ਪਿੰਡ ਦੀ ਸੱਥ ਵਿੱਚੋਂ (ਕਿਸ਼ਤ-187)

main-news-300x150ਸੱਥ ਵਿੱਚ ਤਾਸ਼ ਖੇਡੀ ਜਾਂਦਿਆਂ ਕੋਲ ਖੇਸੀ ਦੀ ਬੁੱਕਲ ਮਾਰੀ ਖੜ੍ਹੇ ਟਹਿਲ ਮੈਂਬਰ ਕੇ ਗੱਜੂ ਨੂੰ ਸੱਥ ਕੋਲੋਂ ਲੰਘਿਆ ਜਾਂਦਾ ਸੰਤੋਖੇ ਬੁੜ੍ਹੇ ਕਾ ਕਾਂਚੀ ਕਹਿੰਦਾ, ”ਓਏ ਕਿਮੇਂ ਐ ਟੁਣੀਏ ਕਿਆ, ਆ ਚੱਲੀਏ ਆਟਾ ਚੱਕ ਕੇ ਲਿਆਈਏ ਮੱਘਰ ਕੀ ਚੱਕੀ ਤੋਂ?”
ਬਾਬਾ ਗੋਪਾਲ ਸਿਉਂ ਕਾਂਚੀ ਵੱਲ ਵੇਖ ਕੇ ਬੋਲਿਆ, ”ਹੈਂਅ! ਇਹ ਕੀਹਨੂੰ ਕੁਸ ਕਹਿ ਗਿਆ ਬਈ?”
ਸੀਤਾ ਮਰਾਸੀ ਬਾਬੇ ਦੇ ਕੰਨ ਦੇ ਨੇੜੇ ਮੂੰਹ ਕਰ ਕੇ ਮੱਧਮ ਜਿਹੀ ਆਵਾਜ਼ ‘ਚ ਕਹਿੰਦਾ, ”ਟਹਿਲ ਬਿੰਬਰ ਦੇ ਪੋਤੇ ਛੋਟੂ ਦੇ ਮੁੰਡੇ ਨੂੰ ਕਿਹਾ ਟੂਣੀਏ ਕਿਆ। ਆਹ ਵੇ ਤਾਸ਼ ਆਲਿਆਂ ਕੋਲ ਖੜ੍ਹਾ।”
ਬਾਬੇ ਨੇ ਪੁੱਛਿਆ, ”ਟੂਣੀਆ ਕਾਸਨੂੰ ਕਹਿੰਦਾ। ਪਤੰਦਰੋ ਨਿੱਤ ਨਮੇਂ ਈ ਨਾਂਅ ਧਰ ਦੇ ਐ ਓਏ।
ਨਾਥਾ ਅਮਲੀ ਬਾਬੇ ਨੂੰ ਗੁੱਤ ਪੱਟਣੇ ਵਾਂਗੂੰ ਚਿੰਬੜ ਕੇ ਪਿਆ, ”ਕੀ ਕਰਦੈਂ ਬਾਬਾ ਤੂੰ। ਪਿੰਡ ‘ਚ ਈ ਰਹਿਨੈਂ ਕੁ ਰਾਜਸਥਾਨ ‘ਚ ਮਕੰਦਗੜ੍ਹ ਬੈਠੈਂ। ਟਹਿਲ ਬਿੰਬਰ ਨੂੰ ਸਾਰਾ ਪਿੰਡ ਵੀਹਾਂ ਵਰ੍ਹਿਆਂ ਦਾ ਤਾਂ ਟੂਣੀਆ ਟੁਣੀਆ ਕਹਿੰਦਾ, ਤੈਨੂੰ ਪਤਾ ਨ੍ਹੀ ਕਿਉਂ ਨ੍ਹੀ ਖਬਰ। ਜਾਂ ਤਾਂ ਤੇਰਾ ਟਹਿਲ ਕਿਆਂ ਨਾਲ ਵਾਹ ਨ੍ਹੀ ਪਿਆ ਹੋਣਾ ਜਾਂ ਫ਼ਿਰ ਭਾਈ ਕੋਈ ਸਕੀਰੀ ਸਕੂਰੀ ਹੋਣੀ ਐ ਤੇਰੀ ਜੀਹਦੇ ਕਰ ਕੇ ਤੈਨੂੰ ਓਹਦੇ ਲਹੌਰੀ ਨਾਂ ਦਾ ਨ੍ਹੀ ਪਤਾ।”
ਮਾਹਲੇ ਨੰਬਰਦਾਰ ਨੇ ਅਮਲੀ ਨੂੰ ਹੈਰਾਨੀ ਨਾਲ ਪੁੱਛਿਆ, ”ਆਹ ਲਹੌਰੀ ਨਾਂ ਕਿਹੜਾ ਹੁੰਦਾ ਨਾਥਾ ਸਿਆਂ। ਆਹ ਇੱਕ ਹੋਰ ਨਮਾਂ ਈ ਢੋਲ ਖੜਕਾ ‘ਤਾ ਅੱਜ ਤੈਂ?”
ਨਾਥੇ ਅਮਲੀ ਦੀ ਭੋਰਾ ਵੱਧ ਟਾਂਕੀ ਹੋਈ ਕਰ ਕੇ ਗੱਲ ਹੇਠਾਂ ਨਹੀਂ ਸੀ ਡਿੱਗਣ ਦੇ ਰਿਹਾ। ਨੰਬਰਦਾਰ ਦੀ ਗੱਲ ਸੁਣ ਕੇ ਨੰਬਰਦਾਰ ਨੂੰ ਵੀ ਇਉਂ ਕਤਾੜ ਕੇ ਪੈ ਗਿਆ ਜਿਮੇਂ ਜਮੀਨ ਦੀ ਮਿਣਤੀ ਕਰਦੇ ਮਾਲ ਪਟਵਾਰੀ ਦੇ ਪਜਾਮੇ ਨੂੰ ਲੇਹਾ ਚਿੰਬੜ ਗਿਆ ਹੋਵੇ। ਨੰਬਰਦਾਰ ਨੂੰ ਕਹਿੰਦਾ, ”ਤੂੰ ਨੰਬਰਦਾਰ ਬਾਬੇ ਗਪਾਲ ਸਿਉਂ ਤੋਂ ਵੀ ਗਾਹਾਂ ਟੱਪ ਗਿਐਂ। ਬਾਬੇ ਨੇ ਤਾਂ ਹਜੇ ਮਕੰਦਗੜ੍ਹ ਦੀ ਓ ਈ ਟਿਕਟ ਕਟਾਈ ਐ ਤੂੰ ਪਤੰਦਰਾ ਓਦੂੰ ਵੀ ਚਾਲੀ ਕੋਹ ਗਾਂਹ ਨੰਘ ਗਿਐਂ। ਲੈ ਦੱਸ! ਸਾਰੀ ਉਮਰ ਲਹੌਰੀ ਕੇ ਗੁਆੜ ਰਹਿ ਕੇ ਨੰਘਾ ‘ਤੀ, ਹੁਣ ਜਲੇਬੀਆਂ ਦੇ ਟੈਮ ਪੁੱਛਦਾ ਲਹੌਰੀ ਨਾਂ ਕਿਹੜਾ ਹੁੰਦਾ। ਜਾਹ ਓ ਨੰਬਰਦਾਰਾ ਗਧੇ ਦਿਆ ਯਾਰਾ। ਤੂੰ ਵੀ ਘਣ ਚੱਕਰ ਈ ਐ।”
ਬੁੱਘਰ ਦਖਾਣ ਨੇ ਹੱਸ ਕੇ ਪੁੱਛਿਆ, ”ਜਲੇਬੀਆਂ ਦਾ ਕਿਹੜਾ ਟੈਮ ਹੁੰਦਾ ਅਮਲੀਆ ਓਏ?”
ਅਮਲੀ ਕਹਿੰਦਾ, ”ਜਦੋਂ ਲੱਕੜਾਂ ਦੇ ਨੇੜੇ ਹੋ ਜਾਂਦਾ ਬੰਦਾ ਉਦੋਂ ਪਕਦੇ ਐ ਫ਼ੇਰ ਲੱਡੂ ਜਲੇਬੀਆਂ।”
ਜਦੋਂ ਬਾਬੇ ਗੋਪਾਲ ਸਿਉਂ ਨੇ ਅਮਲੀ ਨੂੰ ਨੰਬਰਦਾਰ ਬਾਰੇ ਬੋਲਦਾ ਸੁਣਿਆਂ ਤਾਂ ਬਾਬਾ ਅਮਲੀ ਵੱਲ ਝਾਕ ਕੇ ਮੁਸ਼ਕਣੀਆਂ ਹੱਸ ਕੇ ਇੱਕ ਦਮ ਤ੍ਰਭਕ ਕੇ ਬੋਲਿਆਾ, ”ਆਹ! ਅੱਜ ਤਾਂ ਬਈ ਨੰਬਰਦਾਰ ਵੀ ਕਰ ‘ਤਾ ਝੱਗੇ ਦੇ ਮੇਚ ਅਮਲੀ ਨੇ। ਓ ਪਤੰਦਰਾ ਕਿਸੇ ‘ਤੇ ਤਾਂ ਰਹਿਮ ਕਰ ਲਿਆ ਕਰ, ਸਾਰਿਆਂ ਨੂੰ ਈ ਇੱਕੋ ਰੱਸੇ ਬੰਨ੍ਹੀ ਤੁਰਿਆ ਆਉਣੈਂ। ਇਹ ਤਾਂ ਫ਼ਿਰ ਵੀ ਨੰਬਰਦਾਰ ਐ ਪਿੰਡ ਦਾ।”
ਸੀਤਾ ਮਰਾਸੀ ਬਾਬੇ ਗੋਪਾਲ ਸਿਉਂ ਨੂੰ ਕਹਿੰਦਾ, ”ਬਾਬਾ ਜੀ ਤੁਸੀਂ ਬਚ ਕੇ ਰਹੋ। ਅੱਜ ਕੁਸ ਓਵਰ ਸ਼ਪੀਟ ਹੋ ਗਿਆ ਲੱਗਦਾ ਅਮਲੀ। ਅੱਜ ਤਾਂ ਹਰੇਕ ਨੂੰ ਈ ਇਉਂ ਚਿੰਬੜਦਾ ਜਿਮੇਂ ਘੁੱਗੀ ਦੇ ਆਲ੍ਹਣੇ ‘ਚ ਸੁੰਨੇ ਪਏ ਆਂਡਿਆਂ ਨੂੰ ਕਾਂ ਪੈ ਜਾਂਦਾ ਹੁੰਦਾ। ਪਰਵਾਹ ਈ ਨ੍ਹੀ ਕਰਦਾ ਕਿਸੇ ਵੱਡੇ ਛੋਟੇ ਨੂੰ ਮਨ੍ਹੀ ਵੇਂਹਦਾ ਪਤੰਦਰ। ਹਰੇਕ ਨੂੰ ਸਿਰਗਟ ਆਂਗੂੰ ਮਸਲ ਕੇ ਰੱਖ ਦਿੰਦਾ।”
ਬੁੱਘਰ ਦਖਾਣ ਨੇ ਪੁੱਛਿਆ, ”ਸਿਰਗਟ ਆਂਗੂੰ ਸੀਤਾ ਸਿਆਂ ਕਿਮੇਂ ਮਸਲ ਦਿੰਦਾ?”
ਸੀਤਾ ਮਰਾਸੀ ਕਹਿੰਦਾ, ”ਜਿਮੇਂ ਕਹਿੰਦੇ ਹੁੰਦੇ ਐ ਬਈ ਜਦੋਂ ਤਾਂ ਕਿਸੇ ਨੂੰ ਕਿਸੇ ਤਕ ਕੋਈ ਗੌਂਅ ਹੁੰਦਾ, ਉਦੋਂ ਤਾਂ ਅਗਲਾ ਪੈਰਾਂ ਥੱਲੇ ਹੱਥ ਦਿੰਦਾ ਫ਼ਿਰੂ। ਜਦੋਂ ਗਰਜ ਸਰ ਜਾਂਦੀ ਐ, ਫ਼ੇਰ ਅਗਲਾ ਇਉਂ ਪਾਸਾ ਵੱਟ ਜਾਂਦਾ ਜਿਮੇਂ ਗਾਰੇ ‘ਚ ਲਿਬੜੇ ਸੂਰ ਨੂੰ ਵੇਖ ਕੇ ਕਤੂਰਾ ਪਾਥੀਆਂ ਆਲੇ ਗਹੀਰੇ ‘ਚ ਵੜ ਜਾਂਦਾ। ਉਹੀ ਗੱਲ ਸਿਰਗਟਾਂ ਪੀਣ ਆਲਿਆਂ ਦੀ ਐ। ਸਿਰਗਟਾਂ ਪੀਣ ਆਲੇ ਡੱਬੀ ‘ਚੋਂ ਕੱਢ ਕੇ ਸਿਰਗਟ, ਚੁਸਕੀਆਂ ਲੈ ਲੈ ਸੂਟੇ ਖਿੱਚਣਗੇ। ਜਦੋਂ ਭੋਰਾ ਕੁ ਰਹੀ ਤੋਂ ਨਾਸਾਂ ਨੂੰ ਸੇਕ ਲੱਗਦਾ, ਉਦੋਂ ਥੱਲੇ ਸਿਟ ਕੇ ਪੈਰ ਨਾਲ ਇਉਂ ਮਸਲ ਦੇਣਗੇ ਜਿਮੇਂ ਪੈਰ ਨੂੰ ਬਾਹਮਣੀ ਲੱਗੀ ਤੋਂ ਅਗਲਾ ਪੈਰ ਈ ਘਸਾਈ ਜਾਂਦਾ ਹੁੰਦਾ ਰੇਤੇ ‘ਚ।”
ਬਾਬਾ ਗੋਪਾਲ ਸਿਉਂ ਕਹਿੰਦਾ, ”ਫ਼ੇਰ ਤਾਂ ਬਈ ਆਪਣੇ ਓਧਰਲੇ ਗੁਆੜ ਆਲਿਆਂ ਆਲੇ ਬਿਸ਼ਨੇ ਕੰਨ ਖੰਜੂਰੇ ਕਿਆ ਤੋਂ ਵੀ ਵੱਧ ਗਿਆ ਹੈਂਅ।”
ਬਿਸ਼ਨੇ ਮਾਹਲੇ ਕਾ ਕੰਨ ਖੰਜੂਰੇ ਨਾਂ ਸੁਣ ਕੇ ਅੱਗ ਲਾਉਣਿਆਂ ਦਾ ਬਿੱਕਰ ਸਿਰ ਖੁਰਕ ਦਾ ਬੋਲਿਆ, ”ਇਹ ਕੰਨ ਖੰਜੂਰੇ ਨਾਂਅ ਕੀਹਨੇ ਧਰਿਆ ਬਾਬਾ ਬਿਸ਼ਨੇ ਮਾਹਲੇ ਕਾ?”
ਨਾਥੇ ਅਮਲੀ ਨੇ ਬਿੱਕਰ ਨੂੰ ਬੋਲਿਆ ਸੁਣ ਕੇ ਬਿੱਕਰ ਵੱਲ ਵੀ ਘੁੰਮਾਇਆ ਫ਼ਿਰ ਸਟ੍ਹੇਰਿੰਗ, ”ਤੂੰ ਪਹਿਲਾਂ ਆਵਦੀਆਂ ਜੂੰਆ ਖੁਰਕ ਲਾ, ਫ਼ੇਰ ਦੱਸਦੇ ਐਂ ਤੈਨੂੰ ਕੰਨ ਖੰਜੂਰੇ ਕੀਹਨੇ ਧਰਿਆ ਨਾਂ। ਜੀਹਨੇ ਤੇਰਾ ਨਾਂ ਜੂੰਆਂ ਆਲਾ ਧਰਿਆ ਓਸੇ ਨੇ ਈ ਬਿਸ਼ਨੇ ਮਾਹਲੇ ਕਿਆਂ ਦਾ ਨਾਂਅ ਕੰਨ ਖੰਜੂਰੇ ਧਰਿਆ।”
ਜੂੰਆਂ ਵਾਲੀ ਗੱਲ ਸੁਣ ਕੇ ਸਾਰੀ ਸੱਥ ਬਿੱਕਰ ਵੱਲ ਇਉਂ ਝਾਕੀ ਜਿਮੇਂ ਬਿਜਲੀ ਦਾ ਮੀਟਰ ਖੜ੍ਹਾਉਣ ਨੂੰ ਮੀਟਰ ‘ਚ ਲੱਗੀ ਤਾਰ ‘ਤੇ ਬਿਜਲੀ ਦੇ ਉਡਣ ਦਸਤੇ ਨੇ ਛਾਪਾ ਮਾਰ ਲਿਆ ਹੋਵੇ। ਸਾਰੀ ਸੱਥ ਹੱਸੀ ਵੇਖ ਕੇ ਬਿੱਕਰ ਇਉਂ ਨਿੰਮੋਝੂਣਾ ਹੋ ਕੇ ਬਹਿ ਗਿਆ ਜਿਮੇਂ ਬਾਂਦਰੀ ਨੀਂਦ ਵਾਲੀਆਂ ਦੇ ਕੇ ਪੱਠਿਆਂ ਵਾਲੇ ਸਿੰਡੀਕੇਟ ਨਾਲ ਬੰਨ੍ਹੀ ਹੁੰਦੀ ਐ। ਬਿੱਕਰ ਨੂੰ ਚੁੱਪ ਕਰੇ ਨੂੰ ਵੇਖ ਕੇ ਬਾਬਾ ਗੋਪਾਲ ਸਿਉਂ ਬਿੱਕਰ ਨੂੰ ਕਹਿੰਦਾ,
”ਬਿੱਕਰ ਸਿਆਂ ਕੀ ਗੱਲ ਚੁੱਪ ਕਰ ਗਿਐਂ? ਤੂੰ ਈ ਤਾਂ ਸੱਥ ‘ਚ ਬੋਲਣ ਆਲਾ ਸੀ, ਹੁਣ ਤੂੰ ਈ ਮੂੰਹ ‘ਚ ਮਿੱਠੀਆਂ ਗੋਲੀਆਂ ਪਾ ਕੇ ਬਹਿ ਗਿਐਂ। ਮਾੜਾ ਮੋਟਾ ਤਾਂ ਜਵਾਬ ਦੇਹ ਯਾਰ ਇਨ੍ਹਾਂ ਨੂੰ।”
ਲੱਸੀ ਪੀਣੀਆਂ ਦਾ ਰੱਬੀ ਬਾਬੇ ਗੋਪਾਲ ਸਿਉਂ ਦੀ ਗੱਲ ਸੁਣ ਕੇ ਬਿੱਕਰ ਵੱਲ ਝਾਕ ਕੇ ਉੱਚੀ ਹੱਸ ਕੇ ਕਹਿੰਦਾ, ”ਅਮਲੀ ਨੇ ਬੋਲਣ ਜੋਗਾ ਛੱਡਿਆ ਈ ਨ੍ਹੀ, ਹੁਣ ਕੀ ਬੋਲੂ ਇਹੇ। ਅਮਲੀ ਨੇ ਬਹਾ ‘ਤਾ ਬੇਹੇ ਪਾਣੀ ‘ਚ।”
ਰੱਬੀ ਦੀ ਗੱਲ ਸੁਣ ਕੇ ਬਿੱਕਰ ਰੱਬੀ ਨੂੰ ਕਚੀਚੀ ਲੈ ਕੇ ਪੈ ਗਿਆ, ”ਬੈਠਾ ਰਹਿ ਓਏ ਵੱਡਿਆ ਆਸ਼ਕਾ। ਸਾਲਾ ਕੇਰਾਂ ਈ ਹੁਣ ਤਰਪਾਲੋਂ ਜੈਲਦਾਰ ਬਣਦਾ। ਜਿੱਦੇਂ ਛਿੱਤਰ ਪਏ ਤੇਰੇ ਓਦੇਂ ਪਤਾ ਲੱਗੂ ਨੀਕਰ ਨੂੰ ਕਿੰਨੇ ਮੀਟਰ ਬੀਕਾਨੇਰੀ ਬੋਸ਼ਕੀ ਲੱਗਦੀ ਐ।”
ਬੀਕਾਨੇਰੀ ਬੋਸ਼ਕੀ ਦਾ ਨਾਂ ਸੁਣ ਕੇ ਬਾਬੇ ਗੋਪਾਲ ਸਿਉਂ ਨੇ ਬਿੱਕਰ ਨੂੰ ਪੁੱਛਿਆ, ”ਬੀਕਾਨੇਰੀ ਬੋਸ਼ਕੀ ਕਿਹੜੀ ਹੁੰਦੀ ਐ ਬਿੱਕਰ ਸਿਆਂ?”
ਸੀਤਾ ਮਰਾਸੀ ਬਾਬੇ ਗੋਪਾਲ ਸਿਉਂ ਨੂੰ ਕਹਿੰਦਾ, ”ਬੀਕਾਨੇਰੀ ਬੋਸ਼ਕੀ ਤਾਂ ਬਾਬਾ ਤੈਨੂੰ ਮੈਂ ਦੱਸ ਦੂੰ, ਤੂੰ ਇਹਨੂੰ ਤਰਪਾਲੋਂ ਆਲੇ ਜੈਲਦਾਰ ਆਲੀ ਗੱਲ ਪੁੱਛ।”
ਬਾਬੇ ਨੇ ਮਰਾਸੀ ਦੀ ਸੁਣ ਕੇ ਬਿੱਕਰ ਨੂੰ ਹਲੂਣਿਆਂ ਫ਼ਿਰ, ”ਇਹ ਜੈਲਦਾਰ ਆਲਾ ਅਖਾਣ ਕਿਮੇਂ ਐ ਬਿੱਕਰ ਸਿਆਂ?”
ਜਦੋਂ ਬਿੱਕਰ ਰੱਬੀ ਦੀ ਕਰਤੂਤ ਦੱਸਣ ਲੱਗਿਆ ਤਾਂ ਰੱਬੀ ਸੱਥ ‘ਚੋਂ ਉੱਠ ਕੇ ਇਉਂ ਭੱਜ ਗਿਆ ਜਿਮੇਂ ਹਿਣਕਦੇ ਗਧੇ ਨੂੰ ਸੁਣ ਕੇ ਭੇਡਾਂ ‘ਚ ਬੈਠੀ ਬੱਕਰੀ ਵਾੜੇ ‘ਚੋਂ ਭੱਜ ਗੀ ਹੋਵੇ। ਭੱਜੇ ਜਾਂਦੇ ਰੱਬੀ ਨੂੰ ਸੀਤਾ ਮਰਾਸੀ ਕਹਿੰਦਾ,
”ਕਿੱਧਰ ਜਾਨੈ ਓਏ, ਤੂੰ ਵੀ ਸੁਣ ਜਾ ਹੁਣ ਸੰਧੂਰੀ ਗਾਉਣ।”
ਮਾਹਲਾ ਨੰਬਰਦਾਰ ਮਰਾਸੀ ਨੂੰ ਚੁੱਪ ਕਰਾ ਕੇ ਬਿੱਕਰ ਵੱਲ ਨੂੰ ਹੋਇਆ, ”ਕੀ ਗੱਲ ਐ ਬਿੱਕਰ ਸਿਆਂ। ਤੇਰੀ ਗੱਲ ਤੋਂ ਕਾਹਤੋਂ ਭੱਜ ਗਿਆ ਰੱਬੀ?”
ਬਿੱਕਰ ਕਹਿੰਦਾ, ”ਦੋ ਕੁ ਮਹੀਨਿਆਂ ਦੀ ਗੱਲ ਐ। ਅਸੀਂ ਐਥੇ ਸੱਥ ‘ਚ ਕਈ ਜਣੇ ਬੈਠੇ ਸੀ। ਸੁਰ੍ਹਤੋ ਕਾ ਰੀਠਾ, ਪਾਲੇ ਮਾਹਟਰ ਕਾ ਗੱਗ੍ਹੀ, ਮੈਂ ਤੇ ਇਹ ਰੱਬੀ। ਅਸੀਂ ਹੋਧਰਲੇ ਪਾਸੇ ਸੱਥ ‘ਚ ਦੂਜਿਆਂ ਨਾਲੋਂ ਅੱਡ ਜੇ ਬੈਠੇ ਸੀ। ਓਧਰੋਂ ਕਿਤੇ ਬਾਹਰਲੇ ਅੱਡੇ ਵੱਲੋਂ ਦੋ ਤਿੰਨ ਕੁੜੀਆਂ ਬੱਸੋਂ ਉਤਰ ਕੇ ਪਿੰਡ ‘ਚ ਨੂੰ ਸੱਥ ਵੱਲ ਤੁਰੀਆਂ ਆਉਣ। ਇਹ ਰੱਬੀ ਕਹਿੰਦਾ ‘ਆਹ ਪੁਰਜੇ ਕਿੱਧਰੋਂ ਆਉਂਦੇ ਐ ਬਈ’? ਕੁੜੀਆਂ ਸੱਥ ਕੋਲ ਦੀ ਨੰਘ ਗੀਆਂ। ਪੰਜਾਂ ਕੁ ਮਿੰਟਾਂ ਮਗਰੋਂ ਆਪਣੇ ਪਿੰਡ ਦੀਆਂ ਤਿੰਨ ਚਾਰ ਹੋਰ ਕੁੜੀਆਂ ਮਿੰਨੀ ਬੱਸ ਤੋਂ ਉੱਤਰੇ ਤੁਰੀਆਂ ਆਉਣ। ਉਨ੍ਹਾਂ ਨੂੰ ਵੇਖ ਕੇ ਇਹ ਰੱਬੀ ਫ਼ੇਰ ਭੌਂਕਿਆ ਹਲਕੇ ਕੁੱਤੇ ਆਂਗੂੰ। ਕਹਿੰਦਾ ‘ਤਿੰਨ ਚਾਰ ਹੀਰਾ ਆਹ ਆਉਂਦੀਆਂ। ਇਹ ਐਨੀਆਂ ਆਉਂਦੀਆਂ ਕਿਧਰੋਂ ਐ’? ਸੁਰਜਨ ਬਿਦਰ ਕਾ ਤੇਜਾ ਕਿਤੇ ਬੈਠਾ ਰੱਬੀ ਦੀਆਂ ਗੱਲਾਂ ਸੁਣੀ ਜਾਂਦਾ ਸੀ। ਉਹ ਵੇਖ ਲਾ ਫ਼ਿਰ ਜਦੋਂ ਤੇਜੇ ਨੂੰ ਚੜ੍ਹ ਜਾਣ ਫ਼ੇਰ ਤਾਂ ਅਗਲੇ ਨੂੰ ਸੂਈ ਦੇ ਨਖਾਰੇ ਵਿੱਚਦੀ ਨੰਘਾਉਣ ਤਕ ਜਾਂਦਾ। ਐਧਰੋਂ ਪਿੰਡ ਵੱਲੋਂ ਕਿਤੇ ਬੱਸ ਅੱਡੇ ਵੱਲ ਨੂੰ ਰੱਬੀ ਦੀ ਭੈਣ ਤੁਰੀ ਜਾਵੇ। ਤੇਜੇ ਨੂੰ ਪਤਾ ਤਾਂ ਲੱਗ ਗਿਆ ਸੀ ਬਈ ਰੱਬੀ ਦੀ ਭੈਣ ਐ। ਤੇਜੇ ਤੋਂ ਫ਼ਿਰ ਰਿਹਾ ਨਾ ਗਿਆ। ਤੇਜੇ ਨੇ ਰੱਬੀ ਨੂੰ ਉਹਦੀ ਭੈਣ ਵੱਲ ਝਕਾ ਕੇ ਪੁੱਛਿਆ ‘ਰੱਬੀ! ਜਿਹੜੀ ਐਧਰੋਂ ਆਹ ਹੀਰ ਸਲੇਟੀ ਆਉਂਦੀ ਐ, ਇਹ ਕਿਹੜੇ ਬੇਲੇ ਨੂੰ ਚੱਲੀ ਐ? ਇਹਦੀ ਵੀ ਕਰੀ ਖਾਂ ਭਵਿੱਖਵਾਣੀ’। ਜਦੋਂ ਰੱਬੀ ਆਵਦੀ ਭੈਣ ਵੱਲ ਝਾਕਿਆ ਤਾਂ ਰੱਬੀ ਤੇਜੇ ਤੋਂ ਡਰਦਾ ਸੱਥ ‘ਚੋਂ ਉੱਠ ਕੇ ਇਉਂ ਭੱਜ ਗਿਆ ਜਿਮੇਂ ਕਤੂਰਾ ਤੰਦੂਰ ‘ਚ ਫ਼ਸਿਆ ਕੱਢ ਕੇ ਛੱਡਿਆ ਹੋਵੇ। ਉਹ ਫ਼ਿਰ ਚਊਂ ਚਊਂ ਕਰਦਾ ਨੇੜੇ ਤੇੜੇ ਖੜ੍ਹਦਾ  ਈ ਨ੍ਹੀ ਹੁੰਦਾ। ਓਦੂੰ ਮਗਰੋਂ ਵੀਹ ਪੱਚੀ ਦਿਨ ਇਹ ਵੱਡੇ ਵੈਲੀ ਨੇ ਸੱਥ ਵੱਲ ਮੂੰਹ ਮਨ੍ਹੀ ਕੀਤਾ ਸੱਥ ‘ਚ ਆਉਣਾ ਤਾਂ ਕੀ ਸੀ। ਗੱਲ ਸਾਲਾ ਹਰੇਕ ਦੀ ਵੱਢਮੀਂ ਕਰੂ।”
ਨਾਥੇ ਅਮਲੀ ਦੇ ਕੋਲ ਬੈਠਾ ਹਰੀ ਕੂਕੇ ਕਾ ਜੰਗੀ ਬਿੱਕਰ ਨੂੰ ਕਹਿੰਦਾ, ”ਮੁੱਢੋਂ ਸਣਾ ਯਾਰ ਦਬਾਰੇ ਸਾਰੀ ਗੱਲ ਚੰਗੀ ਤਰਾਂ। ਵਿੱਚ ਮਿਸ ਜੀ ਮਾਰ ਜਾਨੈਂ।”
ਜੰਗੀ ਦੀ ਗੱਲ ਸੁਣ ਕੇ ਬਿੱਕਰ ਜੰਗੀ ਦੀ ਬਾਂਹ ਝੰਜੋੜ ਕੇ ਕਹਿੰਦਾ, ”ਜਾਹ ਓਏ ਬਿਨਾ ਬੱਤੀ ਆਲਿਆ ਦੀਵਿਆ। ਮੇਰਾ ਤਾਂ ਗੱਲ ਸਣਉਂਦੇ ਦਾ ਮੂੰਹ ਵਿੰਗਾ ਹੋ ਗਿਆ, ਤੈਨੂੰ ਸਮਝ ਈ ਨ੍ਹੀ ਆਈ।”
ਮੂੰਹ ਵਿੰਗੇ ਵਾਲੀ ਗੱਲ ਸੁਣ ਕੇ ਨਾਥਾ ਅਮਲੀ ਬਿੱਕਰ ਨੂੰ ਹਰਖ ਕੇ ਕਹਿੰਦਾ, ”ਮੂੰਹ ਤੇਰਾ ਕਾਹਦੇ ਨਾਲ ਵਿੰਗਾ ਹੋ ਗਿਆ ਓਏ, ਮੂੰਹ ਐਂ ਤੇਰਾ ਕੁ ਗੱਤੇ ਦਾ ਡੱਬਾ ਬਈ ਚਿੱਬਾ ਹੋ ਗਿਆ ਜਿਹੜਾ ਮੁੜ ਕੇ ਕੰਮ ਦਾ ਨ੍ਹੀ ਰਿਹਾ?”
ਅਮਲੀ ਨੂੰ ਹਰਖਿਆ ਵੇਖ ਕੇ ਬਾਬਾ ਗੋਪਾਲ ਸਿਉਂ ਅਮਲੀ ਨੂੰ ਘੂਰਦਾ ਦਾ ਬੋਲਿਆ, ”ਚੁੱਪ ਕਰ ਓਏ ਨਾਥਾ ਸਿਆਂ, ਐਮੇਂ ਲੜ ਪੋਂ ਗੇ। ਲੜੋਂਗੇ ਤੁਸੀਂ ਸਿਰ ‘ਚ ਸੁਆਹ ਸਾਡੇ ਪਊ, ਕਹਿਣਗੇ ਸਿਆਣੇ ਬਿਆਣੇ ਬੈਠੇ ਸੀ ਓੱਥੇ, ਹਟਾਏ ਨਾ ਗਏ ਲੜਦੇ ਉਨ੍ਹਾਂ ਤੋਂ। ਚੱਲੋ ਉੱਠੋ ਘਰਾਂ ਨੂੰ ਚੱਲੀਏ।”
ਬਾਬੇ ਦੇ ਕਹਿਣ ‘ਤੇ ਸਾਰੇ ਜਣੇ ਰੱਬੀ ਤੇ ਬਿੱਕਰ ਦੀਆਂ ਗੱਲਾਂ ਕਰਦੇ-ਕਰਦੇ ਸੱਥ ‘ਚੋਂ ਉੱਠ ਕੇ ਘਰਾਂ ਨੂੰ ਤੁਰ ਪਏ।

LEAVE A REPLY