ਭਾਰਤ ਮਾਤਾ ਕੀ ਜੈ ਜਾਂ ਜੈ ਭਾਰਤ … ਬਹਿਸ ਜਾਰੀ ਹੈ!

Editorial1ਮੈਨੂੰ ਹੁਣੇ ਹੁਣੇ ਇਹ ਖ਼ਿਆਲ ਆਇਐ ਕਿ ਮੈਂ 40 ਤੋਂ ਵੱਧ ਵਰ੍ਹਿਆਂ ਦੀ ਆਪਣੀ ਮੁਕੰਮਲ ਹੋਂਦ ਦੌਰਾਨ ਕਦੇ ਵੀ ‘ਭਾਰਤ ਮਾਤਾ ਕੀ ਜੈ!’ ਨਹੀਂ ਆਖਿਆ। ਨਾ ਓਦੋਂ ਆਖਿਆ ਸੀ ਜਦੋਂ ਮੈਂ 7-8 ਸਾਲ ਦੀ ਉਮਰ ਵਿੱਚ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਨੂੰ ਆਪਣੀ ਫ਼ਾਂਸੀ ਦਾ ਜੇਲ੍ਹ ਵਿੱਚ ਇੰਤਜ਼ਾਰ ਕਰਦਿਆਂ ਨੂੰ ਦਿਖਾਉਂਦੀਆਂ ਕਾਲੀਆਂ ਚਿੱਟੀਆਂ ਮੂਵੀਆਂ ਦੇਖਿਆ ਕਰਦਾ ਸੀ ਅਤੇ ਨਾ ਹੀ ਓਦੋਂ ਜਦੋਂ ਰੇਡੀਓ ‘ਤੇ ਮੈਂ ‘ਆਓ ਬੱਚੋ ਤੁਮਹੇਂ ਦਿਖਾਏਂ ਝਾਂਕੀ ਹਿੰਦੁਸਤਾਨ ਕੀ, ਇਸ ਧਰਤੀ ਸੇ ਤਿਲਕ ਕਰੋ ਯੇ ਧਰਤੀ ਹੈ ਬਲੀਦਾਨ ਕੀ!’ ਗਾਣਾ ਵਜਦਾ ਹੋਇਆ ਸੁਣਦਾ ਹੁੰਦਾ ਸਾਂ। ਨਾ ਓਦੋਂ ਜਦੋਂ ਮੈਂ 11 ਸਾਲ ਦੀ ਉਮਰ ਵਿੱਚ ਜਲੰਧਰ ਦੇ ਇੱਕ ਸਕਰੀਨ ਵਾਲੇ ਸਿਨਮੇ ‘ਨਾਜ਼’ ਵਿੱਚ ਭਾਰਤ ਕੁਮਾਰ, ਨਹੀਂ ਸੱਚ ਮਨੋਜ ਕੁਮਾਰ, ਵਲੋਂ ਨਿਰਮਿਤ ਅਤੇ ਨਿਰਦੇਸ਼ਿਤ ਫ਼ਿਲਮ ‘ਕ੍ਰਾਂਤੀ’ ਦੇਖੀ ਸੀ ਅਤੇ ਨਾ ਹੀ ਓਦੋਂ ਜਦੋਂ ਮੈਂ 15 ਸਾਲ ਦੀ ਉਮਰ ਵਿੱਚ ਭਾਰਤੀ ਪ੍ਰਸ਼ੰਸਕਾਂ ਦੇ ਪਾਕਿਸਤਾਨ ਨਾਲ ਪਏ ਕਿਸੇ ਕ੍ਰਿਕਟ ਦੇ ਪੇਚੇ ਦੌਰਾਨ ਉਨ੍ਹਾਂ ਨੂੰ ਪੂਰੇ ਜੋਸ਼ ਵਿੱਚ ਆਪਣੇ ਸੰਘ ਉੱਚੀ ਉੱਚੀ ਪਾੜਦੇ ਹੋਏ ਸੁਣਦਾ ਹੁੰਦਾ ਸਾਂ। ‘ਭਾਰਤ ਮਾਤਾ ਕੀ ਜੈ’ ਦਾ ਨਾਆਰਾ, ਦਰਅਸਲ, ਮੇਰੀ ਦੇਸ਼ਭਗਤੀ ਦੀ ਭਾਸ਼ਾ ਦਾ ਜਾਂ ਉਸ ਸਭਿਆਚਾਰਕ ਤਜਰਬੇ ਦਾ ਕਦੇ ਵੀ ਹਿੱਸਾ ਨਹੀਂ ਰਿਹਾ ਜਿਸ ਨੇ ਕੁਝ ਹੱਦ ਤਕ ਮੇਰੀ ਦੇਸ਼ਭਗਤੀ ਨੂੰ ਪਰਿਭਾਸ਼ਿਤ ਕੀਤਾ ਜਾਂ ਕਾਇਆ ਪ੍ਰਦਾਨ ਕੀਤੀ। ਮੇਰੇ ਲਈ, ਅਜਿਹੇ ਨਾਅਰੇ ਕੇਵਲ ਮੂਵੀਆਂ ਜਾਂ ਫ਼ਿਲਮਾਂ ਦਾ ਇੱਕ ਹਿੱਸਾ ਸਨ, ਅਤੇ ਕਈ ਹੋਰਨਾਂ ਚੀਜ਼ਾਂ ਵਾਂਗ, ਉੱਥੇ ਹੀ ਭਲੇ ਸਨ।
ਕੀ ਮੈਂ ਆਪਣੇ ਮਨ ਵਿਚਲੇ ਕਿਸੇ ਵੈਰ ਵਿਰੋਧ ਕਾਰਨ ‘ਭਾਰਤ ਮਾਤਾ ਕੀ ਜੈ’ ਕਹਿਣ ਨੂੰ ਨਕਾਰਦਾ ਰਿਹਾ? ਆਪਣੀ ਜ਼ਿੰਦਗੀ ਦੇ ਬਹੁਤੇ ਹਿੱਸੇ ਦੌਰਾਨ ਜਾਣਬੁਝ ਕੇ ਤਾਂ ਬਿਲਕੁਲ ਨਹੀਂ। ਮੇਰਾ ਬਚਪਨ ਵੀ ਉੱਪਰ ਬਿਆਨ ਕੀਤੇ ਗਏ ਗੀਤ ਜਾਂ ਫ਼ਿਰ ‘ਐ ਮੇਰੇ ਵਤਨ ਕੇ ਲੋਗੋ, ਜ਼ਰਾ ਆਂਖ ਮੇਂ ਭਰ ਲੋ ਪਾਨੀ’ ਸੁਣ ਸੁਣ ਕੇ ਹੀ ਗੁਜ਼ਰਿਆ। ਫ਼ਿਰ 1984 ਤੋਂ 1992 ਦੇ ਦਰਮਿਆਨ ਦਾ ਸਮਾਂ ਮੇਰੀ ਜ਼ਿੰਦਗੀ ਵਿੱਚ ਅਜਿਹਾ ਆਇਆ ਜਦੋਂ ਸ਼ਾਇਦ ਇਹ ਸ਼ਬਦ ਮੇਰੇ ਮਨ ਅੰਦਰ ਬੇਗਾਨਗੀ ਦਾ ਅਹਿਸਾਸ ਛੱਡ ਜਾਇਆ ਕਰਦੇ ਸਨ। ਤੇ ਬਾਅਦ ਦੀ ਉਮਰ ਵਿੱਚ ਆ ਕੇ, ਉਸ ਮੁਲਕ ਨੂੰ ਮਾਂ ਦਾ ਨਾਮ ਦੇ ਕੇ ਪੂਜਣ ਦਾ ਆਈਡੀਆ ਮੈਨੂੰ ਵੈਸੇ ਹੀ ਭਾਉਣਾ ਬੰਦ ਕਰ ਗਿਆ ਜਿੱਥੇ ਅਕਸਰ ਹੀ ਉਸ ਦੇ ਮਹਿਲਾ ਵਸਨੀਕਾਂ ਦੇ ਅਧਿਕਾਰਾਂ ਦੀ ਖ਼ਿਲਾਫ਼ ਵਰਜ਼ੀ ਹੁੰਦੀ ਹੈ ਅਤੇ ਉਨ੍ਹਾਂ ਨਾਲ ਬਲਾਤਕਾਰ ਕੀਤੇ ਜਾਂਦੇ ਹਨ। ਫ਼ਿਰ ਵੀ, ਮੈਂ ਕਦੇ ਵੀ ਜਾਣਬੁਝ ਕੇ ਉਨ੍ਹਾਂ ਬੰਦਿਆਂ ਖ਼ਿਲਾਫ਼ ਕੋਈ ਮੰਦ ਭਾਵਨਾ ਨਹੀਂ ਰੱਖੀ ਜਿਨ੍ਹਾਂ ਨੂੰ ਇਹ ਨਾਅਰਾ ਬੁਲੰਦ ਕਰਨ ਵਿੱਚ ਕਿਸੇ ਖ਼ਾਸ ਕਿਸਮ ਦੀ ਸੰਤੁਸ਼ਟੀ ਜਾਂ ਪ੍ਰੇਰਨਾ ਮਿਲਦੀ ਹੋਵੇ ਜਾਂ ਫ਼ਿਰ ਸਿਰਫ਼ ਇਸ ਗੱਲ ਦਾ ਅਹਿਸਾਸ ਹੀ ਹੁੰਦਾ ਹੋਵੇ ਕਿ ਇਹ ਕਹਿ ਕੇ ਉਨ੍ਹਾਂ ਨੇ ਆਪਣੇ ਮੁਲਕ ਲਈ ਆਪਣਾ ਲੋੜੀਂਦਾ ਯੋਗਦਾਨ ਪਾ ਦਿੱਤਾ ਹੈ।
ਪਰ ਇਹ ਕੇਵਲ ਉਸ ਵੇਲੇ ਤਕ ਹੀ ਸੀ ਜਦੋਂ ਤਕ ‘ਭਾਰਤ ਮਾਤਾ ਕੀ ਜੈ’ ਕਹਿਣ ਨੂੰ ਭਾਰਤ ਵਿੱਚ ਕਿਸੇ ਦੀ ਦੇਸ਼ਭਗਤੀ ਜਾਂ ਮਾਂ ਭਗਤੀ ਨੂੰ ਪਰਖਣ ਦਾ ਮਾਪਦੰਡ ਨਹੀਂ ਸੀ ਬਣਾ ਦਿੱਤਾ ਗਿਆ। ਜੇਕਰ ਅੱਜ ਮੇਰੇ ਕੋਲੋਂ ਭਾਜਪਾ ਦੇ ਉਸ MP ਵਰਗਾ ਕੋਈ ਬੰਦਾ ਆ ਕੇ ਭਾਰਤ ਮਾਤਾ ਕੀ ਜੈ ਕਹਿਣ ਦੀ ਮੰਗ ਕਰੇ, ਜਿਸ ਨੇ AIMIM ਦੇ MLA ਵਾਰਿਸ ਪਠਾਨ ਨੂੰ ਮਹਾਰਾਸ਼ਟਰ ਅਸੈਂਬਲੀ ਵਿੱਚ ਅਜਿਹਾ ਬੋਲਣੋਂ ਨਾਂਹ ਕਰਨ ‘ਤੇ ਧਮਕੀ ਲਗਾਈ ਸੀ, ਤਾਂ ਕਿ ਮੇਰੀ ਦੇਸ਼ਭਗਤੀ ਪਰਖੀ ਜਾ ਸਕੇ, ਸੁਭਾਵਕ ਹੈ ਕਿ ਮੈਨੂੰ ਸਪੱਸ਼ਟ ਨਾਂਹ ਕਹਿਣੀ ਪਵੇਗੀ। ਅਜਿਹਾ ਇਸ ਲਈ ਨਹੀਂ ਕਿ ਮੈਂ ਆਪਣੀ ਮਾਤਰ ਭੂਮੀ ਨੂੰ ਇੱਜ਼ਤ ਦੇਣ ਤੋਂ ਇਨਕਾਰੀ ਹਾਂ, ਪਰ ਕਿਉਂਕਿ ਮੈਨੂੰ ਇਹ ਪਸੰਦ ਨਹੀਂ ਕਿ ਕੋਈ ਮੇਰੇ ਗਾਟੇ ‘ਤੇ ਛੁਰੀ ਰੱਖ ਕੇ ਮੈਨੂੰ ਕਹੇ ਕਿ ਮੇਰੀ ਦੇਸ਼ਭਗਤੀ ਉਸ ਵੇਲੇ ਤਕ ਦੇਸ਼ਭਗਤੀ ਨਹੀਂ ਸਮਝੀ ਜਾਵੇਗੀ ਜਦੋਂ ਤਕ ਉਹ ਉਨ੍ਹਾਂ ਦੀ ਦੇਸ਼ਭਗਤੀ ਵਰਗੀ ਨਹੀਂ ਸੁਣਾਈ ਦਿੰਦੀ। ਮੇਰੇ ਨਜ਼ਦੀਕ, ਇਹ ਇੱਕ ਹਮਲਾਵਰ ਪਹੁੰਚ ਹੈ ਜਿਹੜੀ ਆਪਣੇ ਬਹੁਗਿਣਤੀ ਅੰਕੜਿਆਂ ਦੀ ਸਾਨੂੰ ਆਕੜ ਦਿਖਾਉਂਦੀ ਹੈ। ਭਾਰਤ ਮਾਤਾ ਕੀ ਜੈ ਨਾ ਬੋਲਣ ਕਾਰਨ ਮਹਾਂਰਾਸ਼ਟਰ ਅਸੈਂਬਲੀ ਵਿੱਚੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਪਠਾਨ ਨੇ ਮੀਡੀਆ ਸਾਹਮਣੇ ਕਿਹਾ, ”ਮੈਨੂੰ ਮਾਣ ਹੈ ਕਿ ਮੈਂ ਇਸ ਮੁਲਕ ਵਿੱਚ ਜਨਮ ਲਿਆ ਹੈ ਅਤੇ ਜੇ ਰੱਬ ਦੀ ਰਜ਼ਾ ਇਸ ਵਿੱਚ ਹੋਈ ਤਾਂ ਮੈਂ ਦਫ਼ਨ ਵੀ ਇਸੇ ਧਰਤੀ ਹੇਠ ਹੋਵਾਂਗਾ। ਮੈਂ ਆਪਣੀ ਮਾਤਰ-ਭੂਮੀ ਦੀ ਹੱਤਕ ਨਹੀਂ ਕੀਤੀ, ਅਤੇ ਮੈਂ ਅਜਿਹਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਜੈ ਹਿੰਦ। ਜੈ ਭਾਰਤ। ਜੈ ਮਹਾਂਰਾਸ਼ਟਰ!”
ਇਹ ਸਮਝਣਾ ਬਿਲਕੁਲ ਵੀ ਮੁਸ਼ਕਿਲ ਨਹੀਂ ਕਿ ਪਠਾਨ ਨੂੰ ‘ਭਾਰਤ ਮਾਤਾ ਕੀ ਜੈ’ ਕਹਿਣ ‘ਤੇ ਇਤਰਾਜ਼ ਕਿਉਂ ਸੀ, ਪਰ ਜੈ ਹਿੰਦ ਕਹਿਣ ਵਿੱਚ ਉਸ ਨੂੰ ਕਿਉਂ ਕੋਈ ਉਜਰ ਨਹੀਂ ਸੀ। ਇਹ ਦੂਸਰੇ ਵਾਲਾ ਸ਼ਬਦ ਇੱਕ ਮੁਲਕ ਦੀ ਤਰਜਮਾਨੀ ਕਰਦਾ ਹੈ ਜਿਸ ਦਾ ਨਾਮ ਉਸ ਦੇ ਬਹੁਗਿਣਤੀ ਹਿੰਦੂ ਵਸਨੀਕਾਂ ਕਾਰਨ ਪਿਆ ਸੀ ਨਾ ਕਿ ਉੱਥੋਂ ਦੇ ਹਿੰਦੂ ਧਰਮ ਕਾਰਨ। ਪਹਿਲੇ ਵਾਲੇ ਨਾਅਰੇ ਦੀਆਂ ਜੜ੍ਹਾਂ ਹਿੰਦੂ ਸਭਿਆਚਾਰ ਵਿੱਚ ਹਨ ਜਦੋਂ ਕਿ ਦੂਸਰੇ ਵਾਲਾ ਨਾਅਰਾ ਇੱਕ ਮੁਲਕ ਪ੍ਰਤੀ ਆਪਣੇ ਦਿਲ ਵਿਚਲੀ ਇੱਜ਼ਤ ਦਾ ਸਾਂਤੀਪੂਰਨ ਪ੍ਰਗਟਾਵਾ ਕਰਦਾ ਹੈ। ਪਹਿਲੇ ਵਾਲੇ ਨਾਅਰੇ ਵਿੱਚ ਥੋੜ੍ਹੇ ਜਿਹੇ ਵੈਰ ਭਾਵ ਦੀ ਵੀ ਬੋ ਆਉਂਦੀ ਹੈ, ਲੜਾਈ ਦੀ … ਤੇ ਸ਼ਾਇਦ ਇਸੇ ਕਾਰਨ ਹੀ ਇਹ ਨਾਅਰਾ ਕਦੇ ਵੀ ਬਚਪਨ ਵਿੱਚ ਮੇਰੀ ਸਿੱਖ ਪਰਵਰਿਸ਼ ਦਾ ਹਿੱਸਾ ਵੀ ਨਹੀਂ ਰਿਹਾ।
ਮਸ਼ਹੂਰ ਸ਼ਾਇਰ ਅਤੇ ਡਾਇਲੌਗ ਲੇਖਕ ਜਾਵੇਦ ਅਖ਼ਤਰ ਦਾ ਦਾਅਵਾ ਹੈ ਕਿ ‘ਭਾਰਤ ਮਾਤਾ ਕੀ ਜੈ’ ਕਹਿਣਾ ਉਸ ਦਾ ਅਧਿਕਾਰ ਹੈ, ਪਰ ਉਸ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਵੀ ਕਰਨਾ ਚਾਹੀਦਾ ਹੈ ਕਿ ਦੇਸ਼ਭਗਤੀ ਦੇ ਨਾਮ ‘ਤੇ ਇਸ ਨੂੰ ਨਾ ਕਹਿਣਾ ਵੀ ਕਿਸੇ ਹੋਰ ਦਾ ਅਧਿਕਾਰ ਹੋ ਸਕਦਾ ਹੈ। ਜਾਂ ਫ਼ਿਰ, ਕਿਸੇ ਵਲੋਂ ‘ਭਾਰਤ ਮਾਤਾ ਕੀ ਜੈ’ ਨਾ ਕਹੇ ਜਾਣ ਦਾ ਅਰਥ ਇਹ ਨਹੀਂ ਕਿ ਉਸ ਬੰਦੇ ਨੂੰ ਭੰਡਿਆ ਜਾਵੇ। ਜਾਵੇਦ ਅਖ਼ਤਰ, ਜੋ ਕਿ ਇੱਕ ਜਾਣਿਆ ਪਹਿਚਾਣਿਆ ਨਾਸਤਕ ਹੈ, ਨੂੰ ਸ਼ਾਇਦ ਭਾਰਤ ਮਾਤਾ ਦੀ ਪੂਜਾ ਕਰਨ ਵਿੱਚ ਕੋਈ ਦਿੱਕਤ ਨਾ ਹੁੰਦੀ ਹੋਵੇ, ਪਰ ਬਾਕੀ ਦੇ ਸਾਰੇ ਭਾਰਤੀਆਂ ਤੋਂ ਵੀ ਇਸੇ ਗੱਲ ਦੀ ਮੰਗ ਕਰਨਾ ਜਾਇਜ਼ ਨਹੀਂ। ਭਾਰਤ ਦੀ ਇੰਨੀ ਵੱਡੀ ਹਿੰਦੂ ਬਹੁਗਿਣਤੀ ਵਿੱਚੋਂ, ਅਖ਼ਤਰ ਦੇ ਦਾਅਵਿਆਂ ਨੂੰ ਆਪਣੇ ਸਿਰ ਮੱਥੇ ‘ਤੇ ਰੱਖਣ ਵਾਲੇ ਅਜਿਹੇ ਬਹੁਤ ਸਾਰੇ ਲੋਕ ਮਿਲ ਜਾਣਗੇ ਜਿਨ੍ਹਾਂ ਨੂੰ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਨੂੰ ਦੂਸਰੇ ਲੋਕਾਂ ਦੀ ਦੇਸ਼ਭਗਤੀ ਦਾ ਨਵਾਂ ਪਾਸਪੋਰਟ ਕਰਾਰ ਦੇਣ ਵਿੱਚ ਕੋਈ ਇਤਰਾਜ਼ ਨਹੀਂ। ਪਰ ਇੱਥੇ ਹਕੀਕਤ ਦਸਣੀ ਜ਼ਰੂਰੀ ਹੈ। ‘ਜੈ ਭਾਰਤ’ ਦੀ ਆਪਣੀ ਇੱਕ ਆਜ਼ਾਦ ਧਰਮ ਰਹਿਤ ਹਸਤੀ ਹੈ ਜਦੋਂ ਕਿ ‘ਭਾਰਤ ਮਾਤਾ ਕੀ ਜੈ’ ਵਿੱਚ ਇੱਕ ਤਰ੍ਹਾਂ ਦੇ ਹਿੰਦੂਵਾਦ ਦੀ ‘ਵਾਸ਼ਨਾ’ ਆਉਂਦੀ ਹੈ। ਮੇਰੀ ਇਸ ਸੋਚ ਲਈ ਸ਼ਾਇਦ ਇਸ ਸਲੋਗਨ ਦਾ ਇਤਿਹਾਸ ਜ਼ਿੰਮੇਵਾਰ ਹੈ ਜਿਸ ਦਾ ਜ਼ਿਕਰ ਮੈਂ ਲੇਖ ਵਿੱਚ ਅੱਗੇ ਜਾ ਕੇ ਕਰਾਂਗਾ … ਜੇ ਥੱਕ ਗਏ ਹੋ ਤਾਂ ਤੁਸੀਂ ਇੱਥੇ ਬ੍ਰੇਕ ਲੈ ਸਕਦੇ ਹੋ!
ਕੋਈ ਮੁਸਲਮਾਨ, ਜਾਂ ਸਿਧਾਂਤਕ ਤੋਰ ‘ਤੇ ਕਿਸੇ ਵੀ ਧਰਮ ਦਾ ਕੋਈ ਬੰਦਾ, ‘ਭਾਰਤ ਮਾਤਾ ਕੀ ਜੈ’ ਦਾ ਨਾਅਰਾ ਲਗਾਉਣ ਤੋਂ ਇਸ ਲਈ ਇਨਕਾਰ ਕਰ ਸਕਦੈ ਕਿਉਂਕਿ ਅਜਿਹਾ ਕਰਨ ਦੀ ਮੰਗ ਕਰ ਕੇ ਉਸ ਦੀ ਦੇਸ਼ਭਗਤੀ ‘ਤੇ ਸਵਾਲ ਕੀਤਾ ਜਾ ਰਿਹੈ ਅਤੇ ਉਸ ਦੀ ਵਫ਼ਾਦਾਰੀ ਨੂੰ ਮਿਣਨ ਲਈ ਬਣਾਏ ਗਏ ਮਾਪਦੰਡਾਂ ਬਾਰੇ ਕੋਈ ਸਾਂਝੀ ਰਜ਼ਾਮੰਦੀ ਸਾਡੇ ਸਮਾਜ ਵਿੱਚ ਮੌਜੂਦ ਨਹੀਂ। ਜਾਂ ਕਈਆਂ ਨੂੰ, ਜਿਵੇਂ ਕਈ ਮੁਸਲਮਾਨਾਂ ਨੂੰ ਹੈ ਵੀ, ਇਹ ਖ਼ਦਸ਼ਾ ਹੋ ਸਕਦਾ ਹੈ ਕਿ ‘ਭਾਰਤ ਮਾਤਾ ਕੀ ਜੈ’ ਕਹਿਣ ਨਾਲ ਉਨ੍ਹਾਂ ਦੇ ਮਜ਼੍ਹਬੀ ਅਸੂਲਾਂ ਦੀ ਖ਼ਿਲਾਫ਼ ਵਰਜ਼ੀ ਜਾਂ ਉਲੰਘਣਾ ਹੁੰਦੀ ਹੈ ਕਿਉਂਕਿ ਇਸ ਨੂੰ ਕੁਝ ਲੋਕ ਮੂਰਤੀ ਪੂਜਾ ਦੇ ਬਰਾਬਰ ਵੀ ਮੰਨਦੇ ਹਨ। ਮੇਰੀਆਂ ਇਹ ਸਤਰਾਂ ਲਿਖਦੇ ਲਿਖਦੇ ਵੀ ਭਾਰਤ ਦੇ ਕੁਝ ਇਸਲਾਮਿਕ ਮਦਰਸਿਆਂ, ਜਿਵੇਂ ਕਿ ‘ਅਲ ਮਾਹਦ ਅਲ ਆਲੀ ਅਲ ਇਸਲਾਮੀ’ ਅਤੇ ‘ਦਾਰੁਲ ਇਫ਼ਤਾਰ’ ਨੇ ‘ਭਾਰਤ ਮਾਤਾ ਕੀ ਜੈ’ ਨੂੰ ਗ਼ੈਰ-ਇਸਲਾਮੀ ਕਰਾਰ ਦੇ ਦਿੱਤਾ। ਓਵੈਸੀ ਨੇ ਵੀ ਸ਼ਾਇਦ ਭਾਰਤ ਮਾਤਾ ਕੀ ਜੈ ਇਸ ਲਈ ਨਾ ਕਿਹਾ ਹੋਵੇ ਕਿਉਂਕਿ ਉਸ ਦੀ ਮਾਦਰੀ ਜ਼ੁਬਾਨ ਉਰਦੂ ਹੈ ਅਤੇ ਉਰਦੂ ਵਿੱਚ ਤੁਸੀਂ ਜੈ ਹਿੰਦ ਕਹਿੰਦੇ ਹੋ, ਜਾਂ ਸ਼ਾਇਦ ਆਪਣੇ ਮਜ਼੍ਹਬ ਕਾਰਨ ਉਸ ਨੂੰ ਅਜਿਹਾ ਕਹਿਣ ਤੋਂ ਇਤਰਾਜ਼ ਹੋਵੇ। ਭਾਰਤ ਮਾਤਾ ਕੀ ਜੈ ਦੀ ਜਗ੍ਹਾ ਉਰਦੂ ਵਿੱਚ ਜੈ ਹਿੰਦ ਜਾਂ ਹਿੰਦੋਸਤਾਨ ਜ਼ਿੰਦਾਬਾਦ ਕਿਹਾ ਜਾਂਦਾ ਹੈ, ਅਤੇ ਓਵੈਸੀ ਨੇ ਸ਼ਾਇਦ ਕਈ ਵਾਰ ਇਹ ਦੂਸਰੇ ਦੋਹੇਂ ਨਾਅਰੇ ਲਗਾਏ ਵੀ ਹੋਣ ਪਰ ਪਹਿਲੇ ਵਾਲਾ ਪ੍ਰਤੱਖ ਤੌਰ ‘ਤੇ ਕਦੇ ਨਹੀਂ! ਪੱਛਮੀ ਬੰਗਾਲ ਤੋਂ ਕਿਸੇ ਬੰਗਾਲੀ ਨੇ ਵੀ ਸ਼ਾਇਦ ਇਹ ਕਦੇ ਨਾ ਕਿਹਾ ਹੋਵੇ ਕਿਉਂਕਿ ਉਹ ਵੰਦੇ ਮਾਤਰਮ ਕਹਿੰਦਾ ਆਇਆ ਹੋ ਸਕਦਾ ਹੈ। ਬਹੁਤ ਸਾਰੀਆਂ ਅਜਿਹੀਆਂ ਭਾਸ਼ਾਵਾਂ ਅਤੇ ਬਹੁਤ ਸਾਰੇ ਅਜਿਹੇ ਢੰਗ ਹਨ ਜਿਨ੍ਹਾਂ ਨਾਲ ਹਿੰਦੁਸਤਾਨੀ ਆਪਣੇ ਮੁਲਕ ਦੀ ਤਾਰੀਫ਼ ਕਰ ਸਕਦੇ ਹਨ ਅਤੇ ਆਪਣੀ ਦੇਸ਼ਭਗਤੀ ਦਾ ਮੁਜ਼ਾਹਰਾ ਵੀ।
ਭਾਰਤ ਦੀ ਸੁਪਰੀਮ ਕੋਰਟ ਨੇ ਇੱਕ ਅਜਿਹੇ ਮਾਮਲੇ ਬਾਰੇ ਕੀਤੇ ਗਏ ਇੱਕ ਇਤਿਹਾਸਕ ਫ਼ੈਸਲੇ ਵਿੱਚ, ਜਿਸ ਵਿੱਚ ਜਿਹੋਵਾਜ਼ ਵਿਟਨੈਸਿਜ਼ ਦੇ ਪੈਰੋਕਾਰ ਵਿਦਿਆਰਥੀਆਂ ਨੂੰ ਕੈਰੇਲਾ ਦੇ ਇੱਕ ਸਕੂਲ ਵਿੱਚੋਂ ਇਸ ਲਈ ਕੱਢ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਅਸੈਂਬਲੀ ਵਿੱਚ ਭਾਰਤ ਦਾ ਰਾਸ਼ਟਰ ਗੀਤ ਗਾਣ ਤੋਂ ਇਨਕਾਰ ਕਰ ਦਿੱਤਾ ਸੀ, ਕਿਹਾ ਸੀ ਕਿ ਉਨ੍ਹਾਂ ਬੱਚਿਆਂ ਨੂੰ ਉਹ ਨਾ ਗਾਉਣ ਦਾ ਪੂਰਾ ਹੱਕ ਸੀ। ਕਿਸੇ ਵੀ ਵਿਅਕਤੀ ਨੂੰ ਕੁਝ ਵੀ ਕਹਿਣ ‘ਤੇ ਮਜਬੂਰ ਨਹੀਂ ਕੀਤਾ ਜਾ ਸਕਦਾ, ਹਰ ਇੱਕ ਨੂੰ ਆਪਣੀ ਖ਼ਾਮੋਸ਼ੀ ਅਖ਼ਤਿਆਰ ਕਰਨ ਦਾ ਹੱਕ ਹੈ ਜਾਂ ਜਿਵੇਂ ਉਹ ਠੀਕ ਸਮਝੇ ਆਪਣੇ ਜਜ਼ਬਾਤ ਦਾ ਇਜ਼ਹਾਰ ਕਰਨ ਦਾ ਵੀ ਹੱਕ ਹੈ। ਭਾਰਤ, ਹੈਰਾਨ ਕਰਨ ਦੀ ਹੱਦ ਤਕ, ਭਿੰਨ ਮੁਲਕ ਹੈ, ਬੇਸ਼ੱਕ ਉਹ ਭਾਸ਼ਾਈ ਪੱਖ ਤੋਂ ਹੋਵੇ ਜਾਂ ਨਸਲੀ ਪੱਖੋਂ ਜਾਂ ਫ਼ਿਰ ਸਮਾਜਕ ਪੱਖੋਂ … ਅਤੇ ਇਹ ਵਿਭਿੰਨਤਾ ਹੀ ਭਾਰਤ ਨੂੰ ਖ਼ੂਬਸੂਰਤ ਬਣਾਉਂਦੀ ਹੈ। ਅਸੀਂ ਉਸ ਜਗ੍ਹਾ ‘ਤੇ ਕਿਵੇਂ ਪਹੁੰਚ ਗਏ ਜਿੱਥੇ ਵੰਦੇ ਮਾਤਰਮ, ਹਿੰਦੋਸਤਾਨ ਜ਼ਿੰਦਾਬਾਦ, ਜੈ ਹਿੰਦ ਜਾਂ, ਇੱਥੋਂ ਤਕ ਕਿ, ਜੈ ਭਾਰਤ ਕਹਿਣਾ ਕਿਸੇ ਤਰ੍ਹਾਂ ਵੀ ‘ਭਾਰਤ ਮਾਤਾ ਕੀ ਜੈ’ ਕਹਿਣ ਜਿੰਨਾ ਸ਼ਕਤੀਸ਼ਾਲੀ ਪ੍ਰਗਟਾਵਾ ਨਹੀਂ (ਦੇਸ਼ਭਗਤੀ ਦਾ)? ਨਿਰਸੰਦੇਹ, ਜੈ ਹਿੰਦ ਜਾਂ ਜੈ ਭਾਰਤ ਦਾ ਉਹੀ ਮਤਲਬ ਹੈ ਜੋ ‘ਭਾਰਤ ਮਾਤਾ ਕੀ ਜੈ’ ਦਾ ਹੈ। ਇਹ ਦੋਹੇਂ ਨਾਅਰੇ ਮਾਤਰ ਭੂਮੀ ਦੀ ਜਿੱਤ ਦੀ ਕਾਮਨਾ ਕਰਦੇ ਹਨ, ਪਰ ਪ੍ਰਤੱਖ ਰੂਪ ਵਿੱਚ ਕੁਝ ਲੋਕਾਂ ਲਈ ਇਨ੍ਹਾਂ ਸਾਰੇ ਨਾਅਰਿਆਂ ਦੇ ਮਾਅਨੇ ਇੱਕ ਨਹੀਂ। RSS ਦਾ ਵੀ ਇਹੋ ਹੁਕਮ ਹੈ ਕਿ ਜੇਕਰ ਤੁਸੀਂ ਸੱਚੇ ਦੇਸ਼ਭਗਤ ਹੋ ਤਾਂ ਫ਼ਿਰ ਮਾਣ ਨਾਲ ਕਹੋ, ”ਭਾਰਤ ਮਾਤਾ ਕੀ ਜੈ!” ਕਿਉਂਕਿ ਉਨ੍ਹਾਂ ਦੇ ਭਾਣੇ ‘ਜੈ ਹਿੰਦ’ ਵਿੱਚ ਉਹ ਗੱਲ ਨਹੀਂ ਜਿਹੜੀ ‘ਭਾਰਤ ਮਾਤਾ ਕੀ ਜੈ’ ਵਿੱਚ ਹੈ!
ਕਿੱਥੋਂ ਉਪਜੀ ਸੀ ਭਾਰਤ ਮਾਤਾ?
ਭਾਰਤ ਕੋਲ ਉਸੇ ਤਰਾ੍ਹਂ ਭਾਰਤ ਮਾਤਾ ਹੈ, ਜਿਵੇਂ ਬਰਤਾਨੀਆ ਕੋਲ ਬ੍ਰੀਟੈਨੀਆ (Britannia) ਹੈ, ਫ਼ਰਾਂਸ ਕੋਲ ਮਾਰੀਆਨ (Marianne) ਹੈ, ਨਿਊ ਜ਼ੀਲੈਂਡ ਕੋਲ ਜ਼ੀਲੈਂਡੀਆ (Zealandia), ਸਵੀਡਨ ਕੋਲ ਮਦਰ ਸਵੀਅ (Svea) ਅਤੇ ਅਮਰੀਕਾ ਕੋਲ ਕੋਲੰਬੀਆ (Columbia) ਹੈ। ਇਹ ਸਾਰੀਆਂ ਮਾਤਰ ਭੂਮੀ ਦੀਆਂ ਦੇਵੀਆਂ ਸਨ ਜਿਹੜੀਆਂ ਸਾਮਰਾਜੀ ਵੇਲਿਆਂ ਵਿੱਚ ਸ਼ਕਤੀ ਦੇ ਤੌਰ ‘ਤੇ ਉਭਰੀਆਂ ਅਤੇ ਸਲਤਨਤਾਂ ਦੇ ਖ਼ਾਤਮੇ ਤੋਂ ਬਾਅਦ ਜਦੋਂ ਰਾਸ਼ਟਰ-ਦੇਸ਼ ਬਣਨ ਲੱਗੇ ਤਾਂ ਇਹ ਉੱਥੇ ‘ਮਾਵਾਂ’ ਦੇ ਤੌਰ ‘ਤੇ ਸਥਾਪਿਤ ਕਰ ਦਿੱਤੀਆਂ ਗਈਆਂ। ਬ੍ਰਿਟੈਨੀਆ ਦਾ ਜਨਮ ਓਦੋਂ ਹੋਇਆ ਜਦੋਂ 18ਵੀਂ ਸਦੀ ਵਿੱਚ ਸਕੌਟਲੈਂਡ ਅਤੇ ਇੰਗਲੈਂਡ ਦੀਆਂ ਸਲਤਨਤਾਂ ਨੂੰ ਆਪੋ ਵਿੱਚ ਰਲ਼ਾ ਕੇ ‘ਯੂਨਾਇਟਡ ਕਿੰਗਡਮ’ ਸਥਾਪਿਤ ਕਰ ਦਿੱਤੀ ਗਈ। ਯੂ.ਕੇ. ਦੀ ਬ੍ਰਿਟੈਨੀਆ ਦੀ ਕਲਪਨਾ ਗਰੀਕ (ਯੂਨਾਨੀ) ਹੈਲਮਟ ਪਹਿਨੇ ਹੋਏ ਅਤੇ ਆਪਣੇ ਹੱਥਾਂ ਵਿੱਚ ਇੱਕ ਯੂਨਾਨੀ ਕਵਚ ਫ਼ੜੀ ਇੱਕ ਔਰਤ ਦੇ ਰੂਪ ਵਿੱਚ ਕੀਤੀ ਗਈ ਸੀ ਜੋ ਕਿ ਬਰਤਾਨਵੀ ਸਮਾਜ ‘ਤੇ ਯੂਨਾਨੀ ਪ੍ਰਭਾਵ ਨੂੰ ਨੁਮਾਇਆਂ ਕਰਦੀ ਸੀ ਅਤੇ ਵਿਵੇਕ ਦਾ ਚਿੰਨ੍ਹ ਮੰਨੀ ਜਾਂਦੀ ਸੀ। ਉਹ ਇੱਕ ਸ਼ੇਰ ਦੀ ਸਵਾਰੀ ਕਰਦੀ ਹੋਈ ਦਿਖਾਈ ਗਈ ਸੀ ਜੋ ਕਿ ਇਸ ਰਾਸ਼ਟਰੀ ਚਿੰਨ੍ਹ ਦੀ ਸਾਮਰਾਜੀ ਤਬੀਅਤ ਵੱਲ ਇਸ਼ਾਰਾ ਕਰਦਾ ਸੀ। ਸ਼ਬਦ ਸਾਮਰਾਜ ਦਾ ਉਸ ਜ਼ਮਾਨੇ ਵਿੱਚ ਮਤਲਬ ਇੰਨਾ ਭੈੜਾ ਨਹੀਂ ਸੀ ਸਮਝਿਆ ਜਾਂਦਾ ਜਿੰਨਾ ਮਾੜਾ ਇਸ ਦੇ ਅਰਥ ਨੂੰ ਅੱਜ ਮੰਨਿਆ ਜਾਂਦਾ ਹੈ। ਬਾਅਦ ਵਿੱਚ, ਉਸ ਨੂੰ ਗਰੀਕ ਸਮੁੰਦਰ ਦੇਵਤਾ ਪਸਾਇਡਨ ਦਾ ਤ੍ਰਿਸ਼ੂਲ ਹੱਥ ਵਿੱਚ ਫ਼ੜੀ ਵੀ ਦਿਖਾਇਆ ਗਿਆ ਜੋ ਕਿ ਬਰਤਾਨੀਆ ਦੀ ਉਸ ਸਮੇਂ ਦੀ ਸ਼ਕਤੀਸ਼ਾਲੀ ਨੇਵੀ, ਜਿਸ ਦਾ ਵਿਸ਼ਵ ਦੇ ਸਮੁੰਦਰਾਂ ‘ਤੇ ਕਬਜ਼ਾ ਹੁੰਦਾ ਸੀ, ਦੀ ਤਾਕਤ ਵੱਲ ਸੰਕੇਤ ਕਰਦਾ ਸੀ ਅਤੇ ਜਿਸ ਨੇ ਇੱਕ ਅਜਿਹੀ ਸਲਤਨਤ ਕਾਇਮ ਕੀਤੀ ਜਿਸ ਦਾ ਸੂਰਜ ਕਦੇ ਨਹੀਂ ਸੀ ਢਲਦਾ! ਉਹ ਤਸਵੀਰ ਇੰਗਲੈਂਡ ਦੀਆਂ ਦੋ ਮਹਾਨ ਮਹਾਂਰਾਣੀਆਂ ਦੀ ਯਾਦ ਤਾਜ਼ਾ ਕਰਵਾਉਂਦੀ ਸੀ: ਐਲਿਜ਼ਾਬੇਥ (ਪਹਿਲੀ) ਅਤੇ ਮਹਾਂਰਾਣੀ ਵਿਕਟੋਰੀਆ।
ਬ੍ਰਿਟੈਨੀਆ ਦੀ ਤਰਜ਼ ‘ਤੇ ਹੀ, ਨਿਊ ਜ਼ੀਲੈਂਡ ਨੇ ਜ਼ੀਲੈਂਡੀਆ ਦੀ ਕਲਪਨਾ ਕੀਤੀ, ਪਰ ਉਹ ਬਹੁਤੀ ਮਕਬੂਲ ਨਾ ਹੋਈ। ਅਤੇ, ਸਵੀਡਨ ਵਿੱਚ, ਮਦਰ ਸਵੀਅ ਦਾ ਕਿਰਦਾਰ ਉਭਰਿਆ ਜੋ ਕਿ ਸਵੀਡਿਸ਼ ਲੋਕਾਂ ਦੀਆਂ ਦੇਸ਼ਭਗਤ ਭਾਵਨਾਵਾਂ ਦੀ ਤਰਜਮਾਨੀ ਕਰਦਾ ਸੀ, ਅਤੇ ਮਾਂ ਸਵੀਅ ਬਾਰੇ ਇਹ ਮੰਨਿਆ ਜਾਂਦਾ ਸੀ ਕਿ ਉਹ ਜੰਗਾਂ ਵਿੱਚ ਸ਼ਹੀਦ ਹੋਣ ਵਾਲੀਆਂ ਮਹਾਨ ਰੂਹਾਂ ਨੂੰ ਆਪਣੇ ਨਾਲ ਸਵਰਗ ਤਕ ਲੈ ਕੇ ਜਾਂਦੀ ਸੀ। ਆਇਰਲੈਂਡ ਵਿੱਚ ਆਇਰਿਸ਼ ਰਾਸ਼ਟਰਵਾਦੀਆਂ ਨੂੰ ਪ੍ਰੇਰਿਤ ਕਰਨ ਲਈ ‘ਕੈਥਲੀਨ ਨੀ ਹੂਲੀਹਾਨ’ ਜਾਂ ਕੈਥਲੀਨ ਔਫ਼ ਦਾ ਹਾਊਸ (ਸਾਡੇ ਘਰ ਦੀ ਕੈਥਲੀਨ) ਘੜੀ ਗਈ। ਆਇਰਿਸ਼ ਲੋਕ ਕੈਥਲੀਨ ਨੂੰ ਇੱਕ ਬੁੱਢੀ ਔਰਤ ਦੇ ਰੂਪ ਵਿੱਚ ਦੇਖਦੇ ਸਨ ਜਿਹੜੀ ਆਪਣਾ ਘਰਬਾਰ ਗੁਆ ਚੁੱਕੀ ਸੀ, ਅਤੇ ਜਿਹੜੀ ਓਦੋਂ ਜਵਾਨ ਹੋ ਜਾਂਦੀ ਸੀ ਜਦੋਂ ਉਹ ਕਿਸੇ ਵੀਰ ਨੂੰ ਆਪਣੇ ਲਈ ਜਾਨ ਵਾਰਨ ਜਾਂ ਲੜਨ ਮਰਨ ਲਈ ਕਾਇਲ ਕਰ ਲੈਂਦੀ ਸੀ। ਬਾਅਦ ਵਿੱਚ, ਜਦੋਂ ਬਹੁਤ ਸਾਰੇ ਆਇਰਿਸ਼ ਲੋਕ ਅਮਰੀਕਾ ਵੱਲ ਪਰਵਾਸ ਕਰ ਗਏ ਤਾਂ ਉਹ ਕੈਥਲੀਨ ਨੂੰ ਆਪਣੀ ਮਾਤਰ ਭੂਮੀ ਦੇ ਤੌਰ ‘ਤੇ ਚੇਤੇ ਕਰਨ ਲੱਗੇ। ਫ਼ਰਾਂਸ ਵਿੱਚ, ਮਾਰੀਆਨ ਉਸ ਮੁਲਕ ਦੇ ਲੋਕਤੰਤਰ ਅਤੇ ਵਿਵੇਕ ਦੇ ਆਦਰਸ਼ਾਂ ਨੂੰ ਮੂਰਤੀਮਾਨ ਕਰਦੀ ਸੀ। ਉਸ ਵਕਤ ਦੀ ਰਜਵਾੜਾਸ਼ਾਹੀ ‘ਤੇ ਮਰਦਾਂ ਦੇ ਗ਼ਲਬੇ ਦੇ ਮੱਦੇਨਜ਼ਰ ਇੱਕ ਔਰਤ ਦੀ ਕਲਪਨਾ ਕੀਤੀ ਗਈ ਸੀ। ਉਸ ਨੂੰ ਇੱਕ ਮੁਲਾਇਮ ਅਤੇ ਕੋਨਦਾਰ ਦਿਖਣ ਵਾਲੀ ਫ਼ਰਿਜੀਅਨ ਟੋਪੀ ਵਿੱਚ ਦਿਖਾਇਆ ਗਿਆ ਹੈ ਜਿਸ ਦੀ ਚੁੰਝ ਅੱਗੇ ਨੂੰ ਵਧੀ ਹੋਈ ਸੀ ਜੋ ਕਿ ਉਸ ਦੇ ਲੋਕਾਂ ਦੀ ਆਜ਼ਾਦੀ ਦਾ ਸੂਚਕ ਸੀ। ਮਾਰੀਆਨ ਨੂੰ ਇਹ ਟੋਪੀ ਇਸ ਲਈ ਪਹਿਨਾਈ ਗਈ ਕਿਉਂਕਿ ਅਜਿਹਾ ਮੰਨਿਆ ਜਾਂਦਾ ਸੀ ਕਿ ਰੋਮਨ ਜ਼ਮਾਨੇ ਵਿੱਚ ਆਜ਼ਾਦ ਤੇ ਖ਼ੁਦਮੁਖ਼ਤਿਆਰ ਮਰਦ ਇਹ ਟੋਪੀ ਪਹਿਨਦੇ ਹੁੰਦੇ ਸਨ ਅਤੇ ਜਦੋਂ ਗ਼ੁਲਾਮਾਂ ਨੂੰ ਉਨ੍ਹਾਂ ਦੇ ਮਾਲਕ ਆਜ਼ਾਦ ਕਰਦੇ ਸਨ ਤਾਂ ਉਹ ਵੀ ਉਨ੍ਹਾਂ ਨੂੰ ਇਹੋ ਫ਼ਰੀਜੀਅਨ ਟੋਪੀਆਂ ਉਨ੍ਹਾਂ ਦੀ ਆਜ਼ਾਦੀ ਦੀ ਨਿਸ਼ਾਨੀ ਵਜੋਂ ਦਿੰਦੇ ਸਨ।
18ਵੀਂ ਸਦੀ ਵਿੱਚ, ਬਰਤਾਨਵੀ ਪਾਰਲੀਮੈਂਟ ਵਿੱਚ ਹੋਣ ਵਾਲੀਆਂ ਬਹਿਸਾਂ ਨੂੰ ਜਨਤਕ ਕਰਨ ‘ਤੇ ਮਨਾਹੀ ਸੀ, ਸੋ ਉਨ੍ਹਾਂ ਵਕਤਾਂ ਦੇ ਸਿਆਸੀ ਰਸਾਲੇ ਉਨ੍ਹਾਂ ਬਹਿਸ ਮੁਬਹਿਸਿਆਂ ਨੂੰ ਬੁਲਾਰਿਆਂ ਅਤੇ ਸਥਾਨਾਂ ਦੇ ਨਾਮ ਬਦਲ ਕੇ ਛਾਪਦੇ ਸਨ। ਇਨ੍ਹਾਂ ਰਿਪੋਰਟਾਂ ਵਿੱਚ, ਅਮਰੀਕੀ ਬਸਤੀਆਂ ਨੂੰ ਕੋਲੰਬੀਆ ਕਿਹਾ ਜਾਣ ਲੱਗਾ। ਬਾਅਦ ਵਿੱਚ, ਫ਼ਰਿਜੀਅਨ ਟੋਪੀ ਪਹਿਨੀ ਅਤੇ ਅਮਰੀਕੀ ਝੰਡੇ ਵਿੱਚ ਲਿਪਟੀ ਕੋਲੰਬੀਆ ਗਣਤੰਤਰ ਦਾ ਅਜਿਹਾ ਚਿੰਨ੍ਹ ਬਣ ਗਈ ਜਿਹੜਾ ਨੌਜਵਾਨਾਂ ਨੂੰ ਆਪਣੇ ਲਈ ਲੜਨ ਦਾ ਸੱਦਾ ਦਿੰਦਾ ਸੀ। ਮਾਤਰ ਭੂਮੀ ਨੂੰ ਰੱਬ ਵਰਗੀ ਮਾਂ ਦਾ ਕਿਰਦਾਰ ਦੇਣ ਦਾ ਵਿਚਾਰ ਸ਼ਾਇਦ ‘ਰੋਮਾ’ ਦੀ ਕਲਪਨਾ ਵਿੱਚੋਂ ਪਨਪਿਆ ਹੋਵੇਗਾ, ਜੋ ਕਿ ਰੋਮਨ ਸਲਤਨਤ, ਖ਼ਾਸਕਰ ਰੋਮ ਸ਼ਹਿਰ, ਨੂੰ ਮੂਰਤੀਮਾਨ ਕਰਦੀ ਸੀ। ਇਸ ਔਰਤ ਨੂੰ ਰੋਮਨ ਲੋਕ ਸਿਰ ਉੱਪਰ ਗੋਲ ਆਕਾਰ ਦੀ ਫੁੱਲਾਂ ਦੀ ਮਾਲਾ ਜਾਂ ਗਜਰਾ ਪਹਿਨੀ ਇੱਕ ਮਾਂ ਦੇ ਰੂਪ ਵਿੱਚ ਦੇਖਦੇ ਸਨ, ਇਸਾਈ ਸ਼ਹੀਦ ਇੱਕ ਵਹੁਟੀ ਦੇ ਤੌਰ ‘ਤੇ ਅਤੇ ਪਵਿੱਤਰ ਰੋਮਨ ਸਲਤਨਤ ਦੇ ਲੋਕ ਇੱਕ ਸੰਤ ਆਤਮਾ ਦੇ ਰੂਪ ਵਿੱਚ ਦੇਖਦੇ ਸਨ। ਪਰ ਕਈਆਂ ਦਾ ਖ਼ਿਆਲ ਹੈ ਕਿ ਇਹ ਕਾਲਪਨਿਕ ਔਰਤ ਦਰਅਸਲ ਗਰੀਕ ਸੀ।
ਭਾਰਤ ਮਾਤਾ ਦਾ ਜਨਮ ਭਾਰਤ ਦੇ ਆਜ਼ਾਦੀ ਦੇ ਸੰਘਰਸ਼ ਦੌਰਾਨ 19ਵੀਂ ਸਦੀ ਵਿੱਚ ਕਿਰਨ ਚੰਦਰ ਬੈਨਰਜੀ ਵਲੋਂ ਲਿਖੇ ਗਏ ਇੱਕ ਬੰਗਾਲੀ ਨਾਟਕ ਵਿੱਚੋਂ ਹੋਇਆ ਸੀ ਜੋ ਕਿ ਬੰਕਿਮ ਚੰਦਰ ਚਟੋਪਾਧਿਆਏ ਦੇ ਇੱਕ ਨਾਵਲ ‘ਤੇ ਆਧਾਰਿਤ ਸੀ। ਇਸੇ ਨਾਵਲ ਵਿੱਚ ਬੰਕਿਮ ਚੰਦਰ ਨੇ ਵੰਦੇ ਮਾਤਰਮ’ ਜਾਂ ਮਾਂ ਤੈਨੂੰ ਸਲਾਮ ਭਜਨ ਅਤੇ ਅਬਿੰਦਰਾਨਾਥ ਟੈਗੋਰ ਵਲੋਂ ਬਣਾਈ ਗਈ ਭਾਰਤ ਮਾਤਾ ਦੀ ਇੱਕ ਪੇਂਟਿੰਗ ਵੀ ਪ੍ਰਕਾਸ਼ਿਤ ਕੀਤੀ ਸੀ ਜਿਸ ਵਿੱਚ ਮਾਤਾ ਨੂੰ ਗੂੜ੍ਹੇ ਭਗਵੇ ਰੰਗ ਦੇ ਕਪੜੇ ਪਹਿਨੇ ਹੋਏ ਦਿਖਾਇਆ ਗਿਆ ਸੀ ਅਤੇ ਉਹ ਆਪਣੇ ਚਾਰੋਂ ਹੱਥਾਂ ਵਿੱਚ ਮੋਤੀ (ਅਕੀਦਾ), ਵੇਦ-ਸ਼ਾਸਤਰ (ਗਿਆਨ), ਚਾਵਲਾਂ ਦਾ ਸਿੱਟਾ (ਭੋਜਨ) ਅਤੇ ਆਪਣੇ ਬੱਚਿਆਂ ਲਈ ਕਪੜਾ ਫ਼ੜ ਕੇ ਖੜ੍ਹੀ ਹੋਈ ਦਿਖਾਈ ਗਈ ਸੀ। ਬਾਅਦ ਵਿੱਚ ਜਾ ਕੇ, ਭਾਰਤ ਮਾਤਾ ਨੂੰ ਇੱਕ ਸ਼ੇਰ ਦੀ ਸਵਾਰੀ ਕਰਦਿਆਂ ਜਾਂ ਕਈ ਸ਼ੇਰਾਂ ਵਲੋਂ ਖਿੱਚੇ ਜਾਂਦੇ ਇੱਕ ਰੱਥ ਦੀ ਸਵਾਰੀ ਕਰਦਿਆਂ ਦਿਖਾਇਆ ਗਿਆ, ਹੱਥਾਂ ਵਿੱਚ ਤਿਰੰਗਾ ਫ਼ੜੀ, ਸੀਤਾ ਵਰਗੀ ਪਤੀਵਰਤਾ ਔਰਤ ਵਰਗੀ ਜਿਸ ਨੂੰ ਬਰਤਾਨਵੀ ਰਾਵਣ ਉਧਾਲ ਕੇ ਲੈ ਗਿਆ ਸੀ ਜਾਂ ਅਬਲਾ ਦਰੌਪਦੀ ਵਰਗੀ ਜਿਸ ‘ਤੇ ਬਰਤਾਨਵੀ ‘ਕਚੀਚਕ’ ਦੀ ਬੁਰੀ ਨਜ਼ਰ ਹੁੰਦੀ ਸੀ ਜਾਂ ਬਰਤਾਨਵੀਆਂ ਦੀ ਹਵਸ ਕਾਰਨ ਨੰਗੀ ਹੋਈ ਮਾਂ ਕਾਲੀ ਵਾਂਗ ਅਤੇ, ਇੱਥੋਂ ਤਕ ਕਿ, ਮਾਂ ਦੁਰਗਾ ਵਾਂਗ ਜੰਗ ਵਿੱਚ ਆਪਣੇ ਜੰਗਜੂ ਬੱਚਿਆਂ ਦੀ ਰਾਸ਼ਟਰ ਵਿਰੋਧੀਆਂ ਵਿਰੁੱਧ ਮਦਦ ਕਰਦੇ ਹੋਏ ਵੀ ਦਿਖਾਇਆ ਗਿਆ ਸੀ।
ਸੋ ਮੇਰੀ ਇਸ ਸਾਰੀ ਕਹਾਣੀ ਦਾ ਸਾਰ ਇਹ ਹੈ ਕਿ ਰਾਸ਼ਟਰਵਾਦੀ ਮਿਥਿਹਾਸਕ ਕਹਾਣੀਆਂ, ਦਰਅਸਲ, ਮੁੰਡਿਆਂ ਵਲੋਂ ਮੁੰਡਿਆਂ ਲਈ ਘੜੀਆਂ ਗਈਆਂ ਸਨ ਤਾਂ ਕਿ ਉਹ ਸਾਰੇ ਰਲ ਮਿਲ ਕੇ ਆਪਣੀ ਮਾਂ ਨੂੰ ਖ਼ੁਸ਼ ਕਰ ਸਕਣ!

LEAVE A REPLY