ਲਸ਼ਕਰ-ਏ-ਤੋਇਬਾ ਬਾਲ ਠਾਕਰੇ ਨੂੰ ਮਾਰਨਾ ਚਾਹੁੰਦੀ ਸੀ : ਹੈਡਲੀ

4ਮੁੰਬਈ : ਮੁੰਬਈ ਹਮਲਿਆਂ ਦੇ ਸਿਲਸਿਲੇ ਵਿਚ ਅਮਰੀਕਾ ਵਿਚ ਦੋਸ਼ੀ ਠਹਿਰਾਏ ਗਏ ਪਾਕਿਸਤਾਨੀ-ਅਮਰੀਕੀ ਅੱਤਵਾਦੀ ਡੇਵਿਡ ਹੈਡਲੀ ਨੇ ਵੀਰਵਾਰ ਨੂੰ ਅਦਾਲਤ ਨੂੰ ਦੱਸਿਆ ਕਿ ਲਸ਼ਕਰ-ਏ-ਤੋਇਬਾ ਬਾਲ ਠਾਕਰੇ ਨੂੰ ਕਤਲ ਕਰਨਾ ਚਾਹੁੰਦੀ ਸੀ ਪਰ ਜਿਸ ਸ਼ਖਸ ਨੂੰ ਮਰਹੂਮ ਸ਼ਿਵ ਸੈਨਾ ਮੁਖੀ ਦਾ ਕਤਲ ਕਰਨ ਦਾ ਕੰਮ ਸੌਂਪਿਆ ਗਿਆ ਸੀ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਅੱਤਵਾਦੀ ਮਾਮਲੇ ਵਿਚ ਮੁੱਖ ਗਵਾਹ ਬਣੇ 55 ਸਾਲਾ ਹੈਡਲੀ ਨੇ ਇਹ ਗੱਲ ਅਬੂ ਜੁੰਦਾਲ ਦੇ ਵਕੀਲ ਅਬਦੁੱਲ ਵਹਾਬ ਖਾਨ ਨਾਲ ਜਿਰਹਾਂ ਦੌਰਾਨ ਦੂਜੇ ਦਿਨ ਅਮਰੀਕੀ ਤੋਂ ਵੀਡੀਓ ਲਿੰਕ ਜ਼ਰੀਏ ਕਹੀ।
ਜੁੰਦਾਲ 2008 ਵਿਚ ਮੁੰਬਈ ‘ਚ ਹੋਏ ਅੱਤਵਾਦੀ ਹਮਲੇ ਦਾ ਮੁੱਖ ਸਾਜ਼ਿਸ਼ਕਰਤਾ ਹੈ। ਹੈਡਲੀ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਉਸ ਨੇ ਸ਼ਿਵ ਸੈਨਾ ਭਵਨ ਦਾ ਦੋ ਵਾਰ ਮੁਆਇਨਾ ਕੀਤਾ ਸੀ ਪਰ ਉਹ ਉੱਥੇ ਜਾਣ ਦਾ ਸਾਲ ਨਹੀਂ ਦੱਸ ਸਕਿਆ। ਉਸ ਨੇ ਕਿਹਾ, ”ਅਸੀਂ ਸ਼ਿਵ ਸੈਨਾ ਮੁਖੀ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸੀ। ਉਨ੍ਹਾਂ ਦਾ ਨਾਂ ਬਾਲ ਠਾਕਰੇ ਸੀ। ਜਦੋਂ ਕਦੇ ਵੀ ਮੌਕਾ ਮਿਲਦਾ ਲਸ਼ਕਰ ਉਨ੍ਹਾਂ ਨੂੰ ਮਾਰਨਾ ਚਾਹੁੰਦੀ ਸੀ।” ਮੈਂ ਜਾਣਦਾ ਸੀ ਕਿ ਬਾਲ ਠਾਕਰੇ ਸ਼ਿਵ ਸੈਨਾ ਦੇ ਪ੍ਰਧਾਨ ਸਨ। ਮੇਰੇ ਕੋਲ ਪੂਰੀ ਸੂਚਨਾ ਨਹੀਂ ਹੈ ਪਰ ਮੇਰੇ ਖਿਆਲ ਨਾਲ ਲਸ਼ਕਰ ਨੇ ਬਾਲ ਠਾਕਰੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਹੈਡਲੀ ਨੇ ਕਿਹਾ, ”ਮੈਂ ਨਹੀਂ ਜਾਣਦਾ ਕਿ ਇਹ ਕੋਸ਼ਿਸ਼ ਕਿਵੇਂ ਕੀਤੀ ਗਈ। ਮੇਰੇ ਖਿਆਲ ਨਾਲ ਉਸ ਵਿਅਕਤੀ ਨੂੰ (ਜਿਸ ਨੂੰ ਠਾਕਰੇ ਨੂੰ ਮਾਰਨ ਲਈ ਭੇਜਿਆ ਗਿਆ ਸੀ) ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਉਹ ਪੁਲਸ ਹਿਰਾਸਤ ਤੋਂ ਫਰਾਰ ਹੋਣ ‘ਚ ਸਫਲ ਰਿਹਾ। ਫਿਲਹਾਲ ਮੈਨੂੰ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ।

LEAVE A REPLY