walia-bigਇਹ ਗੱਲ ਤਕਰੀਬਨ 35-36 ਵਰ੍ਹੇ ਪੁਰਾਣੀ ਹੈ। ਸੰਨ 1981 ਵਿੱਚ ਪੰਜਾਬ ਫ਼ਿਲਮ ਸਹਿਤੀ ਮੁਰਾਦ ਦੀ ਸ਼ੂਟਿੰਗ ਚੱਲ ਰਹੀ ਸੀ। ਸ਼ੂਟਿੰਗ ਦੀ ਲੁਕੇਸ਼ਨ ਪਿੰਡ ਛਪਾਰ ਵਿਖੇ ਗੂਗੇ ਦੀ ਮਾੜੀ ਸੀ। ਇਸੇ ਗੂਗਾ ਮਾੜੀ ਵਿਖੇ ਪੰਜਾਬ ਦਾ ਸਭ ਤੋਂ ਪ੍ਰਸਿੱਧ ਮੇਲਾ ਛਪਾਰ ਭਰਦਾ ਹੈ। ਮੈਂ ਉਹਨਾਂ ਦਿਨਾਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦਾ ਵਿਦਿਆਰਥੀ ਵੀ ਸਾਂ ਅਤੇ ਮੰਡੀ ਅਹਿਮਦਗੜ੍ਹ ਤੋਂ ਪੰਜਾਬੀ ਟ੍ਰਿਬਿਊਨ  ਦਾ ਰਿਪੋਰਟਰ ਵੀ ਸੀ। ਮੇਰੀ ਪੰਜਾਬੀ ਮਾਸਿਕ ਪੱਤਰ ‘ਮੰਚ’ ਦੀ ਸੰਪਾਦਕੀ ਵੀ ਤੀਜੇ ਵਰ੍ਹੇ  ਵਿੱਚ ਸੀ। ਜਦੋਂ ਮੈਨੂੰ ਪਤਾ ਲੱਗਾ ਕਿ ਫ਼ਿਲਮ ਦਾ ਮੁੱਖ ਕਿਰਦਾਰ ਨਿਭਾਉਣ ਵਾਲਾ ਸਖਸ਼ ਹਿੰਦੀ ਫ਼ਿਲਮ ਇੰਡਸਟਰੀ ਦਾ ਅਦਾਕਾਰ ਹੈ ਤਾਂ ਮੈਂ ਇੰਟਰਵਿਊ ਲੈਣ ਸ਼ੂਟਿੰਗ ਵਾਲੀ ਥਾਂ ਹੀ ਪਹੁੰਚ ਗਿਆ ਸਾਂ। ਇੱਥੇ ਮੇਰੀ ਰਜ਼ਾ ਮੁਰਾਦ ਨਾਲ ਪਹਿਲੀ ਮੁਲਾਕਾਤ ਹੋਈ।
ਆਈਏ  ਹਮ ਗਾਡੀ ਮੇਂ ਬੈਠਕਰ ਬਾਤ ਕਰਤੇ ਹੈਂ, ਰਜ਼ਾ ਮੁਰਾਦ ਨੇ ਰਸਮੀ ਦੁਆ ਸਲਾਮ ਬਾਅਦ ਮੈਨੂੰ ਕਿਹਾ ਸੀ ਅਤੇ ਮੈਂ ਰਜ਼ਾ ਮੁਰਾਦ ਨਾਲ ਉਸਦੀ ਫ਼ੀਅਟ ਕਾਰ ਵਿੱਚ ਬੈਠ ਕੇ ਇੰਟਰਵਿਊ ਕੀਤੀ ਸੀ। ਉਸ ਤੋਂ ਬਾਅਦ ਜਦੋਂ ਵੀ ਮੈਂ ਇਸ ਭਾਰੀ ਭਰਕਮ ਆਵਾਜ਼ ਦੇ ਮਾਲਕ ਅਦਾਕਾਰ ਨੂੰ ਫ਼ਿਲਮਾਂ ਵਿੱਚ ਦੇਖਦਾ ਤਾਂ ਉਹ ਮੁਲਾਕਾਤ ਯਾਦ ਆ ਜਾਂਦੀ।
ਪਿਛਲੇ ਹਫ਼ਤੇ ਮੈਨੂੰ ਚੜ੍ਹਦੀਕਲਾ ਟਾਈਮ ਟੀ. ਵੀ. ਦੇ ਚੇਅਰਮੈਨ ਸ. ਜਗਜੀਤ ਸਿੰਘ ਦਰਦੀ ਦਾ ਫ਼ੋਨ ਆਇਆ ਅਤੇ ਕਹਿਣ ਲੱਗੇ,
ਸ਼ਾਮ ਨੂੰ ਕੀ ਕਰ ਰਹੇ ਹੋ, ਥੋੜ੍ਹਾ ਟਾਈਮ ਕੱਢੋ, ਰਜ਼ਾ ਮੁਰਾਦ ਨਾਲ ਡਿਨਰ ਉਤੇ ਥੋੜ੍ਹੀ ਗੱਲਬਾਤ ਕਰਾਂਗੇ। ਸ਼ਾਮ ਨੂੰ 8 ਵਜੇ ਹੋਟਲ ਇਕਬਾਲ ਇਨ ਉਡੀਕ ਕਰਾਂਗਾ।
ਮੈਂ ਇਸ ਸੱਦੇ ਨੂੰ ਖੁਸ਼ੀ ਖੁਸ਼ੀ ਪ੍ਰਵਾਨ ਕਰ ਲਿਆ ਅਤੇ ਵਕਤ ਸਿਰ ਪਹੁੰਚ ਗਿਆ। ਇਸ ਪਿੱਛੇ ਮੇਰੀ ਮਨਸ਼ਾ ਇਕ ਵਾਰ ਫ਼ਿਰ ਰਜ਼ਾ ਮੁਰਾਦ ਦੀ ਇੰਟਰਵਿਊ ਕਰਨਾ ਸੀ। ਡਿਨਰ ਦੌਰਾਨ ਰਜ਼ਾ ਮੁਰਾਦ ਇੱਧਰ-ਉਧਰ ਦੀਆਂ ਗੱਲਾਂ ਤੋਂ ਇਲਾਵਾ ਅਗਲੇ ਦਿਨ ਟਾਈਮ ਟੀ. ਵੀ. ਦੇ ਸਟੂਡੀਓ ਵਿੱਚ ਟੀ. ਵੀ. ਇੰਟਰਵਿਊ ਲਈ ਵਕਤ ਨਿਸ਼ਚਿਤ ਹੋ ਗਿਆ। ਇੰਟਰਵਿਊ ਦੀ ਤਿਆਰੀ ਸਮੇਂ ਜਦੋਂ ਮੈਂ ਰਜ਼ਾ ਮੁਰਾਦ ਦੇ ਫ਼ਿਲਮੀ ਸਫ਼ਰ ਬਾਰੇ ਪੜ੍ਹ ਰਿਹਾ ਸੀ ਤਾਂ ਮੈਂ ਵੇਖਿਆ ਕਿ ਹਿੰਦੀ ਫ਼ਿਲਮਾਂ ਦਾ ਇਹ ਖਲਨਾਇਕ 200 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕਰ ਚੁੱਕਿਆ ਹੈ। ਰਜ਼ਾ ਮੁਰਾਦ ਨੇ ਪੰਜਾਬੀ ਸਮੇਤ 19 ਜੁਬਾਨਾਂ ਦੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ। 23 ਨਵੰਬਰ 1950 ਨੂੰ ਜਨਮਿਆ ਰਜ਼ਾ ਮੁਰਾਦ ਅਜੇ ਵੀ ਪੂਰੀ ਤਨਦੇਹੀ ਨਾਲ ਅਦਾਕਾਰੀ ਵਿੱਚ ਜੁਟਿਆ ਹੋਇਆ ਹੈ। ਰਜ਼ਾ ਮੁਰਾਦ ਦੇ ਪਿਤਾ ਮੁਰਾਦ ਸਾਹਿਬ ਵੀ ਹਿੰਦੀ ਫ਼ਿਲਮਾਂ ਦੇ ਅਦਾਕਾਰ ਸਨ, ਭਾਵੇਂ ਅਦਾਕਾਰੀ ਰਜ਼ਾ ਮੁਰਾਦ ਨੂੰ ਵਿਰਾਸਤ ਵਿੱਚ ਮਿਲੀ ਸੀ ਪਰ ਫ਼ਿਰ ਉਸਨੇ ਫ਼ਿਲਮ ਇੰਸਟੀਚਿਊਟ ਪੂਨੇ ਤੋਂ ਫ਼ਿਲਮ ਐਕਟਿੰਗ ਦਾ ਡਿਪਲੋਮਾ ਕੀਤਾ ਸੀ। ਇਹ ਡਿਪਲੋਮਾ ਤਾਂ ਉਸਨੇ 1971 ਵਿੱਚ ਕੀਤਾ ਸੀ ਪਰ ਉਸਦਾ ਫ਼ਿਲਮੀ ਸਫ਼ਰ 1965 ਵਿੱਚ ਬਣੀ ‘ਜੌਹਰ-ਮਹਿਮੂਦ ਇਨ ਗੋਆ’ ਤੋਂ ਆਰੰਭ ਹੋ ਗਿਆ ਸੀ। 1967 ਵਿੱਚ ‘ਹਮਾਰੇ ਗਮ ਸੇ ਮਤ ਖੇਲੋ’, 1972 ਵਿੱਚ ‘ਏਕ ਨਜ਼ਰ’, 1973 ਵਿੱਚ ‘ਪਿਆਸੀ ਨਦੀ’ ਅਤੇ ‘ਨਮਕ ਹਰਾਮ’ ਫ਼ਿਲਮਾਂ ਵਿੱਚ ਰਜ਼ਾ ਮੁਰਾਦ ਨੇ ਅਦਾਕਾਰੀ ਕੀਤੀ ਸੀ। ਫ਼ਿਲਮ ‘ਨਮਕ ਹਰਾਮ’ ਵਿੱਚ ਉਸ ਵੱਲੋਂ ਨਿਭਾਏ ਸ਼ਾਇਰ ਦੇ ਕਿਰਦਾਰ ਨੂੰ ਅਜੇ ਵੀ ਯਾਦ ਕੀਤਾ ਜਾਂਦਾ ਹੈ। ਇਸ ਫ਼ਿਲਮ ਵਿੱਚ ਉਸਦੇ ਸਾਹਮਣੇ ਅਮਿਤਾਬ ਬਚਨ ਅਤੇ ਰਾਜੇਸ਼ ਖੰਨਾ ਵਰਗੇ ਐਕਟਰ ਸਨ। ਰਜ਼ਾ ਮੁਰਾਦ ਨੇ ‘ਰੋਟੀ ਕਪੜਾ ਔਰ ਮਕਾਨ’ (1974), ‘ਚੋਰੀ ਮੇਰਾ ਕਾਮ’ (1975), ‘ਚੋਰ ਹੋ ਤੋ ਐਸਾ’, ‘ਦਿਲਦਾਰ’ (1977), ਨਲਾਇਕ (1979), ਪ੍ਰੇਮ ਰੋਗ )1982), ਯੇ ਇਸ਼ਕ ਨਹੀਂ ਆਸਾਨ (1985), ਰਾਮ ਤੇਰੀ ਗੰਗਾ ਮੈਲੀ (1985), ਅਨਜਾਨੇ ਰਾਸਤੇ (1987), ਬੰਦ ਦਰਵਾਜਾ (1990), ਫ਼ੂਲ ਔਰ ਕਾਂਟੇ (1991), ਗੁਨਾਹ (1993), ਸੰਧੂਰ ਕੀ ਹੋਲੀ (1996), ਪੂਨਮ ਕੀ ਰਾਤ (1999), ਸੰਧੂ ਕੀ  ਸੌਗੰਧ (2002), ਯੋਧਾ ਅਕਬਰ (2008), ਉਂਗਲੀ (2014) ਅਤੇ ਬਾਜੀ ਰਾਓ ਮਸਤਾਨੀ (2015) ਆਦਿ ਤਕਰੀਬਨ 200 ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਇਕ ਫ਼ਿਲਮ ਹੀਰੋ ਦੇ ਤੌਰ ਤੇ ਵੀ ਰਜ਼ਾ ਮੁਰਾਦ ਆਇਆ ਸੀ ਪਰ ਉਸਦੀ ਪਹਿਚਾਣ ਖਲਨਾਇਕ ਦੇ ਤੌਰ ਤੇ ਬਣੀ।
‘ਮੈਂ ਪੰਜਾਬੀਆਂ ਦਾ ਬਹੁਤ ਅਹਿਸਾਨਮੰਦ ਹਾਂ। ਜਦੋਂ ਮੇਰੇ ਕੋਲ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਕੰਮ ਦੀ ਕਮੀ ਸੀ ਤਾਂ ਪੰਜਾਬੀਆਂ ਨੇ ਮੇਰੀ ਬਾਂਹ ਫ਼ੜੀ। ਜੱਟ ਪੰਜਾਬੀ, ਸਾਇਤੀ ਮੁਰਾਦ, ਧਰਮਜੀਤ, ਲੱਛੀ ਅਤੇ ਵੀਰਾ ਆਦਿ ਫ਼ਿਲਮਾਂ ਵਿੱਚ ਮੈਨੂੰ ਖੂਬ ਪਿਆਰ ਮਿਲਿਆ। ਮੈਨੂੰ 2011 ਵਿੱਚ ਪੰਜਾਬੀ ਫ਼ਿਲਮ ਵਿੱਚ ਪਾਏ ਯੋਗਦਾਨ ਬਦਲੇ ਪੀ. ਟੀ. ਸੀ. ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਵੀ ਮਿਲਿਆ।
‘ਕੀ ਤੁਸੀਂ ਪੰਜਾਬੀ ਬੋਲ ਲੈਂਦੇ ਹੋ’? ਮੇਰਾ ਸਵਾਲ ਸੀ।
‘ਮੇਰੀ ਮਾਦਰੀ ਜ਼ੁਬਾਨ ਉਰਦੂ ਹੈ ਪਰ ਮੈਂ ਪੰਜਾਬੀ ਸਮਝ ਲੈਂਦਾ ਹਾਂ ਅਤੇ ਥੋੜ੍ਹੀ ਬਹੁਤ ਬੋਲ ਵੀ ਲੈਂਦਾ ਹਾਂ। ਬਾਕੀ ਫ਼ਿਲਮਾਂ ਵਿੱਚ ਤਾਂ ਰੱਟਾ ਮਾਰ ਕੇ ਕੰਮ ਚਲਾ ਲਈਦਾ ਹੈ।’
‘ਤੁਹਾਡੇ ਪਿਤਾ ਜੀ ਮੁਰਾਦ ਸਾਹਿਬ ਐਕਟਰ ਸਨ। ਐਕਟਿੰਗ ਤੁਹਾਨ ੂਨੂੰ ਵਿਰਾਸਤ ਵਿੱਚ ਮਿਲੀ ਪਰ ਤੁਸੀਂ ਸਥਾਪਤ ਇਕ ਖਲਨਾਇਕ ਦੇ ਤੌਰ ‘ਤੇ ਹੋਏ। ਕੀ ਤੁਹਾਨੂੰ ਹੀਰੋ ਬਣਨ ਦਾ ਸ਼ੌਂਕ ਨਹੀਂ ਸੀ’। ਮੈਂ ਪੁੱਛਿਆ
ਹੀਰੋ ਬਣਨ ਦਾ ਸ਼ੌਂਕ ਤਾਂ ਹਰ ਉਸ ਬੰਦੇ ਨੂੰ ਹੁੰਦਾ ਹੈ ਜੋ ਫ਼ਿਲਮ ਲਾਈਨ ਵਿੱਚ ਆਉਂਦਾ ਹੈ। ਉਹ ਹੀਰੋ ਬਣਨਾ ਚਾਹੁੰਦਾ ਹੈ। ਜੋ ਇਹ ਕਹਿੰਦਾ ਹੈ ਕਿ ਮੈਨੂੰ ਹੀਰੋ ਬਣਨ ਦਾ ਸ਼ੌਂਕ ਨਹੀਂ, ਉਹ ਝੂਠ ਬੋਲਦਾ ਹੈ। ਹੀਰੋ ਬਣਨ ਦਾ ਸ਼ੌਂਕ ਤਾਂ ਮੈਨੂੰ ਵੀ ਸੀ। ਪਰ ਜਦੋਂ ਹਕੀਕਤ ਨਾਲ ਮੇਰਾ ਸਾਹਮਣਾ ਹੋਇਆ ਤਾਂ ਸਮਝ ਆਈ ਕਿ ਮੇਰਾ ਫ਼ੇਸ ਹੀਰੋ ਵਾਲਾ ਨਹੀਂ। ਉਂਝ ਮੈਂ ਇਕ ਫ਼ਿਲਮ ਵਿੱਚ ਹੀਰੋ ਬਣ ਕੇ ਆਇਆ, ਉਸ ਦਾ ਨਾਮ ਸੀ ‘ਲਾਪੇਕ’। ਜਦੋਂ ਮੇਰੇ ਸ਼ਹਿਰ ਵਿੱਚ ਫ਼ਿਲਮ ਲੱਗੀ ਤਾਂ ਸਾਰਾ ਸ਼ਹਿਰ ਫ਼ਿਲਮ ਵੇਖਣ ਨੂੰ ਉਮੜ ਪਿਆ। ਜਦੋਂ ਪਹਿਲਾ ਹਫ਼ਤਾ ਖ਼ਤਮ ਹੋਇਆ ਤਾਂ ਅਖ਼ਬਾਰ ਵਿੱਚ ਲਿਖਿਆ ਸੀ ਕਿ ਪਹਿਲਾ ਜ਼ਬਰਦਸਤ ਹਫ਼ਤਾ। ਫ਼ਿਰ ਮੈਂ ਮੈਨੇਜਰ ਨੂੰ ਫ਼ੋਨ ਕੀਤਾ ਤਾਂ ਕਹਿਣ ਲੱਗਾ ਪਹਿਲਾ ਹਫ਼ਤਾ ਤਾਂ ਜ਼ਬਰਦਸਤ ਸੀ ਪਰ ਦੂਜਾ ਹਫ਼ਤਾ ਤਾਂ ਜ਼ਬਰਦਸਤੀ ਦਾ ਹਫ਼ਤਾ ਹੈ। ਅਸੀਂ ਜ਼ਬਰਦਸਤੀ ਆਪ ਦੀ ਫ਼ਿਲਮ ਚਲਾ ਰਹੇ ਹਾਂ।
ਇਹ ਜਵਾਬ ਸੁਣ ਕੇ ਮੈਨੂੰ ਰਜ਼ਾ ਮੁਰਾਦ ਦੀ ਸਾਫ਼ਗੋਈ ਨੇ ਵੀ ਮੁਤਾਸਰ ਕੀਤਾ ਅਤੇ ਉਸਦੇ ਆਪਣੇ ਆਪ ਉਤੇ ਵਿਅੰਗਮਈ ਹਾਸੇ ਨੇ ਵੀ।
‘ਤੁਸੀਂ ਸ਼ੁਰੂ ਸ਼ੁਰੂ ਵਿੱਚ ਭਰਾ ਅਤੇ ਪਿਓ ਦੇ ਕਿਰਦਾਰ ਵਿੱਚ ਵੇਖੇ ਗਏ ਹੋ। ਫ਼ਿਰ ਇਕ ਖਲਨਾਇਕ ਬਣਨ ਦਾ ਸਿਲਸਿਲਾ ਕਿਵੇਂ ਆਰੰਭ ਹੋਇਆ’ ਮੇਰਾ ਸਵਾਲ ਸੀ।
‘ਮੈਨੂੰ ਵਿਲੇਨ ਬਣਨ ਦਾ ਸਿਹਰਾ ਰਾਜ ਕਪੂਰ ਸਾਹਿਬ ਨੂੰ ਜਾਂਦਾ ਹੈ। ਉਹਨਾਂ ਨੂੰ ਫ਼ਿਲਮ ‘ਪ੍ਰੇਮ ਰੋਗ’ ਵਿੱਚ ਐਜ਼ ਵਿਲੇਨ ਇੰਟਰੋਡਿਊਸ ਕੀਆ। ਉਸਦੀ ਵੀ ਇਕ ਅਜੀਬ ਕਹਾਣੀ ਹੈ। 1973 ਵਿੱਚ ਮੈਂ ਇਕ ਫ਼ਿਲਮ ਕੀਤ ਸੀ ‘ਨਮਕ ਹਰਾਮ’। ਉਸ ਵਿੱਚ ਇਕ ਟੁੱਟੇ ਜਿਹੇ, ਬਿਮਾਰ ਜਿਹੇ ਅਤੇ ਮਾਯੂਸ ਜਿਹੇ ਸ਼ਾਇਰ ਦਾ ਕਿਰਦਾਰ ਨਿਭਾਇਆ ਸੀ ਮੈਂ। ਰਾਜ ਕਪੂਰ ਸਾਹਿਬ ਨੇ ਮੇਰੀ ਸਿਰਫ਼ ਇਹੀ ਫ਼ਿਲਮ ਦੇਖੀ ਸੀ ਪਤਾ ਨਹੀਂ ਉਹਨਾਂ ਨੂੰ ਕੀ ਲੱਗਿਆ ਕਿ ਉਹਨਾਂ ਨੂੰ ਮੈਨੂੰ ਪ੍ਰੇਮ ਰੋਗ ਵਿੱਚ ਵਿਲਨ ਬਣਾ ਦਿੱਤਾ। ਬੱਸ ਫ਼ਿਰ ਉਸ ਤੋਂ ਬਾਅਦ ਇਹ ਸਿਲਸਿਲਾ ਚੱਲ ਪਿਆ ਜੋ ਅਜੇ ਤੱਕ ਜਾਰੀ ਹੈ।’ ਰਜ਼ਾ ਮੁਰਾਦ ਦਾ ਜਵਾਬ ਸੀ।
‘ਜਦੋਂ ਤੁਸੀਂ ਨਾਇਕ ਦੀ ਬਜਾਏ ਖਲਨਾਇਕ ਬਣ ਗਏ ਫ਼ਿਰ ਕੀ ਸੰਤੁਸ਼ਟੀ ਮਿਲੀ ਅਜਿਹੇ ਰੋਲ ਕਰ ਕੇ ਜਾਂ ਫ਼ਿਰ ਦਿਲ ਵਿੱਚ ਕਸਕ ਉਠਦੀ ਰਹੀ ਹੀਰੋ ਨਾ ਬਣਨ ਦੀ’। ਮੈਂ ਪੁੱਛਦਾ ਹਾਂ।
ਵੇਖੋ, ਕੀ ਹੁੰਦਾ ਹੈ। ਹਾਲਾਤ ਨਾਲ ਆਪ ਨੂੰ ਸਮਝੌਤਾ ਕਰਨਾ ਪੈਂਦਾ ਹੈ। ਫ਼ਿਰ ਮੈਨੂੰ ਵੀ ਸਮਝੌਤਾ ਕਰਨਾ ਪਿਆ। ਜਦੋਂ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਸਾਹਮਣੇ ਆਈਆਂ ਕਿ ਮੈਂ ਹੀਰੋ ਨਹੀਂ ਬਣ ਸਕਦਾ ਤਾਂ ਫ਼ਿਰ ਸਮਝੌਤਾ ਕਰਨ ਤੋਂ ਬਿਨਾਂ ਕੋਈ ਚਾਰਾ ਵੀ ਤਾਂ ਨਹੀਂ ਸੀ। ਫ਼ਿਰ ਮੈਂ ਸੋਚਿਆ ਕਿ ਮੈਂ ਆਪਣੀ ਇਕ ਵੱਖਰੀ ਜਗ੍ਹਾ ਬਣਾਵਾਂ, ਜਿਸਨੂੰ ਬਣਾਉਣ ਵਿੱਚ ਮੈਂ ਕਾਮਯਾਬ ਹੋਇਆ।’ ਰਜ਼ਾ ਮੁਰਾਦ ਨੇ ਫ਼ਿਰ ਪੂਰੀ ਸਾਫ਼ਗੋਈ ਨਾਲ ਕਿਹਾ।
‘ਕੀ ਤੁਹਾਡੀ ਭਾਰੀ ਭਰਕਮ ਆਵਾਜ਼ ਨੇ ਵੀ ਤੁਹਾਨੂੰ ਖਲਨਾਇਕ ਬਣਾਉਣ ਵਿੱਚ ਭੂਮਿਕਾ ਨਿਭਾਈ?’ ਮੇਰਾ ਸਵਾਲ ਸੀ।
‘ਹਾਂ ਇਹ ਵੀ ਠੀਕ ਹੈ। ਮੈਨੂੰ ਮੇਰੀ ਆਵਾਜ਼ ਕਾਰਨ ਵੱਖਰੀ ਪਹਿਚਾਣ ਮਿਲੀ। ਪਰ ਇਹ ਆਵਾਜ਼ ਕਿਸੇ ਖਲਨਾਇਕ ਦੇ ਰੋਲ ਨੂੰ ਹੀ ਢੁੱਕਦੀ ਹੈ। ਇਕ ਕਾਰਨ ਇਹ ਵੀ ਹੋ ਸਕਦਾ ਹੈ। ਪਰ ਦੂਜੇ ਜ਼ਿਆਦਾ ਅਹਿਮ ਸਨ, ਜਿਵੇਂ ਮੇਰਾ ਚਿਹਰਾ ਰੋਮਾਂਟਿਕ ਨਹੀਂ। ਮੈਨੂੰ ਨੱਚਣਾ ਨਹੀਂ ਆਉਂਦਾ। ਸਾਡੇ ਵੇਲੇ ਹੀਰੋ ਬਣੇ ਸੋਹਣੇ ਅਤੇ ਚਿਕਨੇ ਹੁੰਦੇ ਸਨ। ਇਹ ਵੀ ਗੁਣ ਮੇਰੇ ਵਿੱਚ ਨਹੀਂ ਸਨ।’ ਰਜ਼ਾ ਨੇ ਕਿਹਾ।
‘ਤੁਸੀਂ ਵੀ ਮੁਸਲਮਾਨ ਹੋ। ਅਮੀਰ ਖਾਂ ਵੀ ਮੁਸਲਮਾਨ ਹੈ। ਉਹ ਕਹਿ ਰਿਹਾ ਹੈ ਕਿ ਮੇਰੀ ਵਾਈਫ਼ ਕਿਰਨ ਕਿਸੇ ਹੋਰ ਦੇਸ਼ ਵਿੱਚ ਵੱਸਣ ਲਈ ਕਹਿ ਰਹੀ ਹੈ। ਇਸ ਹਵਾਲੇ ਨਾਲ ਕੀ ਤੁਸੀਂ ਵੀ ਦੇਸ਼ ਵਿੱਚਲੀ ਅਸਹਿਣਸ਼ੀਲਤਾ ਬਾਰੇ ਕੋਈ ਟਿੱਪਣੀ ਕਰੋਗੇ?’
‘ਵੇਖੋ ਜੀ, ਅਸੀਂ ਫ਼ਨਕਾਰ ਹਾਂ। ਇਸ ਦੇਸ਼ ਨੇ ਦਲੀਪ ਕੁਮਾਰ ਸਾਹਿਬ ਉਰਫ਼ ਯੂਸਫ਼ ਖ਼ਾਂ ਸਾਹਿਬ ਤੋਂ ਲੈ ਕੇ ਸਲਮਾਨ ਖ਼ਾਨ ਤਕ ਕਿੰਨੇ ਹੀ ਮੁਸਲਮਾਨਾਂ ਨੂੰ ਆਪਣਾ ਹੀਰੋ ਬਣਾਇਐ। ਪਿਆਰ ਦਿੱਤਾ ਹੈ, ਦੌਲਤ ਦਿੱਤੀ ਹੈ, ਸ਼ੋਹਰਤ ਦਿੱਤੀ ਹੈ। ਮੈਂ ਨਹੀਂ ਸਮਝਦਾ ਕਿ ਇਸ ਦੇਸ਼ ਵਿੱਚ ਕਦੇ ਸਾਡੇ ਨਾਲ ਵਿਤਕਰਾ ਹੋਇਆ ਹੋਵੇ। ਬਾਕੀ ਜੇ ਆਮਿਰ ਖ਼ਾਨ ਨੇ ਆਪਣੀ ਪਤਨੀ ਦੇ ਅਹਿਸਾਸ ਨੂੰ ਜਨਤਕ ਕਰ ਦਿੱਤਾ ਸੀ ਤਾਂ ਵੀ ਇੰਨਾ ਰੌਲਾ ਰੱਪਾ ਨਹੀਂ ਪੈਣਾ ਚਾਹੀਦਾ ਸੀ।’ ਰਜ਼ਾ ਸਾਹਿਬ ਦਾ ਜਵਾਬ ਸੀ।
‘ਰਜ਼ਾ ਮੁਰਾਦ ਦਾ ਕੋਈ ਅਜਿਹਾ ਸੁਪਨਾ ਜੋ ਅਜੇ ਹਕੀਕਤ ਵਿੱਚ ਨਾ ਬਦਲਿਆ ਹੋਵੇ?’ ਮੈਂ ਫ਼ਿਰ ਸਵਾਲ ਕੀਤਾ।
‘ਵੇਖੋ ਜੀ, ਮੈਂ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ। ਹਰ ਪਲ ਦਾ ਆਨੰਦ ਮਾਣ ਰਿਹਾ ਹਾਂ। ਬੇਟੀ ਆਪਣੇ ਖਾਵੰਦ ਦੇ ਨਾਲ ਭੋਪਾਲ ਵਿੱਚ ਰਹਿੰਦੀ ਹੈ। ਬੇਟੇ ਅਲੀ ਦੀ ਪਹਿਲੀ ਆ ਰਹੀ ਹੈ। ਮੈਂ ਕਾਫ਼ੀ ਕੰਮ ਕਰ ਲਿਆ ਹੈ। ਇਸਦਾ ਮਤਲਬ ਇਹ ਨਹੀਂ ਕਿ ਮੈਂ ਰਿਟਾਇਰ ਹੋ ਜਾਣਾ ਚਾਹੁੰਦਾ ਹਾਂ। ਨਹੀਂ ਅਜੇ ਮੈਂ ਕੰਮ ਕਰਨਾ ਚਾਹੁੰਦਾ ਹਾਂ। ਹੁਣ ਮੈਂ ਸਮਾਜ ਨੂੰ ਕੁਝ ਦੇਣਾ ਚਾਹੁੰਦਾ ਹਾਂ। ਕੋਈ ਐਨਜੀਓ ਬਦਾ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਸਮਾਜ ਸੇਵਾ ਕਰਨਾ ਚਾਹੁੰਦਾ ਹਾਂ। ਇਕ ਦੋ ਟੀ. ਵੀ. ਪ੍ਰੋਗਰਾਮ ਵੀ ਕਰ ਰਿਹਾ ਹਾਂ। ਪਾਕਿਸਤਾਨੀ ਫ਼ਿਲਮਾਂ ਵਿੱਚ ਕੰਮ ਕਰਨ ਦੀ ਇੱਛਾ ਵੀ ਹੈ। ਸੱਚੀ ਗੱਲ ਤਾਂ ਇਹ ਹੈ ਕਿ ਜਿੰਨਾ ਚਿਰ ਕੰਮ ਮਿਲਦਾ ਰਹੇਗਾ, ਕੰਮ ਕਰਦੇ ਰਹਾਂਗੇ। ਕੰਮ ਕਰਨ ਵਾਲੇ ਨਾ ਕਦੇ ਬੁੱਢੇ ਹੁੰਦੇ ਹਨ ਅਤੇ ਨਾ ਹੀ ਕਦੇ ਰਿਟਾਇਰ। ਕੀ ਮੈਂ ਤੁਹਾਨੂੰ ਬੁੱਢਾ ਲੱਗਦਾ ਹਾਂ? ਨਹੀਂ ਨਾ’ ਰਜ਼ਾ ਮੁਰਾਦ ਠਹਾਕਾ ਮਾਰ ਕੇ ਹੱਸਦਾ ਹੈ।

LEAVE A REPLY