Editorial1ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰੀ ਦੀ ਚੋਣ ਦੀ ਦੌੜ ਵਿੱਚ ਹਿਲਰੀ ਕਲਿੰਟਨ ਭਾਵੇਂ ਸੁਖੀ-ਸਾਂਦੀ ਆਪਣੇ ਘਰ ਪਹੁੰਚ ਗਈ ਲਗਦੀ ਹੈ, ਪਰ ਜਿੱਥੋਂ ਤਕ ਟਰੰਪ ਦਾ ਸਵਾਲ ਹੈ, ਉਸ ਲਈ ਹਾਲੇ ਤਕ ਸਥਿਤੀ ‘ਕਿੰਨੀ ਨੇੜੇ ਪਰ ਫ਼ਿਰ ਵੀ ਕਿੰਨੀ ਦੂਰ’ ਵਾਲੀ ਹੀ ਬਣੀ ਹੋਈ ਹੈ। ਪਹਿਲਾਂ, ਉਸ ਨੂੰ ਟੈੱਡ ਕਰੂਜ਼ ਨਾਲ ਨਜਿੱਠਣਾ ਪੈਣੈ। ਕਰੂਜ਼ ਬੀਤੇ ਸ਼ਨੀਵਾਰ ਨੂੰ ਦੋ ਜਿੱਤਾਂ ਹਾਸਿਲ ਕਰ ਕੇ ਰੀਪਬਲੀਕਨਾਂ ਦੀ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਆਪਣੇ ਆਪ ਨੂੰ ਜੀਵਤ ਰੱਖਣ ਵਿੱਚ ਹਾਲ ਦੀ ਘੜੀ ਕਾਮਯਾਬ ਰਿਹੈ। ਟਰੰਪ ਨੇ ਵੀ ਆਪਣੀਆਂ ਛਿਟਪੁਟ ਜਿੱਤਾਂ ਨਾਲ ਆਪਣੇ ਵਿਰੋਧੀਆਂ ਉੱਪਰ ਆਪਣੀ ਚੜ੍ਹਤ ਕਾਇਮ ਰੱਖੀ ਹੋਈ ਹੈ, ਪਰ ਇਸ ਨਾਲ ਕੰਜ਼ਰਵਟਿਵ ਅਦਾਰੇ ਦੇ ਉਨ੍ਹਾਂ ਮੈਂਬਰਾਂ ਦੇ ਦਿਲ ਬਹੁਤੇ ਨਹੀਂ ਪਸੀਜੇ ਜਿਹੜੇ ਇਸ ਧਨਾਢ, ਪਰ ਗ਼ੁਸਤਾਖ਼, ਵਪਾਰੀ ਨੂੰ ਕਿਸੇ ਸੂਰਤ ਵੀ ਆਪਣੇ ‘ਚੋਂ ਇੱਕ ਮੰਨਣ ਲਈ ਤਿਆਰ ਨਹੀਂ। ਕਰੂਜ਼ ਦੀਆਂ ਪਿੱਛਲੀਆਂ ਦੋ ਜਿੱਤਾਂ ਹੀ ਉਹ ਬਾਰੂਦ ਸਾਬਿਤ ਹੋ ਸਕਦੀਆਂ ਹਨ ਜਿਸ ਨਾਲ ਉਹ ਇਸ ਮੂੰਹ ਫ਼ੱਟ ਬਿਲਡਿੰਗ ਸਮਰਾਟ ਦੀ ਸਲਤਨਤ ਨੂੰ ਢਾਹੁਣਾ ਚਾਹੁਣਗੇ। ਅਮਰੀਕਾ ਦੀ ਗਰੈਂਡ ਓਲਡ ਪਾਰਟੀ (GOP) ਸੱਦੀ ਜਾਂਦੀ, ਰੀਪਬਲੀਕਨ ਪਾਰਟੀ, ਦੇ ਪ੍ਰਮੁੱਖ ਅਧਿਕਾਰੀਆਂ ਲਈ ਡਵੈਲਪਰ ਟਰੰਪ ਦਰਅਸਲ ਇੱਕ ਰੀਪਬਲੀਕਨ ਦੀ ਖੱਲ ਵਿੱਚ ਲੁਕਿਆ ਇੱਕ ਡੈਮੋਕ੍ਰੈਟ ਹੀ ਹੈ ਜਿਸ ਨੇ ਸਿਰਫ਼ ਆਪਣਾ ਫ਼ਾਇਦਾ ਦੇਖਦੇ ਹੋਏ ਗਿਰਗਿਟ ਵਾਂਗ ਰੰਗ ਬਦਲਿਐ। ਵੈਸੇ ਤਾਂ ਇਹ, ਭੇਡ ਦੀ ਖੱਲ ਵਿੱਚ ਇੱਕ ਭੇੜੀਆ ਹੀ ਹੈ!
ਮਾਰਕੋ ਰੂਬੀਓ ਤਾਂ ਡੌਨਲਡ ਟਰੰਪ ਨੂੰ ਇੱਕ ਅਜਿਹਾ ਪਾਖੰਡੀ ਗਰਦਾਨਦਾ ਹੈ ਜਿਹੜਾ ਤੁਹਾਡਾ ਆਪਣਾ ਬਣ ਕੇ ਤੁਹਾਨੂੰ ਲੁਟਦੈ ਯਾਨੀ ਇੱਕ Conman ਜਾਂ ਫ਼ਿਰ ਆਪਣੇ ਦਿਲ ਦੀ ਭੜਾਸ ਕੱਢਣ ਲਈ ਤੁਸੀਂ ਕਹਿ ਲਓ ਕਿ ਰੂਬੀਓ ਉਸ ਨੂੰ ‘ਆਸਤੀਨ ਕਾ ਸਾਂਪ’ ਕਹਿੰਦੈ। ਇੱਕ ਅਜਿਹਾ ਬੰਦਾ ਜਿਸ ‘ਤੇ ਕਿਸੇ ਸੂਰਤ ਵੀ ਵਿਸ਼ਵਾਸ ਨਹੀਂ ਕੀਤਾ ਜਾਣਾ ਚਾਹੀਦਾ, ਇੱਕ ਅਜਿਹਾ ਮੌਕਾਪ੍ਰਸਤ ਜਿਸ ਨੇ ਸਿਰਫ਼ ”ਰੌਨਲਡ ਰੀਗਨ ਦੀ ਗਰੈਂਡ ਓਲਡ ਪਾਰਟੀ (GOP) ਵਿੱਚ ਪਈਆਂ ਦਰਾਰਾਂ ਦਾ ਫ਼ਾਇਦਾ ਉਠਾਇਐ।” ਪਰ ਇਹ GOP ਅਜਿਹੀਆਂ ਕੰਜ਼ਰਵਟਿਵ ਕਦਰਾਂ ਕੀਮਤਾਂ ਦੀ ਗੱਲ ਕਰ ਰਹੀ ਹੈ ਜਿਨ੍ਹਾਂ ਨਾਲ ਇੱਤਫ਼ਾਕ ਰੱਖਣਾ ਇੱਕ ਆਮ ਅਮਰੀਕੀ ਲਈ ਮੁਸ਼ਕਿਲ ਸਾਬਿਤ ਹੋ ਰਿਹੈ। ਡੌਨਲਡ ਟਰੰਪ ਦੀ ਨੌਮੀਨੇਸ਼ਨ ਦੀ ਤੇਜ਼ ਰਫ਼ਤਾਰ ਗੱਡੀ ਨੂੰ ਬ੍ਰੇਕਾਂ ਲਗਾਉਣ ਲਈ ਰੌਨਲਡ ਰੀਗਨ ਦੀ ਜਮਹੂਰੀ ਪਾਰਟੀ ਗ਼ੈਰ ਜਮਹੂਰੀ ਢੰਗ ਅਪਨਾ ਰਹੀ ਹੈ। ਬਈ ਬੰਦੇ ਨੇ ਆਮ ਲੋਕਾਂ ਵਿੱਚ ਆਪਣੀ ਖੁਲ੍ਹੀ ਗੁਫ਼ਤਾਰ ਨਾਲ ਵਾਹਵਾ ਰੰਗ ਬੰਨ੍ਹਿਐ, ਪਰ ਨਾ, ਪਾਰਟੀ ਦੇ ਮਹਾਂਰਥੀਆਂ ਅਤੇ ਸ਼ਕਤੀਸ਼ਾਲੀਆਂ ਦਾ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਟਰੰਪ ਲਈ ਪਾਰਟੀ ਦੇ ਕੁਝ ਹਲਕਿਆਂ ਵਿੱਚ ਹਮਦਰਦੀ ਸੀ ਜੋ ਕਿ ਕੁਝ ਪ੍ਰਾਈਮਰੀਆਂ ਵਿੱਚ ਉਸ ਦੀ ਜਿੱਤ ਵਿੱਚ ਪਰਿਵਰਤਿਤ ਹੋ ਗਈ।
ਡੌਨਲਡ ਟਰੰਪ ਦੇ ਐਕਸ਼ਨ ਅਤੇ ਭਾਸ਼ਣ ਕਿਸੇ ਨੂੰ ਵੀ ਉਸ ਨੂੰ ਕੱਟੜ ਜਾਂ ਨਸਲਵਾਦੀ ਸੱਦਣ ਲਈ ਉਕਸਾ ਸਕਦੇ ਹਨ। ਉਸ ਨੇ ਘੱਟ ਗਿਣਤੀਆਂ ਖ਼ਿਲਾਫ਼ ਰੱਜ ਕੇ ਜ਼ਹਿਰ ਉਗਲਿਆ, ਔਰਤਾਂ ਦਾ ਤ੍ਰਿਸਕਾਰ ਕੀਤਾ ਅਤੇ ਪਤਾ ਨਹੀਂ ਹੋਰ ਕਿਸ ਨੂੰ ਕੀ ਕੀ ਕਿਹਾ। ਪਰ ਜਿਹੜੀ ਚੀਜ਼ GOP ਨਹੀਂ ਸਮਝਦੀ ਉਹ ਇਹ ਕਿ ਲੋਕਾਂ ਦਾ ਇੱਕ ਅਜਿਹਾ ਵਿਸ਼ਾਲ ਹਲਕਾ (ਤਬਕਾ) ਹੈ ਜਿਹੜਾ ਉਸ ਬੰਦੇ ਨੂੰ ਜਿਹੋ ਜਿਹਾ ਵੀ ਉਹ ਹੈ ਉਸੇ ਰੂਪ ਵਿੱਚ ਪਸੰਦ ਕਰਦੈ। ਜੋ ਕੁਝ ਵੀ ਉਹ ਕਹਿੰਦੈ ਉਨ੍ਹਾਂ ਨੂੰ ਉਹ ਪਸੰਦ ਆਉਂਦੈ: ਜਿਵੇਂ ਕਿ ਅਦਾਰਿਆਂ ਦੀ ਕਾਰਜਪ੍ਰਣਾਲੀ ਜਾਂ ਉਨ੍ਹਾਂ ਨੂੰ ਹੀ ਬਦਲਣ ਅਤੇ ਅਮਰੀਕਾ ਨੂੰ ਮੁੜ ਮਹਾਨ ਬਣਾਉਣ (Making America Great Again) ਦੀ ਗੱਲ। ਅੱਜ ਦੇ ਅਮਰੀਕੀ ਵੋਟਰਾਂ ਦੇ ਮਨਾਂ ਵਿੱਚ ਮੁਲਕ ਦੇ ਅਮੀਰਾਂ ਅਤੇ ਸੱਤਾਨਸ਼ੀਨਾਂ ਖ਼ਿਲਾਫ਼ ਅਜਿਹਾ ਪ੍ਰਤੱਖ ਗੁੱਸਾ ਮੌਜੂਦ ਹੈ ਜਿਸ ਨੂੰ ਉਹ ਆਪਣੇ ਆਪ ਨੂੰ ਇੱਕ ‘ਕੌਮਨ ਸੈਂਸ ਕੰਜ਼ਰਵਟਿਵ’, ਭਾਵ ਸਮਝਦਾਰ ਕੰਜ਼ਰਵਟਿਵ, ਕਹਿ ਕੇ ਕੈਸ਼ ਕਰ ਰਿਹੈ। ਟਰੰਪ-ਕਲਿੰਟਨ ਮੁਕਾਬਲੇ ਨੇ ਬੇਸ਼ੱਕ ਹਾਲੇ ਤਕ ਹਕੀਕੀ ਜਾਮਾ ਨਹੀਂ ਪਹਿਨਿਆ, ਪਰ ਫ਼ਿਰ ਵੀ ਦੋਹੇਂ ਇੱਕ ਦੂਜੇ ਨਾਲ ਗਾਹੇ ਬਗਾਹੇ ਖਹਿਬੜਦੇ ਰਹਿੰਦੇ ਹਨ। ਇੱਕ ਆਪਣੇ ਆਪ ਨੂੰ ਜੋੜਨ ਵਾਲੀ ਦਸਦੀ ਹੈ ਅਤੇ ਕਹਿੰਦੀ ਹੈ ਕਿ ਉਹ ਅਮਰੀਕਾ ਨੂੰ ਮੁੜ ਇੱਕ ਵਾਰ ਸੰਪੂਰਨ ਬਣਾ ਕੇ ਹੀ ਛੱਡੇਗੀ ਜਦੋਂ ਕਿ ਦੂਸਰਾ ਇਸ ਵਿਚਾਰਧਾਰਾ ਦਾ ਧਾਰਣੀ ਲਗਦੈ ਕਿ ਅਮਰੀਕਾ ਨੂੰ ਮੁੜ ਮਹਾਨ ਬਣਾਉਣ ਦੇ ਆਪਣੇ ਨੁਕਸਦਾਰ ਅਤੇ ਸਾਮਰਾਜੀ ਸੁਨੇਹੇ ਨਾਲ ਰਾਸ਼ਟਰਵਾਦ ਦੀਆਂ ਭਾਵਨਾਵਾਂ ਨੂੰ ਉਹ ਆਪਣੇ ਫ਼ਾਇਦੇ ਲਈ ਭੜਕਾ ਸਕਦੈ। ਦੁਵੱਲੀ ਗੋਲੀਬਾਰੀ ਵਿੱਚ ਫ਼ਸੇ ਅਮਰੀਕੀਆਂ ਲਈ ਆਪਣੇ ਮੁਲਕ ਦੇ ਭਵਿੱਖ ਦਾ ਫ਼ੈਸਲਾ ਕਰਨਾ ਇਸ ਵਾਰ ਆਸਾਨ ਨਹੀਂ ਹੋਣ ਵਾਲਾ!
ਅਮਰੀਕੀ ਰਾਸ਼ਟਰਪਤੀ ਚੋਣ 2016 ਨੂੰ ਲੈ ਕੇ ਕਰਵਾਈ ਗਈ ਇੱਕ ਤਾਜ਼ਾ ਫ਼ਿਊਯਨ ਚੋਣ (Fusion Poll) ਦੇ ਨਤੀਜਿਆਂ ਵਿੱਚ ਨੌਜਵਾਨ ਅਮਰੀਕੀਆਂ ਦੀ ਬਹੁਗਿਣਤੀ ਨੇ ਇਸ ਗੱਲ ਦਾ ਇੰਕਸ਼ਾਫ਼ ਕੀਤੈ ਕਿ ਡੌਨਲਡ ਟਰੰਪ ਦੇ ਅਮਰੀਕਾ ਦੀ ਪ੍ਰਧਾਨਗੀ ‘ਹਥਿਆਉਣ’ ਦੀ ਸੂਰਤ ਵਿੱਚ ਉਹ ਮੁਲਕ ਤੋਂ ਪਲਾਇਨ ਕਰਨ ਬਾਰੇ ਵਿਚਾਰ ਕਰ ਰਹੇ ਹਨ। ਚੋਣਕਰਤਾ ਨੇ 18-35 ਸਾਲ ਦੇ ਦਰਮਿਆਨ ਦੀ ਉਮਰ ਵਾਲੇ ਅਮਰੀਕੀਆਂ ਨੂੰ ਵੱਖੋ ਵੱਖਰੇ ਪ੍ਰਮੁੱਖ ਰੀਪਬਲੀਕਨ ਅਤੇ ਡੈਮੋਕ੍ਰੈਟ ਉਮੀਦਵਾਰਾਂ, ਜਿਨ੍ਹਾਂ ਵਿੱਚ ਟਰੰਪ, ਟੈੱਡ ਕਰੂਜ਼, ਮਾਰਕੋ ਰੂਬੀਓ, ਬੈੱਨ ਕਾਰਸਨ, ਹਿਲਰੀ ਕਲਿੰਟਨ ਤੇ ਬਰਨੀ ਸੈਂਡਰਜ਼ ਸ਼ਾਮਿਲ ਸਨ, ਦੀ ਸੰਭਾਵੀ ਜਿੱਤ ਨੂੰ ਲੈ ਕੇ ਇਹ ਸਵਾਲ ਪੁੱਛਿਆ ਕਿ ਫ਼ਲਾਣੇ ਉਮੀਦਵਾਰ ਦੀ ਜਿੱਤ ਤੋਂ ਬਾਅਦ ਉਹ ਕੀ ਕਰਨਗੇ। ਉਨ੍ਹਾਂ ਨੂੰ ਚੁਣਨ ਲਈ ਕੁਝ ਕੁ ਚੋਣਾਂ ਵੀ ਦਿੱਤੀਆਂ ਗਈਆਂ ਸਨ: ‘ਜਿਵੇਂ ਕਿ ਕੌਮੀ ਛੁੱਟੀ ਦਾ ਐਲਾਨ’; ‘ਜਿਵੇਂ ਕਿ ਇਸ ਗੁਫ਼ਾ ਦੇ  ਇੱਕ ਸਿਰੇ ‘ਤੇ ਥੋੜ੍ਹੀ ਜਿਹੀ ਉਮੀਦ ਦੀ ਰੌਸ਼ਨੀ ਦਿਖਣ ਦੀ ਗੱਲ’; ‘ਜਿਵੇਂ ਕਿ ਮੈਨੂੰ ਕੀ ਪਰਵਾਹ’; ‘ਜਿਵੇਂ ਕਿ ਮੈਂ ਸੌਣ ਚੱਲਾਂ’, ਜਾਂ ‘ਜਿਵੇਂ ਕਿ ਮੁਲਕ ਤੋਂ ਪਰਵਾਸ ਕਰਨਾ ਪਊ’। ਅਤੇ ਜਵਾਬ ਸਨ:
ਅਮਰੀਕੀ ਨੌਜਵਾਨਾਂ ‘ਚੋਂ 54% ਦਾ ਕਹਿਣਾ ਸੀ ਕਿ ਡੌਨਲਡ ਟਰੰਪ ਦੀ ਪ੍ਰਧਾਨਗੀ ਉਨ੍ਹਾਂ ਨੂੰ ਆਪਣੇ ਬੈਗ਼ ਪੈਕ ਕਰ ਕੇ ਅਮਰੀਕਾ ‘ਚੋਂ ਬਾਹਰ ਜਾਂਦਾ ਹਵਾਈ ਜਹਾਜ਼ ਫ਼ੜ ਕੇ ਇਥੋਂ ਸਦਾ ਲਈ ਪਰਵਾਸ ਕਰਨ ‘ਤੇ ਮਜਬੂਰ ਕਰੇਗੀ। ਨੌਜਵਾਨ ਕਾਲੇ ਅਮਰੀਕੀਆਂ ਵਿੱਚ ਇਹ ਅੰਕੜਾ ਵੱਧ ਕੇ 73% ਤਕ ਅੱਪੜ ਜਾਂਦੈ ਅਤੇ ਲੈਟੀਨੋ ਵਿੱਚ ਇਹ ਨੰਬਰ 64% ਹੈ। ਡੈਮੋਕ੍ਰੈਟਾਂ ਵਿੱਚ ਇਹ ਕਹਿਣ ਵਾਲਿਆਂ ਦੀ ਗਿਣਤੀ ਕਿਤੇ ਵੱਧ ਸੀ ਕਿ ਟਰੰਪ ਦੇ ਪ੍ਰਸ਼ਾਸਨ ਵਿੱਚ ਰਹਿਣ ਦੀ ਬਜਾਏ ਉਹ ਮੁਲਕ ਤੋਂ ਦੌੜਨ ਨੂੰ ਤਰਜੀਹ ਦੇਣਗੇ, ਪਰ ਤਿੰਨ ‘ਚੋਂ ਇੱਕ ਰੀਪਬਲੀਕਨ ਦਾ ਵੀ ਇਹੋ ਕਹਿਣਾ ਸੀ। ਇਨ੍ਹਾਂ ਚੋਣ ਨਤੀਜਿਆਂ ਦਾ ਚਮਕਦਾਰ ਪਾਸਾ ਦੇਖਣਾ ਹੋਵੇ ਤਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਜੇਕਰ ਅਮਰੀਕਾ ਦੀ 35 ਸਾਲ ਤੋਂ ਘੱਟ ਉਮਰ ਦੀ ਅੱਧੀ ਵਸੋਂ ਹੀ ਮੁਲਕ ‘ਚੋਂ ਫ਼ੁਰਰ ਹੋ ਗਈ ਤਾਂ ਫ਼ਿਰ ਟਰੰਪ ਦਾ ਪ੍ਰਸ਼ਾਸਨਿਕ ਕਾਰਜ ਤਾਂ ਵੈਸੇ ਹੀ ਕਾਫ਼ੀ ਸੌਖਾ ਹੋ ਜਾਊ। ਮੈਨੰ ਇੱਥੇ ਟਾਈਮਜ਼ ਔਫ਼ ਇੰਡੀਆ ਵਿੱਚ ਚਿਦਾਨੰਦ ਰਾਜਘਾਟਾ ਦਾ ਇਸੇ ਮੌਜ਼ੂ ‘ਤੇ ਲਿਖਿਆ ਇੱਕ ਲੇਖ ਚੇਤੇ ਆ ਰਿਹੈ ਜਿਸ ਦਾ ਸਿਰਲੇਖ ਵੀ ਸੀ ‘United States of Canada’, ਭਾਵ ਸੰਯੁਕਤ ਰਾਜ ਕੈਨੇਡਾ। ਆਪਣੇ ਇਸ ਲੇਖ ਵਿੱਚ ਉਹ ਆਮ ਅਮਰੀਕੀਆਂ ਦੀ ਇਸੇ ਇੱਛਾ ਦਾ ਜ਼ਿਕਰ ਤਨਜ਼ੀਆ ਅੰਦਾਜ਼ ਵਿੱਚ ਕਰਦਾ ਹੈ।
ਇੱਕ ਅਖ਼ਬਾਰ ਨੇ ‘ਅਮਰੀਕਾ ਤੋਂ ਪਲਾਇਨ ਕਿਵੇਂ ਕਰੀਏ’ ਵਿਸ਼ੇ ‘ਤੇ ਇੱਕ ਮਜ਼੍ਹਾਈਆ ਟਿਊਟੋਰੀਅਲ ਛਾਪਿਆ ਜਿਸ ਤੋਂ ਬਾਅਦ ਗੂਗਲ ਦੇ ਡੈਟਾ ਐਡੀਟਰ ਸਾਈਮਨ ਰੌਜਰਜ਼ ਅਨੁਸਾਰ Super Tuesday ਦੇ ਨਤੀਜਿਆਂ ਦੇ ਚਾਰ ਘੰਟਿਆਂ ਦੇ ਅੰਦਰ ਅੰਦਰ ਹੀ ਗੂਗਲ ਸਰਚ ‘ਤੇ ਇਹ ਸਵਾਲ 350% ਤਕ ਚੜ੍ਹ ਗਿਆ ਕਿ ”ਅਮਰੀਕਾ ਤੋਂ ਕੈਨੇਡਾ ਕਿਸ ਤਰ੍ਹਾਂ ਮੂਵ ਹੋਇਆ ਜਾਵੇ।” ਬਾਅਦ ਵਿੱਚ ਇਹ 1500 ਪ੍ਰਤੀਸ਼ਤ ਤਕ ਵੀ ਅੱਪੜ ਗਿਆ। ਨਿਊ ਯੌਰਕ ਡੇਲੀ ਨਿਊਜ਼ ਦੀ ਬੈਨਰ ਹੈੱਡਲਾਈਨ ਸੀ: ਮੇਕ ਅਮੈਰੀਕਾ ਮਾਈਗ੍ਰੇਟ (Make America Migrate) ਜੋ ਕਿ ਡੌਨਲਡ ਟਰੰਪ ਦੇ ਸਲੋਗਨ ‘ਮੇਕ ਅਮੈਰੀਕਾ ਗ੍ਰੇਟ’ ਵਿੱਚ ਲਫ਼ਜ਼ਾਂ ਦਾ ਹੀ ਹੇਰਫ਼ੇਰ ਸੀ, ਪਰ ਮਤਲਬ ਸਪੱਸ਼ਟ ਸੀ ਕਿ ਅਮਰੀਕੀਆਂ ਦਾ ਪਰਵਾਸ ਕਰਾਓ। ਅਤੇ ਉਸ ਤੋਂ ਬਾਅਦ ਕੈਨੇਡੀਅਨ ਸਰਕਾਰ ਦੀ ਇਮੀਗ੍ਰੇਸ਼ਨ ਵੈੱਬਸਾਈਟ ਕੁਝ ਘੰਟਿਆਂ ਲਈ ਕ੍ਰੈਸ਼ ਕਰ ਗਈ। ਬੀਤੇ ਮੰਗਲਵਾਰ ਨੂੰ ਡੌਨਲਡ ਟਰੰਪ ਦੇ Super Tuesday ਦੇ ਉਭਾਰ ਕਾਰਨ ਵੀ ਕਈ ਆਜ਼ਾਦ ਖ਼ਿਆਲ ਅਮਰੀਕਨ ਉਸ ਧਰਤੀ ਨੂੰ ਸਦਾ ਲਈ ਅਲਵਿਦਾ ਆਖਣ ਦਾ ਖ਼ਿਆਲ ਪਾਲ ਰਹੇ ਸਨ ਜਿਹੜੀ ਕਦੇ ਵਿਸ਼ਵ ਦੇ ਲੋਕਾਂ ਦੀ ਸ਼ਰਣਗਾਹ ਹੁੰਦੀ ਸੀ। ਅਤੇ ਕੈਨੇਡਾ; ਜਿਸ ਨੂੰ ਹਾਲੇ ਹਾਲ ਹੀ ਤਕ ਲੋਕ ‘ਸੰਯੁਕਤ ਰਾਜ ਅਮਰੀਕਾ ਦੀ ਪੜਛੱਤੀ’ ਜਾਂ ਉਸ ਦੀ ਟੋਪੀ ਜਾਂ ਅਮਰੀਕਾ ਦਾ ‘ਲੌਫ਼ਟ ਅਪਾਰਟਮੈਂਟ’, ਆਦਿ, ਸੱਦਦੇ ਸਨ; ਅੱਜ ਸੂਰਜ ਹੇਠ ਆਪਣਾ ਅਨੋਖਾ ਮਾਣਮੱਤਾ ਪਲ ਮਾਣ ਰਿਹੈ ਕਿਉਂਕਿ ਅੱਜ ਉਹੀ ਮੁਲਕ ਅਮਰੀਕਨਾਂ ਦੀ ਚਾਹਤ ਬਣ ਗਿਐ!
”ਅਮਰੀਕਾ ਲਈ ਇਹ ਗੱਲ ਹੁਣ ਇੱਕ ਹਕੀਕਤ ਬਣ ਚੁੱਕੀ ਹੈ ਕਿ ਟਰੰਪ ਅਤੇ ਕਲਿੰਟਨ ਹੀ ਰਾਸ਼ਟਰਪਤੀ ਅਹੁਦੇ ਲਈ ਦੋ ਅੰਤਮ ਉਮੀਦਵਾਰ ਹੋਣਗੇ। ਮੇਰੇ ਲਈ, ਕੈਨੇਡਾ ਮੂਵ ਹੋਣਾ ਵੀ ਇੱਕ ਹਕੀਕਤ ਬਣ ਰਹੀ ਹੈ,” ਇਹ ਸੁਨੇਹਾ ਉਨ੍ਹਾਂ ਸੈਂਕੜੇ ਸੁਨੇਹਿਆਂ ‘ਚੋਂ ਇੱਕ ਸੀ ਜਿਹੜੇ ਮੰਗਲਵਾਰ ਦੇ Super Tuesday ਦੇ ਨਤੀਜਿਆਂ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਸ ਵਕਤ ਪੜ੍ਹਨ ਨੂੰ ਮਿਲੇ ਜਦੋਂ 2016 ਦੀ ਅਮਰੀਕਾ ਦੀ ਰਾਸ਼ਟਰਪਤੀ ਅਹੁਦੇ ਦੀ ਚੋਣ ਦੀ ਹਕੀਕਤ ਬਹੁਤੇ ਅਮਰੀਕੀਆਂ ‘ਤੇ ਉਜਾਗਰ ਹੋਣੀ ਸ਼ੁਰੂ ਹੋ ਗਈ। ਆਜ਼ਾਦ ਖ਼ਿਆਲ ਅਮਰੀਕਨਾਂ ਦਾ ਕੈਨੇਡਾ ਪ੍ਰਤੀ ਇਹ ਹਾਲੀਆ ਤੇਹ ਓਨਾ ਕੁ ਡੌਨਲਡ ਟਰੰਪ ਅਤੇ ਉਸ ਦੀਆਂ ਨੀਤੀਆਂ ਪ੍ਰਤੀ ਉਨ੍ਹਾਂ ਦੀ ਨਾਪਸੰਦੀ ‘ਚੋਂ ਪਨਪਦੈ ਜਿੰਨਾ ਕੁ ਇਹ ਕੈਨੇਡਾ ਦੇ ਨਵੇਂ ਚੁਣੇ ਗਏ ਨੌਜਵਾਨ ਪ੍ਰਧਾਨ ਮੰਤਰੀ, ਪਿਆਰੇ ਜਸਟਿਨ ਟਰੂਡੋ, ਪ੍ਰਤੀ ਉਨ੍ਹਾਂ ਦੇ ਆਦਰ ਵਿੱਚੋਂ, ਜੋ ਕਿ ਡੌਨਲਡ ਟਰੰਪ ਦਾ ਬਿਲਕੁਲ antithesis ਜਾਂ ਪ੍ਰਤੀਵਾਦ ਹੈ। ਜਦੋਂ ਡੌਨਲਡ ਟਰੰਪ ਦੀ ਚੋਣ ਮੁਹਿੰਮ ਦਾ ਪ੍ਰਮੁੱਖ ਆਧਾਰ ਨਫ਼ਰਤ, ਨਸਲਵਾਦ ਤੇ ਅਸਹਿਨਸ਼ੀਲਤਾ ਹੈ, ਅਤੇ ਜਸਟਿਨ ਟਰੂਡੋ ਸੀਰੀਅਨ ਰੈਫ਼ਿਊਜੀਆਂ ਨੂੰ ਜੀ ਆਇਆਂ ਆਖਣ ਲਈ ਨਿੱਜੀ ਤੌਰ ‘ਤੇ ਹਵਾਈ ਅੱਡੇ ‘ਤੇ ਪਹੁੰਚ ਕੇ ਉਨ੍ਹਾਂ ਲਈ ਆਪਣੀਆਂ ਬਾਹਾਂ ਖੋਲ੍ਹਦੈ ਅਤੇ ਹੋਰਨਾਂ ਨੂੰ ਵੀ ਖ਼ੁਸ਼ਆਮਦੀਦ ਕਹਿਣ ਲਈ ਆਪਣੀ ਤਤਪਰਤਾ ਝਲਕਾਉਂਦਾ ਹੈ ਤਾਂ ਪ੍ਰਤੱਖ ਰੂਪ ਵਿੱਚ ਦੋਹੇਂ ਇੱਕ ਦੂਜੇ ਤੋਂ ਬਿਲਕੁਲ ਉਲਟ ਹੀ ਤਾਂ ਹੋਏ ਕਿਉਂਕਿ ਟਰੰਪ ਮੁਸਲਮਾਨਾਂ ਦੇ ਦਾਖ਼ਲੇ ‘ਤੇ ਹੀ ਪਾਬੰਦੀ ਲਗਾਉਣਾ ਅਤੇ ਮੁਲਕ ਵਿੱਚ ਦੀਵਾਰਾਂ ਉਸਾਰਣਾ ਚਾਹੁੰਦੈ।
ਜਸਟਿਨ ਟਰੂਡੋ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕਰਨ ਦੀ ਗੱਲ ਹੁਣ ਤੋਂ ਹੀ ਤੁਰ ਪਈ ਹੈ। ਟਰੂਡੋ ਨੇ ਹਾਲ ਹੀ ਵਿੱਚ ਇੱਕ ਗ਼ੁਲਾਬੀ ਟੀ-ਸ਼ਰਟ ਵਿੱਚ ਆਪਣੀ ਇੱਕ ਤਸਵੀਰ ਟਵੀਟ ਕੀਤੀ ਸੀ ਜਿਸ ਹੇਠ ਲਿਖਿਆ ਸੀ, ”Kindness is one size that fits all,” ਭਾਵ ਦਇਆ ਦਾ ਇੱਕ ਮਾਪਾ ਜਿਹੜਾ ਸਭ ਨੂੰ ਮੇਚੇ ਆਵੇ –  ਇੱਕ ਅਜਿਹਾ ਸੁਨੇਹਾ ਜਿਸ ਦਾ ਰੁੱਖੇ, ਕੱਚ ਘਰੜ ਅਤੇ ਮੂੰਹਜ਼ੋਰ ਟਰੰਪ ਲਈ ਕੋਈ ਮਤਲਬ ਹੀ ਨਹੀਂ। ਕੈਨੇਡਾ ਦੀ ਜਨਸੰਖਿਆ ਦੱਖਣ ਵਿੱਚ ਵਸਦੇ ਉਸ ਦੇ ਗਵਾਂਢੀ ਸੰਯੁਕਤ ਰਾਜ ਅਮਰੀਕਾ ਦੀ ਕੁੱਲ ਵਸੋਂ ਦਾ ਮਸਾਂ 10 ਕੁ ਪ੍ਰਤੀਸ਼ਤ ਹੋਵੇਗੀ – 35 ਮਿਲੀਅਨ ਬਨਾਮ 320 ਮਿਲੀਅਨ। ਕੈਨੇਡਾ ਵਿੱਚ ਬੇਸ਼ੁਮਾਰ ਖੁਲ੍ਹਾ ਇਲਾਕਾ ਮੌਜੂਦ ਹੈ, ਉਸ ਪਾਸ ਢੇਰਾਂ ਕੁਦਰਤੀ ਸੌਮੇ ਹਨ, ਬੇਮਿਸਾਲ ਸੁੰਦਰਤਾ ਹੈ, ਕਈ ਹਜ਼ਾਰ ਰੈਫ਼ਿਊਜੀਆਂ ਨੂੰ ਆਪਣੇ ਅੰਦਰ ਜਜ਼ਬ ਕਰਨ ਦਾ ਜਜ਼ਬਾ ਹੈ (ਉਸ ਨੇ 25 ਹਜ਼ਾਰ ਰੈਫ਼ਿਊਜੀਆਂ ਦਾ ਅੰਕੜਾ ਪਿੱਛਲੇ ਹਫ਼ਤੇ ਹੀ ਟੱਪ ਲਿਆ ਸੀ), ਅਤੇ ਸੰਯੁਕਤ ਰਾਜ ਅਮਰੀਕਾ ਦੀ ਬਨਿਸਬਤ ਉਸ ਦੀ ਇਮੀਗ੍ਰੇਸ਼ਨ ਨੀਤੀ ਹਰ ਤਰ੍ਹਾਂ ਠੋਕ ਵਜਾ ਕੇ ਦੇਖੀ ਤੇ ਪਰਖੀ ਜਾ ਚੁੱਕੀ ਹੈ। ਵਿਸ਼ਵ ਭਰ ਤੋਂ, ਪੜ੍ਹੇ ਲਿਖੇ ਤੇ ਧੰਨਵਾਨ ਤਾਂ ਹਮੇਸ਼ਾ ਤੋਂ ਹੀ ਕੈਨੇਡਾ ਵੱਲ ਆਕਰਸ਼ਿਤ ਹੁੰਦੇ ਆਏ ਹਨ, ਪਰ ਅੱਜ ਤੋਂ ਇੱਕ ਦਹਾਕਾ ਪਹਿਲਾਂ ਤਕ ਕਿਸ ਨੇ ਇਹ ਸੋਚਿਆ ਹੋਣੈ ਕਿ ਸੰਯੁਕਤ ਰਾਜ ਅਮਰੀਕਾ ਤੋਂ ਵੀ ‘ਵਧੀਆ ਤੇ ਬਿਹਤਰ’ ਨਾਗਰਿਕ ਕੈਨੇਡਾ ਦੇ ਸੰਭਾਵੀ ਪਰਵਾਸੀ ਬਣਨ ਬਾਰੇ ਸੋਚਣਗੇ, ਹਾਲਾਂਕਿ ਇਹ ਵਿਚਾਰ ਅੱਜ ਤੋਂ ਤਕਰੀਬਨ ਇੱਕ ਦਹਾਕਾ ਪਹਿਲਾਂ ਪਨਪਿਆ ਸੀ?
ਜਦੋਂ ਅਮਰੀਕਾ ਦਾ ਚੋਣਾਵੀ ਨਕਸ਼ਾ ਮੁਲਕ ਦੇ ਕੇਂਦਰ ਵਿੱਚ ਸਭ ਕੁਝ ਕੰਜ਼ਰਵਟਿਵ ਰਿਪਬਲੀਕਨਾਂ ਦੇ ਲਾਲ ਰੰਗ ਵਿੱਚ ਰੰਗਿਆ ਦਿਖਾਉਣ ਲੱਗਾ ਤਾਂ ਇੰਟਰਨੈੱਟ ‘ਤੇ ਪਾਏ ਗਏ ਇੱਕ ਮਜ਼੍ਹਾਈਆ ਨਕਸ਼ੇ ਵਿੱਚ ਉਸ ਖਿੱਤੇ ਨੂੰ ‘ਜੀਸੂਲੈਂਡ’ ਦਾ ਨਾਮ ਦਿੱਤਾ ਗਿਆ। ਆਜ਼ਾਦ ਖ਼ਿਆਲ ਈਸਟ ਕੋਸਟ ਅਤੇ ਵੈਸਟ ਕੋਸਟ ਦੇ ਰਾਜਾਂ ਨੂੰ ਕੈਨੇਡਾ ਨਾਲ ਜੋੜ ਕੇ ਇੱਕ ਨਵੇਂ ਮੁਲਕ ‘ਯੁਨਾਇਟਿਡ ਸਟੇਟਸ ਔਫ਼ ਕੈਨੇਡਾ’, ਭਾਵ ਸੰਯੁਕਤ ਰਾਜ ਕੈਨੇਡਾ, ਦਾ ਨਾਮਕਰਣ ਕੀਤਾ ਗਿਆ। ਮਸ਼ਹੂਰ ਕਮਿਊਨੀਕੇਸ਼ਨ ਮਾਹਿਰ ਮਾਰਸ਼ਲ ਮੈਕਲੁਹਾਨ ਨੇ ਇੱਕ ਵਾਰ ਕਿਹਾ ਸੀ, ”ਕੈਨੇਡਾ ਹੀ ਵਿਸ਼ਵ ਦਾ ਇੱਕੋ ਇੱਕ ਅਜਿਹਾ ਮੁਲਕ ਹੈ ਜਿਹੜਾ ਪਛਾਣ ਤੋਂ ਬਿਨਾ ਜਿਊਣਾ ਜਾਣਦੈ।” ਇੰਝ ਜਾਪਦੈ ਜਿਵੇਂ ਹੁਣ ਕੈਨੇਡਾ ਨੇ ‘ਯੁਨਾਇਟਿਡ ਸਟੇਟਸ ਔਫ਼ ਕੈਨੇਡਾ’ ਦੇ ਤੌਰ ‘ਤੇ ਆਪਣੀ ਇੱਕ ਹੋਰ ਨਵੀਂ ਪਛਾਣ ਬਣਾ ਲਈ ਹੈ ਜਾਂ ਕਹਿ ਲਓ ਇਹ ਹੁਣ ਤੁਹਾਡਾ ਨਵਾਂ ਅਮਰੀਕਾ ਹੋਵੇਗਾ। ਸੋ, ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦਾ ਭਾਰਤ ਜਾਂ ਵਿਸ਼ਵ ਲਈ ਕੀ ਮਤਲਬ ਹੋਵੇਗਾ? ਉਸ ਦੇ ਕੁਝ ਕੁ ਬਿਆਨਾਂ, ਜਿਨ੍ਹਾਂ ਵਿੱਚੋਂ ਬਹੁਤ ਅਣਲਿਖੇ ਅਤੇ ਉਸ ਦੇ ਆਮ ਤੌਰ ‘ਤੇ ਖ਼ਾਲੀ ਸਮਝੇ ਜਾਂਦੇ ਸਿਰ ਦੀ ਉਪਜ ਹੀ ਹੁੰਦੇ ਹਨ, ਦੇ ਆਧਾਰ ‘ਤੇ ਅਸੀਂ ਟਰੰਪ ਦਾ ਨਿਚੋੜ ਇੰਝ ਕੱਢ ਸਕਦੇ ਹਾਂ:
ਟਰੰਪ ਨੇ ਚੀਨ, ਜਪਾਨ, ਮੈਕਸੀਕੋ, ਵੀਅਤਨਾਮ ਅਤੇ ਭਾਰਤ ਵਰਗੇ ਮੁਲਕਾਂ ‘ਤੇ ਦੋਸ਼ ਲਗਾਇਐ ਕਿ ਉਹ ਆਪਣੀਆਂ ਕਰੰਸੀਆਂ ਦੀ ਕੀਮਤ ਨੂੰ ਘਟਾਉਣ ਨਾਲ ਅਮਰੀਕੀ ਦਰਾਮਦ ਨੂੰ ਘਟਾ ਕੇ ਅਮਰੀਕੀਆਂ ਨੂੰ ਲੁੱਟ ਰਹੇ ਹਨ। ਇਹ ਅਮਰੀਕਾ ਵਲੋਂ ਭਾਰਤ ‘ਤੇ ਆਪਣੀਆਂ ਮੰਡੀਆਂ ਅਮਰੀਕੀ ਕੰਪਨੀਆਂ ਲਈ ਹੋਰ ਜ਼ਿਆਦਾ ਖੋਲ੍ਹਣ ਦਾ ਦਬਾਅ ਅਤੇ ਉਸ ਖ਼ਿਲਾਫ਼ ਵਪਾਰਕ ਜੰਗ ਸ਼ੁਰੂ ਕਰਨ ਦੀ ਧਮਕੀ ਹੀ ਤਾਂ ਹੈ। ਰੀਪਬਲੀਕਨ ਪਾਰਟੀ ਦੇ ਉਮੀਦਵਾਰਾਂ ਦੀ ਮੂਰਹਲੀ ਕਤਾਰ ਵਿੱਚ ਖੜ੍ਹੇ ਦਿਖਾਈ ਦੇਣ ਵਾਲੇ ਵਿਅਕਤੀ, ਡੌਨਲਡ ਟਰੰਪ, ਦੀ ਚੋਣ ਮੁਹਿੰਮ ਦਾ ਇਹ ਵੀ ਦਾਅਵਾ ਹੈ ਕਿ ਉਹ ਨਵੇਂ ਗਰੀਨ ਕਾਰਡਾਂ ‘ਤੇ ਹਾਲ ਦੀ ਘੜੀ ਰੋਕ ਲਗਾ ਦੇਵੇਗਾ। ਇਸ ਚੋਣਾਵੀ ਐਲਾਨ ਨਾਲ ਲੱਖਾਂ ਕਰੋੜਾਂ ਅਜਿਹੇ ਆਸਵੰਦ ਪਰਮਾਨੈਂਟ ਰੈਜ਼ੀਡੈਂਟਸ, ਜਿਨ੍ਹਾਂ ਵਿੱਚ ਇੱਕ ਮਿਲੀਅਨ ਤੋਂ ਵੀ ਵੱਧ ਭਾਰਤੀ ਸ਼ਾਮਿਲ ਹਨ, ਅਤੇ ਜਿਹੜੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਆਪਣੇ ਕਾਰਡਾਂ ਦੀ ਉਡੀਕ ਕਰ ਰਹੇ ਹਨ, ਦੀਆਂ ਆਸਾਂ ‘ਤੇ ਗ਼ਰਦ ਪੈ ਗਈ ਹੈ। ਟਰੰਪ ਦਾ ਕਹਿਣੈ ਕਿ ਉਹ ਅਮਰੀਕਾ ਵਿੱਚ ਰਹਿੰਦੇ 11 ਮਿਲੀਅਨ ਗ਼ੈਰ-ਦਸਤਾਵੇਜ਼ੀ ਲੋਕਾਂ ਨੂੰ ਦੇਸ਼-ਨਿਕਾਲਾ ਦੇਵੇਗਾ ਅਤੇ ਗ਼ੈਰ-ਕਾਨੂੰਨੀ ਪਰਵਾਸੀਆਂ ਦੇ ਨਿਆਣਿਆਂ ਨੂੰ ਹੁਣ ਮਿਲਣ ਵਾਲੀ ਉਨ੍ਹਾਂ ਦਾ ‘ਜਨਮਸਿੱਧ ਅਧਿਕਾਰ ਸਮਝੀ ਜਾਂਦੀ ਨਾਗਰਿਕਤਾ’ ‘ਤੇ ਰੋਕ ਲਗਾ ਦੇਵੇਗਾ।
ਟਰੰਪ ਨੇ ਸਭ ਤੋਂ ਪਹਿਲਾਂ ਮੁਸਲਮਾਨਾਂ ਦੇ ਅਮਰੀਕਾ ਵਿੱਚ ਦਾਖ਼ਲੇ ‘ਤੇ ਆਰਜ਼ੀ ਤੌਰ ‘ਤੇ ਪਾਬੰਦੀ ਲਗਾਉਣ ਦਾ ਸ਼ੋਸ਼ਾ ਛੇੜਿਆ ਸੀ। ਉਸ ਨੇ ਹਾਲੇ ਤਕ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਆਪਣੇ ਇਸ ਟੀਚੇ ਨੂੰ ਕਿਸ ਤਰ੍ਹਾਂ ਹਾਸਿਲ ਕਰੇਗਾ (ਕਿਉਂਕਿ ਭਾਰਤ ਵਰਗੇ ਮੁਲਕ ਤਾਂ ਆਪਣੇ ਸ਼ਹਿਰੀਆਂ ਦੇ ਪਾਸਪੋਰਟਾਂ ‘ਤੇ ਉਨ੍ਹਾਂ ਦੇ ਧਰਮ ਦਾ ਜ਼ਿਕਰ ਕਰਦੇ ਨਹੀਂ), ਅਤੇ ਅਮਰੀਕਾ ਵਿੱਚ ਪਹਿਲਾਂ ਤੋਂ ਹੀ ਰਹਿੰਦੇ ਸੱਤ ਮਿਲੀਅਨ ਅਮਰੀਕੀ ਮੁਸਲਮਾਨਾਂ ਦਾ ਉਹ ਕੀ ਕਰੇਗਾ। ਟਰੰਪ ਨੇ ਕਿਹੈ ਕਿ ਉਹ ਮੈਕਸੀਕੋ ਨਾਲ ਆਪਣੀ ਸੀਮਾ ‘ਤੇ ਇੱਕ ਦੀਵਾਰ ਉਸਾਰੇਗਾ, ਅਤੇ ਮੈਕਸੀਕੋ ਨੂੰ ਉਸ ਦੀਵਾਰ ਦਾ ਸਾਰਾ ਖ਼ਰਚਾ ਵੀ ਚੁੱਕਣਾ ਪਵੇਗਾ ਨਹੀਂ ਤਾਂ ਨਤੀਜੇ ਭੁਗਤਣ ਲਈ ਉਹ ਤਿਆਰ ਰਹੇ। ਪੱਠੇ ਦੀ ਜ਼ਰਾ ਹਿੰਮਤ ਤਾਂ ਦੇਖੋ, ਟਰੰਪ ਵਲੋਂ ਇਹ ਸਭ ਕੁਝ ਕਿਹਾ ਗਿਆ ਸਾਰੇ ਮੈਕਸੀਕਨਾਂ ਨੂੰ ਬਲਾਤਕਾਰੀ ਅਤੇ ਕਾਤਲ ਸੱਦਣ ਉਪਰੰਤ। ਉਸ ਨੇ ਇਹ ਧਮਕੀ ਵੀ ਦਿੱਤੀ ਹੈ ਕਿ ਉਹ ਮੈਕਸੀਕੋ ਨੂੰ ਭੇਜੀ ਜਾ ਰਹੀ ਪਰਵਾਸੀ ਮੈਕਸੀਕਨਾਂ ਦੀ ਵਿਦੇਸ਼ੀ ਕਰੰਸੀ ਵੀ ਜ਼ਬਤ ਕਰ ਲਵੇਗਾ, ਬੌਰਡਰ ਕਰੌਸਿੰਗ ਅਤੇ ਵੀਜ਼ਾ ਫ਼ੀਸਾਂ ਵਧਾ ਦੇਵੇਗਾ, ਮੈਕਸੀਕਨ ਸਾਮਾਨ ‘ਤੇ ਸਪੈਸ਼ਲ ਟੈਕਸ ਲਗਾਏਗਾ ਅਤੇ ਮੈਕਸੀਕੋ ਦੀ ਵਿਦੇਸ਼ੀ ਮਦਦ ਰੋਕ ਦੇਵੇਗਾ। ਉਸ ਦੀ ਇਹ ਵੀ ਤਜਵੀਜ਼ ਹੈ ਕਿ ਜਿਹੜੀਆਂ ਮਲਟੀਨੈਸ਼ਨਲ ਅਮਰੀਕੀ ਕੰਪਨੀਆਂ ਹੁਣ ਤਕ ਬਾਹਰਲੇ ਮੁਲਕਾਂ ਵਿੱਚ ਮੁਨਾਫ਼ਾ ਕਮਾਉਂਦੀਆਂ ਰਹੀਆਂ ਹਨ ਅਤੇ ਮੁਲਕ ਵਿੱਚ ਮੌਜੂਦ ‘deferred taxes on foreign earnings’, ਭਾਵ ਵਿਦੇਸ਼ਾਂ ਤੋਂ ਕਮਾਈ ਗਈ ਰਾਸ਼ੀ ‘ਤੇ ਟੈਕਸ ਦੀ ਦੇਰੀਨਾ ਅਦਾਇਗੀ, ਕਾਨੂੰਨ ਦਾ ਫ਼ਾਇਦਾ ਉਠਾਉਂਦੀਆਂ ਰਹੀਆਂ ਹਨ ਉਨ੍ਹਾਂ ਨੂੰ ਵੀ ਇੱਕ ਵਾਰ 10 ਪ੍ਰਤੀਸ਼ਤ ਟੈਕਸ ਦੇਣਾ ਪਵੇਗਾ ਅਤੇ ਉਸ ਕਾਨੂੰਨ ਨੂੰ ਵੀ ਉਹ ਖ਼ਤਮ ਕਰ ਦੇਵੇਗਾ। ਇਹ ਇੱਕ ਅਜਿਹਾ ਕਦਮ ਹੈ ਜਿਹੜਾ ਅਮਰੀਕੀ ਕੰਪਨੀਆਂ ਨੂੰ ਆਪਣੇ ਓਵਰਸੀਜ਼ ਔਪ੍ਰੇਸ਼ਨਾਂ ਦਾ ਮੁੜ ਮੁਲਾਂਕਣ ਕਰਨ ‘ਤੇ ਮਜਬੂਰ ਕਰੇਗਾ। ਡੌਨਲਡ ਟਰੰਪ ਦੇ ਬਹੁਤੇ ਬਿਆਨ ਸਾਰੇ ਸੰਸਾਰ ਨਾਲ ਦੁਸ਼ਮਣੀ ਕਮਾਉਣ ਦੀਆਂ ਗੱਲਾਂ ਹੀ ਕਰਦੇ ਹਨ, ਆਰਥਿਕ ਅਤੇ ਫ਼ੌਜੀ, ਦੋਹਾਂ ਪੱਖਾਂ ਤੋਂ। ਤੇ ਤੁਹਾਡਾ ਖ਼ਿਆਲ ਸੀ ਕਿ ਜੌਰਜ ਬੁੱਸ਼ ਹੀ ਸੰਯੁਕਤ ਰਾਜ ਅਮਰੀਕਾ ਦੀ ਹੁਣ ਤਕ ਦੀ ਸਭ ਤੋਂ ਵੱਡੀ ਇਤਿਹਾਸਕ ਗ਼ਲਤੀ ਸੀ!

LEAVE A REPLY