3ਚੰਡੀਗੜ੍ਹ : ਸਾਲ 2016-17 ਦੇ ਬਜਟ ਨੂੰ ਕਿਸਾਨ ਪੱਖੀ, ਵਿਕਾਸ ਮੁੱਖੀ, ਸੰਤੁਲਤ ਅਤੇ ਤਰਕਸੰਗਤ ਦੱਸਦੇ ਹੋਏ ਇਸ ਬਜਟ ਦਾ ਸਵਾਗਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਜਨਮ ਦਿਹਾੜਾ ਮਨਾਉਣ ਵਾਸਤੇ 100 ਕਰੋੜ ਰੁਪਏ ਦੇ ਫੰਡ ਦੀ ਵਿਵਸਥਾ ਕਰਨ ਲਈ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਦਾ ਧੰਨਵਾਦ ਕੀਤਾ ਹੈ।
ਅੱਜ ਇਥੇ ਜਾਰੀ ਇਕ ਬਿਆਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਕੇਂਦਰੀ ਬਜਟ ਵਿਚ ਮਹਾਨ ਸਿੱਖ ਗੁਰੂ ਦਾ ਜਨਮ ਦਿਹਾੜਾ ਉਤਸ਼ਾਹ ਦੇ ਨਾਲ ਵੱਡੀ ਪੱਧਰ ਉਤੇ ਮਨਾਉਣ ਲਈ ਬਜਟ ਵਿਚ 100 ਕਰੋੜ ਰੁਪਏ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਐਨ.ਡੀ.ਏ ਸਰਕਾਰ ਦੀ ਘੱਟ ਗਿਣਤੀਆਂ ਪ੍ਰਤੀ ਇਹ ਪਹੁੰਚ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਕੁਰਬਾਨੀ ਪ੍ਰਤੀ ਨਿਮਾਣੀ ਸ਼ਰਧਾਂਜਲੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਵਿਲੱਖਣ ਫੈਸਲਾ ਦੁਨੀਆਂ ਭਰ ਵਿਚ ਵਸਦੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਵਾਸਤੇ ਇਹ ਮਹਾਨ ਤੋਹਫਾ ਹੈ।
ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਸਬੰਧੀ ਕੀਤੇ ਗਏ ਐਲਾਨ ਦਾ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨੀ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਘਟਾਉਣ ਦੇ ਲਈ ਇਹ ਬਹੁਤ ਮਦਦਗਾਰ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਬਹੁਤ ਤਸੱਲੀ ਅਤੇ ਮਾਣ ਵਾਲੀ ਗੱਲ ਹੈ ਕਿ ਐਨ.ਡੀ.ਏ ਸਰਕਾਰ ਨੇ ਮੌਜੂਦਾ ਸਾਲ ਨਾਲੋਂ ਸਾਲ 2016-17 ਵਾਸਤੇ ਖੇਤੀ ਸੈਕਟਰ ਲਈ ਕੀਤੀਆਂ ਬਜਟ ਵਿਵਸਥਾਵਾਂ ਨੂੰ ਲਗਭਗ ਦੁੱਗਣਾ ਕਰ ਦਿੱਤਾ ਹੈ। ਸ. ਬਾਦਲ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਖੇਤੀ ਸਹਾਇਕ ਸਰਗਰਮੀਆਂ ਨੂੰ ਬੜ੍ਹਾਵਾ ਦੇਣ ਵਾਸਤੇ ਕਿਸਾਨਾਂ ਨੂੰ ਉਤਸ਼ਾਤਹ ਕਰਨ ਦੇ ਫੈਸਲੇ ਦਾ ਵੀ ਸਵਾਗਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਪਸ਼ੂਆਂ ਦੀ ਸਿਹਤ ਸਬੰਧੀ ਕਾਰਡ (ਨਕੁਲ ਸਵਸਥ ਪੱਤਰ) ਦੀ ਵਿਵਸਥਾ ਅਤੇ ਪਸ਼ੂਆਂ ਨੂੰ ਤੰਦਰੁਤ ਰੱਖਣ ਵਾਲੇ ਪ੍ਰੋਗਰਾਮ ‘ਪਸ਼ੂ ਧੰਨ ਸੰਜੀਵਨੀ’ ਅਤੇ ਪਸ਼ੂਆਂ ਦੀ ਨਸਲਾਂ ਸੁਧਾਰਨ ਲਈ ਆਧੁਨਿਕ ਨਸਲ ਤਕਨਾਲੋਜੀ ਅਪਣਾਉਣ ਸਬੰਧੀ ਪਹਿਲਕਦਮੀਆਂ ਖੇਤੀ ਸਬੰਧਤ ਧੰਦਿਆਂ ਨੂੰ ਹੁਲਾਰਾ ਦੇਣਗੀਆਂ ਜਿਨ੍ਹਾਂ ਦੇ ਵਾਸਤੇ 850 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਕਿਸਾਨਾਂ ਦੀ ਆਮਦਨ ਵਿਚ ਹੋਰ ਵਾਧਾ ਕਰਨ ਲਈ ਸਹਾਈ ਹੋਣਗੇ। ਸ. ਬਾਦਲ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਬਜਟ ਕਿਸਾਨਾਂ ਦੀ ਭਲਾਈ ਵੱਲ ਇਕ ਵੱਡਾ ਕਦਮ ਹੈ।
ਮੁੱਖ ਮੰਤਰੀ ਨੇ ਸ਼ਿਆਮਾ ਪ੍ਰਸ਼ਾਦ ਮੁਖਰਜੀ ਸ਼ਹਿਰੀ ਮਿਸ਼ਨ ਹੇਠ 300 ਸ਼ਹਿਰੀ ਕਲਸਟਰ ਵਿਕਸਤ ਕਰਨ ਦੇ ਐਲਾਨ ਦਾ ਵੀ ਸਵਾਗਤ ਕੀਤਾ ਕਿਉਂਕਿ ਇਹ ਕਲਸਟਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾ ਕੇ ਅਤੇ ਕਿਸਾਨਾਂ ਦੀ ਮੰਡੀ ਤੱਕ ਪਹੁੰਚ ਨੂੰ ਯਕੀਨੀ ਬਣਾ ਕੇ ਦਿਹਾਤੀ ਵਿਕਾਸ ਕੇਂਦਰਾਂ ਵਜੋਂ ਕੰਮ ਕਰਨਗੇ ਅਤੇ ਇਹ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕਿਆਂ ਨੂੰ ਵਧਾਉਣਗੇ। ਸ. ਬਾਦਲ ਨੇ ਨਬਾਰਡ ਵਿਚ ਲੰਮੀ ਮਿਆਦ ਦਾ ਸਮਰਪਿਤ ਸਿੰਚਾਈ ਫੰਡ ਪੈਦਾ ਕਰਨ ਦੇ ਫੈਸਲੇ ਦਾ ਵੀ ਸਵਾਗਤ ਕੀਤਾ ਜਿਸ ਦੀ ਸ਼ੁਰੂਆਤ ਤਕਰੀਬਨ 20,000 ਕਰੋੜ ਰੁਪਏ ਨਾਲ ਹੋਵੇਗੀ। ਧਰਤੀ ਹੇਠਲੇ ਪਾਣੀ ਦੇ ਵਸੀਲਿਆਂ ਦੇ ਢੁੱਕਵੇਂ ਪ੍ਰਬੰਧਨ ਵਾਸਤੇ 6000 ਕਰੋੜ ਰੁਪਏ ਦੀ ਲਾਗਤ ਨਾਲ ਇਕ ਵੱਡਾ ਪ੍ਰੋਗਰਾਮ ਸ਼ੁਰੂ ਕਰਨ ਦਾ ਵੀ ਉਨ੍ਹਾਂ ਨੇ ਸਵਾਗਤ ਕੀਤਾ। ਇਸੇ ਤਰ੍ਹਾਂ ਹੀ ਉਨ੍ਹਾਂ ਨੇ ਕਿਹਾ ਕਿ 674 ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਚਕਾਰ ਰਾਸ਼ਟਰੀ ਪੱਧਰ ਦੀ ਮੁਕਾਬਲੇਬਾਜ਼ੀ ਦੇ ਨਾਲ ਇਨ੍ਹਾਂ ਕੇਂਦਰਾਂ ਦੀ ਕੁਸ਼ਲਤਾ ਅਤੇ ਕਾਰਗੁਜ਼ਾਰੀ ਵਿਚ ਸੁਧਾਰ ਲਿਆਉਣ ਲਈ ਮਦਦ ਮਿਲੇਗੀ ਜਿਸ ਲਈ ਕੁਲ ਇਨਾਮੀ ਰਾਸ਼ੀ 50 ਲੱਖ ਰੁਪਏ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਖੇਤੀਬਾੜੀ ਖੋਜ ਨੂੰ ਵੀ ਬੜ੍ਹਾਵਾ ਮਿਲੇਗਾ।
ਮੁੱਖ ਮੰਤਰੀ ਨੇ ਸਿਹਤ ਬਿਮਾ ਸਕੀਮ ਦਾ ਵੀ ਸਵਾਗਤ ਕੀਤਾ ਜਿਸ ਦੇ ਹੇਠ ਹਸਪਤਾਲ ਦੇ ਖਰਚਿਆਂ ਤੋਂ ਦੇਸ਼ ਦੀ ਤਕਰੀਬਨ ਇਕ ਤਿਹਾਈ ਵਸੋਂ ਦੀ ਸੁਰੱਖਿਅਤ ਕੀਤੀ ਜਾਵੇਗੀ। ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਪਰਿਵਾਰਾਂ ਨੂੰ ਰਸੋਈ ਗੈਸ ਦਾ ਕੁਨੈਕਸ਼ਨ ਦੇਣ ਦਾ ਵੀ ਸ. ਬਾਦਲ ਨੇ ਸਵਾਗਤ ਕੀਤਾ। ਉਨ੍ਹਾਂ ਨੇ 1000 ਕਰੋੜ ਰੁਪਏ ਦੀ ਮੁਢਲੀ ਪੂੰਜੀ ਨਾਲ ਉਚ ਸਿੱਖਿਆ ਵਿੱਤ ਏਜੰਸੀ ਸਥਾਪਤ ਕਰਨ ਅਤੇ 1700 ਕਰੋੜ ਰੁਪਏ ਦੀ ਲਾਗਤ ਨਾਲ ਬਹੁ-ਹੁਨਰ ਸਿਖਲਾਈ ਸੰਸਥਾਵਾਂ ਸਥਾਪਤ ਕਰਨ ਦਾ ਵੀ ਸਵਾਗਤ ਕੀਤਾ ਜੋ ਕਿ ਨੌਜਵਾਨਾਂ ਲਈ ਚੰਗੇ ਰੁਜ਼ਗਾਰ ਦੇ ਮੌਕੇ ਪੈਦਾ ਕਰਨਗੇ।

LEAVE A REPLY