ਕਿਸਾਨੀ ”ਤੇ ਛਾਏ ਕਾਲੇ ਬੱਦਲ ਹਟਣ ਵਾਲੇ ਨਹੀਂ : ਜਾਖੜ

04ਜਲੰਧਰ/ਅਬੋਹਰ  : ਪੰਜਾਬ ਕਾਂਗਰਸ ਵਿਧਾਇਕ ਦਲ ਦੇ ਸਾਬਕਾ ਨੇਤਾ ਸੁਨੀਲ ਜਾਖੜ ਨੇ ਕਿਹਾ ਹੈ ਕਿ ਪੰਜਾਬ ਦੀ ਕਿਸਾਨੀ ‘ਤੇ ਛਾਏ ਬੱਦਲ ਹਟਣ ਵਾਲੇ ਨਹੀਂ ਹਨ। ਹਾਲਾਂਕਿ ਕੱਲ ਹੀ ਵਿਧਾਨ ਸਭਾ ‘ਚ ਸਰਬਸੰਮਤੀ ਨਾਲ ‘ਦਿ ਪੰਜਾਬ ਸੈਟਲਮੈਂਟ ਆਫ ਐਗਰੀਕਲਚਰ ਇਨਡੈਬਟਨੈਸ ਬਿੱਲ’ ਪਾਸ ਹੋ ਗਿਆ ਹੈ।
ਸ਼੍ਰੀ ਜਾਖੜ ਨੇ ਕਿਹਾ ਕਿ ਬਿੱਲ ਪਾਸ ਹੋਣ ਦੇ ਬਾਵਜੂਦ ਕਿਸਾਨਾਂ ਦੀਆਂ ਆਤਮਹੱਤਿਆਵਾਂ ਘੱਟ ਨਹੀਂ ਹੋਣਗੀਆਂ ਅਤੇ ਨਾ ਹੀ ਕਿਸਾਨਾਂ ਦੇ ਸਿਰ ਚੜ੍ਹਿਆ ਕਰਜ਼ ਖਤਮ ਹੋਵੇਗਾ। ਅਸਲ ‘ਚ ਅਕਾਲੀ-ਭਾਜਪਾ ਸਰਕਾਰ ਕਿਸਾਨਾਂ ਦਾ ਦਰਦ ਸਮਝਣ ‘ਚ ਅਸਫਲ ਰਹੀ ਹੈ ਅਤੇ ਉਹ ਸੱਤਾ ਦੇ ਆਖਰੀ ਦਿਨਾਂ ‘ਚ ਕਿਸਾਨਾਂ ਪ੍ਰਤੀ ਹਮਦਰਦੀ ਦਿਖਾਉਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੀ ਕਿਸਾਨਾਂ ਦੀਆਂ ਸਮੱਸਿਆਵਾਂ ਪ੍ਰਤੀ ਗੰਭੀਰ ਨਹੀਂ ਹੈ। ਕੇਂਦਰ ਦੀਆਂ ਗਲਤ ਨੀਤੀਆਂ ਕਾਰਨ ਹੀ ਕਿਸਾਨਾਂ ਦੀਆਂ ਆਤਮਹੱਤਿਆਵਾਂ ਵਧ ਰਹੀਆਂ ਹਨ। ਜਾਖੜ ਨੇ ਕਿਹਾ ਕਿ ਸਰਕਾਰ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿੱਲ ਪਾਸ ਹੋਣ ਨਾਲ ਕਿਸਾਨਾਂ ਦੇ ਹਾਲਾਤ ਬਦਲ ਜਾਣਗੇ ਜਦਕਿ ਸਰਕਾਰ ਵਲੋਂ ਚਿੱਟੀ ਮੱਖੀ ਨਾਲ ਖਰਾਬ ਹੋਈ ਕਪਾਹ ਦੀ ਫਸਲ ਤੋਂ ਪੀੜਤ ਕਿਸਾਨਾਂ ਨੂੰ 640 ਕਰੋੜ ਰੁਪਏ ਮੁਆਵਜ਼ਾ ਵੰਡਣ ਦੇ ਦਾਅਵਿਆਂ ਦੀ ਪਹਿਲਾਂ ਹੀ ਹਵਾ ਨਿਕਲ ਗਈ ਹੈ।
ਹਾਲਾਂਕਿ ਵਿਧਾਨ ਸਭਾ ‘ਚ ਖੁਦ ਖੇਤੀ ਮੰਤਰੀ ਤੋਤਾ ਸਿੰਘ ਨੇ ਕਿਹਾ ਸੀ ਕਿ ਜਾਖੜ ਦੀ ਮੰਗ ‘ਤੇ ਹੀ ਸਰਕਾਰ ਨੇ ਵਿਸ਼ੇਸ਼ ਗਿਰਦਾਵਰੀ ਕਰਵਾਈ ਸੀ। ਉਨ੍ਹਾਂ ਕਿਹਾ ਕਿ ਯੂ. ਪੀ. ਏ. ਸਰਕਾਰ ਦੇ ਦਫਤਰ ‘ਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਛੋਟੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਫਸਲੀ ਭਿੰਨਤਾ ਦੇ ਨਾਂ ‘ਤੇ ਪੰਜਾਬ ਨੂੰ ਅਰਬਾਂ ਰੁਪਏ ਦਿੱਤੇ ਗਏ ਪਰ ਇਹ ਪੈਸਾ ਵੀ ਕਿਸਾਨਾਂ ਤੱਕ ਨਹੀਂ ਪਹੁੰਚਿਆ। ਹੁਣ ਮੋਦੀ ਸਰਕਾਰ ਤਾਂ ਇਕ ਵਪਾਰੀ ਦੀ ਤਰ੍ਹਾਂ ਕੰਮ ਕਰ ਰਹੀ ਹੈ। ਉਸ ਨੂੰ ਇਹ ਪਤਾ ਨਹੀਂ ਹੈ ਕਿ ਕਿਸਾਨਾਂ ਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ।

LEAVE A REPLY