ਸਿੱਖਿਆ ਮੰਤਰੀ ਵਲੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤੋਹਫੇ ਅਤੇ ਸ਼ੁਭਕਾਮਨਾਵਾਂ

1ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਪੱਧਰ ਹੇਠਲੇ ਪੱਧਰ ‘ਤੇ ਮਜ਼ਬੂਤ ਕਰਨ ਲਈ ਪੂਰੇ ਦੇਸ਼ ਭਰ ਵਿੱਚ ਪਹਿਲੀ ਵਾਰ ਪੰਜਵੀਂ ਤੇ ਅੱਠਵੀਂ ਦੀ ਪ੍ਰੀਖਿਆ ਮੁੜ ਸ਼ੁਰੂ ਕਰਨ ਦੀ ਕੀਤੀ ਇਤਿਹਾਸਕ ਅਤੇ ਨਿਵੇਕਲੀ ਪਹਿਲ ਦੇ ਤਹਿਤ ਅੱਜ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਖੁਦ ਵਿਦਿਆਰਥੀਆਂ ਨੂੰ ਮਿਲ ਕੇ ਤੋਹਫੇ ਅਤੇ ਸ਼ੁਭਕਾਮਨਾਵਾਂ ਦੇ ਕੇ ਪੰਜਵੀਂ ਦੀ ਪ੍ਰੀਖਿਆ ਸ਼ੁਰੂ ਕੀਤੀ। ਪੰਜਵੀਂ ਦੀ ਪ੍ਰੀਖਿਆ ਦੀ ਅੱਜ ਸ਼ੁਰੂਆਤ ਮੌਕੇ ਮੁਹਾਲੀ ਦੇ ਫੇਜ਼-2 ਸਥਿਤ ਸਰਕਾਰੀ ਮਿਡਲ ਸਕੂਲ ਵਿਖੇ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਡਾ.ਚੀਮਾ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਮਿਲਣੀ ਕੀਤੀ ਅਤੇ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਤੋਹਫੇ ਵਜੋਂ ਜੁਮੈਟਰੀ ਬਾਕਸ ਅਤੇ ਟੌਫੀਆਂ ਵੰਡਦਿਆਂ ਸ਼ੁਭ ਕਾਮਨਾਵਾਂ ਦਿੱਤੀਆਂ।
ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਹੋਏ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਿੱਖਿਆ ਮੰਤਰੀ ਡਾ.ਚੀਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਦੇ ਸੁਨਹਿਰੀ ਭਵਿੱਖ ਅਤੇ ਮਜ਼ਬੂਤ ਬੁਨਿਆਦ ਲਈ ਪੰਜਵੀਂ ਤੇ ਅੱਠਵੀਂ ਦੀ ਪ੍ਰੀਖਿਆ ਸ਼ੁਰੂ ਕਰਨ ਦੀ ਬਹੁਤ ਲੋੜ ਸੀ। ਉਨ੍ਹਾਂ ਕਿਹਾ ਕਿ ਇਸੇ ਮਕਸਦ ਲਈ ਪੰਜਾਬ ਦੇ ਸਿੱਖਿਆ ਵਿਭਾਗ ਨੇ ਐਸ.ਸੀ.ਈ.ਆਰ.ਟੀ. ਰਾਹੀਂ ਲਰਨਿੰਗ ਆਊਟਕਮ ਇਵੈਲੂਏਸ਼ਨ (ਮੁਲਾਂਕਣ ਪ੍ਰੀਖਿਆ) ਸ਼ੁਰੂ ਕਰਨ ਦਾ ਫੈਸਲਾ ਕੀਤਾ ਅਤੇ ਅੱਜ ਪੰਜਵੀਂ ਦੀ ਪਹਿਲੀ ਪ੍ਰੀਖਿਆ ਨਾਲ ਇਸ ਦੀ ਸ਼ੁਰੂਆਤ ਹੋ ਰਹੀ ਹੈ। ਡਾ.ਚੀਮਾ ਨੇ ਵਿਦਿਆਰਥੀਆਂ ਦੇ ਮੁਖਾਤਬ ਹੁੰਦਿਆ ਕਿਹਾ, ”ਬੱਚਿਓ, ਅੱਜ ਤੁਹਾਡਾ ਪਹਿਲਾ ਇਮਤਿਹਾਨ ਅਤੇ ਜ਼ਿੰਦਗੀ ਵਿੱਚ ਸਫਲਤਾਂ ਦੀ ਪੌੜੀਆਂ ਚੜ੍ਹਨ ਲਈ ਤੁਹਾਡੇ ਵੱਲੋਂ ਚੁੱਕਿਆ ਜਾ ਰਿਹਾ ਇਹ ਪਹਿਲਾ ਕਦਮ ਹੈ, ਜਿਸ ਲਈ ਮੈਂ ਤੁਹਾਨੂੰ ਆਸ਼ੀਰਵਾਦ ਦਿੰਦਾ ਹੋਇਆ ਤੁਹਾਡੇ ਸਫਲ ਭਵਿੱਖ ਦੀ ਅਰਦਾਸ ਕਰਦਾ ਹਾਂ।” ਉਨ੍ਹਾਂ ਬੱਚਿਆਂ ਨੂੰ ਇਮਤਿਹਾਨਾਂ ਦੀ ਤਿਆਰੀ ਬਾਰੇ ਵੀ ਪੁੱਛਿਆ ਅਤੇ ਨਕਲ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਦਿਆਂ ਆਪਣੇ ਮਿਹਨਤ ਦੇ ਨੰਬਰ ਲੈਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਇਸ ਇਮਤਿਹਾਨ ਵਿੱਚ ਭਾਵੇਂ ਕੋਈ ਵਿਦਿਆਰਥੀ ਫੇਲ੍ਹ ਨਹੀਂ ਹੋਵੇਗਾ ਪਰ ਆਉਣ ਵਾਲੇ ਜੀਵਨ ਵਿੱਚ ਪ੍ਰਾਪਤੀਆਂ ਹਾਸਲ ਕਰਨ ਲਈ ਇਹ ਦੇਖਣਾ ਹੋਵੇਗਾ ਕਿ ਉਹ ਇਸ ਇਮਤਿਹਾਨ ਵਿੱਚ ਕਿੰਨੇ ਅੰਕ ਪ੍ਰਾਪਤ ਕਰਦੇ ਹਨ ਅਤੇ ਸਾਰਿਆਂ ਨੇ ਵੱਧ ਤੋਂ ਵੱਧ ਨੰਬਰ ਲੈ ਕੇ ਪਾਸ ਹੋਣਾ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ.ਚੀਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਇਸ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੰਜਵੀਂ ਤੇ ਅੱਠਵੀਂ ਦੀ ਪ੍ਰੀਖਿਆ ਸ਼ੁਰੂ ਕਰਨ ਅਤੇ ਫੇਲ੍ਹ ਵਿਦਿਆਰਥੀਆਂ ਨੂੰ ਅਗਲੀ ਜਮਾਤ ਵਿੱਚ ਨਾ ਭੇਜਣ ਦੀ ਮੰਗ ਕੀਤੀ ਗਈ ਹੈ। ਪੰਜਾਬ ਵਿਧਾਨ ਸਭਾ ਵੀ ਇਸ ਸਬੰਧੀ ਸਰਵਸੰਮਤੀ ਨਾਲ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਨੂੰ ਭੇਜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੀ ਮੀਟਿੰਗ ਵਿੱਚ ਇਹ ਮੁੱਦਾ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਪੰਜਾਬ ਨੇ ਆਪਣੇ ਪੱਧਰ ‘ਤੇ ਐਸ.ਸੀ.ਈ.ਆਰ.ਟੀ. ਰਾਹੀਂ ਮੁਲਾਂਕਣ ਪ੍ਰੀਖਿਆ ਦੀ ਸ਼ੁਰੂਆਤ ਕੀਤੀ ਹੈ ਤਾਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚੋਂ ਪੰਜਾਬ ਦੀ ਇਸ ਪਹਿਲ ਦੀ ਸ਼ਲਾਘਾ ਹੋਈ ਹੈ। ਉਨ੍ਹਾਂ ਕਿਹਾ ਅੱਜ ਤੋਂ ਸ਼ੁਰੂ ਹੋ ਰਹੀ ਪੰਜਵੀਂ ਦੀ ਪ੍ਰੀਖਿਆ ਵਿੱਚ 225786 ਵਿਦਿਆਰਥੀ 3907 ਪ੍ਰੀਖਿਆ ਕੇਂਦਰਾਂ ਵਿੱਚ ਪ੍ਰੀਖਿਆ ਦੇ ਰਹੇ ਹਨ ਜਦੋਂ ਕਿ 8 ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਅੱਠਵੀਂ ਦੀ ਪ੍ਰੀਖਿਆ ਵਿੱਚ233013 ਵਿਦਿਆਰਥੀ 2347 ਪ੍ਰੀਖਿਆ ਕੇਂਦਰਾਂ ਵਿੱਚ ਪੇਪਰ ਦੇਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਭਲਾਈ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫੈਸਲਾ ਲੈਣ ਵਿੱਚ ਉਹ ਪਿੱਛੇ ਨਹੀਂ ਹਟਣਗੇ।
ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਤੋਹਫੇ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਪ੍ਰੀਖਿਆ ਕੇਂਦਰ ਵਿੱਚ ਬੈਠਣ ਲਈ ਤੋਰਿਆ। ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ ਨੇ ਸਿੱਖਿਆ ਮੰਤਰੀ ਦਾ ਉਚੇਚੇ ਤੌਰ ‘ਤੇ ਸਕੂਲ ਆ ਕੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦੇਣ ਲਈ ਧੰਨਵਾਦ ਕੀਤਾ। ਪੰਜਵੀਂ ਦੀ ਪ੍ਰੀਖਿਆ ਦੇ ਰਹੀ ਇਕ ਵਿਦਿਆਰਥਣ ਸੰਜਨਾ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਰਾਹੀਂ ਸਿੱਖਿਆ ਮੰਤਰੀ ਦੇ ਇਸ ਉਪਰਾਲੇ ਅਤੇ ਆਸ਼ੀਰਵਾਦ ਦੇਣ ਲਈ ਧੰਨਵਾਦ ਕਰਦਿਆਂ ਇਹ ਵਿਸ਼ਵਾਸ ਦਿਵਾਇਆ ਕਿ ਉਹ ਇਮਾਨਦਾਰੀ, ਮਿਹਨਤ ਅਤੇ ਲਗਨ ਨਾਲ ਇਸ ਪ੍ਰੀਖਿਆ ਵਿੱਚ ਬੈਠਣਗੇ। ਇਸ ਮੌਕੇ ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਸ੍ਰੀ ਹਰਬੰਸ ਸਿੰਘ ਸੰਧੂ, ਸ਼ੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਜਥੇਦਾਰ ਅਮਰੀਕ ਸਿੰਘ ਮੁਹਾਲੀ, ਸਾਬਕਾ ਪ੍ਰਧਾਨ (ਸ਼ਹਿਰੀ) ਸ. ਜਸਵੰਤ ਸਿੰਘ ਭੁੱਲਰ, ਬੀਬੀ ਕੁਲਦੀਪ ਕੌਰ ਕੰਗ, ਬੀਬੀ ਜਸਪ੍ਰੀਤ ਕੌਰ, ਸ੍ਰੀ ਅਰੁਣ ਸ਼ਰਮਾ, ਸ੍ਰੀ ਆਸ਼ੋਕ ਝਾ, ਸ. ਪਰਮਿੰਦਰ ਸਿੰਘ ਸੁਹਾਣਾ (ਸਾਰੇ ਕੌਂਸਲਰ), ਸ. ਅਮਨਿੰਦਰ ਸਿੰਘ ਅਬਿਆਣਾ, ਯੂਥ ਅਕਾਲੀ ਆਗੂ ਰਾਜਾ ਕੰਵਰਜੋਤ ਸਿੰਘ ਮੁਹਾਲੀ, ਸ. ਹਰਦੇਵ ਸਿੰਘ ਹਰਪਾਲਪੁਰ, ਸਤਨਾਮ ਸਿੰਘ ਲਾਂਡਰਾਂ, ਐਸ.ਡੀ.ਐਮ. ਸ. ਲਖਮੀਰ ਸਿੰਘ, ਮੁਹਾਲੀ ਦੇ ਜ਼ਿਲਾ ਸਿੱਖਿਆ ਅਧਿਕਾਰੀ (ਸੈਕੰਡਰੀ ਸਿੱਖਿਆ) ਸ੍ਰੀ ਮੇਵਾ ਸਿੰਘ ਸਿੱਧੂ, ਜ਼ਿਲਾ ਸਿੱਖਿਆ ਅਧਿਕਾਰੀ (ਐਲੀਮੈਂਟਰੀ ਸਿੱਖਿਆ) ਸ੍ਰੀ ਤੋਤਾ ਸਿੰਘ ਚਹਿਲ, ਐਸ.ਸੀ.ਈ.ਆਰ.ਟੀ. ਦੀ ਡਿਪਟੀ ਡਾਇਰੈਕਟਰ ਡਾ.ਗਿੰਨੀ ਦੁੱਗਲ, ਜ਼ਿਲਾ ਕੁਆਰਡੀਨੇਟਰ ਮੀਡ-ਡੇ-ਮੀਲ ਸ਼ੁਭਲ ਸ਼ਰਮਾ, ਨਵਰੀਤ  ਸਿੰਘ ਮਾਂਗਟ, ਐਕਸੀਅਨ ਸਕੂਲ ਬਿਲਡਿੰਗਜ਼ ਸ. ਸਵਿੰਦਰ ਸਿੰਘ ਲੱਖੋਵਾਲ, ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਸ. ਰਛਪਾਲ ਸਿੰਘ ਸਮੇਤ ਹੋਰ ਸ਼ਹਿਰੀ ਪਤਵੰਤੇ ਅਤੇ ਸਕੂਲ ਅਧਿਆਪਕ ਵੀ ਮੌਜੂਦ ਸਨ।

LEAVE A REPLY