ਮੁੱਖ ਮੰਤਰੀ ਵੱਲੋਂ ਦਰਿਆਈ ਪਾਣੀਆਂ ਦੀ ਰਾਖੀ ਵਾਸਤੇ ਪੰਜਾਬੀਆਂ ਨੂੰ ਤਿਆਰ ਰਹਿਣ ਦਾ ਸੱਦਾ

2ਚੋਣਾਂ ਵਿਚ ਵਿਕਾਸ ਹੀ ਹੋਵੇਗਾ ਮੁੱਖ ਏਜੰਡਾ: ਸੁਖਬੀਰ
ਸਤਲੁਜ-ਯਮੁਨਾ ਲਿੰਕ ਨਹਿਰ ਦੇ ਮਸਲੇ ‘ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਬੇਨਕਾਬ ਹੋਇਆ
ਸ੍ਰੀ ਅਨੰਦਪੁਰ ਸਾਹਿਬ  :  ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਲਈ ਸੰਘਰਸ਼ ਕਰਨ ਵਾਸਤੇ ਪੰਜਾਬੀਆਂ ਨੂੰ ਤਿਆਰ-ਬਰ-ਤਿਆਰ ਰਹਿਣ ਦਾ ਸੱਦਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ ਦੀ ਇਜਾਜ਼ਤ ਕਿਸੇ ਵੀ ਕੀਮਤ ਤੇ ਹਾਲਤ ਵਿਚ ਨਹੀਂ ਦਿੱਤੀ ਜਾਵੇਗੀ।   ਇਤਿਹਾਸਕ ਹੋਲੇ-ਮਹੱਲੇ ਮੌਕੇ ਹੋਏ ਧਾਰਮਿਕ ਸਮਾਰੋਹ ਦੌਰਾਨ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਹ ਢੁੱਕਵਾਂ ਸਮਾਂ ਹੈ ਕਿ ਲਿੰਕ ਨਹਿਰ ਦੀ ਉਸਾਰੀ ਦੀ ਆਗਿਆ ਦੇਣ ਨਾਲੋਂ ਵੱਡੀ ਤੋਂ ਵੱਡੀ ਕੁਰਬਾਨੀ ਦੇ ਦਿੱਤੀ ਜਾਵੇ ਕਿਉਂਕਿ ਅਜਿਹਾ ਹੋ ਜਾਣ ਦੀ ਸੂਰਤ ਵਿਚ ਪੰਜਾਬ ਦੇ ਲੋਕ ਦਰਿਆਈ ਪਾਣੀਆਂ ਬਾਰੇ ਆਪਣੇ ਕਾਨੂੰਨੀ ਅਧਿਕਾਰ ਤੋਂ ਵਾਂਝੇ ਹੋ ਜਾਣਗੇ ਜੋ ਕਿ ਸਿੱਧੇ ਤੌਰ ‘ਤੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਪ੍ਰਵਾਨਿਤ ਰਿਪੇਰੀਅਨ ਸਿਧਾਂਤ ਦੀ ਘੋਰ ਉਲੰਘਣਾ ਹੋਵੇਗੀ। ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਆਪਣੀ ਪਾਰਟੀ ਅਤੇ ਸਰਕਾਰ ਵੱਲੋਂ ਢੁੱਕਵੇਂ ਕਦਮ ਚੁੱਕਣ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ. ਬਾਦਲ ਨੇ ਪੰਜਾਬੀਆਂ ਨੂੰ ਇਸ ਉਦੇਸ਼ ਲਈ ਆਪਣੇ ਆਪ ਨੂੰ ਤਕੜਾ ਸੰਘਰਸ਼ ਲੜਨ ਵਾਸਤੇ ਤਿਆਰ ਰਹਿਣ ਦੀ ਅਪੀਲ ਕੀਤੀ।
ਮੁੱਖ ਮੰਤਰੀ ਨੇ ਆਖਿਆ ਕਿ ਉਨ•ਾਂ ਨੇ ਹਾਲ ਹੀ ਵਿਚ ਪੰਜਾਬ ਵਿਧਾਨ ਸਭਾ ਦੇ ਪਵਿੱਤਰ ਸਦਨ ਵਿਚ ਇਹ ਐਲਾਨ ਕੀਤਾ ਹੈ ਕਿ ਉਹ ਕਿਸੇ ਵੀ ਕੀਮਤ ‘ਤੇ ਰਿਪੇਰੀਅਨ ਸਿਧਾਂਤ ਮੁਤਾਬਕ ਸੂਬੇ ਦੇ ਪਾਣੀਆਂ ਦੀ ਰਾਖੀ ਕਰਨਗੇ। ਉਨ•ਾਂ ਆਖਿਆ ਕਿ ਇਹ ਪਵਿੱਤਰ ਧਰਤੀ ਸ਼ਹੀਦਾਂ ਦੀ ਧਰਤੀ ਹੈ ਜਿਥੋਂ ਉਹ ਅੱਜ ਫਿਰ ਐਲਾਨ ਕਰਦੇ ਹਨ ਕਿ ਪੰਜਾਬ ਦੇ ਹਿੱਤਾਂ ‘ਤੇ ਡਾਕਾ ਮਾਰਨ ਵਾਲਾ ਕੋਈ ਵੀ ਫੈਸਲਾ ਮੈਨੂੰ ਅਤੇ ਅਕਾਲੀ-ਭਾਜਪਾ ਸਰਕਾਰ ਨੂੰ ਨਾ ਕਦੇ ਮਨਜ਼ੂਰ ਸੀ, ਨਾ ਮਨਜ਼ੂਰ ਹੈ ਅਤੇ ਨਾ ਮਨਜ਼ੂਰ ਹੋਵੇਗਾ। ਸ. ਬਾਦਲ ਨੇ ਭਾਜਪਾ ਲੀਡਰਸ਼ਿਪ ਖਾਸ ਤੌਰ ‘ਤੇ ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਦਾ ਵੀ ਧੰਨਵਾਦ ਕੀਤਾ ਜਿਨ•ਾਂ ਨੇ ਦਰਿਆਈ ਪਾਣੀਆਂ ਦੇ ਮਸਲੇ ‘ਤੇ ਪੂਰਾ ਸਮਰਥਨ ਦਿੱਤਾ।
ਸੂਬੇ ਦੇ ਹਿੱਤਾਂ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਸੰਘਰਸ਼ ਭਰੇ ਅਣਥਕ ਸਫਰ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਾਂਗਰਸ ਨੂੰ ਆੜੇ ਹੱਥੀਂ ਲੈਂਦੇ ਆਖਿਆ ਕਿ ਇਸ ਪਾਰਟੀ ਦੀਆਂ ਕੇਂਦਰ ਵਿਚ ਸਮੇਂ ਸਮੇਂ ‘ਤੇ ਬਣੀਆਂ ਸਰਕਾਰਾਂ ਨੇ ਪੰਜਾਬ ਦੇ ਬਣਦੇ ਹੱਕ ਤੇ ਖਾਸ ਕਰਕੇ ਦਰਿਆਈ ਪਾਣੀਆਂ ਦੇ ਹੱਕ ਨੂੰ ਲੁੱਟਿਆ। ਉਨ•ਾਂ ਆਖਿਆ ਕਿ ਜਦੋਂ ਵੀ ਪੰਜਾਬ ਦੇ ਹਿੱਤਾਂ ਦਾ ਮਸਲਾ ਉਠਦਾ ਹੈ ਤਾਂ ਸੂਬੇ ਦੀ ਕਾਂਗਰਸ ਲੀਡਰਸ਼ਿਪ ਮੂਕ ਦਰਸ਼ਕ ਬਣ ਕੇ ਪੰਜਾਬ ਤੇ ਪੰਜਾਬੀਆਂ ਦੀ ਸਾਰ ਲੈਣ ਦੀ ਬਜਾਏ ਆਪਣੀ ਹਾਈਕਮਾਂਡ ਅੱਗੇ ਆਤਮਸਮਰਪਣ ਕਰ ਦਿੰਦੀ ਹੈ। ਪੰਜਾਬੀਆਂ ਨਾਲ ਕੀਤੇ ਵਿਸ਼ਵਾਸਘਾਤ ਦੀ ਮਿਸਾਲ ਦਿੰਦਿਆਂ ਉਨ•ਾਂ ਆਖਿਆ ਕਿ ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ ਦੇ ਸਮਾਰੋਹ ਮੌਕੇ ਜਦੋਂ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਟੱਕ ਲਾਇਆ ਸੀ ਤਾਂ ਉਸ ਮੌਕੇ ਕਾਂਗਰਸ ਦੇ ਮੁੱਖ ਮੰਤਰੀ ਸ੍ਰੀ ਦਰਬਾਰਾ ਸਿੰਘ ਅਤੇ ਉਸ ਵੇਲੇ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਵੀ ਇਸ ਸਮਾਰੋਹ ਵਿਚ ਹਾਜ਼ਰ ਸਨ।
‘ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟਜ਼ ਐਕਟ-2004’ ਬਾਰੇ ਕਾਂਗਰਸ ਵੱਲੋਂ ਕੀਤੇ ਜਾ ਰਹੇ ਵੱਡੇ ਦਾਅਵਿਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਸ ਐਕਟ ਰਾਹੀਂ ਕਾਂਗਰਸ ਸਰਕਾਰਾਂ ਵੱਲੋਂ ਕੀਤੇ ਗਏ ਸਮਝੌਤੇ ਹੀ ਰੱਦ ਕੀਤੇ ਗਏ ਸਨ। ਇਸ ਐਕਟ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਗੁਨਾਹਾਂ ਨੂੰ ਇਕਬਾਲ ਕੀਤਾ ਸੀ।
ਸਿਆਸੀ, ਸਮਾਜਿਕ, ਆਰਥਿਕ ਅਤੇ ਇਥੋਂ ਤੱਕ ਕਿ ਧਾਰਮਿਕ ਖੇਤਰ ਵਿਚ ਪੰਜਾਬ ਨਾਲ ਕੀਤੇ ਮਤਰੇਈ ਮਾਂ ਵਾਲੇ ਸਲੂਕ ਲਈ ਕਾਂਗਰਸ ਪਾਰਟੀ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਉਂਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਅਤੇ ਖਾਸ ਤੌਰ ‘ਤੇ ਸਿੱਖ ਭਾਈਚਾਰਾ ਕਾਂਗਰਸ ਵੱਲੋਂ ਪੰਜਾਬ ਵਿਰੁੱਧ ਕੀਤੇ ਗੁਨਾਹਾਂ ਨੂੰ ਕਦੇ ਵੀ ਭੁੱਲ ਨਹੀਂ ਸਕਦਾ। ਸ. ਬਾਦਲ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਅਤੇ 1984 ਦੇ ਸਿੱਖ ਕਤਲੇਆਮ ਵਰਗੇ ਕਾਂਗਰਸ ਦੇ ਘਿਨਾਉਣੇ ਜ਼ੁਰਮਾਂ ਨੂੰ ਸਿੱਖ ਕਿਵੇਂ ਭੁਲਾ ਸਕਦੇ ਹਨ ਕਿਉਂਕਿ ਇਨ•ਾਂ ਦੁਖਦਾਇਕ ਘਟਨਾਵਾਂ ਨੇ ਸਿੱਖਾਂ ਦੇ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਉਨ•ਾਂ ਕਿਹਾ ਕਿ ਕੇਂਦਰ ਵਿਚ ਕਾਂਗਰਸ ਦੀਆਂ ਸਰਕਾਰਾਂ ਹਮੇਸ਼ਾ ਹੀ ਸੂਬੇ ਨੂੰ ਪੰਜਾਬੀ ਬੋਲਦੇ ਇਲਾਕੇ, ਉਸ ਦੀ ਰਾਜਧਾਨੀ ਚੰਡੀਗੜ• ਅਤੇ ਇਥੋਂ ਤੱਕ ਕੇ ਦਰਿਆਈ ਪਾਣੀਆਂ ਦੇ ਜਾਇਜ਼ ਹਿੱਸੇ ਨੂੰ ਦੇਣ ਲਈ ਜਾਣ-ਬੁੱਝ ਕੇ ਨਾਂਹ-ਨੁੱਕਰ ਕਰਦੀਆਂ ਰਹੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬੀਆਂ ਦੇ ਲੰਮੇ ਸੰਘਰਸ਼ਾਂ ਦੇ ਇਤਿਹਾਸ ਨੂੰ ਫਰੋਲਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਉਹ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਪੰਜਾਬ ਤੋਂ ਦਰਿਆਈ ਪਾਣੀ ਬਾਹਰ ਜਾਣ ਦਾ ਫੈਸਲਾ ਨਾ ਕਦੇ ਪ੍ਰਵਾਨ ਕੀਤਾ ਹੈ ਤੇ ਨਾ ਹੀ ਕਦੇ ਪ੍ਰਵਾਨ ਕਰਾਂਗੇ। ਸ. ਬਾਦਲ ਨੇ ਆਖਿਆ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਪਾਣੀ ਦੀ ਇੱਕ ਵੀ ਬੂੰਦ ਵਾਧੂ ਨਹੀਂ ਹੈ ਅਤੇ ਨਾ ਹੀ ਦਿੱਤਾ ਜਾਣਾ ਸੰਭਵ ਹੈ। ਇਸ ਸੰਦਰਭ ਵਿਚ ਲਿੰਕ ਨਹਿਰ ਬਣਾਉਣ ਦੀ ਨਾ ਕੋਈ ਲੋੜ ਸੀ, ਨਾ ਲੋੜ ਹੈ ਅਤੇ ਨਾ ਹੀ ਬਣਾਉਣੀ ਸੰਭਵ ਹੈ ਤੇ ਨਾ ਹੀ ਬਣਨ ਦੇਵਾਂਗੇ।
ਇਸ ਮੌਕੇ ਕਿਸਾਨਾਂ ਦੇ ਰਾਖੇ ਵਜੋਂ ਮੁੱਖ ਮੰਤਰੀ ਨੂੰ ‘ਕਿਸਾਨਾਂ ਦਾ ਮਸੀਹਾ’ ਅਤੇ ਉਪ ਮੁੱਖ ਮੰਤਰੀ ਨੂੰ ‘ਪਾਣੀਆਂ ਦਾ ਰਾਖਾ’ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਕਿਸਾਨਾਂ ਦੇ ਭਲੇ ਲਈ ਉਨ•ਾਂ ਵੱਲੋਂ ਨਿਭਾਈਆਂ ਸੇਵਾਵਾਂ ਵਜੋਂ ਮੁੱਖ ਮੰਤਰੀ ਨੂੰ ‘ਲੱਕੜ ਦਾ ਹੱਲ’ ਜਦਕਿ ਉਪ ਮੁੱਖ ਮੰਤਰੀ ਨੂੰ ‘ਖੂਹ’ ਦੇ ਮਾਡਲ ਨਾਲ ਸਨਮਾਨਤ ਕੀਤਾ ਗਿਆ।  ਇਸ ਮੌਕੇ ਆਪਣੇ ਸੰਬੋਧਨ ਵਿਚ ਉਪ ਮੁੱਖ ਮੰਤਰੀ ਨੇ ਪੰਜਾਬ ਦੇ ਬਹੁਤ ਹੀ ਸੰਜੀਦਾ ਮਸਲੇ ਸਤਲੁਜ-ਯਮੁਨਾ ਲਿੰਕ ਨਹਿਰ ‘ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਖੇਡੀ ਗਈ ਘਟੀਆ ਸਿਆਸਤ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ•ਾਂ ਆਖਿਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਸਿਆਸੀ ਮੌਕਾਪ੍ਰਸਤੀ ਦੇ ਸਿਖਰ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਸ ਮਸਲੇ ‘ਤੇ ਉਨ•ਾਂ ਦਾ ਦੋਗਲਾ ਚਰਿੱਤਰ ਸਾਹਮਣੇ ਆਇਆ ਹੈ। ਉਨ•ਾਂ ਆਖਿਆ ਕਿ ਜਦੋਂ ਪੰਜਾਬ ਵਿਧਾਨ ਸਭਾ ਇਸ ਮਸਲੇ ‘ਤੇ ਵਿਚਾਰ ਚਰਚਾ ਕਰ ਰਹੀ ਸੀ ਅਤੇ ਕਿਸਾਨਾਂ ਨੂੰ ਐਕੁਆਇਰ ਕੀਤੀ ਜ਼ਮੀਨ ਵਾਪਸ ਕਰਨ ਲਈ ਬਿੱਲ ਲਿਆਂਦਾ ਜਾ ਰਿਹਾ ਸੀ ਤਾਂ ਉਸ ਵੇਲੇ ਕਾਂਗਰਸ ਦੇ ਵਿਧਾਇਕਾਂ ਨੇ ਸਦਨ ‘ਚੋਂ ਵਾਕਆਊਟ ਕਰਕੇ ਘਟੀਆ ਹੱਥਕੰਡੇ ਅਪਣਾਏ। ਆਮ ਆਦਮੀ ਪਾਰਟੀ ‘ਤੇ ਵਰ•ਦਿਆਂ ਉਪ ਮੁੱਖ ਮੰਤਰੀ ਨੇ ਆਖਿਆ ਕਿ ਇਸ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮਸਲੇ ‘ਤੇ ਪੰਜਾਬ ਦੇ ਹੱਕ ਵਿਚ ਬਿਆਨ ਦਿੱਤਾ ਪਰ ਕੁਝ ਘੰਟਿਆਂ ਬਾਅਦ ਦਿੱਲੀ ਪਹੁੰਚਦਿਆਂ ਹੀ ਆਪਣੀ ਸੁਰ ਬਦਲ ਕੇ ਪੰਜਾਬ ਦੇ ਲੋਕਾਂ ਨਾਲ ਸ਼ਰੇਆਮ ਧੋਖਾ ਕੀਤਾ।
ਇਸ ਤੋਂ ਪਹਿਲਾਂ ਉਨ•ਾਂ ਆਖਿਆ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਸਦਾ ਹੀ ਪੰਜਾਬ ਦੇ ਹਿੱਤਾਂ ਦੇ ਰਖਵਾਲੇ ਵਜੋਂ ਸੇਵਾ ਕਰਦੇ ਆ ਰਹੇ ਹਨ ਤੇ ਸੂਬੇ ਦੇ ਪਾਣੀਆਂ ਸਮੇਤ ਹਰ ਮਸਲੇ ‘ਤੇ ਉਨ•ਾਂ ਦਾ ਸਟੈਂਡ ਅੰਤਿਮ ਹੁੰਦਾ ਹੈ। ਉਨ•ਾਂ ਅੱਗੇ ਆਖਿਆ ਕਿ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਮੌਕੇ ਹੀ ਵਿਕਾਸ ਹੋਇਆ ਹੈ ਅਤੇ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਕਈ ਲੋਕ ਪੱਖੀ ਸਕੀਮਾਂ ਅਤੇ ਉਪਰਾਲੇ ਆਰੰਭੇ ਹਨ ਜਿਨ•ਾਂ ਵਿਚ ਖੇਤੀ ਟਿਊਬਵੈਲਾਂ ਦੇ ਬਿੱਲ ਮੁਆਫ ਕਰਨਾ, ਕਰਜ਼ਿਆਂ ‘ਤੇ ਵਿਆਜ ਮੁਕੱਰਰ ਕਰਨ ਲਈ ਕਾਨੂੰਨ ਬਣਾਉਣਾ ਅਤੇ ਸਹਿਕਾਰੀ ਬੈਂਕਾਂ ਰਾਹੀਂ ਬਿਨਾ ਵਿਆਜ 50,000 ਰੁਪਏ ਤੱਕ ਦਾ ਕਰਜ਼ਾ ਦੇਣਾ ਸ਼ਾਮਲ ਹੈ। ਉਨ•ਾਂ ਆਖਿਆ ਕਿ ਕੰਢੀ ਤੇ ਬਿਸਤ ਦੋਆਬ ਨਹਿਰਾਂ ਵਿਚੋਂ ਛੇਤੀ ਹੀ ਪਾਣੀ ਦਾ ਵਹਾਅ ਸ਼ੁਰੂ ਹੋ ਜਾਵੇਗਾ ਅਤੇ 15 ਦਿਨਾਂ ਦੇ ਵਿਚ-ਵਿਚ ਢਾਈ ਏਕੜ ਤੱਕ ਦੀ ਜ਼ਮੀਨ ਵਾਲੇ ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨ ਦਿੱਤੇ ਜਾਣਗੇ। ਉਨ•ਾਂ ਆਖਿਆ ਕਿ ਕਿਸਾਨਾਂ ਲਈ ਪ੍ਰੋਵੀਡੈਂਟ ਫੰਡ ਤੇ ਪੈਨਸ਼ਨ ਸਕੀਮ, ਆਟਾ-ਦਾਲ ਸਕੀਮ, ਸ਼ਗਨ ਸਕੀਮ, ਬੁਢਾਪਾ ਪੈਨਸ਼ਨ ਵਿਚ ਵਾਧਾ ਅਤੇ ਕਿਸਾਨਾਂ ਤੇ ਗਰੀਬ ਲੋਕਾਂ ਲਈ ਸਿਹਤ ਤੇ ਦੁਰਘਟਨਾ ਬੀਮਾ ਯੋਜਨਾ ਵੀ ਛੇਤੀ ਲਾਂਚ ਕੀਤੀ ਜਾ ਰਹੀ ਹੈ। ਹੋਰ ਵਿਸਥਾਰ ਵਿਚ ਦਸਦਿਆਂ ਉਪ ਮੁੱਖ ਮੰਤਰੀ ਨੇ ਆਖਿਆ ਕਿ ਸੂਬਾ ਸਰਕਾਰ ਛੇਤੀ ਹੀ 1.15 ਲੱਖ ਅਸਾਮੀਆਂ ਭਰਨ ਜਾ ਰਹੀ ਹੈ ਜਿਸ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਹੋਵੇਗਾ। ਹੁਨਰ ਵਿਕਾਸ ਦਾ ਜ਼ਿਕਰ ਕਰਦਿਆਂ ਉਪ ਮੁੱਖ ਮੰਤਰੀ ਨੇ ਆਖਿਆ ਕਿ ਅਗਲੇ 12 ਮਹੀਨਿਆਂ ਦੌਰਾਨ 1.5 ਲੱਖ ਤੋਂ 2 ਲੱਖ ਨੌਜਵਾਨਾਂ ਨੂੰ ਸਿਖਲਾਈ ਮੁਹੱਈਆ ਕਰਵਾ ਕੇ ਸਨਅਤ ਦੀ ਲੋੜ ਮੁਤਾਬਕ ਤਿਆਰ ਕੀਤਾ ਜਾਵੇਗਾ। ਵਿਕਾਸ ਨੂੰ ਚੋਣ ਏਜੰਡਾ ਦੱਸਦਿਆਂ ਉਨ•ਾਂ ਆਖਿਆ ਕਿ ਪੰਜਾਬ ਦੇ ਸੰਜੀਦਾ ਲੋਕ ਪੰਜਾਬ ਵਿਰੋਧੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਝੂਠੇ ਪ੍ਰਚਾਰ ਵੱਲ ਧਿਆਨ ਦੇਣ ਦੀ ਬਜਾਏ ਪੰਜਾਬ ਦੀ ਤਰੱਕੀ ਲਈ ਦ੍ਰਿੜਤਾ ਨਾਲ ਪਹਿਰਾ ਦੇਣਗੇ।
ਸਤਲੁਜ-ਯਮੁਨਾ ਲਿੰਕ ਨਹਿਰ ਲਈ ਐਕੁਆਇਰ ਕੀਤੀ ਜ਼ਮੀਨ ਡੀ-ਨੋਟੀਫਾਈ ਕਰਨ ਲਈ ਬਿੱਲ ਲਿਆ ਕੇ ਕਿਸਾਨਾਂ ਦੇ ਹਿੱਤ ਵਿਚ ਲਏ ਇਸ ਇਤਿਹਾਸਕ ਫੈਸਲੇ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਸ਼ਲਾਘਾ ਕਰਦਿਆਂ ਮਾਲ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸੰਬੋਧਨ ਵਿਚ ਆਖਿਆ ਕਿ ਸ. ਬਾਦਲ ਦੀ ਅਗਵਾਈ ਹੇਠ ਪੰਜਾਬ ਦੇ ਨੌਜਵਾਨ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ।  ਕੈਪਟਨ ਅਮਰਿੰਦਰ ਸਿੰਘ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਸੂਬੇ ਦੇ ਹਿੱਤ ਅਣਗੌਲਿਆਂ ਕਰਨ ਦਾ ਦੋਸ਼ ਲਾਉਂਦਿਆਂ ਉਨ•ਾਂ ਆਖਿਆ ਕਿ ਜਿਥੇ ਕੈਪਟਨ ਨੇ ਸਾਲ 1982 ਵਿਚ ਸਤਲੁਜ-ਯਮੁਨਾ ਲਿੰਕ ਨਹਿਰ ਦਾ ਨੀਂਹ ਪੱਥਰ ਰੱਖਣ ਦਾ ਸੁਆਗਤ ਕੀਤਾ ਸੀ, ਉਥੇ ਹੀ ਕੇਜਰੀਵਾਲ ਵੱਲੋਂ ਪੰਜਾਬ ਦੇ ਦੌਰੇ ਤੋਂ ਕੁਝ ਘੰਟਿਆਂ ਬਾਅਦ ਹੀ ਪਾਣੀਆਂ ਦੇ ਮਸਲੇ ‘ਤੇ ਆਪਣਾ ਸਟੈਂਡ ਬਦਲ ਲੈਣ ਨਾਲ ਉਸ ਦਾ ਅਸਲੀ ਚਿਹਰਾ ਬੇ-ਨਕਾਬ ਹੋ ਗਿਆ ਹੈ। ਲਿੰਕ ਨਹਿਰ ਦੀ ਉਸਾਰੀ ਕਿਸੇ ਵੀ ਸੂਰਤ ਵਿਚ ਨਾ ਹੋਣ ਦੇਣ ਲਈ ਸ. ਬਾਦਲ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤੇ ਮਤੇ ਦਾ ਸੁਆਗਤ ਕਰਦਿਆਂ ਸ. ਮਜੀਠੀਆ ਨੇ ਸਪਸ਼ਟ ਸ਼ਬਦਾਂ ਵਿਚ ਆਖਿਆ ਕਿ ਕੈਪਟਨ ਸਰਕਾਰ ਵੱਲੋਂ ਸਾਲ 2004 ਵਿਚ ਲਿਆਂਦੇ ਬਿੱਲ ‘ਚ ਬਹੁਤ ਖਾਮੀਆਂ ਸਨ ਪਰ ਸ. ਬਾਦਲ ਦੀ ਅਗਵਾਈ ਵਿਚ ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ‘ਪੰਜਾਬ ਸਤਲੁਜ-ਯਮੁਨਾ ਲਿੰਕ ਕਨਾਲ ਲੈਂਡ (ਟਰਾਂਸਫਰ ਆਫ ਪ੍ਰੋਪਰਾਇਟਰੀ ਰਾਈਟਜ਼) ਬਿੱਲ-2016’ ਪਾਸ ਕੀਤੇ ਜਾਣ ਨਾਲ ਇਹ ਯਕੀਨੀ ਬਣਾ ਦਿੱਤਾ ਗਿਆ ਹੈ ਕਿ ਕਿਸੇ ਵੀ ਸੂਰਤ ਵਿਚ ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ ਨਹੀਂ ਹੋਵੇਗੀ ਕਿਉਂਕਿ ਪੰਜਾਬ ਕੋਲ ਇੱਕ ਤੁਪਕਾ ਵੀ ਪਾਣੀ ਕਿਸੇ ਦੂਜੇ ਸੂਬੇ ਨੂੰ ਦੇਣ ਲਈ ਨਹੀਂ ਹੈ। ਸ. ਮਜੀਠੀਆ ਨੇ ਆਖਿਆ ਕਿ ਲਿੰਕ ਨਹਿਰ ਲਈ ਐਕੁਆਇਰ ਕੀਤੀ ਜ਼ਮੀਨ ਇਸ ਦੇ ਮਾਲਕਾਂ ਨੂੰ ਮੁਫਤ ਵਿਚ ਵਾਪਸ ਕਰਨ ਅਤੇ ਨਹਿਰ ਦੀ ਉਸਾਰੀ ਲਈ ਹਾਸਲ ਕੀਤੀ 192 ਕਰੋੜ ਰੁਪਏ ਦੀ ਰਾਸ਼ੀ ਹਰਿਆਣਾ ਨੂੰ ਵਾਪਸ ਮੋੜਣ ਦੇ ਇਤਿਹਾਸਕ ਫੈਸਲਿਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸ. ਬਾਦਲ ਦੀ ਅਗਵਾਈ ਹੇਠ ਹੀ ਸੂਬੇ ਦੇ ਹਿੱਤ ਸੁਰੱਖਿਅਤ ਰੱਖੇ ਜਾ ਸਕਦੇ ਹਨ। ਉਨ•ਾਂ ਆਖਿਆ, ”ਪੰਜਾਬ ਦੇ ਸੱਚੇ ਰਖਵਾਲੇ ਵਜੋਂ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਬਿੱਲ ਰਾਹੀਂ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮੁੱਦਾ ਹਮੇਸ਼ਾ ਲਈ ਦਫ਼ਨ ਕਰ ਦਿੱਤਾ ਹੈ ਜੋ ਸਹੀ ਮਾਅਨਿਆਂ ਵਿਚ ਸ਼ਲਾਘਾਯੋਗ ਕਦਮ ਹੈ।”

LEAVE A REPLY