ਉੱਪ ਮੁੱਖ ਮੰਤਰੀ ਵੱਲੋਂ ਟੀਕਾਕਰਨ ਨਾਲ ਸੰਬੰਧਤ ‘ਐਪ’ ਲਾਂਚ

5ਲੁਧਿਆਣਾ/ਚੰਡੀਗੜ੍ਹ : ਬੱਚੇ ਦੀ ਉਮਰ ਦੇ ਪਹਿਲੇ 16 ਸਾਲਾਂ ਦੌਰਾਨ ਜ਼ਰੂਰੀ ਟੀਕਾਕਰਨ ਨਾਲ ਸੰਬੰਧਤ ‘ਐਪ’ (ਮੋਬਾਈਲ ਐਪਲੀਕੇਸ਼ਨ) ਤਿਆਰ ਹੋ ਗਿਆ ਹੈ, ਜਿਸ ਨੂੰ ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀਂ ਲੁਧਿਆਣਾ ਦੌਰੇ ਦੌਰਾਨ ਲਾਂਚ ਕੀਤਾ। ਜ਼ਿਲ੍ਹਾ ਲੁਧਿਆਣਾ ਦੇ ਬੱਚਿਆਂ ਲਈ ਲਾਂਚ ਕੀਤਾ ਗਿਆ ਇਹ ‘ਐਪ’ ਆਪਣੀ ਕਿਸਮ ਦਾ ਭਾਰਤ ਦਾ ਪਹਿਲਾ ਅਜਿਹਾ ‘ਐਪ’ ਹੈ, ਜੋ ਕਿ ਤਿੰਨ ਭਾਸ਼ਾਵਾਂ (ਹਿੰਦੀ, ਪੰਜਾਬੀ ਅਤੇ ਅੰਗਰੇਜੀ) ਵਿੱਚ ਹੈ। ਇਸ ਰਾਹੀਂ ਲਾਭਪਾਤਰੀ ਨੂੰ ਟੀਕਾਕਰਨ ਬਾਰੇ ਜਾਣਕਾਰੀ ਅਤੇ ਤਿੰਨ-ਤਿੰਨ ਰਿਮਾਂਈਂਡਰ (ਯਾਦ ਮੈਸੈਜ਼) ਭੇਜੇ ਜਾਇਆ ਕਰਨਗੇ। ਇਸ ਐਪ ਨੂੰ ਜ਼ੀਰੋ ਵੰਨ ਸਿਨਰਜ਼ੀ ਕੰਪਨੀ ਦੇ ਅਧਿਕਾਰੀ ਸ੍ਰੀ ਪ੍ਰੀਤ ਚੰਢੋਕ ਅਤੇ ਉਨ੍ਹਾਂ ਦੀ ਟੀਮ ਵੱਲੋਂ ‘ਸੀਐੱਸਆਰ’ ਗਤੀਵਿਧੀਆਂ ਅਧੀਨ ਤਿਆਰ ਕੀਤਾ ਗਿਆ ਹੈ।
ਇਸ ਮੌਕੇ ਸ੍ਰ. ਸੁਖਬੀਰ ਸਿੰਘ ਬਾਦਲ ਨੂੰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਇਹ ‘ਐਪ’ ਨੂੰ ਕੋਈ ਵੀ ਵਿਅਕਤੀ ਗੂਗਲ ਪਲੇਅ ਸਟੋਰ ‘ਤੇ ਜਾ ਕੇ date੨vaccinate ਸਰਚ ਕਰਕੇ ਡਾਊਨਲੋਡ ਕਰ ਸਕਦਾ ਹੈ, ਜੋ ਕਿ ਪੂਰੀ ਤਰ੍ਹਾਂ ਮੁਫ਼ਤ ਹੈ। ਵਿਦੇਸ਼ਾਂ ਵਿੱਚ ਅਜਿਹੇ ‘ਐਪ’ ਨੂੰ ਡਾਊਨਲੋਡ ਕਰਨ ਲਈ ਗਾਹਕ ਨੂੰ ਪੈਸੇ ਅਦਾ ਕਰਨੇ ਪੈਂਦੇ ਹਨ। ਇੱਕ ਵਾਰ ਡਾਊਨਲੋਡ ਕਰਨ ‘ਤੇ ਇਸ ਐਪ ਨੂੰ ਚਾਲੂ ਰੱਖਣ ਲਈ ਇੰਟਰਨੈੱਟ ਦੀ ਜ਼ਰੂਰਤ ਵੀ ਨਹੀਂ ਰਹਿੰਦੀ। ਫ਼ਿਲਹਾਲ ਇਸ ਐਪ ਨੂੰ ਐਂਡਰਾਈਡ ਫੋਨ ‘ਤੇ ਹੀ ਡਾਊਨਲੋਡ ਕੀਤਾ ਜਾ ਸਕਦਾ ਹੈ, ਜਦਕਿ ਜਲਦ ਹੀ ਇਸ ਐਪ ਨੂੰ ‘ਆਈਓਸ’ (ਐਪਲ ਫੋਨ) ‘ਤੇ ਵੀ ਡਾਊਨਲੋਡ ਕੀਤਾ ਜਾ ਸਕੇਗਾ। ਇਸ ਐਪ ‘ਤੇ ਬੱਚੇ ਦੀ ਜਨਮ ਤਰੀਕ ਭਰਨ ਨਾਲ ਬੱਚੇ ਨੂੰ ਉਮਰ ਦੇ 16 ਸਾਲ ਤੱਕ ਦੇ ਲੋੜੀਂਦੇ ਸਾਰੇ ਟੀਕਾਕਰਨ ਅਤੇ ਵਿਟਾਮਿਨਜ਼ ਦੀ ਸਮਾਂ ਸਾਰਨੀ ਖੁਦ-ਬ-ਖੁਦ ਇਸ ‘ਤੇ ਫੀਡ ਹੋ ਜਾਵੇਗੀ ਅਤੇ ਤਿੰਨ-ਤਿੰਨ ਰਿਮਾਂਈਂਡਰ ਸੈੱਟ ਹੋ ਜਾਣਗੇ।
ਜੀ. ਪੀ. ਐੱਸ. ਸਹੂਲਤ ਯੁਕਤ ਇਸ ‘ਐਪ’ ਨੂੰ ‘ਨੇਵੀਗੇਟਰ’ ਵਜੋਂ ਵੀ ਵਰਤਿਆ ਜਾ ਸਕੇਗਾ। ਟੀਕਾਕਰਨ ਲਈ ਕਿਸ ਖੇਤਰ ਵਿੱਚ ਕਿਹੜਾ ਮੁੱਢਲਾ ਸਿਹਤ ਕੇਂਦਰ (ਪੀ. ਐੱਚ. ਸੀ.) ਅਤੇ ਕਮਿਊਨਿਟੀ ਹੈਲਥ ਕੇਂਦਰ (ਸੀ. ਐੱਚ. ਸੀ.) ਨੇੜੇ ਪੈਂਦਾ ਹੈ, ਬਾਰੇ ਜਾਣਕਾਰੀ ਸਰਚ (ਲੱਭਣ) ਕਰਨ ‘ਤੇ ਇਹ ਐਪ ਨੇੜਲਾ ਰਸਤਾ ਵੀ ਦਰਸਾ ਦੇਵੇਗਾ। ਇਸ ਐਪ ਰਾਹੀਂ ਲਾਭਪਾਤਰੀ ਨੂੰ ਟੀਕਾਕਰਨ ਬਾਰੇ ਜਾਣਕਾਰੀ ਅਤੇ ਤਿੰਨ-ਤਿੰਨ ਰਿਮਾਂਈਂਡਰ (ਯਾਦ ਮੈਸੈਜ਼) ਭੇਜੇ ਜਾਇਆ ਕਰਨਗੇ। ਜੇਕਰ ਲਾਭਪਾਤਰੀ ਟੀਕਾ ਲਗਵਾਉਣ ਤੋਂ ਰਹਿ ਗਿਆ ਤਾਂ ਇਹ ਟੀਕਾਕਰਨ ਦੀ ਸਮਾਂ ਸਾਰਨੀ ਨੂੰ ਮੁੜ ਤੋਂ ਤਿਆਰ ਕਰਕੇ ਰਿਮਾਂਈਂਡਰ ਭੇਜ ਦੇਵੇਗਾ। ਇਥੇ ਇਹ ਵੀ ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਇਸ ਤੋਂ ਪਹਿਲਾਂ ‘ਐੱਮ-ਸਿਹਤ’ ਨਾਮ ਦੀ ਮੋਬਾਈਲ ਸੰਦੇਸ਼ (ਐੱਸ. ਐੱਮ. ਐੱਸ.) ਸੇਵਾ ਦੀ ਵੀ ਸ਼ੁਰੂਆਤ ਕੀਤੀ ਗਈ ਸੀ, ਜਿਸ ਤਹਿਤ ਬੱਚੇ ਦੇ ਮਾਪਿਆਂ ਨੂੰ ਮੋਬਾਈਲ ਸੰਦੇਸ਼ ਰਾਹੀਂ ਟੀਕਾਕਰਨ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।
ਉੱਪ ਮੁੱਖ ਮੰਤਰੀ ਸ੍ਰ. ਬਾਦਲ ਨੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਦੇ ਉਪਰਾਲੇ ਅਤੇ ਇਸ ‘ਐਪ’ ਦੀ ਭਰਪੂਰ ਸ਼ਲਾਘਾ ਕਰਦਿਆਂ ਇਸ ਨੂੰ ਜਲਦ ਹੀ ਪੂਰੇ ਪੰਜਾਬ ਵਿੱਚ ਲਾਗੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਜ਼ਿਲ੍ਹਾ ਲੁਧਿਆਣਾ ਵਾਸੀਆਂ ਨੂੰ ਇਸ ‘ਐਪ’ ਅਤੇ ‘ਐੱਮ-ਸਿਹਤ’ ਦਾ ਭਰਪੂਰ ਲਾਹਾ ਲੈਣ ਦੀ ਅਪੀਲ ਕੀਤੀ ਹੈ। ਸ੍ਰੀ ਭਗਤ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵ) ਮਿਸ ਅਪਨੀਤ ਰਿਆਤ ਇਸ ਐਪ ਦੀ ਖੁਦ ਮੋਨੀਟਰਿੰਗ ਕਰਨਗੇ।

LEAVE A REPLY