕੁਲ ਸਹੀ ਸੀ। ਪਰ ਧਿਆਨ ਨਾਲ, ਕੇਵਲ਼ 40 ਸਾਲ ਦੀ ਉਮਰ ਤਕ ਹੀ ਸਾਨੂੰ ਸੈਲਫ਼ੀ ਦੇ ਮਾਮਲੇ ਵਿੱਚ ਅਜਿਹਾ ਅਨੁਪਾਤ ਦੇਖਣ ਨੂੰ ਮਿਲੇਗਾ ਅਤੇ ਫ਼ਿਰ ਇਨ੍ਹਾਂ ਦੋਹਾਂ ਲਿੰਗਾਂ ਵਿਚਲਾ ਇਹ ਰੁਝਾਨ ਬਿਲਕੁਲ ਪਲਟੀ ਮਾਰ ਜਾਂਦੈ।
ਇੱਕ ਬਿਊਟੀ ਵੈੱਬਸਾਈਟ ਫ਼ੀਲਯੂਨੀਕ (FeelUnique) ਵਲੋਂ 2000 ਮਹਿਲਾਵਾਂ ਉੱਪਰ ਕਰਵਾਏ ਗਏ ਇੱਕ ਸਰਵੇਖਣ ਨੇ ਖ਼ੁਲਾਸਾ ਕੀਤਾ ਹੈ ਕਿ ਔਰਤਾਂ ਔਸਤਨ ਆਪਣੀਆਂ ਸੱਤ ਸੈਲਫ਼ੀਆਂ ਖਿੱਚਣ ਤੋਂ ਬਾਅਦ ਹੀ ਪੋਸਟ ਕਰਨ ਲਈ ਕਿਸੇ ਇੱਕ ਨੂੰ ਚੁਣਦੀਆਂ ਹਨ – ਅਤੇ, ਜਦੋਂ ਉਹ ਉਸ ਇੱਕ ਸੈਲਫ਼ੀ ਦੀ ਚੋਣ ਕਰ ਲੈਂਦੀਆਂ ਹਨ ਤਾਂ ਬਹੁਤੀ ਸੰਭਾਵਨਾ ਇਸੇ ਗੱਲ ਦੀ ਹੈ ਕਿ ਉਹ ਉਸ ਨੂੰ ਘੱਟੋ ਘੱਟ ਦੋ ਸੋਸ਼ਲ ਮੀਡੀਆ ਵੈੱਬਸਾਈਟਾਂ ‘ਤੇ ਜ਼ਰੂਰ ਅੱਪਲੋਡ ਕਰਨਗੀਆਂ। ਇਸ ਤੋਂ ਇਲਾਵਾ, ਇਸ ਸਰਵੇ ਦੇ ਕੁਝ ਹੋਰ ਇੰਕਸ਼ਾਫ਼ਾਤ ਬਹੁਤ ਹੀ ਜ਼ਿਆਦਾ ਹੈਰਾਨ ਤੇ ਪਰੇਸ਼ਾਨ ਕਰਨ ਵਾਲੇ ਹਨ। ਉਦਾਹਰਣ ਦੇ ਤੌਰ ‘ਤੇ, ਇਸ ਸਰਵੇਖਣ ਦੌਰਾਨ ਜਿਹੜੀਆਂ 16-25 ਸਾਲ ਦੀ ਉਮਰ ਦੀਆਂ ਮੁਟਿਆਰਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦੇ ਸੈੱਲ ਫ਼ੋਨ ਵਿੱਚ ਕਿੰਨੀਆਂ ਸੈਲਫ਼ੀਆਂ ਹਨ ਤਾਂ 10 ਪ੍ਰਤੀਸ਼ਤ ਲੜਕੀਆਂ ਅਜਿਹੀਆਂ ਸਨ ਜਿਨ੍ਹਾਂ ਦੇ ਫ਼ੋਨਾਂ ‘ਚੋਂ 150 ਤੋਂ ਵੱਧ ਸੈਲਫ਼ੀਆਂ ਨਿਕਲੀਆਂ, ਅਤੇ ਇਹ ਤੱਥ ਵੀ ਸਾਹਮਣੇ ਆਇਆ ਕਿ ਇੱਕ ਆਮ ਨੌਜਵਾਨ ਲੜਕੀ ਇੱਕ ਹਫ਼ਤੇ ਵਿੱਚ 5 ਘੰਟਿਆਂ ਦਾ ਵਕਤ ਆਪਣੀਆਂ ਖ਼ੁਦ ਦੀਆਂ ਤਸਵੀਰਾਂ ਉਤਾਰਣ ਵਿੱਚ ਬਤੀਤ ਕਰਦੀ ਹੈ।
ਇਸ ਅਧਿਐਨ ਨੇ ਮਹਿਲਾਵਾਂ ਦੇ ਇਸ ਵਿਸ਼ਵ ਵਿਆਪੀ ਸੈਲਫ਼ੀ ਇਸ਼ਕ ਪਿੱਛੇ ਛੁਪੇ ਕਾਰਨਾਂ ਵਿਚਲੇ ਕੁਝ ‘ਖੋਟੇ’ ਕਾਰਨ ਵੀ ਸਾਹਮਣੇ ਲਿਆਉਂਦੇ। ਮਿਸਾਲ ਵਜੋਂ, 14 ਪ੍ਰਤੀਸ਼ਤ ਮਹਿਲਾਵਾਂ ਨੇ ਇਹ ਮੰਨਿਆ ਕਿ ਉਹ ਸੈਲਫ਼ੀਆਂ ਸਿਰਫ਼ ਇਸ ਲਈ ਖਿੱਚਦੀਆਂ ਹਨ ਕਿਉਂਕਿ ਉਹ ਆਪਣੇ ਪ੍ਰਸ਼ੰਸਕਾਂ ਵਿੱਚੋਂ ਕਿਸੇ ਇੱਕ ਨੂੰ ਸਾੜਨਾ ਚਾਹੁੰਦੀਆਂ ਹਨ ਜਦੋਂ ਕਿ 15 ਪ੍ਰਤੀਸ਼ਤ ਲੜਕੀਆਂ ਦਾ ਇਹ ਮੰਨਣਾ ਸੀ ਕਿ ਜਾਣਬੁਝ ਕੇ ਆਪਣੀ ਕੋਈ ‘ਹੌਟ’ ਮੰਨੀ ਜਾਂਦੀ ਸੈਲਫ਼ੀ ਅੱਪਲੋਡ ਕਰਨ ਪਿੱਛੇ ਉਨ੍ਹਾਂ ਦੀ ਮਨਸ਼ਾ ਆਪਣੇ ‘ਐੱਕਸ’ (ਸਾਬਕਾ) ਬੋਆਏਫ਼੍ਰੈਂਡਜ਼ ਨੂੰ ਇਹ ਅਹਿਸਾਸ ਕਰਾਉਣਾ ਹੁੰਦਾ ਹੈ ਕਿ ਤੋੜ-ਵਿਛੋੜਾ ਕਰਨ ਵਿੱਚ ਘਾਟਾ ਕੇਵਲ ਉਨ੍ਹਾਂ ‘ਲੂਜ਼ਰਜ਼’ (ਨਿਖੱਟੂਆਂ) ਦਾ ਹੀ ਸੀ। ਖ਼ੁਸ਼ਕਿਸਮਤੀ ਨਾਲ, ਫ਼ੀਲ-ਯੂਨੀਕ ਵਲੋਂ ਕਰਵਾਏ ਗਏ ਇਸ ਸਰਵੇਖਣ ਵਿੱਚ ਸ਼ਾਮਿਲ 18 ਪ੍ਰਤੀਸ਼ਤ ਲੜਕੀਆਂ ਦਾ ਇਹ ਕਹਿਣਾ ਸੀ ਕਿ ਉਹ ਆਪਣੀਆਂ ਖ਼ੁਦ ਦੀਆਂ ਤਸਵੀਰਾਂ ਕੇਵਲ ਸਵੈ-ਵਿਸ਼ਵਾਸ ਦਾ ਉਹ ਹੁਲਾਰਾ ਹਾਸਿਲ ਕਰਨ ਲਈ ਲੈਂਦੀਆਂ ਹਨ ਜਿਹੜਾ ਉਨ੍ਹਾਂ ਨੂੰ ਆਪਣੀਆਂ ਸੈਲਫ਼ੀਆਂ ਅੱਪਲੋਡ ਕਰਨ ਉਪਰੰਤ ਮਿਲਦੈ!
ਇਸ ਪਲ ਵੀ, ਜਦੋਂ ਮੈਂ ਇਹ ਸਤਰਾਂ ਲਿਖ ਰਿਹਾ ਹਾਂ ਅਤੇ ਤੁਸੀਂ ਇਨ੍ਹਾਂ ਨੂੰ ਪੜ੍ਹ ਰਹੇ ਹੋ, ਇਸ ਸੰਸਾਰ ਵਿੱਚ ਮੌਜੂਦ ਲੱਖਾਂ ‘ਕੈਮਰਾਮੈੱਨ’ ਜਾਂ ਪ੍ਰੋਫ਼ੈਸ਼ਨਲ ਫ਼ੋਟੋਗ੍ਰਾਫ਼ਰਾਂ ਵਲੋਂ ਫ਼ੋਟੋਆਂ ਘੱਟ ਖਿੱਚੀਆਂ ਜਾ ਰਹੀਆਂ ਹਨ ਅਤੇ ਆਮ ਲੋਕਾਂ ਵਲੋਂ ਸੈਲਫ਼ੀਆਂ ਵਧੇਰੇ! ਬਜ਼ਾਤੇ ਖ਼ੁਦ, ਮੈਂ ਸੈਲਫ਼ੀਆਂ ਦਾ ਬਿਲਕੁਲ ਵੀ ਸ਼ੌਕੀਨ ਨਹੀਂ, ਪਰ ਮੈਂ ਇਹ ਵੀ ਤਸਲੀਮ ਕਰਦਾ ਹਾਂ ਕਿ ਇਸ ਦੀ ਵਜ੍ਹਾ ਮੇਰਾ ਆਪਣੇ ਚਿਹਰੇ ਨੂੰ ਬਹੁਤਾ ਫ਼ੋਟੋਜੈਨਿਕ ਨਾ ਮੰਨਣੈ! ਫ਼ਿਰ ਵੀ, ਲੋਕਾਂ ਦੀ ਰੀਸੋ ਰੀਸੀ, ਹੁਣ ਤਕ ਮੈਂ ਵੀ ਆਪਣੀਆਂ ਖ਼ੁਦ ਦੀਆਂ 7-8 ਸੈਲਫ਼ੀਆਂ ਤਾਂ ਖਿੱਚ ਹੀ ਲਈਆਂ ਹੋਣਗੀਆਂ। ਉਨ੍ਹਾਂ ਵਿੱਚੋਂ ਇੱਕ ਮੈਂ ਇਸ ਹਫ਼ਤੇ ਦੇ ਲੇਖ ਨਾਲ ਕੇਵਲ ‘ਚੇਂਜ’ ਲਈ ਛਾਪ ਵੀ ਰਿਹਾਂ। ਖ਼ੈਰ, ਕੁਝ ਮਹੀਨੇ ਪਹਿਲਾਂ, ਮੈਂ ਇੱਥੋਂ ਦੇ ਇੱਕ ਸਥਾਨਕ ਸਟੋਰ ਦਾ ਗੇੜਾ ਮਾਰਿਆ ਤਾਂ ਪੰਜ ਡੌਲਰਾਂ ਤੋਂ ਵੀ ਘੱਟ ਕੀਮਤ ਦੀਆਂ ਕੁਝ ਸੈਲਫ਼ੀ ਸਟਿਕਸ (ਸੋਟੀਆਂ) ਵਿਕਦੀਆਂ ਦੇਖੀਆਂ! ਕੀਮਤ ਤਾਂ ਕੁਝ ਵੀ ਨਹੀਂ ਸੀ, ਪਰ ਉਨ੍ਹਾਂ ਨੇ ਮੈਨੂੰ ਕੁਝ ਹੋਰ ਹੀ ਤਰ੍ਹਾਂ ਦੀ ਸੋਚੇ ਪਾ ਦਿੱਤਾ! ਹੁਣ ਸੈਲਫ਼ੀ ਖਿੱਚਣ ਦੇ ਲੋਕਾਂ ਨੇ ਇਹ ਜਿਹੜੇ ਨਵੇਂ ਨਵੇਂ ਅਤੇ ਲੰਬੇ ਢੰਗ ਲੱਭ ਲਏ ਹਨ – ਲੰਬੇ ਇਸ ਲਈ ਕਿਉਂਕਿ ਤੁਸੀਂ ਇਸ ‘ਸੈਲਫ਼ੀ ਸੋਟੀ’ ਨਾਲ ਆਪਣੇ ਸਵੈ-ਚਿੱਤਰ ਨੂੰ ਥੋੜ੍ਹਾ ‘ਲੌਂਗ ਅਤੇ ਵਾਈਡ ਐਂਗਲ’ ਦੇ ਕੇ ਆਪਣਾ ਦਾਇਰਾ ਹੋਰ ਵਸੀਹ ਕਰ ਸਕਦੇ ਹੋ – ਉਨ੍ਹਾਂ ਨਾਲ ਸੈਲਫ਼ੀ ਖਿੱਚਣ ਦੇ ਖੇਤਰ ਵਿੱਚ ਆਧੁਨਿਕਤਾ ਦੇ ਨਾਲ ਕੁਝ ਖ਼ਤਰਿਆਂ ਨੇ ਵੀ ਪ੍ਰਵੇਸ਼ ਕਰ ਲਿਆ ਹੈ।
ਤੁਸੀਂ ਇਸ ਸੰਸਾਰ ਵਿੱਚ ਵਾਪਰਦੀਆਂ ਸੈਂਕੜੇ ਖ਼ੌਫ਼ਨਾਕ ਸੈਲਫ਼ੀ ਦੁਰਘਟਨਾਵਾਂ ਬਾਰੇ ਸੁਣਿਆ, ਦੇਖਿਆ ਜਾਂ ਪੜ੍ਹਿਆ ਤਾਂ ਜ਼ਰੂਰ ਹੋਏਗਾ? ਖ਼ੌਫ਼ਨਾਕ ਦੁਰਘਟਨਾਵਾਂ ਕਿਉਂਕਿ ਸੈਲਫ਼ੀ ਖਿੱਚਣ ਵਾਲਾ ਇਹ ਨਹੀਂ ਸੀ ਦੇਖ ਸਕਿਆ ਕਿ ਉਸ ਦੇ ਪਿੱਛੇ ਕੀ ਸੀ, ਆਇਆ ਕੋਈ ਢਲਾਨ ਜਾਂ ਕੋਈ ਚੱਟਾਨ, ਕੋਈ ਖ਼ਾਈ, ਪਹਾੜਾਂ ਵਿਚਲਾ ਕੋਈ ਦੱਰਾ ਜਾਂ ਫ਼ਿਰ ਕੋਈ ਵਾਦੀ! ਭਿਆਨਕ ਦੁਰਘਟਨਾ ਕਿਉਂਕਿ ਸੈਲਫ਼ੀ ਖਿੱਚਣ ਵਾਲਾ ਇਹ ਨਹੀਂ ਸੀ ਦੇਖ ਸਕਿਆ ਕਿ ਉਸ ਦੀ ਸਾਈਡ ਤੋਂ ਕੀ ਆ ਰਿਹਾ ਸੀ … ਸ਼ਾਇਦ ਕੋਈ ਛੱਕ ਛੱਕ ਗੂੰਜਦੀ ਟ੍ਰੇਨ ਜਾਂ ਕੋਈ ਸ਼ੂਕਦਾ ਸੁਨਾਮੀ!
ਸੈਲਫ਼ੀ ਲੈਣ ਵਾਲੇ ਆਪਣੀ ਖ਼ੁਦ ਦੀ ਤਸਵੀਰ ਲੈਣ ਵਿੱਚ ਇੰਨੇ ਮਗਨ ਹੁੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਆਲੇ ਦੁਆਲੇ ਦਾ ਹੋਰ ਕੁਝ ਦਿਖਾਈ ਹੀ ਨਹੀਂ ਦਿੰਦਾ।
ਮੈਂ ਅੱਜ ਇਸ ਬਾਰੇ ਸੋਚਿਆ ਤਾਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਸੈਲਫ਼ੀ ਫ਼ੋਟੋਗ੍ਰਾਫ਼ਰ ਜਿਹੜੀ ਵੀ ਸ਼ੈਅ ਦੇਖ ਸਕਦੇ ਹਨ ਉਹ ਹੋਣੀ ਚਾਹੀਦੀ ਹੈ ਉਨ੍ਹਾਂ ਦੇ ਕੈਮਰੇ ਦੀ ਫ਼ਰੇਮ ਵਿੱਚ, ਅਤੇ ਕਿਉਂਕਿ ਇਹ ਕੈਮਰਾ ਅਕਸਰ ਇੱਕ ਫ਼ੋਨ ਵਿੱਚ ਹੁੰਦੈ, ਸੋ ਉਨ੍ਹਾਂ ਦੇ ਫ਼ੋਨ ਦੀ ਸਕ੍ਰੀਨ ਉੱਪਰ!
ਇਸ ਫ਼ਰੇਮ ਤੋਂ ਬਾਹਰ ਦੀ ਕੋਈ ਵੀ ਚੀਜ਼ ਉਨ੍ਹਾਂ ਲਈ ਅਦ੍ਰਿਸ਼ ਰਹਿੰਦੀ ਹੈ। ਉਨ੍ਹਾਂ ਦੀ ਸਾਰੀ ਤਵੱਜੋ ਇਸ ਗੱਲ ‘ਤੇ ਹੁੰਦੀ ਹੈ ਕਿ ਉਹ ਕਿਹੋ ਜਿਹੇ ਦਿਖਦੇ ਹਨ, ਉਨ੍ਹਾਂ ਦੀ ਮੁਸਕੁਰਾਹਟ, ਉਨ੍ਹਾਂ ਦੇ ਵਾਲ, ਜਾਂ ਬੁਲ੍ਹ, ਆਦਿ ਕਿਹੋ ਜਿਹੇ ਲਗਦੇ ਹਨ, ਉਨ੍ਹਾਂ ਦੀ ਲਿਪਸਟਿਕ ਕਿਤੇ ਫ਼ੈਲੀ ਤਾਂ ਨਹੀਂ ਹੋਈ, ਅੱਖਾਂ ‘ਚ ਝਿਲਮਿਲਾਹਟ ਹੈ ਜਾਂ ਨਹੀਂ, ਅਤੇ ਕੋਈ ਪਹਾੜ ਜਾਂ ਸਾਗਰ ਤਸਵੀਰ ਦੀ ਪਿੱਠਭੂਮੀ (background) ਵਿੱਚ ਉਹ ਲਿਆ ਸਕੇ ਹਨ ਜਾਂ ਨਹੀਂ। ਇਸ ਤੋਂ ਬਾਹਰ ਦੀ ਕੋਈ ਵੀ ਸ਼ੈਅ ਉਨ੍ਹਾਂ ਦਾ ਧਿਆਨ ਨਹੀਂ ਖਿੱਚਦੀ ਜਾਂ ਫ਼ੋਕਸ ਦਾ ਕੇਂਦਰ ਨਹੀਂ ਬਣਦੀ!
ਇੱਥੋਂ ਤਕ ਕਿ ਤੇਜ਼ੀ ਨਾਲ ਉਨ੍ਹਾਂ ਵੱਲ ਨੂੰ ਵੱਧ ਰਹੀ ਕਿਸੇ ਟ੍ਰੇਨ ਦਾ ਹੌਰਨ ਵੀ ਉਨ੍ਹਾਂ ਨੂੰ ਆ ਰਹੇ ਖ਼ਤਰੇ ਪ੍ਰਤੀ ਚੇਤੰਨ ਨਹੀਂ ਕਰਵਾ ਸਕਦਾ, ਅਤੇ ਕਿਸੇ ਪਹਾੜੀ ਦੀ ਚੋਟੀ ਦੇ ਕਿਨਾਰੇ ਦੇ ਰੂਪ ਵਿੱਚ ਉਨ੍ਹਾਂ ਦੇ ਸਾਹਮਣੇ ਖੜ੍ਹੀ ਮੁਸੀਬਤ ਉਨ੍ਹਾਂ ਨੂੰ ਦਿਖਾਈ ਨਹੀਂ ਦਿੰਦੀ ਕਿਉਂਕਿ ਇਹ ਚੀਜ਼ਾਂ ਉਨ੍ਹਾਂ ਦੀਆਂ ਛੋਟੀਆਂ ਜਿਹੀਆਂ ਫ਼ੋਨ ਸਕ੍ਰੀਨਾਂ ‘ਤੇ ਕੈਪਚਰ ਨਹੀਂ ਹੁੰਦੀਆਂ!
ਉਨ੍ਹਾਂ ਦੀ ਨਜ਼ਰ ਵਿੱਚ, ਘਟਨਾ ਉਹੀ ਜਿਹੜੀ ਉਨ੍ਹਾਂ ਦੀ ਕੈਮਰੇ ਦੀ ਅੱਖ ਸਾਹਮਣੇ ਜਾਂ ਫ਼ਰੇਮ ਵਿੱਚ ਵਾਪਰੇ!
ਅਗਲੇ ਹੀ ਪਲ ਕੋਈ ਟ੍ਰੇਨ ਉਨ੍ਹਾਂ ਨੂੰ ਕੁਚਲ ਸਕਦੀ ਹੈ, ਕਿਸੇ ਪਹਾੜੀ ਦੇ ਕਿਨਾਰੇ ਤੋਂ ਡਿੱਗ ਕੇ ਉਹ ਆਪਣੀ ਮੌਤ ਦੇ ਮੂੰਹ ਵਿੱਚ ਜਾ ਸਕਦੇ ਹਨ, ਪਰ ਉਸ ਇੱਕ ਪਲ ਦੌਰਾਨ ਉਨ੍ਹਾਂ ਨੂੰ ਇਹ ਸਭ ਕੁਝ ਵਾਪਰਦਾ ਹੋਇਆ ਨਹੀਂ ਦਿਖਾਈ ਦਿੰਦਾ। ਉਹ ਤਾਂ ਇਹ ਮੰਨਦੇ ਵੀ ਨਹੀਂ ਕਿ ਅਜਿਹਾ ਕਦੇ ਹੋ ਵੀ ਸਕਦੈ। ਕਿਉਂ? ਕਿਉਂਕਿ ਉਨ੍ਹਾਂ ਨੂੰ ਆਪਣੇ ਆਲੇ ਦੁਆਲੇ ਦੀ ਵੱਡੀ ਤਸਵੀਰ ਦਿਖਾਈ ਹੀ ਨਹੀਂ ਦਿੰਦੀ!
ਫ਼ਿਰ ਵੱਡੀ ਤਸਵੀਰ ਕੌਣ ਦੇਖ ਸਕਦੈ? ਕੇਵਲ ਉਹ ਵਿਅਕਤੀ ਜਿਹੜੇ ਉਸ ਸੈਲਫ਼ੀ ਖਿੱਚਣ ਵਾਲੇ ਨੂੰ ਦੇਖ ਰਹੇ ਹੋਣ ਅਤੇ ਉਸ ਦੇ ਆਲੇ ਦੁਆਲੇ ਮੰਡਰਾ ਰਹੇ ਖ਼ਤਰਿਆਂ ਨੂੰ ਵੀ। ਕਈ ਵਾਰ ਉਹ ਚਿਲਾਉਂਦੇ ਹਨ, ਉਹ ਸੈਲਫ਼ੀ ਲੈਣ ਵਾਲੇ ਨੂੰ ਵਰਜਦੇ ਹਨ, ਉਸ ਨੂੰ ਚੇਤਾਵਨੀ ਦਿੰਦੇ ਹਨ, ਪਰ ਅਕਸਰ ਜਦੋਂ ਇਹ ਸੈਲਫ਼ੀ ਲੈਣ ਵਾਲੇ ਇਕੱਲੇ ਹੁੰਦੇ ਨੇ ਤਾਂ ਉਹ ਆਪਣੀ ਮੌਤ ਹੇਠ ਜਾਂ ਤਾਂ ਕੁਚਲੇ ਜਾਂਦੇ ਨੇ ਜਾਂ ਫ਼ਿਰ ਉਸ ਦੇ ਮੂੰਹ ਵਿੱਚ ਡਿੱਗ ਕੇ ਮਰ ਜਾਂਦੇ ਨੇ।
ਇਹ ਸਭ ਕੁਝ ਸੁਣਨ ਵਿੱਚ ਕਿਸੇ ਪ੍ਰਾਰਥਨਾ ਵਾਂਗ ਨਹੀਂ ਜਾਪਦਾ? ਅਸੀਂ ਜਦੋਂ ਕਿਸੇ ਚੀਜ਼ ਲਈ ਪ੍ਰਾਰਥਨਾ ਕਰਦੇ ਹਾਂ ਤਾਂ ਸਾਡਾ ਸਾਰਾ ਧਿਆਨ ਕੇਵਲ ਆਪਣੀ ਕਿਸੇ ਫ਼ੌਰੀ ਲੋੜ ਵੱਲ ਹੁੰਦੈ! ਅਸੀਂ ਦੌਲਤ ਲਈ ਪ੍ਰਾਰਥਨਾ ਕਰਦੇ ਹਾਂ, ਪਰ ਆਸਮਾਨ ਨੂੰ ਪਤਾ ਹੁੰਦੈ ਕਿ ਦੌਲਤ ਸਾਨੂੰ ਤਬਾਹ ਕਰ ਸਕਦੀ ਹੈ, ਸੋ ਉਹ ਸਾਨੂੰ ਦੌਲਤ ਨਾ ਦੇਣ ਦਾ ਫ਼ੈਸਲਾ ਕਰ ਲੈਂਦੈ। ਅਸੀਂ ਦਰਦ ਤੋਂ ਆਰਾਮ ਲਈ ਦੁਆ ਕਰਦੇ ਹਾਂ, ਪਰ ਬ੍ਰਹਿਮੰਡ ਜਾਣਦਾ ਹੁੰਦੈ ਕਿ ਇਸ ਦਰਦ ਦਾ ਕਾਰਨ ਕੋਈ ਹੋਰ ਵੱਡਾ ਮਸਲਾ ਹੈ, ਅਤੇ ਉਸ ਵੇਲੇ ਤਕ ਉਹ ਸਾਡਾ ਦਰਦ ਦੂਰ ਨਹੀਂ ਕਰਦਾ ਜਦੋਂ ਤਕ ਕੋਈ ਵੱਡੀ ਤਹਿਕੀਕਾਤ ਨਹੀਂ ਹੋ ਜਾਂਦੀ ਜਾਂ ਕੋਈ ਗੰਭੀਰ ਡਾਕਟਰੀ ਮੁਆਇਨਾ ਨਹੀਂ ਕਰਵਾ ਲਿਆ ਜਾਂਦਾ।
ਇਸ ਸੰਸਾਰ ਵਿੱਚ ਅਸੀਂ ਸਾਰੇ ਸੈਲਫ਼ੀਆਂ ਲੈਣ ਵਾਲੇ ਹੀ ਹਾਂ; ਬਿਨਾ ਆਲਾ ਦੁਆਲਾ ਦੇਖੇ, ਹਮੇਸ਼ਾ ਆਪਣੇ ਕੈਮਰੇ ਦੀ ਫ਼ਰੇਮ ਵਿੱਚ ਝਾਕਦੇ ਸੈਲਫ਼ੀ ਖਿੱਚਣ ਲਈ ਤਿਆਰ! ਪਰ ਕੁਦਰਤ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਣ ਲੱਗਿਆਂ ਸਾਡੇ ਆਲੇ ਦੁਆਲੇ ਦੀ ਵੱਡੀ ਤਸਵੀਰ ‘ਤੇ ਵੀ ਆਪਣੀ ਇੱਕ ਨਜ਼ਰ ਰੱਖਦੀ ਹੈ!

LEAVE A REPLY