ਪ੍ਰਭਾਵਿਤ ਕਿਸਾਨਾਂ ਦੇ ਮੁੱਦਿਆਂ ਦਾ ਹੱਲ ਕਰਨ ‘ਚ ਫੇਲ੍ਹ ਰਿਹਾ ਬਜਟ: ਚੰਨੀ

3ਚੰਡੀਗੜ੍ਹ  : ਪੰਜਾਬ ਕਾਂਗਰਸ ਵਿਧਾਇਕ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਕੇਂਦਰੀ ਬਜਟ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਇਹ ਪ੍ਰਭਾਵਿਤ ਕਿਸਾਨਾਂ ਦੀਆਂ ਉਮੀਦਾਂ ‘ਤੇ ਉਤਰਨ ‘ਚ ਨਾਕਾਮ ਰਿਹਾ ਹੈ, ਜਿਹੜੇ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹਨ ਤੇ ਮੱਧ ਵਰਗ ਰਾਹਤ ਦਾ ਇੰਤਜ਼ਾਰ ਕਰ ਰਿਹਾ ਹੈ।
ਇਸ ਲੜੀ ਹੇਠ ਕੇਂਦਰੀ ਵਿੱਤ ਮੰਤਰੀ ਅਰੂਨ ਜੇਤਲੀ ਵੱਲੋਂ ਅੱਜ ਲੋਕ ਸਭਾ ‘ਚ ਪੇਸ਼ ਕੀਤੇ ਗਏ ਬਜਟ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਚੰਨੀ ਨੇ ਕਿਹਾ ਨਰਿੰਦਰ ਮੋਦੀ ਸਰਕਾਰ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਖੇਤੀ ਦੀ ਹਾਲਤ ਸੁਧਾਰਨ ਵਾਸਤੇ ਲੰਬੇ ਵਕਤ ਲਈ ਨੀਤੀ ਬਣਾਉਣ ਸਮੇਤ ਸੰਗਠਿਤ ਤੇ ਗੈਰ ਸੰਗੰਠਿਤ ਦੋਨਾਂ ਤਰ੍ਹਾਂ ਦੇ ਕਿਸਾਨਾਂ ਉਪਰ ਕਰਜਿਆਂ ‘ਤੇ ਇਕੋ ਵਾਰ ਮੁਆਫੀ ਦੇਣ ਦਾ ਐਲਾਨ ਕਰਨਾ ਚਾਹੀਦਾ ਸੀ।
ਚੰਨੀ ਨੇ ਕਿਹਾ ਕਿ ਮੱਧ ਵਰਗ ਦੀਆਂ ਉਮੀਦਾਂ ਵੀ ਝੂਠੀਆਂ ਪੈ ਗਈਆਂ ਹਨ, ਕਿਉਂਕਿ ਉਨ੍ਹਾਂ ਨੂੰ ਟੈਕਸ ‘ਚ ਛੋਟ ਦੀ ਸੀਮਾ ਵੱਧਣ ਦੀ ਉਮੀਦ ਸੀ, ਜਿਸਦਾ ਕਾਰਨ ਮਹਿੰਗਾਈ ਨਾਲ ਅਸਲੀ ਆਮਦਨ ਦਾ ਘੱਟਣਾ ਹੈ।
ਚੰਨੀ ਨੇ ਜੇਤਲੀ ਨੂੰ ਇਨ੍ਹਾਂ ਸਾਰਿਆਂ ਮੁੱਦਿਆਂ ‘ਤੇ ਧਿਆਨ ਦੇਣ ਅਤੇ ਬਜਟ ਪਾਸ ਹੋਣ ਤੋਂ ਪਹਿਲਾਂ ਸਹੀ ਸਮੇਂ ‘ਤੇ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਹੈ।
ਚੰਨੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸਵਾਲ ਕੀਤਾ ਹੈ, ਜਿਹੜੇ ਕਿਸਾਨਾਂ ਦੇ ਮੁੱਦੇ ਚੁੱਕਣ ‘ਚ ਪੂਰੀ ਤਰ੍ਹਾਂ ਫੇਲ੍ਹ ਰਹੇ ਹਨ।

LEAVE A REPLY