Editorialਪਾਕਿਸਤਾਨ ਵਿੱਚ ਈਸ਼ਨਿੰਦਾ (ਰੱਬ ਦੀ ਬੇਹੁਰਮਤੀ) ਦੇ ਕਾਨੂੰਨ ਦੀ ਵਰਤੋਂ ਆਪਣੀ ਮਨਮਰਜ਼ੀ ਨਾਲ ਕਰਨ ਵਾਲੇ ‘ਹੀਰੋ’ ਪੁਲਸੀਏ ਨੂੰ ਨਵਾਜ਼ ਸ਼ਰੀਫ਼ ਸਰਕਾਰ ਨੇ ਆਖ਼ਿਰ ਪੰਜ ਸਾਲਾਂ ਬਾਅਦ ਅਚਾਨਕ ਫ਼ਾਹੇ ਟੰਗ ਹੀ ਦਿੱਤਾ। ਮਲਿਕ ਮੁਮਤਾਜ਼ ਹੁੱਸੈਨ ਕਾਦਰੀ ਨਾਮ ਦੇ ਇਸ ਪਾਕਿਸਤਾਨੀ ਪੰਜਾਬ ਪੁਲਿਸ ਦੇ ਐਲੀਟ ਕਮਾਂਡੋ ਨੂੰ ਸੋਮਵਾਰ ਨੂੰ ਚੁਪਚੁਪੀਤੇ ਫ਼ਾਂਸੀ ਦੇ ਦਿੱਤੀ ਗਈ। ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਇੱਕ ਆਜ਼ਾਦ ਖ਼ਿਆਲ ਗਵਰਨਰ ਸਲਮਾਨ ਤਾਸੀਰ ਨੂੰ ਮੁਮਤਾਜ਼ ਕਾਦਰੀ, ਜੋ ਕਿ ਉਸ ਦਾ ਬੌਡੀਗਾਰਡ ਸੀ, ਨੇ 4 ਜਨਵਰੀ 2011 ਨੂੰ ਸ਼ਰੇਆਮ ਗੋਲੀ ਮਾਰ ਕੇ ਮਾਰ ਦਿੱਤਾ ਸੀ। ਸੋਮਵਾਰ ਨੂੰ ਜਦੋਂ ਇਸਲਾਮਾਬਾਦ ਵਿੱਚ ਕਾਦਰੀ ਨੂੰ ਸਪੁਰਦੇ ਖ਼ਾਕ ਕੀਤਾ ਗਿਆ ਤਾਂ ਪਾਕਿਸਤਾਨ ਭਰ ਵਿੱਚ ਕੱਟੜਪੰਥੀ ਮੁਸਲਮਾਨ ਗਰੁੱਪਾਂ ਵਲੋਂ ਭੰਨ-ਤੋੜ ਕੀਤੀ ਗਈ। ਇਸਲਾਮਾਬਾਦ ਬਾਰ ਐਸੋਸੀਏਸ਼ਨ ਨੇ ਕਾਦਰੀ ਦੀ ਫ਼ਾਂਸੀ ਨੂੰ ਇੱਕ ਨਿਆਂਇਕ ਕਤਲ ਕਰਾਰ ਦਿੰਦੇ ਹੋਏ ਉਸ ਦਿਨ ਨੂੰ ਇੱਕ ‘ਕਾਲੇ ਦਿਨ’ ਦੇ ਤੌਰ ‘ਤੇ ਮਨਾਇਆ। ਹਜ਼ਾਰਾਂ ਲੋਕ ਉਸ ਦੇ ਜਨਾਜ਼ੇ ਲਈ ਇਕੱਤਰ ਹੋਏ। ਕਈ ਤਾਂ ਸਿਰਫ਼ ਨਾਅਰੇਬਾਜ਼ੀ ਕਰ ਰਹੇ ਸਨ, ਪਰ ਕੁਝ ਲੋਕ ਹਿੰਸਕ ਹੋ ਕੇ ਮੀਡੀਆ ਕਰਮੀਆਂ ਦੀ ਖਿੱਚ ਧੂਹ ਵੀ ਕਰਨ ਲੱਗੇ। ਕੁਝ ਕੁ ਕੱਟੜ ਮੌਲਵੀਆਂ ਨੇ ਪਾਕਿਸਤਾਨ ਦੇ ਸੂਚਨਾ ਮੰਤਰੀ ਪਰਵੇਜ਼ ਰਸ਼ੀਦ ਨਾਲ ਜ਼ਬਾਨੀ ਤਕਰਾਰ ਤੇ ਧੱਕਾ-ਮੁੱਕੀ ਕੀਤੀ ਜਿਸ ਦੌਰਾਨ ਕਿਸੇ ਨੇ ਉਸ ਉੱਪਰ ਦੂਰੋਂ ਜੁੱਤੀ ਵੀ ਸੁੱਟੀ। ਪਾਕਿਸਤਾਨੀ ਸਰਕਾਰ ਨੇ ਜਵਾਬ ਵਿੱਚ ਆਪਣੇ ਮੀਡੀਏ ਨੂੰ ਮੁਮਤਾਜ਼ ਕਾਦਰੀ ਦੀ ਮੌਤ ਅਤੇ ਜਨਾਜ਼ੇ ਦੀ ਖ਼ਬਰ ਉੱਪਰ ਢੱਕਣ ਪਾ ਕੇ ਰੱਖਣ ਦਾ ਹੁਕਮ ਚਾੜ੍ਹਿਆ। ਪਰ ਕੀ ਢੱਕਣ ਪਾ ਕੇ ਰੱਖਣ ਦੀ ਇਸੇ ਜ਼ਹਿਨੀਅਤ ਨੇ ਪਾਕਿਸਤਾਨ ਨੂੰ ਅੱਜ ਇਸ ਮਰਹਲੇ ‘ਤੇ ਲਿਆ ਕੇ ਖੜ੍ਹਾ ਨਹੀਂ ਕੀਤਾ? ਆਜ਼ਾਦ ਖ਼ਿਆਲ ਪਾਕਿਸਤਾਨੀਆਂ ਅਤੇ ਪੂਰੇ ਵਿਸ਼ਵ ਨੂੰ ਤੌਖ਼ਲਾ ਮੁਮਤਾਜ਼ ਕਾਦਰੀ ਨੂੰ ਫ਼ਾਹੇ ਲਗਾਉਣ ਨਾਲ ਨਹੀਂ ਸੀ ਸਗੋਂ ਉਨ੍ਹਾਂ ਨੂੰ ਚਿੰਤਾ ਇਸ ਗੱਲ ਦੀ ਸੀ ਕਿ ਕੀ ਪਾਕਿਸਤਾਨੀ ਹਕੂਮਤ ਉਸ ਨੂੰ ਲੋਕਾਂ ਦਾ ਗ਼ਾਜ਼ੀ ਜਾਂ ਨਾਇਕ ਬਣਨ ਤੋਂ ਵੀ ਰੋਕ ਸਕੇਗੀ ਜਾਂ ਨਹੀਂ। ਪਰ ਜਾਪਦਾ ਇੰਝ ਹੈ ਕਿ ਕਾਦਰੀ ਨੂੰ ਫ਼ਾਹੇ ਲਗਾ ਕੇ ਨਵਾਜ਼ ਹਕੂਮਤ ਨੇ ਹੁਣ ਉਸ ਨੂੰ ਇੱਕ ਗ਼ਾਜ਼ੀ ਤੋਂ ਸ਼ਹੀਦ ਵਿੱਚ ਤਬਦੀਲ ਕਰ ਦਿੱਤਾ ਹੈ।
ਜਿਵੇਂ ਮੈਂ ਉੱਪਰ ਅਰਜ਼ ਕਰ ਚੁੱਕਾਂ, ਮੁਮਤਾਜ਼ ਕਾਦਰੀ ਪਾਕਿਸਤਾਨੀ ਪੰਜਾਬ ਦੇ ਗਵਰਨਰ ਸਲਮਾਨ ਤਾਸੀਰ ਦਾ ਬੌਡੀਗਾਰਡ ਨਿਯੁਕਤ ਸੀ। ਜਦੋਂ ਇੱਕ ਦਿਨ ਡਿਊਟੀ ‘ਤੇ ਉਸ ਨੇ ਆਪਣੇ ਹੀ ਬੌਸ ਨੂੰ ਮਾਰਨ ਦਾ ਮੰਨ ਬਣਾਇਆ ਤਾਂ ਇਹ ਸੁਨਿਸ਼ਚਿਤ ਕਰਨ ਲਈ ਕਿ ਉਹ ਸੱਚਮੁੱਚ ਮਰ ਚੁੱਕਾ ਹੈ, ਕਾਦਰੀ ਨੇ ਸਲਮਾਨ ਤਾਸੀਰ ਦੀ ਛਾਤੀ ਵਿੱਚ 28 ਗੋਲੀਆਂ ਠੋਕ ਦਿੱਤੀਆਂ। ਕਾਦਰੀ ਨੇ ਬਾਅਦ ਵਿੱਚ ਪੁਲਿਸ ਸਾਹਮਣੇ ਸਰੰਡਰ ਕਰਦਿਆਂ ਹੋਇਆਂ ਕਿਹਾ ਕਿ ਉਸ ਨੇ ਤਾਸੀਰ ਨੂੰ ਇਸ ਲਈ ਮਾਰਿਆ ਕਿਉਂਕਿ ਉਹ ਪਾਕਿਸਤਾਨੀ ਸੰਵਿਧਾਨ ਵਿੱਚ ਦਰਜ ‘ਈਸ਼ਨਿੰਦਾ’ ਦੇ ਸਿਧਾਂਤ ਦਾ ਵਿਰੋਧ ਅਤੇ ਇੱਕ ਪਾਕਿਸਤਾਨੀ ਇਸਾਈ ਔਰਤ ਆਸੀਆ ਬੀਬੀ, ਜਿਸ ਨੂੰ ਈਸ਼ਨਿੰਦਾ ਦੇ ਝੂਠੇ ਦੋਸ਼ ਵਿੱਚ ਫ਼ਾਂਸੀ ਦੇ ਦਿੱਤੀ ਗਈ ਸੀ, ਦੀ ਸ਼ਰੇਆਮ ਹਮਾਇਤ ਕਰਦਾ ਸੀ। ਉਸ ਕਤਲ ਤੋਂ ਬਾਅਦ ਕਾਦਰੀ ਪਾਕਿਸਤਾਨੀ ਸਮਾਜ ਦੇ ਕੁਝ ਹਿੱਸਿਆਂ ਵਿੱਚ ਰਾਤੋ ਰਾਤ ਇੱਕ ਰਾਸ਼ਟਰੀ ਨਾਇਕ ਬਣ ਗਿਆ। ਗਵਰਨਰ ਪੰਜਾਬ ਨੂੰ ਮਾਰਨ ਉਪਰੰਤ ਜਦੋਂ ਅਗਲੇ ਦਿਨ ਕਾਦਰੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਉੱਥੇ ਮੌਜੂਦ ਦਰਜਨਾਂ ਵਕੀਲਾਂ ਨੇ ਕਾਦਰੀ ਦਾ ਇੱਕ ਹੀਰੋ ਵਾਲਾ ਸਵਾਗਤ ਕੀਤਾ। ਇੱਥੋਂ ਤਕ ਕਿ ਉਨ੍ਹਾਂ ਨੇ ਉਸ ਦੇ ਗਲ ਵਿੱਚ ਹਾਰ ਪਾਏ ਅਤੇ ਉਸ ਦਾ ਮੂੰਹ ਵੀ ਚੁੰਮਿਆ ਕਿਉਂਕਿ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਮੁਮਤਾਜ਼ ਕਾਦਰੀ ਪਾਕਿਸਤਾਨੀ ਕੌਮ ਦਾ ਗ਼ਾਜ਼ੀ ਸੀ।
2011 ਵਿੱਚ 500 ਪਾਕਿਸਤਾਨੀ ਧਾਰਮਿਕ ਬੁੱਧੀਜੀਵੀਆਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ 1400 ਸਾਲ ਪੁਰਾਣੀ ਇਸਲਾਮੀ ਪਰੰਪਰਾ ਕਾਇਮ ਰੱਖਣ ਲਈ ਮਲਿਕ ਮੁਮਤਾਜ਼ ਹੁੱਸੈਨ ਕਾਦਰੀ ਦੀ ਖ਼ੂਬ ਉਸਤਤ ਕੀਤੀ। ਉਨ੍ਹਾਂ ਅਨੁਸਾਰ ਜੇ ਕੋਈ ਵੀ ਹਜ਼ਰਤ ਮੁਹੰਮਦ ਦੀ ਸ਼ਾਨ ਦੇ ਖ਼ਿਲਾਫ਼ ਕਿਸੇ ਨੂੰ ਕੁਝ ਕਹਿੰਦੇ ਹੋਏ ਸੁਣਦਾ ਹੈ ਤਾਂ ਉਸ ਦਾ ਇਹ ਪਵਿੱਤਰ ਫ਼ਰਜ਼ ਬਣਦਾ ਹੈ ਕਿ ਉਹ ਉਸ ਕਾਫ਼ਿਰ ਦਾ ਥਾਵੇਂ ਹੀ ਕਤਲ ਕਰ ਦੇਵੇ। ਕਾਦਰੀ ਦਾ ਵੀ ਦਾਅਵਾ ਇਹੋ ਸੀ ਕਿ ਉਸ ਨੇ ਤਾਸੀਰ ਨੂੰ ਉਸ ਦੇ ਅੱਲ੍ਹਾ ਵਿਰੋਧੀ ਸਟੈਂਡ ਲਈ ਮਾਰਿਆ। ਕਾਦਰੀ ਦੀ ਇਸੇ ਅਣਕਿਆਸੀ ਮਸ਼ਹੂਰੀ ਕਾਰਨ, ਵਿਸ਼ਵ ਭਰ ਵਿਚਲੇ ਮਨੁੱਖੀ ਅਧਿਕਾਰਾਂ ਦੇ ਆਲੰਬਰਦਾਰਾਂ ਨੂੰ ਇਸ ਗੱਲ ਦਾ ਭਰਪੂਰ ਤੌਖ਼ਲਾ ਸੀ ਕਿ ਕਾਦਰੀ ਨੂੰ ਉਸ ਦੇ ਕੀਤੇ ਦੀ ਸਜ਼ਾ ਕਦੇ ਵੀ ਨਹੀਂ ਮਿਲਣੀ, ਸੋ ਸੋਮਵਾਰ ਦੀ ਕਾਦਰੀ ਦੀ ਫ਼ਾਂਸੀ ਦਰਅਸਲ ਸਭ ਸਬੰਧਤ ਹਲਕਿਆਂ ਲਈ ਇੱਕ ਅਚੰਭਾ ਸੀ। ਕਰਾਚੀ, ਲਾਹੌਰ ਅਤੇ ਇਸਲਾਮਾਬਾਦ ਵਿੱਚ ਰੋਸ ਮੁਜ਼ਾਹਰੇ ਅਤੇ ਦੰਗੇ ਵੀ ਹੋਏ, ਪਰ ਬਹੁਤੇ ਹਜੂਮਾਂ ਨੂੰ ਬਿਨਾ ਬਹੁਤਾ ਜ਼ੋਰ ਲਗਾਇਆਂ ਖਦੇੜ ਦਿੱਤਾ ਗਿਆ। ਈਸ਼ਨਿੰਦਾ ਖ਼ਿਲਾਫ਼ ਕਾਨੂੰਨ ਕੇਵਲ ਪਾਕਿਸਤਾਨੀ ਵਿੱਚ ਹੀ ਨਹੀਂ ਮੌਜੂਦ ਨਹੀਂ ਸਗੋਂ ਬਰਤਾਨੀਆ ਤੇ ਆਇਰਲੈਂਡ ਵਿੱਚ ਵੀ ਇਹ ਕਾਨੂੰਨ 1900ਵਿਆਂ ਵਿੱਚ ਹੋਂਦ ਵਿੱਚ ਲਿਆਂਦੇ ਗਏ ਸਨ, ਹਾਂ ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਨੂੰ ਬਹੁਤ ਹੀ ਘੱਟ ਵਰਤੋਂ ਵਿੱਚ ਲਿਆਂਦਾ ਗਿਆ। ਪਾਕਿਸਤਾਨ ਵਿੱਚ ਵੀ ਇਸ ਕਾਨੂੰਨ ਦੀ ਵਰਤੋਂ ਬਹੁਤ ਹੀ ਘੱਟ ਕੀਤੀ ਜਾਂਦੀ ਸੀ, ਪਰ 1980ਵਿਆਂ ਵਿੱਚ ਪਾਕਿਸਤਾਨੀ ਰਿਆਇਆ ਦਾ ਵਤੀਰਾ ਇਸ ਕਾਨੂੰਨ ਅਤੇ ਈਸ਼ਨਿੰਦਾ ਪ੍ਰਤੀ ਬਦਲਣਾ ਸ਼ੁਰੂ ਹੋ ਗਿਆ। ਉਸ ਵਕਤ ਤੋਂ ਲੈ ਕੇ ਹੁਣ ਤਕ ਪਾਕਿਸਤਾਨ ਵਿੱਚ ਹਜ਼ਾਰਾਂ ਹੀ ਲੋਕ ਈਸ਼ਨਿੰਦਾ ਦੇ ਮਾਮਲੇ ਭੁਗਤ ਰਹੇ ਹਨ।
ਬਦਲਦੀਆਂ ਪੀੜ੍ਹੀਆਂ ਦੇ ਬਦਲਦੇ ਰਵੱਈਏ
ਆਮ ਲੋਕਾਂ ਦੀ ਸੋਚ ਅਤੇ ਉਨ੍ਹਾਂ ਦੇ ਰਵੱਈਏ ਵਿੱਚ ਅਚਾਨਕ ਆਈਆਂ ਇਸ ਤਰ੍ਹਾਂ ਦੀਆਂ ਤਬਦੀਲੀਆਂ ਵਿਸ਼ਵ ਭਰ ਦੇ ਸਮੀਖਿਅਕਾਂ ਲਈ ਦਿਲਚਸਪੀ ਦਾ ਬਾਇਸ ਹੁੰਦੀਆਂ ਹਨ ਕਿਉਂਕਿ ਇਹ ਆਮ ਤੌਰ ‘ਤੇ ਬਦਲਦੀਆਂ ਪੀੜ੍ਹੀਆਂ ਦੀ ਬਦਲਦੀ ਸੋਚ ਦਾ ਨਤੀਜਾ ਹੁੰਦੀਆਂ ਹਨ ਜਿਹੜੀ ਉਨ੍ਹਾਂ ਦੇ ਬਦਲਦੇ ਵਤੀਰੇ ਵਿੱਚ ਸਪੱਸ਼ਟ ਦਿਖਾਈ ਦਿੰਦੀ ਹੈ ਅਤੇ ਅਕਸਰ ਬੇਹੱਦ ਤਬਾਹਕੁੰਨ ਹੁੰਦੀ ਹੈ। ਮੁਮਤਾਜ਼ ਕਾਦਰੀ ਦੇ ਮਾਮਲੇ ਵਿੱਚ ਆਮ ਜਨਤਾ ਦੀ ਰਾਏ ਇਹ ਸੀ, ਅਤੇ ਉਨ੍ਹਾਂ ਨੂੰ ਇਹ ਕਬੂਲ ਵੀ ਸੀ, ਕਿ ਕਿਸੇ ਨੂੰ ਦੁਰਘਟਨਾਵਸ ਵੀ ਕੋਈ ‘ਗ਼ਲਤ’ ਗੱਲ ਕਹਿਣ ‘ਤੇ ਕਤਲ ਕੀਤਾ ਜਾ ਸਕਦਾ ਹੈ ਅਤੇ ਜੇ ਜਨਤਾ ਦੀ ਮਰਜ਼ੀ ਹੋਵੇ ਤਾਂ ਉਹ ਕਾਤਲ ਨੂੰ ਗ਼ਾਜ਼ੀ ਦਾ ਰੁਤਬਾ ਵੀ ਦੇ ਸਕਦੀ ਹੈ। ਜੇਕਰ ਅਸੀਂ ਇਹੋ ਜਿਹੀ ਕੋਈ ਉਦਾਹਰਣ ਅਮਰੀਕੀ ਸਭਿਆਚਾਰ ਵਿੱਚ ਲੱਭਣੀ ਹੋਵੇ ਤਾਂ ਸਾਨੂੰ ਉਸ ਆਰਥਿਕ ਸੰਕਟ ਦੀ ਗੱਲ ਛੇੜਨੀ ਪਵੇਗੀ ਜਿਹੜਾ ‘ਜੈਨਰੇਸ਼ਨ ਐਕਸ’ ਨੇ ਓਦੋਂ ਸਿਰਜਿਆ ਸੀ ਜਦੋਂ ਉਸ ਨੇ ਸੱਬ-ਪ੍ਰਾਈਮ ਮੌਰਗੇਜਾਂ, ਜਿਨ੍ਹਾਂ ਦੀ ਗੈਰੰਟੀ ਨਕਲੀ ਸਕਿਓਰਿਟੀਜ਼ ਨਾਲ ਅਤੇ ਸ਼ੌਰਟ ਟਰਮ ਲਈ ਵਿਆਜ ਦਰਾਂ ਘੱਟਾ ਕੇ ਕੀਤੀ ਗਈ ਸੀ, ਥੋਕ ਵਿੱਚ ਲੋਕਾਂ ਨੂੰ ਵੇਚੀਆਂ। ਉਹ ਸ਼ੌਰਟ ਟਰਮ ਦੀਆਂ ਘੱਟ ਵਿਆਜ ਦਰਾਂ ਕਦੋਂ 8% ਜਾਂ 20% ਦੀ ਵਿਆਜ ਦਰ ਬਣ ਗਈ ਲੋਕਾਂ ਨੂੰ ਪਤਾ ਹੀ ਨਾ ਚਲਿਆ ਅਤੇ ਉਨ੍ਹਾਂ ਦੇ ਘਰਬਾਰ ਤੇ ਵਪਾਰ ਸਭ ਵਿਕ ਗਏ, ਨੌਕਰੀਆਂ ਚਲੀਆਂ ਗਈਆਂ ਅਤੇ 2007-2009 ਦਰਮਿਆਨ ਲੱਖਾਂ ਲੋਕ ਆਰਥਿਕ ਪੱਖੋਂ ਬਰਬਾਦ ਹੋ ਗਏ, ਪਰ ਇੱਕ ਵੀ ਵਿਅਕਤੀ ਖ਼ਿਲਾਫ਼ ਅਪਰਾਧਕ ਮਾਮਲਾ ਦਰਜ ਨਹੀਂ ਹੋਇਆ।
ਨਵੀਆਂ ਪੀੜ੍ਹੀਆਂ ਦੇ ਬਦਲਦੇ ਰਵੱਈਏ ਦੀ ਅਮਰੀਕਾ ਵਿੱਚ ਹਾਲੀਆ ਉਦਾਹਰਣ ਬਰਨੀ ਸੈਂਡਰਜ਼ ਅਤੇ ਡੌਨਲਡ ਟਰੰਪ ਦੇ ਆਪੋ ਆਪਣੀ ਪਾਰਟੀ ਵਿੱਚ ਅਚਾਨਕ ਉਭਾਰ ਦੇ ਰੂਪ ਵਿੱਚ ਮਿਲਦੀ ਹੈ ਹਾਲਾਂਕਿ ਇਨ੍ਹਾਂ ਦੋਹਾਂ ਵਿੱਚੋਂ ਕਿਸੇ ਨੇ ਵੀ ਉੱਕਾ ਹੀ ਇਹ ਸੰਕੇਤ ਨਹੀਂ ਦਿੱਤਾ ਕਿ ਉਸ ਨੂੰ ਆਪਣੇ ਆਲੇ ਦੁਆਲੇ ਦੀ ਦੁਨੀਆਂ ਬਾਰੇ ਮਾੜੀ ਮੋਟੀ ਵੀ ਸਮਝ ਹੈ। ਟਰੰਪ ਦੀ ਨੌਜਵਾਨਾਂ ਵਿੱਚ ਮਸ਼ਹੂਰੀ ਦਾ ਕਾਰਨ ਸੀ ਉਸ ਦਾ ਮੈਕਸੀਕਨਾਂ ਨੂੰ ਬਲਾਤਕਾਰੀ ਤੇ ਕਾਤਲ ਕਹਿ ਕੇ ਮੁਖ਼ਾਤਿਬ ਹੋਣਾ, ਅਤੇ ਸੈਂਡਰਜ਼ ਦੀ ਨੌਜਵਾਨਾਂ ਵਿੱਚ ਥੌੜ੍ਹੇ ਚਿਰ ਲਈ ਹੋਈ ਮਕਬੂਲੀਅਤ ਦਾ ਕਾਰਨ ਸੀ ਉਸ ਦਾ ਉਨ੍ਹਾਂ ਨੂੰ ਸਭ ਕੁਝ ਮੁਫ਼ਤ ਵਿੱਚ ਦੇਣ ਦੇ ਐਲਾਨ ਕਰਨਾ। ਇਹ ਉਪਰੋਕਤ ਸਾਰੀਆਂ ਗੱਲਾਂ – ਕਾਦਰੀ ਨੂੰ ਇੱਕ ਨਾਇਕ ਬਣਾ ਕੇ ਪੇਸ਼ ਕੀਤਾ ਜਾਣਾ, ਜਨਤਾ ਦੀ ਆਰਥਿਕ ਲੁੱਟ ਖਸੁੱਟ ਤੇ ਆਰਥਿਕ ਸੰਕਟ ਸਿਰਜਣਾ, ਟਰੰਪ ਤੇ ਸੈਂਡਰਜ਼ ਦਾ ਅਚਾਨਕ ਉਭਾਰ – ਅਜਿਹੀਆਂ ਉਦਾਹਰਣਾਂ ਹਨ ਜਿਹੜੀਆਂ ਪੀੜ੍ਹੀਆਂ ਦੇ ਸੰਕਟ ਦੇ ਯੁੱਗ ਦੌਰਾਨ ਵਾਪਰਦੀਆਂ ਹੀ ਹਨ, ਖ਼ਾਸਕਰ ਜਦੋਂ ਨੌਜਵਾਨ ਆਪਣੇ ਮਸਲਿਆਂ ਦੇ ਹੱਲ ਵੀ ਇੰਝ ਹੀ ਭਾਲਦੇ ਹੋਣ ਜਿਵੇਂ ਉਹ ਆਪਣੇ ‘ਰੌਕ ਸਟਾਰ’ ਚੁਣਦੇ ਹਨ।
ਜਿਹੜੇ ਲੋਕ ਪਿੱਛਲੀਆਂ ਪੀੜ੍ਹੀਆਂ ਦੀ ਸੰਕਟ ਦੀ ਜੰਗ, ਭਾਵ ਦੂਜੇ ਵਿਸ਼ਵ ਯੁੱਧ, ਵਿੱਚੋਂ ਬੱਚ ਨਿਕਲੇ ਸਨ ਉਨ੍ਹਾਂ ਨੂੰ ਇਹ ਗੱਲ ਭਲੀ ਪ੍ਰਕਾਰ ਪਤਾ ਸੀ ਕਿ ਇਹ ਦੁਨੀਆਂ ਕੀ ਸ਼ੈਅ ਹੈ। ਇੱਥੇ ਵੱਡੇ ਪੈਮਾਨੇ ‘ਤੇ ਬਲਾਤਕਾਰ ਅਤੇ ਕਤਲੇਆਮ ਹੁੰਦੇ ਹਨ, ਇੱਥੇ ਲੱਖਾਂ ਰੈਫ਼ਿਊਜੀ ਹਨ, ਇੱਥੇ ਭੁੱਖਮਰੀ ਹੈ ਅਤੇ ਬੀਮਾਰੀਆਂ ਹਨ। ਦੂਜੀ ਵਿਸ਼ਵ ਜੰਗ ਦੌਰਾਨ ਪੈਦਾ ਹੋਣ ਵਾਲੀਆਂ ਪੀੜ੍ਹੀਆਂ ਨੇ ਆਪਣੇ ਆਪ ਨਾਲ ਇਹ ਵਾਅਦੇ ਕੀਤੇ ਸਨ ਕਿ ਉਹ ਅਜਿਹੀਆਂ ਘਟਨਾਵਾਂ ਦੋਬਾਰਾ ਕਦੇ ਨਹੀਂ ਵਾਪਰਣ ਦੇਣਗੀਆਂ ਅਤੇ ਜਦੋਂ ਤਕ ਉਹ ਜਿਊਂਦੀਆਂ ਹਨ ਬਾਕੀ ਦੇ ਸੰਸਾਰ ਦੀ ਵੀ ਉਹ ਅਜਿਹੀਆਂ ਘਟਨਾਵਾਂ ਤੋਂ ਰੱਖਿਆ ਕਰਨਗੀਆਂ। ਪਰ ਅੱਜ ਉਸ ਵੇਲੇ ਦੇ ਲਗਭਗ ਸਾਰੇ ਲੋਕ ਇਸ ਜਹਾਨ ਤੋਂ ਕੂਚ ਕਰ ਚੁੱਕੇ ਹਨ ਅਤੇ ਉਨ੍ਹਾਂ ਦੇ ਨਾਲ ਹੀ ਉਨ੍ਹਾਂ ਵਲੋਂ ਦਿੱਤੀਆਂ ਗਈਆਂ ਸੁਰੱਖਿਆ ਦੀਆਂ ਗੈਰੰਟੀਆਂ ਵੀ ਚਲੀਆਂ ਗਈਆਂ। ਅਜੋਕੇ ਨੌਜਵਾਨਾਂ ਨੂੰ ਪੀੜ੍ਹੀਆਂ ਦੇ ਸੰਕਟ ਦੀਆਂ ਜੰਗਾਂ ਦੇ ਪਹਿਲੇ ਪਹਿਲ ਤਜਰਬੇ ਅੱਜਕੱਲ੍ਹ ਦੇ ਇਸਲਾਮਿਕ ਸਟੇਟ ਜਾਂ ਦਾਇਸ਼ ਦੇ ਜ਼ੁਲਮਾਂ ਦੇ ਰੂਪ ਵਿੱਚ ਹੋਏ ਹਨ, ਜਾਂ ਬੋਕੋ ਹਰਾਮ ਵਲੋਂ ਉਧਾਲੀਆਂ ਗਈਆਂ ਸਕੂਲ ਜਾਣ ਵਾਲੀਆਂ ਸੈਂਕੜੇ ਬੱਚੀਆਂ ਦੇ ਰੂਪ ਵਿੱਚ, ਜਾਂ ਉਨ੍ਹਾਂ ਲੜਕੀਆਂ ਨੂੰ ਸੈਕਸ ਮੰਡੀ ਵਿੱਚ ਵੇਚੇ ਜਾਣ ਦੇ ਰੂਪ ਵਿੱਚ, ਜਾਂ ਫ਼ਿਰ ਯੌਰਪ ਵਿੱਚ ਆ ਰਹੇ ਲੱਖਾਂ ਰੈਫ਼ੀਊਜੀਆਂ ਦੇ ਰੂਪ ਵਿੱਚ। ਉਹ ਨੌਜਵਾਨ ਜਿਨ੍ਹਾਂ ਨੂੰ ਕੋਈ ਇਲਮ ਹੀ ਨਹੀਂ ਕਿ ਇਹ ਸਭ ਕੀ ਹੋ ਰਿਹੈ ਅਤੇ ਕਿਉਂ, ਇਸ ਦੇ ਪ੍ਰਤੀਕਰਮ ਵਿੱਚ ਤਰਕਹੀਣ ਫ਼ੈਸਲੇ ਕਰਦੇ ਹਨ। ਅਮਰੀਕਾ ਵਿੱਚ ਅਸੀਂ ਅਜਿਹੇ ਹੀ ਫ਼ੈਸਲਿਆਂ ਦਾ ਨਤੀਜਾ ਤਬਾਹੀ ਦੇ ਰੂਪ ਵਿੱਚ ਦੇਖ ਚੁੱਕੇ ਹਾਂ, ਅਤੇ ਉਹ ਸੀ ਅਮਰੀਕਾ ਵਿੱਚ 2007-2009 ਦੇ ਦਰਮਿਆਨ ਦਾ ਆਰਥਿਕ ਸੰਕਟ। ਤੇ ਕਿਉਂਕਿ ਇਹ ਤਰਕਹੀਣ ਫ਼ੈਸਲੇ ਹਾਲੇ ਵੀ ਜਾਰੀ ਹਨ, ਇਨ੍ਹਾਂ ਕਾਰਨ ਭਵਿੱਖ ਵਿੱਚ ਹੋਰ ਵੀ ਤਬਾਹੀਆਂ ਦੇਖਣ ਨੂੰ ਮਿਲਣਗੀਆਂ, ਜਿਨ੍ਹਾਂ ਵਿੱਚ ਇੱਕ ਨਵਾਂ ਵਿਸ਼ਵ ਯੁੱਧ ਵੀ ਸ਼ਾਮਿਲ ਹੋਵੇਗਾ।
ਪਾਕਿਸਤਾਨ ਦੀ ਕਹਾਣੀ ਸਲਮਾਨ ਤਾਸੀਰ ਦੇ ਪੁੱਤਰ ਦੀ ਜ਼ਬਾਨੀ
ਜਨਤਾ ਦੇ ਤਰਕਹੀਣ ਫ਼ੈਸਲਿਆਂ, ਜਿਵੇਂ ਕਿ ਈਸ਼ਨਿੰਦਾ ਦੇ ਕਾਨੂੰਨ ਦੀ ਮਨਮਰਜ਼ੀ ਨਾਲ ਵਰਤੋਂ, ਨੇ ਪਾਕਿਸਤਾਨ ਨੂੰ ਤਬਾਹੀ ਦੀ ਦਹਿਲੀਜ਼ ‘ਤੇ ਲਿਆ ਖੜ੍ਹਾ ਕੀਤਾ ਹੈ – ਕਦੇ ਅਤਿਵਾਦੀਆਂ ਦੀ ਟਾਰਗੇਟ ਕਿਲਿੰਗ ਦੇ ਰੂਪ ਵਿੱਚ, ਕਦੇ ਘੱਟ-ਗਿਣਤੀ ਸ਼ੀਆ, ਹਜ਼ਾਰਾ ਭਾਈਚਾਰੇ, ਅਹਿਮਦੀਆਂ, ਬਲੋਚੀਆਂ ਆਦਿ ਦੇ ਕਤਲਾਂ ਨਾਲ। ਪਰ ਪਾਕਿਸਤਾਨ ਵਿੱਚ ਅਤਿਵਾਦੀਆਂ ਨੇ ਸਿਰਫ਼ ਘੱਟ ਗਿਣਤੀਆਂ ਨੂੰ ਹੀ ਆਪਣਾ ਨਿਸ਼ਾਨਾ ਨਹੀਂ ਬਣਾਇਆ। ਦਸੰਬਰ 2014 ਵਿੱਚ, ਤਾਲਿਬਾਨ ਨੇ ਪੇਸ਼ਾਵਰ ਦੇ ਆਰਮੀ ਸਕੂਲ ਵਿੱਚ 130 ਮਾਸੂਮ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇੱਕ ਸਕੂਲ ਉੱਪਰ ਹੋਏ ਉਸ ਅਤਿਵਾਦੀ ਹਮਲੇ ਨੇ ਪਾਕਿਸਤਾਨ ਵਿਚਲੇ ਕਈ ਜ਼ਹਿਨਾਂ ਨੂੰ ਬਦਲ ਕੇ ਰੱਖ ਦਿੱਤਾ, ਅਤੇ ਸ਼ਾਇਦ ਉਸੇ ਘਟਨਾ ਨੇ ਅੱਜ ਪਾਕਿ ਸਰਕਾਰ ਨੂੰ ਮੁਮਤਾਜ਼ ਕਾਦਰੀ ਨੂੰ ਫ਼ਾਹੇ ਲਾਉਣ ਲਈ ਵੀ ਪ੍ਰੇਰਿਤ ਕੀਤਾ। ਆਤਿਸ਼ ਤਾਸੀਰ, ਸਲਮਾਨ ਤਾਸੀਰ ਦੇ ਬੇਟੇ, ਦੀ BBC World Service ਨੇ ਮੰਗਲਵਾਰ ਨੂੰ ਇੱਕ ਇੰਟਰਵਿਊ ਪ੍ਰਸਾਰਿਤ ਕੀਤੀ। ਉਸ ਦਾ ਕਹਿਣਾ ਸੀ ਕਿ ਕਾਦਰੀ ਦੀ ਫ਼ਾਂਸੀ ਦੀ ਖ਼ਬਰ ਨੇ ਉਸ ਨੂੰ ਜ਼ਹਿਨੀ ਸਕੂਨ ਤਾਂ ਜ਼ਰੂਰ ਪਹੁੰਚਾਇਐ ਪਰ ਖ਼ੁਸ਼ੀ ਕੋਈ ਨਹੀਂ ਦਿੱਤੀ। ਉਸ ਨੇ ਅੱਗੇ ਇਹ ਵੀ ਦੱਸਿਆ ਕਿ ਕਿਉਂ ਤੇ ਕਿਸ ਤਰ੍ਹਾਂ ਉਸ ਦਾ ਆਪਣੇ ਪਿਤਾ ਨਾਲ ਰਿਸ਼ਤਾ ਹਾਲ ਹੀ ਵਿੱਚ ਬਹੁਤਾ ਸਾਜ਼ਗਾਰ ਨਹੀਂ ਸੀ ਰਿਹਾ, ਅਤੇ ਇਹ ਵੀ ਕਿ ਇਸ ਸਭ ਦਾ ਪੂਰੇ ਪਾਕਿਸਤਾਨ ਨਾਲ ਕੀ ਤਾਅਲੁਕ ਹੈ:
”ਸਾਡੇ ਦਰਮਿਆਨ ਦੂਰੀਆਂ ਵਧਣ ਦਾ ਪਹਿਲਾ ਅਤੇ ਅਸਲੀ ਕਾਰਨ ਬਹੁਤ ਹੀ ਸਾਧਾਰਣ ਸੀ – ਮੇਰੇ ਅੱਬੂ ਪਾਕਿਸਤਾਨੀ ਸਿਆਸਤ ਵਿੱਚ ਸਨ, ਮੈਂ ਅੱਧਾ ਭਾਰਤੀ ਸਾਂ, ਅਤੇ ਮੇਰੇ ਨਾਲ ਰਾਬਤੇ ਵਿੱਚ ਰਹਿਣਾ ਉਨ੍ਹਾਂ ਲਈ ਸਿਆਸੀ ਤੌਰ ‘ਤੇ ਨੁਕਸਾਨਦੇਹ ਸਾਬਿਤ ਹੋ ਸਕਦਾ ਸੀ। ਬਾਅਦ ਵਿੱਚ, ਸਾਡੇ ਦੋਹਾਂ ਦੇ ਦਿਲ ਬਦਲੇ, ਅਸੀਂ ਇੱਕ ਤਰ੍ਹਾਂ ਨਾਲ ਮੁੜ ਇਕੱਠੇ ਹੋ ਗਏ ਅਤੇ ਫ਼ਿਰ ਕਈ ਸਾਲਾਂ ਤਕ ਸਾਡੇ ਦਰਮਿਆਨ ਚੀਜ਼ਾਂ ਬਹੁਤ ਵਧੀਆ ਚਲਦੀਆਂ ਰਹੀਆਂ। ਮੈਂ ਅਕਸਰ ਪਾਕਿਸਤਾਨ ਆਣਾ ਜਾਣਾ। ਅਤੇ ਇਸੇ ਸਮੇਂ ਦੌਰਾਨ ਲੰਦਨ ਬੌਂਬਿੰਗਜ਼ ਹੋ ਗਈਆਂ, ਸਾਡੀ ਇਸ ਮਾਮਲੇ ਨੂੰ ਲੈ ਕੇ ਵੀ ਇਖ਼ਤਲਾਫ਼-ਏ-ਰਾਏ ਹੋਣ ਲੱਗੀ ਕਿ ਪਾਕਿਸਤਾਨ ਦਾ ਭਵਿੱਖ ਕਿਸ ਪਾਸੇ ਵੱਲ ਨੂੰ ਜਾ ਰਿਹੈ।” ਛੋਟਾ ਤਾਸੀਰ ਦਰਅਸਲ 2005 ਵਿੱਚ ਲੰਦਨ ਸਬਵੇਅ ਵਿੱਚ ਹੋਏ ਬੰਬ ਧਮਾਕਿਆਂ ਦੀ ਗੱਲ ਕਰ ਰਿਹਾ ਸੀ ਜਿਸ ਨੂੰ ਕਿ ਕੁਝ ਪ੍ਰਵਾਸੀਆਂ ਦੇ ਬੱਚਿਆਂ ਨੇ ਸਰਅੰਜਾਮ ਦਿੱਤਾ ਜਿਨ੍ਹਾਂ ਨੂੰ ਪਾਕਿਸਤਾਨ ਵਿੱਚ ਬੈਠੇ ਅਲ-ਕਾਇਦਾ ਦੇ ਮੁੱਲਿਆਂ ਨੇ ਇੰਟਰਨੈੱਟ ਉੱਪਰ ਸਿਖਲਾਈ ਦਿੱਤੀ ਸੀ।
”ਮੈਂ ਆਪਣੀ ਪਲੇਠੀ ਕਿਤਾਬ ਲਿਖਣ ਲਈ ਥੋੜ੍ਹਾ ਘੁੰਮਣਾ ਸ਼ੁਰੂ ਕੀਤਾ ਤਾਂ ਇਹ ਨੋਟ ਕੀਤਾ ਕਿ ਪਾਕਿਸਤਾਨ ਵਿੱਚ ਇਸਲਾਮ ਨੂੰ ਲੈ ਕੇ ਸਥਿਤੀ ਇਸ ਤੋਂ ਵੀ ਭੈੜੀ ਬਣਨ ਵਾਲੀ ਹੈ। ਮੇਰੇ ਪਿਤਾ ਇੱਕ ਕੱਟੜ ਦੇਸ਼ਭਗਤ ਸਨ ਅਤੇ ਜੋ ਮੈਂ ਉਨ੍ਹਾਂ ਨੂੰ ਦੱਸ ਰਿਹਾ ਸਾਂ ਉਸ ‘ਤੇ ਯਕੀਨ ਕਰਨਾ ਤਾਂ ਦੂਰ ਦੀ ਗੱਲ, ਉਹ ਉਸ ਨੂੰ ਸੁਣਨ ਲਈ ਵੀ ਤਿਆਰ ਨਹੀਂ ਸਨ। ਸੋ ਇਹ ਸੀ ਸਾਡੀ ਆਪਸੀ ਤਕਰਾਰ ਦਾ ਪ੍ਰਮੁੱਖ ਕਾਰਨ। ਅਸੀਂ ਓਦੋਂ ਵੀ ਖ਼ੂਬ ਝਗੜਦੇ ਹੁੰਦੇ ਸਾਂ ਜਦੋਂ ਉਹ ਅੱਖਾਂ ਬੰਦ ਕਰ ਕੇ ਪਾਕਿਸਤਾਨ ਦੇ ਹਰ ਕਾਰਜ ਨੂੰ ਡਿਫ਼ੈਂਡ ਕਰਦੇ, ਅਤੇ ਮੈਂ ਉਨ੍ਹਾਂ ਨੂੰ ਬਾਰ ਬਾਰ ਇਹ ਸਮਝਾਉਂਦਾ ਕਿ ਪਾਕਿਸਤਾਨ ਵਿੱਚ ਜਿਸ ਤਰ੍ਹਾਂ ਦਾ ਸਿਆਸੀ ਅਤੇ ਧਾਰਮਿਕ ਵਾਤਾਵਰਣ ਪਨਪ ਰਿਹੈ, ਉਹ ਮੁਲਕ ਲਈ ਬਹੁਤ ਖ਼ਤਰਨਾਕ ਸਾਬਿਤ ਹੋਣ ਵਾਲੈ। ਅਤੇ ਮੇਰਾ ਖ਼ਿਆਲ ਹੈ ਕਿ ਜਿਸ ਪਾਕਿਸਤਾਨ ਦਾ ਜ਼ਿਕਰ ਮੈਂ ਆਪਣੀ ਪਹਿਲੀ ਕਿਤਾਬ ਵਿੱਚ ਕੀਤਾ, ਉਸੇ ਪਾਕਿਸਤਾਨ ਨੇ ਮੇਰੇ ਅੱਬੂ ਦੀ ਜਾਨ ਲਈ। … ਮੇਰੇ ਖ਼ਿਆਲ ਵਿੱਚ ਅੱਬੂ ਭੁੱਟੋ ਅਤੇ ਸਮਾਜਵਾਦ ਦੇ ਦੌਰ ਵਿੱਚ ਜਵਾਨ ਹੋਏ, ਅਤੇ ਉਹ ਹਮੇਸ਼ਾ ਇਹੋ ਸੋਚਦੇ ਰਹੇ ਕਿ ਪਾਕਿਸਤਾਨ ਵਿੱਚ ਉਹ ਬਿਲਕੁਲ ਸੁਰੱਖਿਅਤ ਹਨ – ਸ਼ਾਇਦ ਇਹ ਉਹ ਵਡੇਰਿਆਂ ਵਾਲੀ ਹੈਂਕੜ ਸੀ ਜਿਹੜੀ ਉਨ੍ਹਾਂ ਨੂੰ ਇਹ ਅਹਿਸਾਸ ਦਿੰਦੀ ਸੀ ਕਿ ਕੋਈ ਉਨ੍ਹਾਂ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਅਤੇ, ਸ਼ਾਇਦ, ਉਨ੍ਹਾਂ ਦਾ ਇਹ ਸਵੈ-ਵਿਸ਼ਵਾਸ ਵੀ ਸੀ ਕਿ ਜੇਕਰ ਉਹ ਪਾਕਿਸਤਾਨੀਆਂ ਨਾਲ ਆਪਣੇ ਅੰਦਾਜ਼ ਵਿੱਚ ਗੱਲ ਕਰਨਗੇ ਤਾਂ ਉਹ ਉਨ੍ਹਾਂ ਦੀ ਜ਼ਰੂਰ ਸੁਣਨਗੇ। ਮੈਨੂੰ ਨਹੀਂ ਲਗਦਾ ਕਿ ਅੱਬੂ ਨੂੰ ਸੱਚਮੁੱਚ ਇਸ ਗੱਲ ਦਾ ਅਹਿਸਾਸ ਸੀ ਕਿ ਇਹ ਮੁਲਕ ਕਿੱਥੋਂ ਦਾ ਕਿੱਥੇ ਪਹੁੰਚ ਚੁੱਕੈ।”
ਤਾਸੀਰ ਨੇ ਅੱਗੇ ਗੱਲ ਤੋਰਦਿਆਂ ਕਿਹਾ ਕਿ ਕਾਦਰੀ ਦੀ ਫ਼ਾਂਸੀ ਦੇ ਬਦਲੇ ਵਿੱਚ ਪਾਕਿਸਤਾਨ ਵਿੱਚ ਕੀ ਹੋਵੇਗਾ ਇਹ ਦੇਖਣਾ ਹਾਲੇ ਬਾਕੀ ਹੈ। ”ਜੋ ਕੁਝ ਸਰਕਾਰ ਕਰਦੀ ਹੈ ਅਤੇ ਜੋ ਜ਼ਮੀਨ ‘ਤੇ ਲੋਕਾਂ ਦਾ ਮੂਡ ਹੈ ਉਸ ਨੂੰ ਆਪਸ ਵਿੱਚ ਰਲ਼ਗਡ ਨਾ ਕਰੋ। ਮੈਨੂੰ ਨਹੀਂ ਪਤਾ ਕਿ ਕੀ ਅਸੀਂ ਲੋਕਾਂ ਦੀ ਇਸ ਫ਼ਾਂਸੀ ਨੂੰ ਲੈ ਕੇ ਜਿੰਨੀ ਕੁ ਨਾਰਾਜ਼ਗੀ ਦੇਖਣੀ ਸੀ ਦੇਖ ਚੁੱਕੇ ਹਾਂ ਜਾਂ ਹਾਲੇ ਹੋਰ ਦੇਖਣੀ ਬਾਕੀ ਹੈ। … ਕੀ ਪਾਕਿਸਤਾਨ ਹੁਣ ਪਹਿਲਾਂ ਨਾਲੋਂ ਵਧੇਰੇ ਸੁਰੱਖਿਅਤ ਸਥਾਨ ਬਣ ਚੁੱਕੈ? ਜੇਕਰ ਲੰਦਨ ਵਿਚਲੇ ਪਾਕਿਸਤਾਨੀ ਸਫ਼ੀਰ ਦੇ ਅੰਦਾਜ਼ ਵਿੱਚ ਤੁਹਾਨੂੰ ਦੱਸਾਂ ਜੋ ਉਸ ਨੇ ਮੈਨੂੰ ਕਿਹਾ ਸੀ ਤਾਂ ‘ਪਾਕਿਸਤਾਨ ਓਨਾ ਚਿਰ ਹੀ ਸੁਰੱਖਿਅਤ ਹੈ ਜਿੰਨਾ ਚਿਰ ਉਹ ਅਸੁਰੱਖਿਅਤ ਨਹੀਂ!”

LEAVE A REPLY