ਥਰੂਰ ਤੋਂ ਹੋਈ ਪੁੱਛਗਿੱਛ, ਇਕ ਵਾਰ ਫਿਰ ਕੀਤਾ ਜਾ ਸਕਦੈ ਤਲਬ

4ਨਵੀਂ ਦਿੱਲੀ : ਕਾਂਗਰਸੀ ਨੇਤਾ ਸ਼ਸ਼ੀ ਥਰੂਰ ਤੋਂ ਆਪਣੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ‘ਚ ਇਕ ਵਾਰ ਫਿਰ ਪੁੱਛਗਿੱਛ ਕੀਤੀ ਗਈ ਹੈ ਤੇ ਹਾਈ ਪ੍ਰੋਫਾਈਲ ਮਾਮਲੇ ਦੀ ਜਾਂਚ ਕਰ ਰਿਹਾ ਵਿਸ਼ੇਸ ਜਾਂਚ ਦਲ (ਐੱਸ. ਆਈ. ਟੀ.) ਉਨ੍ਹਾਂ ਨੂੰ ਮੁੜ ਤਲਬ ਕਰ ਸਕਦਾ ਹੈ। ਦਿੱਲੀ ਪੁਲਸ ਮੁਖੀ ਬੀ. ਐੱਸ. ਬੱਸੀ ਨੇ ਅੱਜ ਕਿਹਾ, ‘ਮੈਂ ਜ਼ਰੂਰ ਕਹਾਂਗਾ ਕਿ ਅਸੀਂ ਸਹੀ ਰਸਤੇ ‘ਤੇ ਹਾਂ ਤੇ ਵਿਸ਼ੇਸ਼ ਜਾਂਚ ਦਲ ਚੰਗਾ ਕੰਮ ਕਰ ਰਿਹਾ ਹੈ।’ ਮਾਮਲੇ ‘ਚ ‘ਹੌਲੀ’ ਵਧਣ ਦੇ ਕਈ ਕਾਰਨ ਜ਼ਿੰਮੇਵਾਰ ਹਨ। ਇਕ ਸੂਤਰ ਨੇ ਦੱਸਿਆ ਕਿ ਤਿਰਵਨੰਤਪੁਰਮ ਤੋਂ ਲੋਕ ਸਭਾ ਮੈਂਬਰ ਥਰੂਰ ਕੋਲੋਂ ਐੱਸ. ਆਈ. ਟੀ. ਨੇ ਦੱਖਣੀ ਦਿੱਲੀ ਦੇ ਵਸੰਤ ਵਿਹਾਰ ਥਾਣੇ ‘ਚ ਐਂਟੀ ਆਟੋ ਥੈਫਟ ਸਕਵਾਡ ਦਫਤਰ ਅੰਦਰ ਲਗਭਗ ਪੰਜ ਘੰਟੇ ਤਕ ਪੁੱਛਗਿੱਛ ਕੀਤੀ।
ਉਨ੍ਹਾਂ ਕੋਲੋਂ ਲਗਭਗ ਇਕ ਸਾਲ ਪਹਿਲਾਂ ਤਿੰਨ ਦੌਰ ਦੀ ਪੁੱਛਗਿੱਛ ਕੀਤੀ ਗਈ ਸੀ। ਥਰੂਰ ਕੋਲੋਂ ਪੁੱਛਗਿੱਛ ‘ਤੇ ਬੱਸੀ ਨੇ ਕਿਹਾ, ‘ਸ਼ਸ਼ੀ ਥਰੂਰ ਤੋਂ ਜੋ ਵੀ ਸਪੱਸ਼ਟੀਕਰਨ ਦੀ ਲੋੜ ਸੀ, ਉਹ ਸ਼ਾਇਦ ਹਾਸਲ ਕਰ ਲਿਆ ਗਿਆ ਹੈ।’ ਉਨ੍ਹਾਂ ਕਿਹਾ, ‘ਜੇਕਰ ਐੱਸ. ਆਈ. ਟੀ. ਸੋਚਦੀ ਹੈ ਕਿ ਹੋਰ ਸਪੱਸ਼ਟੀਕਰਨ ਦੀ ਲੋੜ ਹੈ ਤਾਂ ਉਹ ਥਰੂਰ ਨੂੰ ਮੁੜ ਬੁਲਾ ਸਕਦੀ ਹੈ।’ ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਨੂੰ ਛੇਤੀ ਅੰਜਾਮ ਤਕ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਸੁਨੰਦਾ ਦੇ ਵਿਸਰਾ ‘ਤੇ ਐੱਫ. ਬੀ. ਆਈ. ਰਿਪੋਰਟ ‘ਤੇ ਐਮਜ਼ ਮੈਡੀਕਲ ਬੋਰਡ ਦੀ ਸਲਾਹ ਦੇ ਨਤੀਜੇ ਤੇ ਹੋਰਨਾਂ ਮਹੱਤਵਪੂਰਨ ਸਬੂਤਾਂ ਦੇ ਆਧਾਰ ‘ਤੇ ਹਾਲ ਹੀ ‘ਚ ਪੁੱਛਗਿੱਛ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਵਾਲ ਦਵਾ ਐਲਪ੍ਰੈਕਸ ਤੇ ਲੋਡੀਕੇਨ ਦੇ ਸਰੋਤ ਦੇ ਆਲੇ-ਦੁਆਲੇ ਸੀ, ਜੋ ਸੁਨੰਦਾ ਦੀ ਰਿਪੋਰਟ ‘ਚ ਸਾਹਮਣੇ ਆਏ ਸਨ। ਅਜਿਹਾ ਸਮਝਿਆ ਜਾਂਦਾ ਹੈ ਕਿ ਇਸ ਨੇ ਜ਼ਹਿਰ ਬਣਨ ‘ਚ ਯੋਗਦਾਨ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋਈ। ਥਰੂਰ ਨੇ ਹਾਲਾਂਕਿ ਹੁਣ ਤਕ ਕਿਹਾ ਹੈ ਕਿ ਸੁਨੰਦਾ ਦੀ ਮੌਤ ‘ਚ ਕੋਈ ਗੜਬੜ ਨਹੀਂ ਹੈ।

LEAVE A REPLY