gurbachanਸਹਿਣਸ਼ੀਲਤਾ-ਅਸਹਿਣਸ਼ੀਲਤਾ ਦਾ ਮੁੱਦਾ ਘੱਟੋ-ਘੱਟ ਇਸ ਸਰਕਾਰ ਦੀ ਅਉਧ ਵਿੱਚ ਮੱਠਾ ਪੈਣ ਵਾਲਾ ਨਹੀਂ। ਇਸ ਦਾ ਕਾਰਨ ਇਹ ਹੈ ਕਿ ਹਾਕਮ ਧਿਰ ਅਸਹਿਣਸ਼ੀਲਤਾ ਛੱਡਣ ਦੀ ਬਜਾਇ ਵਿਰੋਧੀਆਂ ਨੂੰ ਇਸ ਤਹੁਮਤ ਨਾਲ ਚੁੱਪ ਕਰਾਉਣਾ ਚਾਹੁੰਦੀ ਹੈ ਕਿ ਉਹ ਮਹਾਨ ਭਾਰਤ ਨੂੰ ਅਸਹਿਣਸ਼ੀਲ ਕਹਿ ਰਹੇ ਹਨ ਜੋ ”ਨਾ ਕਦੀ ਅਸਹਿਣਸ਼ੀਲ ਸੀ, ਨਾ ਹੁਣ ਹੈ ਅਤੇ ਨਾ ਭਵਿੱਖ ਵਿੱਚ ਕਦੀ ਹੋ ਹੀ ਸਕਦਾ ਹੈ!” ਦੂਜੇ ਪਾਸੇ, ਸਾਡੇ ਦੇਸ਼ ਤੇ ਸਮਾਜ ਦੀ ਵਰਤਮਾਨ ਅਸਲੀਅਤ ਇਹ ਹੈ ਕਿ ਮਾਨਵੀ ਸੁਭਾਅ ਤੇ ਸੋਚ ਰੱਖਣ ਵਾਲੇ ਮਨੁੱਖ ਵਾਸਤੇ ਅਖ਼ਬਾਰ ਪੜ੍ਹਨਾ ਤੇ TV ਦੇਖਣਾ ਬੜੀ ਬੇਚੈਨੀ ਤੇ ਪਰੇਸ਼ਾਨੀ ਦਾ ਸਬੱਬ ਬਣ ਜਾਂਦਾ ਹੈ। ਜਦੋਂ ਮੈਂ ਇਹ ਲੇਖ ਲਿਖਣ ਬੈਠਾ ਹਾਂ, ਬੁੱਧਵਾਰ ਦੀ ਡੂੰਘੀ ਸਵੇਰ ਹੈ। ਦਿੱਲੀ ਤੋਂ ਛਪਦਾ ਅੱਜ ਦਾ ਅੰਗਰੇਜ਼ੀ ਅਖ਼ਬਾਰ ਅਜੇ ਆਇਆ ਨਹੀਂ ਤੇ ਕੱਲ੍ਹ ਦਾ ਮੇਰੇ ਸਾਹਮਣੇ ਪਿਆ ਹੈ। ਕਿਸੇ ਵੀ ਅਖ਼ਬਾਰ ਲਈ, ਭਾਵੇਂ ਉਹਦਾ ਪੱਤਰਪ੍ਰੇਰਕੀ ਤਾਣਾਪੇਟਾ ਕਿੰਨਾ ਵੀ ਫ਼ੈਲਿਆ ਹੋਇਆ ਹੋਵੇ, ਸਾਡੇ ਏਨੇ ਵੱਡੇ ਦੇਸ਼ ਦੀ ਪੂਰੀ ਤਾਂ ਕੀ, ਅਧੂਰੀ ਤਸਵੀਰ ਦੇਣਾ ਵੀ ਸੰਭਵ ਨਹੀਂ। ਤਾਂ ਵੀ ਇੱਕ ਦਿਨ ਦੇ ਇਸ ਅਖ਼ਬਾਰ ਦੀਆਂ ਖ਼ਬਰਾਂ ਮੈਂ ਇਹ ਸੋਚ ਕੇ ਪੜ੍ਹਨੀਆਂ ਸ਼ੁਰੂ ਕੀਤੀਆਂ ਕਿ ਇਸ ਦੀਆਂ ਖ਼ਬਰਾਂ ਦੀ ਦੇਗ਼ ਵਿੱਚ ਕੁਝ ਦਾਣੇ ਤਾਂ ਅਜਿਹੇ ਹੋਣ ਗੇ ਹੀ ਜਿਹੜੇ ਪੂਰੀ ਦੇਗ਼ ਦੇ ਕੱਚ-ਸੱਚ ਦੀ ਥਾਹ ਪੁਆ ਸਕਦੇ ਹੋਣ।
ਪਹਿਲੇ ਪੰਨੇ ਉੱਤੇ ਹੀ ਇੱਕ ਲੰਮੀ-ਚੌੜੀ ਖ਼ਬਰ ਹੈ ਜਿਸ ਦਾ ਸਾਰ ਇਉਂ ਹੈ। ਮਹਾਰਾਸ਼ਟਰ ਦੇ ਰੇਨਾਪੁਰ ਥਾਣੇ ਦੇ ASI ਯੂਨਸ ਸ਼ੇਖ਼ ਤੇ ਸਿਪਾਹੀ ਅਵਾਸਕਰ ਦੀ ਡਿਊਟੀ ਫ਼ਿਰਕੂ ਪੱਖੋਂ ਸੰਵੇਦਨਸ਼ੀਲ ਮੰਨੇ ਜਾਂਦੇ ਪਾਨਗਾਉਂ ਇਲਾਕੇ ਦੇ ਅੰਬੇਦਕਰ ਚੌਕ ਵਿੱਚ ਲਾਈ ਜਾਂਦੀ ਹੈ। ‘ਸ਼ਿਵਾਜੀ ਜੈਅੰਤੀ ਮੰਡਲ’ ਦੇ ਲੋਕ ਉਸ ਚੌਕ ਵਿੱਚ ਭਗਵਾ ਝੰਡਾ ਝੁਲਾ ਕੇ ਸ਼ਿਵਾਜੀ ਜੈਅੰਤੀ ਮਨਾਉਣਾ ਚਾਹੁੰਦੇ ਹਨ। ਸ਼ੇਖ਼ ਤੇ ਅਵਾਸਕਰ ਨੂੰ ਅਜਿਹਾ ਹੋਣੋਂ ਰੋਕਣ ਦਾ ਹੁਕਮ ਦਿੱਤਾ ਜਾਂਦਾ ਹੈ। ਸ਼ੇਖ਼ ਉਹਨਾਂ ਨੂੰ ਸਮਾਗਮ ਵਾਸਤੇ ਕੋਈ ਹੋਰ ਢੁੱਕਵੀਂ ਥਾਂ ਦੇਣ ਦਾ ਵਾਅਦਾ ਵੀ ਕਰਦਾ ਹੈ ਜਿਸ ਨੂੰ ਉਹ ਰੱਦ ਕਰ ਦਿੰਦੇ ਹਨ। ਹੁਕਮ ਮੰਨਣੋਂ ਇਨਕਾਰੀ ਭੀੜ ਲਗਾਤਾਰ ਵਧਦੀ ਦੇਖ ਕੇ ਉਹ ਸਵੇਰ ਦੇ ਸਾਢੇ ਅੱਠ ਵਜੇ ਕੰਟਰੋਲ ਰੂਮ ਨੂੰ ਤੇ ਥਾਣੇ ਨੂੰ ਫ਼ੋਨ ਕਰ ਕੇ ਹੋਰ ਸਿਪਾਹੀ ਮੰਗਦਾ ਹੈ। ਨਿਹਫ਼ਲ ਉਡੀਕਣ ਮਗਰੋਂ ਪਰੇਸ਼ਾਨ ਹੋ ਕੇ ਉਹ ਦੁਬਾਰਾ ਫ਼ੋਨ ਕਰਦਾ ਹੈ। ਏਨੇ ਨੂੰ ਝੰਡਾ ਝੁਲਾਉਣੋਂ ਰੋਕਣ ਬਦਲੇ ਤੇ ਮਦਦ ਲਈ ਫ਼ੋਨ ਕਰਦਾ ਦੇਖ ਕੇ ਭੀੜ 38 ਸਾਲ ਦੀ ਬੇਦਾਗ਼ ਸੇਵਾ ਵਾਲੇ ਵਰਦੀਧਾਰੀ ਸ਼ੇਖ਼ ਨੂੰ ਕੁੱਟਣਾ ਤੇ ਜ਼ਲੀਲ ਕਰਨਾ ਸ਼ੁਰੂ ਕਰ ਦਿੰਦੀ ਹੈ ਪਰ ਅਵਾਸਕਰ ਨੂੰ ਕੁਝ ਨਹੀਂ ਕਹਿੰਦੀ। ਜੀਅ ਭਰ ਕੇ ਕੁੱਟ ਲੈਣ ਮਗਰੋਂ ਗੁੰਡੇ ਸ਼ੇਖ਼ ਨੂੰ ਜ਼ਖ਼ਮੀ ਹਾਲਤ ਵਿੱਚ ਭਗਵਾ ਝੰਡਾ ਚੁੱਕ ਕੇ ਤੁਰਨ ਵਾਸਤੇ ਅਤੇ ”ਜੈ ਭਵਾਨੀ, ਜੈ ਸ਼ਿਵਾਜੀ” ਦੇ ਨਾਅਰੇ ਲਾਉਣ ਵਾਸਤੇ ਮਜਬੂਰ ਕਰਦਿਆਂ ਉਹਦਾ ਜਲੂਸ ਕਢਦੇ ਹਨ ਤੇ ਅੰਬੇਦਕਰ ਚੌਂਕ ਵਿੱਚ ਪਹੁੰਚ ਕੇ ਉਸੇ ਹੱਥੋਂ ਝੰਡਾ ਝੁਲਵਾਉਂਦੇ ਹਨ। ਦਸ ਵੱਜ ਕੇ ਦਸ ਮਿੰਟ ਉੱਤੇ ਹੋਰ ਸਿਪਾਹੀ ਪਹੁੰਚਦੇ ਹਨ ਤਾਂ ਇਹ ਸਾਰਾ ਕੁਝ ਹੋ ਚੁੱਕਿਆ ਹੁੰਦਾ ਹੈ। ਲਾਤੂਰ ਦੇ ਸਿਵਲ ਹਸਪਤਾਲ ਵਿੱਚ ਪੱਟੀਆਂ ਵਿੱਚ ਲਪੇਟਿਆ ਪਿਆ ਸ਼ੇਖ਼ ਪੁਛਦਾ ਹੈ,”ਆਖ਼ਰ ਮੇਰਾ ਕਸੂਰ ਕੀ ਸੀ? ਮੈਂ ਤਾਂ ਆਪਣੇ ਅਫ਼ਸਰ ਦੀ ਲਾਈ ਡਿਊਟੀ ਨਿਭਾ ਰਿਹਾ ਸੀ!”
ਦੂਜੀ ਖ਼ਬਰ। ਦਿੱਲੀ ਦੀ ਅਦਾਲਤ ਵਿਚ ਦਰਜਨਾਂ ਪੁਲਸੀਆਂ ਦੀ ਹਾਜ਼ਰੀ ਵਿੱਚ ਵਕੀਲਾਂ, ਵਿਦਿਆਰਥੀਆਂ ਤੇ ਪ੍ਰੋਫ਼ੈਸਰਾਂ ਨੂੰ, ਖਾਸ ਕਰ ਕੇ ਪੁਲਿਸ ਦੇ ਹਰਾਸਤੀਏ ਵਿਦਿਆਰਥੀ ਆਗੂ ਕਨ੍ਹਈਆ ਨੂੰ ਬੁਰੀ ਤਰ੍ਹਾਂ ਕੁੱਟਣ ਵਾਲੇ ਭਾਜਪਾ-ਪੱਖੀ ਤਿੰਨ ਵਕੀਲ ਇੱਕ ਸਟਿੰਗ ਔਪਰੇਸ਼ਨ ਵਿੱਚ ਆਪਣੀ ਕਰਤੂਤ ਬਾਰੇ ਖੁੱਲ੍ਹ ਕੇ ਦਸਦੇ ਹਨ। ਉਹ ਆਖਦੇ ਹਨ, ”ਜਦੋਂ ਅਸੀਂ ਕੁੱਟਮਾਰ ਕਰ ਰਹੇ ਸੀ, ਸਾਨੂੰ ਹੱਲਾਸ਼ੇਰੀ ਦਿੰਦੇ ਹੋਏ ਪੁਲਸੀਏ ਆਖ ਰਹੇ ਸਨ ਕਿ ਵਰਦੀ ਕਾਰਨ ਅਸੀਂ ਤੁਹਾਡਾ ਸਾਥ ਨਹੀਂ ਦੇ ਸਕਦੇ। ਅਸੀਂ ਕਨ੍ਹਈਆ ਨੂੰ ਤਾਂ ਕੁੱਟਿਆ ਵੀ ਤੇ ਉਹਤੋਂ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਵੀ ਲੁਆਏ।” ਇੱਕ ਵਕੀਲ ਦਾ ਕਹਿਣਾ ਸੀ, ”ਅਗਲੀ ਪੇਸ਼ੀ ਸਮੇਂ ਮੈਂ ਪਟਰੌਲ ਬੰਬ ਲੈ ਕੇ ਆਵਾਂਗਾ ਤੇ ਗ੍ਰਿਫ਼ਤਾਰ ਹੋ ਕੇ ਕਨ੍ਹਈਆ ਨੂੰ ਜਿਹਲ ਵਿੱਚ ਕੁੱਟਾਂਗਾ।” TV ਚੈਨਲਾਂ ਦੀਆਂ ਲਗਾਤਾਰ ਖ਼ਬਰਾਂ ਤੇ ਹੁਣ ਇਸ ਇਕਬਾਲ ਮਗਰੋਂ ਵੀ ਦਿੱਲੀ ਪੁਲਿਸ ਦੇ ਰਿਟਾਇਰ ਹੋਰ ਰਹੇ ਪੁਲਿਸ ਕਮਿਸ਼ਨਰ, ਬਾਸੀ, ਦਾ ਕਹਿਣਾ ਹੈ ਕਿ ਕਾਰਵਾਈ ਕਰਨ ਵਾਸਤੇ ਇਹ ਕੋਈ ਪੁਖ਼ਤਾ ਸਬੂਤ ਨਹੀਂ।
ਤੀਜੀ ਖ਼ਬਰ। ਬੀਜੇਪੀ ਦੇ ਮਿਸਾਲੀ ਮੁੱਖ ਮੰਤਰੀ ਰਮਨ ਸਿੰਘ ਦੇ ਛੱਤੀਸਗੜ੍ਹ ਦੇ ਬੇਵੱਸ ਤੇ ਬੇਆਸ ਆਦਿਵਾਸੀਆਂ ਦੇ ਭਲੇ ਲਈ ਕੰਮ ਕਰਨ ਵਾਲੀ ਬੇਗ਼ਰਜ਼ ਸਮਾਜ-ਸੇਵਿਕਾ ਸੋਨੀ ਸੋਰੀ ਦੇ ਚਿਹਰੇ ਉੱਤੇ ਦਾਂਤੇਵਾੜਾ ਦੇ ਇਲਾਕੇ ਵਿੱਚ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਗੁੰਡਿਆਂ ਨੇ ਕੋਈ ਤੇਜ਼ਾਬੀ ਚੀਜ਼ ਪਾ ਦਿੱਤੀ। ਕੁਝ ਸਮਾਂ ਪਹਿਲਾਂ ਸੋਰੀ ਨੇ ਤਿੰਨ ਮਾਮਲਿਆਂ ਵਿੱਚ ਆਦਿਵਾਸੀ ਕੁੜੀਆਂ ਦੀ ਸਮੂਹਕ ਬੇਪਤੀ ਦੇ ਅਪਰਾਧੀਆਂ ਵਿਰੁੱਧ ਮੁਕੱਦਮੇ ਦਰਜ ਕਰਵਾਏ ਸਨ। ਪੁਲਿਸ ਨੂੰ ਕਿਸੇ  ਕਾਰਵਾਈ ਦੀ ਲੋੜ ਮਹਿਸੂਸ ਨਹੀਂ ਸੀ ਹੋਈ। ਸੋਰੀ ਨੇ ਖੁੱਲ੍ਹੇ ਫ਼ਿਰਦੇ ਗੁੰਡਿਆਂ ਤੋਂ ਲਗਾਤਾਰ ਮਿਲਦੀਆਂ ਧਮਕੀਆਂ ਦੀ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਤੇ ਸੁਰੱਖਿਆ ਦੀ ਮੰਗ ਵੀ ਕੀਤੀ। ਪੁਲਿਸ ਨੇ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਵੀ ਲੋੜ ਨਹੀਂ ਸਮਝੀ ਕਿਉਂਕਿ ਪੁਲਿਸ ਤਾਂ ਆਪ ਲੰਮੇ ਸਮੇਂ ਤੋਂ ਉਸ ਉੱਤੇ ਨਕਸਲੀ ਹੋਣ ਦਾ ਠੱਪਾ ਲਾ ਕੇ ਉਹਨੂੰ ਤੰਗ ਤੇ ਜ਼ਲੀਲ ਕਰਦੀ ਰਹਿੰਦੀ ਸੀ। ਚਿਹਰੇ ਦੇ ਜ਼ਖ਼ਮਾਂ ਦੀ ਗੰਭੀਰਤਾ ਨੂੰ ਦੇਖਦਿਆਂ ਉਹਨੂੰ ਦਿੱਲੀ ਲਿਆ ਕੇ ਇੰਦਰਪ੍ਰਸਥ ਅਪੋਲੋ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਹਦਾ ਪਤਾ ਲੈਣ ਗਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਧੀਆ ਨੇ ਇਲਾਜ ਦਾ ਸਾਰਾ ਖ਼ਰਚ ਦੇਣ ਦਾ ਐਲਾਨ ਕੀਤਾ ਹੈ।
ਚੌਥੀ ਖ਼ਬਰ। ‘ਭਗੌੜੇ’ ਉਮਰ ਖ਼ਾਲਿਦ ਨੇ, ਜੋ ਕਾਰਪੋਰੇਟ ਮੀਡੀਆ ਤੇ ਸੰਘ ਪਰਿਵਾਰ ਅਨੁਸਾਰ ਭਾਰਤ ਦਾ ਸਭ ਤੋਂ ਵੱਡਾ ਆਤੰਕਵਾਦੀ ਤੇ ਦੇਸ਼ਧਰੋਹੀ ਹੈ, ਜਵਾਹਰਲਾਲ ਯੂਨੀਵਰਸਿਟੀ ਵਿੱਚ ਸਾਹਮਣੇ ਆ ਕੇ ਵਿਦਿਆਰਥੀਆਂ ਨੂੰ ਭਾਸ਼ਨ ਦਿੱਤਾ। ਉਹ ਹੋਰ ਗੱਲਾਂ ਤੋਂ ਇਲਾਵਾ ਕਹਿੰਦਾ ਹੈ, ”ਸੱਚ ਦੱਸਾਂ, ਮੈਨੂੰ ਆਪਣੀ ਬਹੁਤੀ ਚਿੰਤਾ ਨਹੀਂ ਸੀ ਕਿਉਂਕਿ ਮੈਂ ਜਾਣਦਾ ਸੀ ਤੇ ਮੇਰਾ ਪੱਕਾ ਭਰੋਸਾ ਸੀ ਕਿ ਤੁਸੀਂ ਸਾਰੇ ਹਜ਼ਾਰਾਂ ਦੀ ਗਿਣਤੀ ਵਿੱਚ ਮੇਰੀ ਹਮਾਇਤ ਵਿੱਚ ਨਿਤਰੋਗੇ, ਪਰ ਜਦੋਂ ਮੈਂ ਆਪਣੀ ਭੈਣ ਤੇ ਆਪਣੇ ਪਿਤਾ ਦੇ ਬਿਆਨ ਦੇਖੇ, ਮੈਨੂੰ ਫ਼ਿਕਰ ਹੋਇਆ, ਮੈਨੂੰ ਡਰ ਲੱਗਣ ਲਗਿਆ। ਮੇਰੀਆਂ ਕਈ ਭੈਣਾਂ ਹਨ ਤੇ ਇਹਨਾਂ ਲੋਕਾਂ ਨੇ, ਇਹ ਜੋ ਜਵਾਹਰਲਾਲ ਯੂਨੀਵਰਸਿਟੀ ਨੂੰ ‘ਦੇਸਧਰੋਹੀ’ ਆਖਦੇ ਹਨ, ਸੋਸ਼ਲ ਮੀਡੀਆ ਵਿੱਚ ਭਾਂਤ ਭਾਂਤ ਦੀਆਂ ਗੱਲਾਂ ਲਿਖਣੀਆਂ ਤੇ ਇਹ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਉਹਨਾਂ ਨਾਲ ਕੀ ਕਰਨਗੇ। ਮੇਰੀ ਇੱਕ ਭੈਣ ਨੂੰ ਕਿਹਾ ਗਿਆ ਕਿ ਉਹਦੇ ਨਾਲ ਬਲਾਤਕਾਰ ਕੀਤਾ ਜਾਵੇਗਾ, ਦੂਜੀ ਨੂੰ ਕਿਹਾ ਗਿਆ ਕਿ ਉਹਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਉਸ ਮੌਕੇ ਮੈਨੂੰ ਕੰਧਾਮਲ ਵਿੱਚ ਬਜਰੰਗ-ਦਲੀਆਂ ਦਾ ਇੱਕ ਈਸਾਈ ਨਨ ਨਾਲ ਬਲਾਤਕਾਰ ਕਰਦਿਆਂ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਾਉਣਾ ਚੇਤੇ ਆਇਆ। ਮੈਨੂੰ ਸਾਥੀ ਕਨ੍ਹਈਆ ਦਾ 11 ਫ਼ਰਵਰੀ ਦਾ ਭਾਸ਼ਨ ਯਾਦ ਆਉਂਦਾ ਹੈ, ‘ਜੇ ਤੁਹਾਡੀ ਭਾਰਤ ਮਾਤਾ ਇਹ ਹੈ ਤਾਂ ਇਹ ਸਾਡੀ ਭਾਰਤ ਮਾਤਾ ਨਹੀਂ ਹੈ! ਤੇ ਸਾਨੂੰ ਇਹ ਕਹਿੰਦਿਆਂ ਕੋਈ ਸ਼ਰਮ ਨਹੀਂ!’ … ਇੱਕ ਪਲ ਮੈਂ ਇੱਕ ਗੱਲ ਆਪਣੀ ਵੀ ਕਰ ਲਵਾਂ। ਪਿਛਲੇ ਸੱਤ ਸਾਲਾਂ ਵਿੱਚ ਜਦੋਂ ਤੋਂ ਮੈਂ ਇਸ ਕੈਂਪੱਸ ਵਿੱਚ ਰਾਜਨੀਤੀ ਕਰਦਾ ਆਇਆ ਹਾਂ, ਮੈਂ ਕਦੇ ਸੋਚਿਆ ਤਕ ਨਹੀਂ ਕਿ ਮੈਂ ਮੁਸਲਮਾਨ ਹਾਂ। ਮੈਂ ਕਦੇ ਮੁਸਲਮਾਨ ਵਜੋਂ ਦਿੱਸਣਾ ਵੀ ਨਹੀਂ ਚਾਹਿਆ। ਤੇ ਮੈਂ ਹਮੇਸ਼ਾ ਹੀ ਇਹ ਮਹਿਸੂਸ ਕੀਤਾ ਹੈ ਕਿ ਅੱਜ ਸਮਾਜ ਵਿੱਚ ਸਿਰਫ਼ ਮੁਸਲਮਾਨ ਹੀ ਮਜ਼ਲੂਮ ਨਹੀਂ ਸਗੋਂ ਮਜ਼ਲੂਮ ਭਾਈਚਾਰੇ ਕਈ ਹਨ ਜਿਵੇਂ ਆਦਿਵਾਸੀ ਨੇ, ਦਲਿਤ, ਆਦਿ। … ਪਿੱਛਲੇ ਸੱਤ ਸਾਲਾਂ ਵਿੱਚ ਮੈਨੂੰ ਹੁਣ ਪਹਿਲੀ ਵਾਰ ਅਹਿਸਾਸ ਹੋਇਆ ਹੈ ਕਿ ਮੈਂ ਮੁਸਲਮਾਨ ਹਾਂ ਤੇ ਇਹ ਪਿੱਛਲੇ ਦਸ ਦਿਨਾਂ ਵਿੱਚ ਹੋਇਆ ਹੈ। … ਹਮ-ਰਾਹੀਓ, ਘਬਰਾਉਣ ਦੀ ਲੋੜ ਨਹੀਂ। ਇਹਨਾਂ ਕੋਲ ਸੰਸਦ ਦੀ ਬਹੁਗਿਣਤੀ, ਮੀਡੀਆ, ਸਰਕਾਰੀ ਮਸ਼ੀਨਰੀ ਤੇ ਪੁਲਿਸ, ਸਭ ਕੁਝ ਹੋ ਸਕਦਾ ਹੈ, ਪਰ ਇਹ ਬੁਜ਼ਦਿਲ ਹਨ। ਇਹ ਸਾਥੋਂ ਡਰਦੇ ਹਨ, ਇਹ ਸਾਡੀਆਂ ਜਦੋਜਹਿਦਾਂ ਤੋਂ ਡਰਦੇ ਹਨ। ਇਹ ਸਾਥੋਂ ਇਸ ਲਈ ਡਰਦੇ ਹਨ ਕਿਉਂਕਿ ਅਸੀਂ ਸੋਚ ਸਕਦੇ ਹਾਂ! ਤੇ ਅੱਜ ਇਸ ਦੇਸ ਵਿੱਚ ਜਿਸ ਪਲ ਤੁਸੀਂ ਸੋਚਣਾ ਸ਼ੁਰੂ ਕਰਦੇ ਹੋ, ਉਸੇ ਪਲ ਤੁਸੀਂ ‘ਦੇਸ਼ਧਰੋਹੀ’ ਬਣ ਜਾਂਦੇ ਹੋ!”
ਪੰਜਵੀਂ ਖ਼ਬਰ। ਕੇਂਦਰੀ ਸਭਿਆਚਾਰ ਮੰਤਰਾਲੇ ਅਧੀਨ ਚਲਦੀ ਕਲਕੱਤੇ ਦੀ ਸੰਸਥਾ ਵਿਕਟੋਰੀਆ ਮੈਮੋਰੀਅਲ ਨੇ ਉਥੇ ਲੱਗਣ ਵਾਲੀ ਪਾਕਿਸਤਾਨੀ ਕਲਾਕਾਰ ਸ਼ਾਹਿਦ ਰੱਸਮ ਦੀ ਨੁਮਾਇਸ਼ ‘ਗ਼ਾਲਿਬ ਤੇ ਗ਼ੁਲਜ਼ਾਰ’ ਉਦਘਾਟਨ ਤੋਂ ਕੁਝ ਘੰਟੇ ਪਹਿਲਾਂ ਰੱਦ ਕਰ ਦਿੱਤੀ ਕਿਉਂਕਿ ਪੱਛਮੀ ਬੰਗਾਲ ਦੇ ਭਗਵੇ ਗਵਰਨਰ ਕੇਸਰੀ ਨਾਥ ਤ੍ਰਿਪਾਠੀ ਨੇ ਪਹਿਲਾਂ ਉਹਦਾ ਉਦਘਾਟਨ ਕਰਨਾ ਪਰਵਾਨ ਕਰ ਕੇ ਮੌਕੇ ਉੱਤੇ ਇਨਕਾਰ ਕਰ ਦਿੱਤਾ। ਕਲਾਕਾਰ ਦਾ ਕਹਿਣਾ ਹੈ, ”ਮੈਨੂੰ ਕਿਹਾ ਗਿਆ ਕਿ ਨੁਮਾਇਸ਼ ਇਸ ਕਰ ਕੇ ਰੱਦ ਕਰ ਦਿੱਤੀ ਗਈ ਹੈ ਕਿ ਗਵਰਨਰ ਸਾਹਿਬ ਨਹੀਂ ਆ ਰਹੇ। ਮੈਂ ਇਸ ਨੁਮਾਇਸ਼ ਵਾਸਤੇ ਸਾਲਾਂ ਦੀ ਮਿਹਨਤ ਲਾਈ ਹੈ। ਮੈਂ ਸਮਝਦਾ ਹਾਂ, ਇਹ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਮੇਰੇ ਨਾਲ ਇਹ ਵਰਤਾਉ ਕੀਤਾ ਗਿਆ। ਉਦਘਾਟਨ ਤੋਂ ਕੁਝ ਘੰਟੇ ਪਹਿਲਾਂ ਮੈਨੂੰ ਵਿਕਟੋਰੀਆ ਮੈਮੋਰੀਅਲ ਦੀ ਈਮੇਲ ਆਈ ਕਿ ਨੁਮਾਇਸ਼ ਨਹੀਂ ਲਗੇਗੀ!” ਹੁਣ ਮਮਤਾ ਬੈਨਰਜੀ ਨੇ ਕਿਹਾ ਹੈ,”ਹਰ ਕਲਾਕਾਰ ਦਾ ਸਵਾਗਤ ਕਰਨਾ ਸਾਡੀ ਪ੍ਰੰਪਰਾ ਹੈ। ਮੈਂ ਪੂਰੀ ਗੱਲ ਦਾ ਪਤਾ ਕਰਾਂਗੀ।”
ਛੇਵੀਂ ਖ਼ਬਰ। ਰਾਜਸਥਾਨ ਦੇ ਸ਼ਹਿਰ ਅਜਮੇਰ ਦੇ ਜਵਾਹਰ ਰੰਗਮੰਚ ਵਿਖੇ ਹੋਣ ਵਾਲਾ ਸਾਹਿਤਕ ਪ੍ਰੋਗਰਾਮ ‘ਸ਼ਾਇਰੀ: ਸਰਹੱਦ ਸੇ ਪਰੇ’ ਰੱਦ ਕਰ ਦਿੱਤਾ ਗਿਆ। ਇਸ ਵਿੱਚ ਭਾਰਤੀ ਸ਼ਾਇਰ ਏ.ਅੱੈਮ. ਤੂਰਾਜ ਅਤੇ ਪਾਕਿਸਤਾਨੀ ਸ਼ਾਇਰ ਅੱਬਾਸ ਤਾਬਿਸ਼ ਨੇ ਹਿੱਸਾ ਲੈਣਾ ਸੀ। ਕਨਵੀਨਰ ਰਾਸਬਿਹਾਰੀ ਗੌੜ ਦਾ ਕਹਿਣਾ ਹੈ ਕਿ ਸਾਨੂੰ ਪ੍ਰੋਗਰਾਮ ਇਸ ਲਈ ਰੱਦ ਕਰਨਾ ਪਿਆ ਕਿਉਂਕਿ BJP ਦੇ ਜ਼ਿਲ੍ਹਾ ਪ੍ਰਧਾਨ ਅਰਵਿੰਦ ਯਾਦਵ ਨੇ ਫ਼ੋਨ ਕਰ ਕੇ ‘ਬੇਨਤੀ’ ਕੀਤੀ ਸੀ। ”ਅਸੀਂ ਨਹੀਂ ਸੀ ਚਾਹੁੰਦੇ ਕਿ ਕੋਈ ਭੈੜੀ ਘਟਨਾ ਵਾਪਰੇ।” ਯਾਦਵ ਦਾ ਕਹਿਣਾ ਹੈ, ”ਅਸੀਂ ਪ੍ਰੋਗਰਾਮ ਦਾ ਵਿਰੋਧ ਇਸ ਲਈ ਕੀਤਾ ਕਿਉਂਕਿ ਇਸ ਵਿੱਚ ਇਕ ਪਾਕਿਸਤਾਨੀ ਹਿੱਸਾ ਲੈ ਰਿਹਾ ਸੀ।”
ਸੱਤਵੀਂ ਖ਼ਬਰ। ਰਾਜਸਥਾਨ ਦੇ ਰਾਮਗੜ੍ਹ ਹਲਕੇ ਤੋਂ BJP ਵਿਧਾਇਕ ਗਿਆਨਦੇਵ ਆਹੂਜਾ ਨੇ ਆਪਣੇ ਜ਼ਿਲਾ-ਸ਼ਹਿਰ ਅਲਵਰ ਵਿਚ ‘ਦੇਸ਼ਧਰੋਹੀਆਂ ਵਿਰੁੱਧ ਮਾਰਚ’ ਦੀ ਅਗਵਾਈ ਕੀਤੀ। ਇਹ ਉਹੋ ਮਹਾਂਪੁਰਸ਼ ਹੈ ਜਿਸ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਰਾਹੁਲ ਗਾਂਧੀ ਨੂੰ ਗੋਲ਼ੀ ਮਾਰ ਦਿੱਤੀ ਜਾਂ ਫ਼ਾਂਸੀ ਲਾ ਦਿੱਤੀ ਜਾਣੀ ਚਾਹੀਦੀ ਹੈ। ਮਾਰਚ ਸਮੇਂ ਉਹਨੇ ਕਿਹਾ, ”ਮੈਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਬਾਰੇ ਕੁਝ ਤੱਥ ਦਸਦਾ ਹਾਂ। ਉਥੇ ਹਰ ਸਵੇਰ ਸ਼ਰਾਬ ਦੀਆਂ ਦੋ ਹਜ਼ਾਰ ਖ਼ਾਲੀ ਬੋਤਲਾਂ, ਦਸ ਹਜ਼ਾਰ ਤੋਂ ਵੱਧ ਸਿਗਰਟਾਂ ਤੇ ਚਾਰ ਹਜ਼ਾਰ ਤੋਂ ਵੱਧ ਬੀੜੀਆਂ ਦੇ ਟੋਟੇ, ਪੰਜਾਹ ਹਜ਼ਾਰ ਤੋਂ ਵੱਧ ਹੱਡੀਆਂ, ਚਿਪਸ ਤੇ ਨਮਕੀਨ ਦੇ ਦੋ ਹਜ਼ਾਰ ਖ਼ਾਲੀ ਲਫ਼ਾਫ਼ੇ ਮਿਲਦੇ ਹਨ। ਉਥੇ ਲੜਕੇ-ਲੜਕੀਆਂ ਨੰਗੇ ਨਚਦੇ ਹਨ ਤੇ ਹਰ ਰੋਜ਼ ਸਵੇਰੇ ਤਿੰਨ ਹਜ਼ਾਰ ਵਰਤੇ ਹੋਏ ਨਿਰੋਧ ਤੇ ਪੰਜ ਸੌ ਵਰਤੇ ਹੋਏ ਗਰਭਪਾਤੀ ਇੰਜੈਕਸ਼ਨ ਮਿਲਦੇ ਹਨ। ਦੇਖੋ ਉਥੇ ਉਹ ਸਾਡੀਆਂ ਭੈਣਾਂ ਤੇ ਧੀਆਂ ਨਾਲ ਕੀ ਕੀ ਕਰਤੂਤਾਂ ਕਰਦੇ ਹਨ!”
ਅੱਠਵੀਂ ਖ਼ਬਰ … ਓਹੋ! ਅੱਠਵੀਂ ਤਾਂ ਕੀ, ਖ਼ਬਰਾਂ ਤਾਂ ਅਜੇ ਕਈ ਹੋਰ ਹਨ ਪਰ ਮੇਰੇ ਕੰਪਿਊਟਰ ਨੇ ਲੇਖ ਦੀ ਲੰਮਾਈ ਦੀ ਹੱਦ ਦੀ ਲਾਲ ਝੰਡੀ ਦਿਖਾ ਦਿੱਤੀ ਹੈ। ਤਾਂ ਵੀ ਆਸ ਹੈ, ਇਹ ਸੱਤ ਦਾਣੇ ਪਾਠਕਾਂ ਨੂੰ ਪੂਰੀ ਦੇਗ਼ ਦੀ ਤਾਸੀਰ ਦੱਸਣ ਲਈ ਅਤੇ ਉਪਰੋਕਤ ਸਭ ਗੱਲਾਂ ਬਾਰੇ ਸੋਚਣ ਵਾਸਤੇ ਮਜਬੂਰ ਕਰਨ ਲਈ ਕਾਫ਼ੀ ਹੋਣਗੇ। ਸੋਚਣਾ ਇਸ ਲਈ ਜ਼ਰੂਰੀ ਹੈ ਕਿਉਂਕਿ, ਉਮਰ ਖ਼ਾਲਿਦ ਦੇ ਕਹਿਣ ਵਾਂਗ, ਸੋਚਣ ਵਾਲੇ ਲੋਕ ਹੀ ਹਨ ਜਿਨ੍ਹਾਂ ਤੋਂ ਹਾਕਮ ਸਭ ਤੋਂ ਬਹੁਤਾ ਡਰਦੇ ਹਨ!
ਮੈਂ ਆਪਣੀ ਇਹ ਲਿਖਤ ਅਸਹਿਣਸ਼ੀਲਤਾ ਦੀ ਹੋਂਦ ਤੋਂ ਪੂਰੀ ਤਰ੍ਹਾਂ ਮੁਨਕਰ, ਆਜ਼ਾਦ ਜਮਹੂਰੀ ਭਾਰਤ ਦੇ ਪਹਿਲੇ ਦਰਬਾਰੀ ਕਲਾਕਾਰ ਅਨੂਪਮ ਖੇਰ ਨੂੰ ਸਮਰਪਿਤ ਕਰਦਾ ਹਾਂ!
(0091-1142502364)

LEAVE A REPLY