11 ਅਪ੍ਰੈਲ ਨੂੰ ਹੋਵੇਗਾ ਉੱਤਰਾਖੰਡ ਦੇ ਬਾਗੀ ਵਿਧਾਇਕਾਂ ਦੀ ਕਿਸਮਤ ਦਾ ਫੈਸਲਾ

6ਨੈਨੀਤਾਲ :  ਉੱਤਰਾਖੰਡ ਹਾਈ ਕੋਰਟ ਨੇ ਕਾਂਗਰਸ ਦੇ ਬਾਗੀ ਵਿਧਾਇਕਾਂ ਦੀ ਰਾਜ ਵਿਧਾਨ ਸਭਾ ਦੀ ਮੈਂਬਰਤਾ ਖਤਮ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੀ ਸੁਣਵਾਈ 11 ਅਪ੍ਰੈਲ ਤੱਕ ਲਈ ਟਾਲ ਦਿੱਤੀ ਹੈ।
ਕਾਂਗਰਸ ਦੇ 9 ‘ਚੋਂ 6 ਬਾਗੀ ਵਿਧਾਇਕਾਂ ਨੇ ਬੀਤੀ 30 ਮਾਰਚ ਨੂੰ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਆਪਣੀ ਮੈਂਬਰਤਾ ਖਤਮ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਉਨ੍ਹਾਂ ਨੇ ਪਟੀਸ਼ਨ ਵਿਚ ਕਿਹਾ ਹੈ ਕਿ ਸੂਬੇ ਵਿਚ ਰਾਸ਼ਟਰਪਤੀ ਸ਼ਾਸਨ ਲਾਉਣ ਤੋਂ ਬਾਅਦ ਵਿਧਾਨ ਸਭਾ ਸਪੀਕਰ ਨੇ ਇਹ ਕਾਰਵਾਈ ਕੀਤੀ। ਜੱਜ ਯੂ. ਸੀ. ਧਿਆਨੀ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਲਈ 11 ਅਪ੍ਰੈਲ ਦੀ ਤਰੀਕ ਤੈਅ ਕੀਤੀ ਹੈ। ਬੈਂਚ ਨੇ ਦੂਜੀ ਵਾਰ ਬਾਗੀ ਵਿਧਾਇਕਾਂ ਦੀ ਪਟੀਸ਼ਨ ‘ਤੇ ਸੁਣਵਾਈ ਟਾਲੀ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਮਾਮਲੇ ਦੀ ਸੁਣਵਾਈ ਲਈ ਅੱਜ ਦਾ ਦਿਨ ਤੈਅ ਕੀਤਾ ਸੀ।
ਜ਼ਿਕਰਯੋਗ ਹੈ ਕਿ 18 ਮਾਰਚ ਨੂੰ ਵਿੱਤੀ ਬਿੱਲ ‘ਤੇ ਚਰਚਾ ਦੌਰਾਨ ਸਦਨ ਵਿਚ ਕਾਂਗਰਸ ਦੇ 9 ਬਾਗੀ ਵਿਧਾਇਕਾਂ ਦੇ ਭਾਜਪਾ ਪਾਰਟੀ ਨਾਲ ਖੜ੍ਹੇ ਹੋ ਜਾਣ ਤੋਂ ਸੂਬੇ ਦੀ ਸਿਆਸਤ ਵਿਚ ਤੂਫਾਨ ਆ ਗਿਆ ਸੀ। ਇਸ ਮਾਮਲੇ ਵਿਚ ਸਪੀਕਰ ਗੋਵਿੰਦ ਸਿੰਘ ਕੁੰਜਵਾਲ ਨੇ 27 ਮਾਰਚ ਨੂੰ ਕਾਂਗਰਸ ਦੇ ਬਾਗੀ ਵਿਧਾਇਕਾਂ ਦੀ ਮੈਂਬਰਤਾ ਖਤਮ ਕਰ ਦਿੱਤੀ ਸੀ। ਮੈਂਬਰਤਾ ਖਤਮ ਕਰਨ ਦੇ ਫੈਸਲੇ ਤੋਂ ਪਹਿਲਾਂ ਵੀ ਵਿਧਾਇਕ ਅਦਾਲਤ ਗਏ ਸਨ ਪਰ ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ।

LEAVE A REPLY