ਚਿੜੀ

kahaniya-300x150ਸਾਉਣ ਦਾ ਮਹੀਨਾ, ਗਰਮੀ ਲੋਹੜੇ ਦੀ, ਪਰ ਮੀਂਹ ਦੀ ਤਿੱਪ ਨਹੀਂ। ਕੋਈ ਵਿਰਲੀ ਵਿਰਲੀ ਬੱਦਲੀ ਆਉਂਦੀ, ਥੋੜ੍ਹੀ ਦੇਰ ਛਾਂ ਦਿੰਦੀ, ਪਰ ਫ਼ਿਰ ਜਿਵੇਂ ਸੂਰਜ ਦੀ ਤਪਸ਼ ਤੋਂ ਹਾਰ ਕੇ ਭਾਫ਼ ਬਣ ਉੱਡ ਜਾਂਦੀ। ਪਰ ਅੱਜ ਦੀ ਘਟਾ ਕੁਝ ਠਾਣ ਕੇ ਆਈ ਲੱਗਦੀ ਸੀ। ਮੀਂਹ ਡਿੱਗਾ ਕਿ ਡਿੱਗਾ। ਕੁੜੀ ਵਿਹੜੇ ਵਿੱਚ ਬੈਠੀ ਰੋਟੀ ਦੀਆਂ ਬੁਰਕੀਆਂ ਤੋੜ ਰਹੀ ਸੀ, ਪਰ ਸੁਰਤੀ ਥਾਲੀ ਵਿੱਚ ਨਹੀਂ ਸੀ। ਮਾਂ ਥੋੜ੍ਹੀ ਹਟਵੀਂ ਬੈਠੀ ਚੋਰ ਅੱਖ ਨਾਲ ਕੁੜੀ ਦਾ ਚਿਹਰਾ ਪੜ੍ਹ ਰਹੀ ਸੀ। ਜਿਵੇਂ ਸੁੱਖ ਸਾਂਦ ਲੱਭ ਰਹੀ ਹੋਵੇ, ਪਰ ਕੁਝ ਪੁੱਛ ਨਹੀਂ ਸੀ ਰਹੀ। ਹੌਸਲਾ ਜੋ ਨਹੀਂ ਸੀ ਪੈਂਦਾ। ਅਚਾਨਕ ਬੂਹੇ ਅੱਗੇ ਕੋਈ ਆਵਾਜ਼ ਸੁਣਾਈ ਦਿੱਤੀ। ਮਾਂ ਕਾਹਲੀ ਨਾਲ ਉੱਠ ਕੇ ਉਧਰ ਨੂੰ ਹੋ ਤੁਰੀ। ਕੁੜੀ ਦੇ ਕੰਨ ਵੀ ਓਧਰ ਹੀ ਸਨ।
ਚਾਰ ਦਿਨ ਪਹਿਲਾਂ ਦੀ ਗੱਲ ਹੈ ਜਦੋਂ ਕੁੜੀ ਸਕੂਲੋਂ ਛੁੱਟੀ ਵੇਲੇ ਕੁੜੀਆਂ ਨਾਲ ਘਰ ਨੂੰ ਤੁਰੀ ਸੀ। ਇੱਕ ਛੋਟੀ ਬੱਦਲੀ ਕਿਤੋਂ ਆਈ, ਪਰ ਛੇਤੀ ਉੱਡ ਗਈ। ਜ਼ਮੀਨ, ਹਵਾ ਸਭ ਜਿਵੇਂ ਫ਼ਿਰ ਸੜਨ ਲੱਗੇ। ਕੁੜੀਆਂ ਇੱਕ ਇੱਕ ਕਰ ਕੇ ਆਪਣੇ ਮੋੜ ਮੁੜ ਗਈਆਂ ਅਤੇ ਉਸ ਇਕੱਲੀ ਅੱਗੇ ਉਹੀ ਸੁੰਨਾ ਰਾਹ ਸੀ ਜਿਹੜਾ ਉਸ ਨੂੰ ਹਰ ਰੋਜ਼ ਲੰਘਣਾ ਇਉਂ ਲੱਗਦਾ ਸੀ ਜਿਵੇਂ ਬਾਜ਼ਾਂ ਨਾਲ ਭਰਿਆ ਜੰਗਲ ਹੋਵੇ ਤੇ ਉਹ ਇਕੱਲੀ ਚਿੜੀ।
ਕਿਤਾਬਾਂ ਵਾਲਾ ਬੈਗ ਪਾਈ ਜਾਂਦੀ ਦੇ ਉਹ ਰੋਜ਼ ਵਾਂਗ ਪਿੱਛੇ ਹੋ ਤੁਰਿਆ। ਕੁੜੀ ਤੇਜ਼ ਤੁਰਨ ਲੱਗੀ। ਉਹ ਕੁੜੀ ਨਾਲੋਂ ਤੇਜ਼ ਹੋ ਗਿਆ, ਬਰਾਬਰ ਆਇਆ, ਫ਼ਿਰ ਹੌਲੀ ਹੋ ਗਿਆ, ਫ਼ਿਰ ਤੇਜ਼, ਫ਼ਿਰ ਹੌਲੀ। ਜਿਵੇਂ ਸ਼ਿਕਾਰੀ ਕੁੱਤਾ ਸ਼ਿਕਾਰ ਤੋਂ ਪਹਿਲਾਂ ਸਹੇ ਨਾਲ ਖੇਡ ਰਿਹਾ ਹੋਵੇ। ਫ਼ਿਰ ਉਹ ਕੁੜੀ ਦੇ ਬਰਾਬਰ ਪਹੁੰਚਿਆ, ”ਗੱਲ ਸੁਣ ਮੇਰੀ।” ਕੁੜੀ ਦੀਆਂ ਲੱਤਾਂ ਕੰਬਣ ਲੱਗੀਆਂ। ਉਹ ਹੋਰ ਤੇਜ਼ ਤੁਰਨ ਦੀ ਕੋਸ਼ਿਸ਼ ਕਰਨ ਲੱਗੀ, ਪਰ ਉਹਦਾ ਆਪਾ ਵੀ ਜਿਵੇਂ ਉਹਦੇ ਆਖੇ ਨਾ ਲੱਗ ਰਿਹਾ ਹੋਵੇ। ਉਹ ਦੋ ਕਦਮ ਕੁੜੀ ਤੋਂ ਅੱਗੇ ਨਿਕਲ ਗਿਆ ਅਤੇ ਇੱਕ ਵੱਡਾ ਚਾਕੂ ਕੱਢਿਆ। ਕੁੜੀ ਜਿੰਨਾ ਡਰ ਸਕਦੀ ਸੀ, ਪਹਿਲਾਂ ਹੀ ਡਰੀ ਹੋਈ ਸੀ। ਪਰ ਹੁਣ ਤੁਰਨਾ ਵੀ ਮੁਸ਼ਕਿਲ ਸੀ। ਉਹਨੇ ਚਾਕੂ ਉਪਰ ਚੁੱਕਿਆ ਅਤੇ ਜ਼ੋਰ ਨਾਲ ਕਿਤਾਬਾਂ ਵਾਲੇ ਬੈਗ ਵਿੱਚ ਦੇ ਮਾਰਿਆ। ਕੁੜੀ ਦਰੱਖਤ ਬਣੀ ਖੜ੍ਹੀ ਸੀ। ਉਹ ਬੋਲਿਆ, ”ਮੈਂ ਤੈਨੂੰ ਪਿਆਰ ਨਾਲ ਕਹਿੰਦਾ ਹਾਂ ਮੇਰੀ ਗੱਲ ਸੁਣ। ਮੈਨੂੰ ਛੇ ਮਹੀਨੇ ਹੋ ਗਏ ਤੇਰਾ ਲਿਹਾਜ ਕਰਦਿਆਂ, ਤੇਰੀ ਆਕੜ ਹੀ ਨਹੀਂ ਜਾਂਦੀ। ਹੁਣ ਭਲਕੇ ਚੁੱਕ ਕੇ ਲੈ ਜਾਊਂ।” ਫ਼ਿਰ ਉਹਨੇ ਚਾਕੂ ਬੈਗ ਵਿੱਚੋਂ ਪੁੱਟਿਆ ਅਤੇ ਬੈਗ ਖੋਲ੍ਹ ਕੇ ਉਸ ਵਿੱਚ ਸੁੱਟ ਦਿੱਤਾ, ”ਜਾਹ ਲੈ ਜਾ, ਤੋਹਫ਼ਾ ਸਮਝੀਂ।”
ਕੁੜੀ ਘਰ ਪਹੁੰਚੀ ਤਾਂ ਬੈਗ ਸੁੱਟ ਕੇ ਮੰਜੇ ‘ਤੇ ਡਿੱਗ ਪਈ। ਮਾਂ ਰੋਟੀ ਲੈ ਕੇ ਆਈ, ਪਰ ਕੁੜੀ ਨਾ ਉੱਠੀ। ”ਕੀ ਗੱਲ ਠੀਕ ਨਹੀਂ, ਇੰਜ ਕਿਉਂ ਪੈ ਗਈ?” ਮਾਂ ਨੇ ਪੁੱਛਿਆ। ਕੁੜੀ ਉੱਠੀ ਤੇ ਇੱਕ ਚੀਕ ਮਾਰ ਕੇ ਮਾਂ ਦੇ ਗਲ ਨਾਲ ਚਿੰਬੜ ਗਈ। ਫ਼ਿਰ ਸਾਰਾ ਜ਼ੋਰ ਲਾ ਕੇ ਬੋਲੀ, ”ਬੱਗਾ ਤੰਗ ਕਰਦਾ ਰੋਜ਼ ਰਾਹ ‘ਚ ਕਹਿੰਦਾ ਭਲਕੇ ਚੁੱਕ ਕੇ ਲੈ ਜਾਊਂ।”
ਬੱਗੇ ਦਾ ਨਾਂ ਸੁਣ ਕੇ ਮਾਂ ਦੇ ਦਿਮਾਗ਼ ਦੇ ਰਸਾਇਣ ਜਿਵੇਂ ਕਿਰਿਆਹੀਣ ਹੋ ਗਏ ਹੋਣ। ਕਈ ਪਲ ਮਾਵਾਂ ਧੀਆਂ ਇਸੇ ਹਾਲਤ ਵਿੱਚ ਰਹੀਆਂ। ਕੁੜੀ ਰੋਂਦੀ ਰਹੀ ਅਤੇ ਮਾਂ ਪੱਥਰ ਬਣੀ ਬੈਠੀ ਰਹੀ। ਜਦੋਂ ਮਾਂ ਦੀ ਸੋਝੀ ਕੁਝ ਪਰਤੀ ਤਾਂ ਉਹਨੇ ਕੁੜੀ ਨੂੰ ਮੋਢੇ ਤੋਂ ਵੱਖ ਕੀਤਾ, ਅੱਖਾਂ ਪੂੰਝੀਆਂ ਅਤੇ ਕੋਲ ਬਿਠਾ ਕੇ ਬੋਲੀ, ”ਵੇਖ ਪੁੱਤ, ਆਪਣੇ ਵੀਰ ਕੋਲ ਗੱਲ ਨਾ ਕਰੀਂ।” ਕੁੜੀ ਨੇ ਮਾਂ ਦੇ ਫ਼ਿਕਰ ਨਾਲ ਭਰੇ ਚਿਹਰੇ ਵੱਲ ਵੇਖਦਿਆਂ ਕਿਹਾ, ”ਪਰ ਮਾਂ, ਵੀਰ ਨੂੰ ਦੱਸਾਂਗੀ ਤਾਂ ਹੀ ਰੋਕੇਗਾ ਉਸ ਨੂੰ।” ਮਾਂ ਨੇ ਕੁੜੀ ਦੇ ਜਿਵੇਂ ਕੰਨ ਵਿੱਚ ਕਿਹਾ, ”ਵੇਖ ਪੁੱਤ, ਬੱਗੇ ਦਾ ਤਾਂ ਕੰਮ ਹੀ ਹੈ ਸਾਰਾ ਦਿਨ ਨਸ਼ੱਈਆਂ ਦੀ ਢਾਣੀ ਨਾਲ ਤੁਰੇ ਫ਼ਿਰਨਾ। ਕਿਸੇ ਦੇ ਦਾਤਰ ਮਾਰ ਦਿੱਤਾ ਤੇ ਕਿਸੇ ਕੋਲੋਂ ਖਾ ਲਿਆ। ਆਪਾਂ ਨੂੰ ਤਾਂ ਆਸਰਾ ਹੀ ਤੇਰੇ ਵੀਰ ਦਾ ਤੇ ਉਹਦੀ ਨੌਕਰੀ ਦਾ ਹੋਇਆ। ਭਲਕੇ ਤੇਰੇ ਵੀਰ ਨੇ ਚਲੇ ਜਾਣਾ। ਤੂੰ ਭਲਕੇ ਸਕੂਲ ਨਾ ਜਾਵੀਂ। ਪਰਸੋਂ ਵੇਖਾਂਗੇ। ਮੈਂ ਆਪੇ ਕਰਾਂਗੀ ਕੁਝ।”
ਅਗਲੇ ਦਿਨ ਕੁੜੀ ਸਕੂਲ ਨਾ ਗਈ। ਭਰਾ ਦਾ ਨਿੱਕ-ਸੁੱਕ ਬੈਗ ਵਿੱਚ ਭਰਦੀ ਰਹੀ। ਭਰਾ ਨੇ ਸੋਚਿਆ ਕਿ ਉਹਨੂੰ ਤੋਰਨ ਕਰ ਕੇ ਨਹੀਂ ਗਈ। ਮੂੰਹ ਵੀ ਸ਼ਾਇਦ ਇਸੇ ਕਰ ਕੇ ਉਤਰਿਆ ਹੋਿਿਆ ਹੈ। ਭਰਾ ਤੁਰਨ ਲੱਗਿਆ ਤਾਂ ਕੁੜੀ ਨੇ ਬੂਹੇ ਵਿੱਚ ਤੇਲ ਚੋਇਆ। ਭਰਾ ਨੇ ਪੰਜ ਸੌ ਦਾ ਨੋਟ ਦਿੱਤਾ ਤੇ ਹੱਸਦਿਆਂ ਸਿਰ ‘ਤੇ ਪਟੋਕੀ ਮਾਰੀ, ”ਪੜ੍ਹਿਆ ਕਰ ਧਿਆਨ ਨਾਲ। ਨਹੀਂ ਤਾਂ ਸਾਰੀ ਉਮਰ ਪਾਥੀਆਂ ਹੇਠੋਂ ਸਿਰ ਨਹੀਂ ਨਿਕਲਣਾ। ਹੁਣ ਨਾਗਾ ਨਹੀਂ ਪਾਉਣਾ ਸਕੂਲੋਂ।”
ਤਿੰਨ ਦਿਨ ਨਿਕਲ ਗਏ ਕੁੜੀ ਸਕੂਲ ਨਾ ਗਈ। ਸੋਚਦੀ ਰਹੀ ਮਾਂ ਖ਼ੁਦ ਹੀ ਕਹੇਗੀ, ਪਰ ਚੌਥੇ ਦਿਨ ਆਪ ਹੀ ਕਹਿ ਦਿੱਤਾ, ”ਮਾਂ, ਮੈਂ ਸਕੂਲ ਜਾਣਾ।” ਮਾਂ ਚੁੱਪ ਰਹੀ ਤੇ ਉਹਦੇ ਲਈ ਰੋਟੀ ਪਕਾਉਣ ਲੱਗ ਪਈ। ਕੁੜੀ ਨੇ ਆਪਣੀਆਂ ਕਿਤਾਬਾਂ ਬੈਗ ਵਿੱਚ ਪਾਈਆਂ, ਰੋਟੀ ਫ਼ੜੀ ਅਤੇ ਸਕੂਲ ਚਲੀ ਗਈ।
ਛੁੱਟੀ ਵੇਲੇ ਉਹਨੂੰ ਉਹੀ ਕੁਝ ਫ਼ਿਰ ਡਰਾਉਣ ਲੱਗਾ। ਉਹੀ ਰਾਹ, ਉਹੀ ਜੰਗਲ, ਉਹੀ ਬਾਜ਼ ਤੇ ਉਹੀ ਚਿੜੀ। ਉਸ ਰਾਹ ‘ਤੇ ਮੁੜਦਿਆਂ ਹੀ ਬੱਗਾ ਫ਼ਿਰ ਪਿੱਛੇ ਹੋ ਤੁਰਿਆ। ਕੁੜੀ ਦੀਆਂ ਲੱਤਾਂ ਕਿਸੇ ਤਰ੍ਹਾਂ ਉਹਦਾ ਭਾਰ ਚੁੱਕ ਕੇ ਤੁਰਦੀਆਂ ਗਈਆਂ। ਬੱਗਾ ਕਈ ਵਾਰ ਕੁੜੀ ਦੇ ਨਾਲ ਰਲਿਆ ਤੇ ਕਈ ਵਾਰ ਪਿੱਛੇ। ਫ਼ਿਰ ਕੁੜੀ ਤੋਂ ਦੋ ਕਦਮ ਅੱਗੇ ਨਿਕਲ ਗਿਆ ਅਤੇ ਦੋਵੇਂ ਬਾਹਵਾਂ ਫ਼ੈਲਾ ਕੇ ਉਹਦਾ ਰਾਹ ਰੋਕ ਲਿਆ, ”ਮੈਂ ਤੈਨੂੰ ਉਸ ਦਿਨ ਕਿਹਾ ਸੀ ਨਾ।” ਕੁੜੀ ਦਾ ਸਰੀਰ ਤੇ ਦਿਮਾਗ਼ ਉਹਦੇ ਵੱਸੋਂ ਬਾਹਰ ਸਨ।
ਜਦੋਂ ਕੁੜੀ ਘਰ ਅੱਪੜੀ ਤਾਂ ਬੈਗ ਸਣੇ ਮੰਜੇ ‘ਤੇ ਡਿੱਗ ਪਈ। ਮਾਂ ਨੂੰ ਆਪਣੇ ਵੱਲ ਆਉਂਦੀ ਵੇਖਿਆ ਤਾਂ ਉੱਠ ਕੇ ਬਾਹਰ ਨੂੰ ਤੁਰ ਪਈ। ਟੂਟੀ ਕੋਲ ਜਾ ਕੇ ਮੂੰਹ ‘ਤੇ ਵਾਹੋ-ਦਾਹੀ ਪਾਣੀ ਮਾਰਨ ਲੱਗੀ। ਫ਼ਿਰ ਕਿੰਨਾ ਚਿਰ ਚੂਲੀਆਂ ਕਰਦੀ ਰਹੀ। ਮਾਂ ਨੂੰ ਉਹਦੇ ਮੂੰਹੋਂ ਕੋਈ ਗਾਲ੍ਹ ਨਿਕਲਦੀ ਵੀ ਸੁਣੀ। ਉਹਨੂੰ ਸਭ ਵੇਖ ਕੇ ਡਰ ਲੱਗਣ ਲੱਗਾ, ਪਰ ਕੁਝ ਪੁੱਛਿਆ ਨਾ। ਹਿੰਮਤ ਜੋ ਨਹੀਂ ਸੀ ਪੈਂਦੀ।
ਮਾਂ ਨੇ ਕੁੜੀ ਨੂੰ ਰੋਟੀ ਵਾਲੀ ਥਾਲੀ ਫ਼ੜਾਈ ਤਾਂ ਕੁੜੀ ਖਾਣ ਲੱਗੀ, ਪਰ ਜਿਵੇਂ ਉਹਦੇ ਹੱਥਾਂ ਅਤੇ ਮੂੰਹ ਦਾ ਕੋਈ ਤਾਲਮੇਲ ਨਹੀਂ ਸੀ। ਬਾਹਰੋਂ ਆਵਾਜ਼ ਸੁਣੀ ਤਾਂ ਮਾਂ ਕਾਹਲੀ ਨਾਲ ਬੂਹੇ ਵੱਲ ਹੋ ਤੁਰੀ। ਇਹ ਜ਼ਨਾਨਾ ਆਵਾਜ਼ ਸੀ, ”ਭੈਣ, ਬੱਗੇ ਦਾ ਸੁਣਿਆ ਈ?” ਮਾਂ ਨੇ ਕੁੜੀ ਵੱਲ ਡਰੀਆਂ ਅੱਖਾਂ ਨਾਲ ਵੇਖਿਆ। ਜ਼ਨਾਨਾ ਆਵਾਜ਼ ਕਹਿੰਦੀ ਰਹੀ, ”ਉਹਦੇ  ਕਿਸੇ ਨੇ ਕੁਝ ਮਾਰ ਦਿੱਤਾ, ਪਹੇ ‘ਚ ਪਿਆ ਤੜਫ਼ਣ ਡਿਹਾ।” ਮਾਂ ਬੂਹੇ ‘ਚੋਂ ਬਾਹਰ ਹੋ ਗਈ ਤੇ ਬੂਹਾ ਢੋਅ ਦਿੱਤਾ। ਇੱਕ ਮਰਦਾਨਾ ਆਵਾਜ਼ ਆਈ, ”ਤੜਫ਼ਣ ਕਿੱਥੇ ਡਿਹਾ ਭਾਬੀ, ਉਹ ਤਾਂ ਠੰਢਾ ਵੀ ਹੋ ਗਿਆ। ਘਰਦੇ ਚੁੱਕ ਕੇ ਵੀ ਲੈ ਗਏ। ਵਿੱਚਾਰੇ ਆਂਹਦੇ: ਥਾਣਿਆਂ ‘ਚ ਤਾਂ ਇਹਨੇ ਜਿਉਂਦੇ ਨੇ ਹੀ ਬਥੇਰਾ ਰੋਲ ਦਿੱਤਾ, ਹੁਣ ਜੋ ਹੋਇਆ ਸੋ ਹੋਇਅ’ਾ।” ਕੁੜੀ ਉੱਠ ਕੇ ਅੰਦਰ ਗਈ ਤੇ ਬੈਗ ਖੋਲ੍ਹ ਕੇ ਵਿੱਚੋਂ ਲਹੂ ਨਾਲ ਭਿੱਜਿਆ ਚਾਕੂ ਕੱਢਿਆ। ਬਾਹਰ ਟੂਟੀ ‘ਤੇ ਲਿਆ ਕੇ ਚੰਗੀ ਤਰ੍ਹਾਂ ਧੋਤਾ ਅਤੇ ਅੰਦਰ ਅੰਗੀਠੀ ‘ਤੇ ਫ਼ੋਟੋ ਸਾਹਮਣੇ ਟਿਕਾ ਦਿੱਤਾ। ਫ਼ਿਰ ਇੱਕ ਨਜ਼ਰ ਫ਼ੋਟੋ ਵਾਲੀ ਸ਼ਖ਼ਸੀਅਤ ਦੇ ਹੱਥ ਉੱਪਰ ਬੈਠੇ ਬਾਜ਼ ਵੱਲ ਤੱਕਿਆ ਤੇ ਬਾਹਰ ਨਿਕਲ ਆਈ। ਮੀਂਹ ਲੱਥ ਚੁੱਕਾ ਸੀ।
– ਹਰਪਾਲ ਸੰਧਾਵਾਲੀਆ

LEAVE A REPLY