main newsਜਿਉਂ ਹੀ ਬਸੰਤੇ ਬੁੜ੍ਹੇ ਦਾ ਪੋਤਾ ਗਿੰਦੂ ਸੱਥ ‘ਚ ਮੱਘਰ ਡਰਾਇਵਰ ਨੂੰ ਸੱਦਣ ਆਇਆ ਤਾਂ ਬਾਬੇ ਜੰਗ ਸਿਉਂ ਨੇ ਗਿੰਦੂ ਨੂੰ ਪੁੱਛਿਆ, ”ਓਏ ਮੁੰਡਿਆ ਕਈ ਦਿਨ ਹੋ ਗੇ ਤੇਰਾ ਦਾਦਾ ਸੱਥ ‘ਚ ਨ੍ਹੀ ਆਇਆ, ਕਿਤੇ ਲਾਂਭੇ ਲੂੰਭੇ ਗਿਆ ਵਿਆ ਕੁ ਘਰ ਦਾ ਜਿੰਦਰਾ ਬਣਾ ‘ਤਾ ਤੁਸੀਂ?”
ਸੀਤਾ ਮਰਾਸੀ ਬਾਬੇ ਦੀ ਗੱਲ ਸੁਣ ਕੇ ਟਿੱਚਰ ‘ਚ ਬੋਲਿਆ, ”ਜਿੰਦਰੇ ਆਲੀ ਬਾਬਾ ਜਿਹੜੀ ਤੂੰ ਗੱਲ ਕਰਦੈਂ, ਬੁੜ੍ਹਾ ਤਖਤਿਆਂ ਦੇ ਕੁੰਡੇ ਨੂੰ ਹੱਥ ਪੁਆ ਕੇ ਬਠ੍ਹਾ ‘ਤਾ ਕੁ ਤਖਤੇ ਭੇੜ ਕੇ ਢੂਈ ਲਾਈ ਬੈਠੈ ਨਾਲ?”
ਬਾਬਾ ਜੰਗ ਸਿਉਂ ਹੱਸ ਕੇ ਕਹਿੰਦਾ, ”ਇਹ ਤਾਂ ਹੁਣ ਬਸੰਤੇ ਦਾ ਪੋਤਾ ਈ ਦੱਸੂ ਬਈ ਕੀ ਕਰੀ ਬੈਠੈ ਬੁੜ੍ਹਾ?”
ਬਾਬੇ ਜੰਗ ਸਿਉਂ ਦੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਗਿੰਦੂ ਮੱਘਰ ਡਰਾਇਵਰ ਨੂੰ ਕਹਿੰਦਾ, ”ਤਾਇਆ, ਸਾਡੇ ਘਰੇ ਆਈਂ, ਮੇਰੇ ਭਾਪੇ ਨੇ ਸੱਦਿਐ, ਬਾਪੂ ਨੂੰ ਮੰਡੀ ਵਖਾ ਕੇ ਆਉਣੈ।”
ਮੱਘਰ ਡਰਾਇਵਰ ਕੋਲ ਪਿੰਡ ‘ਚ ਜੀਪ ਰੱਖੀ ਹੋਈ ਸੀ। ਉਹ ਜੀਪ ਨਾਲ ਕਿਰਾਇਆ ਭਾੜਾ ਲਾ ਕੇ ਆਪਣਾ ਪਰਿਵਾਰ ਪਾਲਦਾ ਸੀ। ਪਿੰਡ ‘ਚ ਕਿਸੇ ਦੇ ਦੁਖਦੇ ਸੁਖਦੇ ਵੀ ਪਿੰਡ ਵਾਲਿਆਂ ਨਾਲ ਜੀਪ ਲੈ ਕੇ ਚਲਾ ਜਾਂਦਾ ਤੇ ਕਿਰਾਇਆ ਲੈ ਛੱਡਦਾ। ਗਿੰਦੂ ਦੀ ਗੱਲ ਸੁਣ ਕੇ ਮੱਘਰ ਨੇ ਗਿੰਦੂ ਨੂੰ ਪੁੱਛਿਆ, ”ਕਿੱਥੇ ਵਖਾ ਕੇ ਆਉਣੈ ਤੇਰੇ ਬਾਪੂ ਨੂੰ ਓਏ। ਕੀ ਹੋ ਗਿਆ ਉਹਨੂੰ। ਕੱਲ੍ਹ ਪਰਸੋਂ ਤਾਂ ਚੰਗਾ ਭਲਾ ਸੀ?”
ਗਿੰਦੂ ਕਹਿੰਦਾ, ”ਆ ਜਾ ਮੇਰੇ ਸ਼ੈਂਕਲ ਮਗਰ ਬਹਿ ਜਾ। ਮੇਰੇ ਨਾਲ ਈ ਆ ਜਾ।”
ਗਿੰਦੂ ਮੱਘਰ ਡਰਾਇਵਰ ਨੂੰ ਸਾਇਕਲ ਦੇ ਪਿੱਛੇ ਬਿਠਾ ਕੇ ਜਦੋਂ ਸੱਥ ‘ਚੋਂ ਤੁਰਿਆ ਤਾਂ ਸੱਥ ਵਾਲਿਆਂ ਨੇ ਛੇੜ ਲਈ ਫ਼ਿਰ ਬਸੰਤੇ ਬੁੜ੍ਹੇ ਦੀ ਹੀਰ। ਬਾਬੇ ਜੰਗ ਸਿਉਂ ਨੇ ਆਪਣੇ ਨਾਲ ਬੈਠੇ ਨੰਦ ਬਾਜੀਗਰ ਨੂੰ ਪੁੱਛਿਆ, ”ਨੰਦ ਸਿਆਂ! ਤੇਰਾ ਤਾਂ ਬਸੰਤੇ ਕਾ ਗੁਆਂਢ ਐ ਯਾਰ, ਤੈਨੂੰ ਤਾਂ ਪਤਾ ਹੋਊ, ਕੀ ਗੱਲ ਐ ਬਸੰਤੇ ਨੂੰ। ਬਮਾਰ ਠਮਾਰ ਐ ਕੁ ਕੋਈ ਹੋਰ ਗੱਲ ਐ? ਕਿੰਨੇ ਈ ਦਿਨ ਹੋ ਗੇ ਯਾਰ ਨਾ ਤਾਂ ਸੱਥ ‘ਚ ਆਇਆ, ਨਾ ਈ ਪਤਾ ਲੱਗਿਆ ਬਈ ਬਸੰਤਾ ਈ ਢਿੱਲਾ ਮੱਠਾ ਕੁ ਟੱਬਰ ‘ਚ ਕਿਸੇ ਹੋਰ ਨੂੰ ਕੋਈ ਮਰਜ ਐ?”
ਨਾਥਾ ਅਮਲੀ ਗੋਲ ਟਿੱਚਰ ‘ਚ ਹੱਸ ਕੇ ਬੋਲਿਆ, ”ਮੈਨੂੰ ਤਾਂ ਬਾਬਾ ਇਉਂ ਲੱਗਦਾ ਜਿਮੇਂ ਜੁਆਕ ਦੇ ਦੱਸਣ ਆਂਗੂੰ ਕਿਤੇ ਮੰਡੀ ‘ਚ ਵੇਚ ਕੇ ਨਾ ਆਉਣਾ ਹੋਵੇ ਬੁੜ੍ਹੇ ਨੂੰ ਜਿਹੜਾ ਕਹਿੰਦਾ ਸੀ ਬਾਪੂ ਨੂੰ ਮੰਡੀ ਵਖਾ ਕੇ ਆਉਣਾ। ਆਪਣੇ ਨੇੜੇ ਤੇੜੇ ਤਾਂ ਮੰਡੀ ਡੰਗਰਾਂ ਦੀ ਓ ਈ ਲੱਗਦੀ ਐ। ਫ਼ੇਰ ਭਾਈ ਪਤਾ ਮਨ੍ਹੀ ਟੱਬਰ ਦੀ ਕੋਈ ਹੋਰ ਸਕੀਮ ਵੀ ਹੋ ਸਕਦੀ ਐ।”
ਸੀਤੇ ਮਰਾਸੀ ਨੇ ਵੀ ਮਖੌਲ ‘ਚ ਖੋਲ੍ਹਿਆ ਮੂੰਹ, ”ਬਾਹਲ਼ਾ ਮਹਿੰਗਾ ਵਿਕਣ ਆਲੀ ਗੱਲ ਤਾਂ ਨ੍ਹੀ ਬੁੜ੍ਹੇ ਦੀ। ਖੱਬਾ ਪੈਰ ਵੀ ਦੱਬ ਕੇ ਜੇ ਤੁਰਦਾ, ਇੱਕ ਹੱਥ ਵੀ ਇਉਂ ਕੰਬਦਾ ਜਿਮੇਂ ਤਣੀ ‘ਤੇ ਸੁੱਕਣਾ ਪਾਇਆ ਸੁੱਥੂ ਹਵਾ ਨਾਲ ਹਿੱਲਦਾ ਹੁੰਦਾ। ਬੈਠਣ ‘ਚ ਵੀ ਔਖ ਜੀ ਮੰਨਦਾ। ਰੁਕ ਰੁਕ ਜੇ ਬੋਲਦਾ ਵੀ ਇਉਂ ਐ ਜਿਮੇਂ ਅੱਠ ਦਾ ਇੰਜਨ ਤੇਲ ਮੁੱਕੇ ਤੋਂ ਮਿਸ ਭੜਾਕੇ ਜੇ ਮਾਰਦਾ ਹੁੰਦਾ। ਬਾਕੀ ਭਾਈ ਵੇਖੋ ਫ਼ੇਰ ਇਹ ਤਾਂ ਗਾਹਕ ਲੱਗੇ ਦੀ ਗੱਲ ਹੁੰਦੀ ਐ।”
ਬਾਬਾ ਜੰਗ ਸਿਉਂ ਮਰਾਸੀ ਨੂੰ ਕਹਿੰਦਾ, ”ਬੰਦਾ ਯਾਰ ਓਹੋ, ਡੰਗਰ ਤਾਂ ਨ੍ਹੀ। ਤੂੰ ਮੀਰ ਪਸੂ ਦੀ ਗੱਲ ਕਰਦੈਂ ਕਿ ਬੰਦੇ ਦੀ?”
ਮਾਹਲਾ ਨੰਬਰਦਾਰ ਕਹਿੰਦਾ, ”ਗੱਲ ਤਾਂ ਜੰਗ ਸਿਆਂ ਇਹੇ ਬੰਦੇ ਦੀ ਓ ਈ ਕਰਦਾ, ਪਰ ਕਰਦਾ ਬਸੰਤੇ ਬੁੜ੍ਹੇ ਵਿੱਚਦੀ ਐ। ਊਂ ਤਾਂ ਬਸੰਤਾ ਬੁੜ੍ਹਾ ਕਈਆਂ ਦਿਨਾਂ ਦਾ ਬਮਾਰ ਐ। ਉਹਨੂੰ ਮੰਡੀ ਹੱਥਪਤਾਲ ਲੈ ਕੇ ਜਾਣਾ ਹੋਣਾ। ਬੁੜ੍ਹੇ ਦੇ ਪੋਤੇ ਨੇ ਤਾਂ ਕਿਤੇ ਸਰਸਰੀਓਂ ਈ ਕਿਹਾ ਬਈ ਬਾਪੂ ਨੂੰ ਮੰਡੀ ਵਖਾ ਕੇ ਆਉਣਾ। ਇਨ੍ਹਾਂ ਨੇ ਪਤੰਦਰਾਂ ਗੱਲ ਚੱਕ ਲੀ ਬਈ ਜਿਮੇਂ ਆਮ ਈ ਜਦੋਂ ਕੋਈ ਡੰਗਰ ਪਸੂ ਵੇਚਣਾ ਹੁੰਦਾ ਤਾਂ ਆਪਾਂ ਕਹਿ ਈ ਦਿੰਨੇਂ ਆਂ ਬਈ ਇਹਨੂੰ ਮੰਡੀ ਵਖਾਉਣੈ। ਹੱਥਪਤਾਲ ਦਾ ਜੁਆਕ ਤੋਂ ਨਾਉਂ ਨਹੀਂ ਲਿਆ ਗਿਆ। ਇਨ੍ਹਾਂ ਨੇ ਬਸੰਤੇ ਬੁੜ੍ਹੇ ਸਿਰ ਗੱਲ ਡੰਗਰਾਂ ਪਸੂਆਂ ਦੀ ਮੜ੍ਹ ‘ਤੀ।”
ਬਾਬੇ ਜੰਗ ਸਿਉਂ ਨੇ ਨੰਬਰਦਾਰ ਨੂੰ ਪੁੱਛਿਆ, ”ਗੱਲ ਕੀ ਹੋਈ ਐ ਬੁੜ੍ਹੇ ਨੂੰ। ਢਿੱਲਾ ਮੱਠਾ ਕਰ ਕੇ ਨ੍ਹੀ ਸੱਥ ‘ਚ ਆਇਆ ਕੁ ਕੋਈ ਹੋਰ ਮਰਜ ਐ?”
ਪ੍ਰੀਤਾ ਨਿਹੰਗ ਕਹਿੰਦਾ, ”ਊਂ ਤਾਂ ਬਾਬਾ ਉਹਨੂੰ ਕਾਲਾ ਪੀਲੀਆ ਦੱਸਦੇ ਐ, ਪਰ ਇੱਕ ਦਿਨ ਕਹਿੰਦੇ ਰੋਟੀ ਟੁੱਕ ਨਾਲ ਬੈਂਗਣਾਂ ਦੀ ਦਾਲ ਖਾਂਦੇ ਤੋਂ ਕਿਤੇ ਬੈਂਗਣ ਸੰਘ ਨੂੰ ਲੱਗ ਗਿਆ, ਉਹਦੀ ਵੀ ਕਈ ਦਿਨ ਬਾਹਵਾ ਔਖ ਜੀ ਮੰਨੀ ਗਿਆ ਬੁੜ੍ਹਾ। ਵੱਡੇ ਮੁੰਡੇ ਨੇ ਧੌਣ ‘ਚ ਮੁੱਕੀਆਂ ਮੱਕੀਆਂ ਮਾਰੀਆਂ ਫ਼ੇਰ ਕਿਤੇ ਜਾ ਕੇ ਬੈਂਗਣ ਗਾਂਹ ਪਛਾਂਹ ਹੋਇਆ ਗਲ ‘ਚੋਂ। ਨਹੀਂ ਤਾਂ ਜਲੇਬੀਆਂ ਨੂੰ ਥਾਂ ਹੋ ਗਿਆ ਸੀ। ਗਲ ਸੁਜ ਗਿਆ … ਬੁਰਾ ਹਾਲ, ਪਰ ਗਲ ਤਾਂ ਹੁਣ ਠੀਕ ਐ, ਕਾਲੇ ਪੀਲੀਏ ਨੇ ਬਾਹਲਾ ਲਿੱਸਾ ਕਰ ‘ਤਾ।”
ਬਾਬਾ ਜੰਗ ਸਿਉਂ ਕਹਿੰਦਾ, ”ਆਪਣੇ ਪਿੰਡ ਆਲੇ ਬੀਰੇ ਫ਼ੌਜੀ ਡਾਕਦਾਰ ਨੂੰ ਵਖਾਉਣ ਫ਼ਿਰ। ਵਧੀਆ ਵੈਦ ਐ ਨਾਲੇ। ਕਿੰਨੇ ਈ ਬੰਦੇ ਬੁੜ੍ਹੀਆਂ ਆਪਣੇ ਪਿੰਡ ਦੇ ਰਾਜੀ ਕਰ ‘ਤੇ ਉਹਨੇ।”
ਬੀਰੇ ਫ਼ੌਜੀ ਡਾਕਦਾਰ ਦਾ ਨਾਂ ਸੁਣ ਕੇ ਨਾਥਾ ਅਮਲੀ ਬਾਬੇ ਜੰਗ ਸਿਉਂ ਨੂੰ ਇਉਂ ਕਤਾੜ ਕੇ ਪੈ ਗਿਆ ਜਿਮੇਂ ਸਿਆਲ ਦੀ ਨਿੱਘੀ ਧੁੱਪ ‘ਚ ਗੁੱਛ ਮੁੱਛ ਹੋਏ ਪਏ ਕੁੱਤੇ ਦੀ ਪੂਛ ‘ਤੇ ਪੈਰ ਟਿਕੇ ਤੋਂ ਕੁੱਤਾ ਲੱਤ ਨੂੰ ਪੈ ਗਿਆ ਹੋਵੇ। ਬਾਬੇ ਜੰਗ ਸਿਉਂ ਨੂੰ ਕਹਿੰਦਾ, ”ਕਿਹੜਾ ਬੰਦਾ ਰਾਜੀ ਕਰ ‘ਤਾ ਬਾਬਾ ਫ਼ੌਜੀ ਡਾਕਦਾਰ ਨੇ। ਰਾਜੀ ਰੂਜੀ ਕੋਈ ਨ੍ਹੀ ਹੋਇਆ, ਓਹਨੇ ਤਾਂ ਸਗੋਂ ਸੇਵੇ ਕੂਕੇ ਕਿਆਂ ਤੋਂ ਵੈਦਗੀ ‘ਚ ਛਿੱਤਰ ਪਰੇਟ ਕਰਾ ਲੀ। ਅਗਲੇ ਨੇ ਕੁੱਟ ਕੁੱਟ ਕੇ ਚਿੱਬੜ੍ਹਾਂ ਦੀ ਕਚਲੀ ਮਚਲੀ ਚਟਣੀ ਅਰਗਾ ਕਰ ‘ਤਾ। ਛੱਡ ਗਿਆ ਵੈਦਗੀ ਵੂਦਗੀ ਹੁਣ। ਆਉਂਦਾ ਕੀਅ੍ਹਾ ਓਹਨੂੰ। ਉਹਦਾ ਕਿਹੜਾ ਕੋਈ ਵੈਦਗੀ ਦਾ ਕੋਰਸ ਕੀਤਾ। ਇੱਕ ਅੱਧੀ ਵਾਰ ਉਹਦਾ ਊਈਂ ਤੀਰ ਚੱਲ ਗਿਆ, ਆਪਣੇ ਪਿੰਡ ਦੇ ਕਮਲੇ ਲੋਕਾਂ ਨੇ ਬਿਨਾਂ ਮਤਲਬੀ ਰੌਲ਼ਾ ਪਾ ‘ਤਾ ਬਈ ਬੀਰਾ ਫ਼ੌਜੀ ਫ਼ੌਜ ‘ਚੋਂ ਵੈਦਗੀ ਸਿੱਖ ਕੇ ਆਇਆ। ਲੋਕ ਮਗਰ ਲੱਗ ਗੇ।”
ਬੁੱਘਰ ਦਖਾਣ ਨੇ ਅਮਲੀ ਨੂੰ ਪੁੱਛਿਆ, ”ਕੀ ਗੱਲ ਹੋ ਗੀ ਅਮਲੀਆ। ਕੂਕਿਆਂ ਨੇ ਕਾਹਤੋਂ ਕੁੱਟ ‘ਤਾ।”
ਨਾਥਾ ਅਮਲੀ ਕਹਿੰਦਾ, ”ਇਹ ਬੀਰਾ ਫ਼ੌਜੀ ਕਿਤੇ ਕੌਰੂ ਆਜੜੀ ਦੇ ਬੱਕਰੀਆਂ ਆਲੇ ਵਾੜੇ ਕੋਲ ਦੀ ਨੰਘਣ ਲੱਗਿਆ ਤਾਂ ਓਹਨੇ ਵੇਖਿਆ, ਬਈ ‘ਕੱਠ ਕਾਹਦਾ ਵਾੜੇ ‘ਚ? ਇਹ ਵੀ ‘ਕੱਠ ‘ਚ ਜਾ ਵੜਿਆ। ਇਹਨੇ ਪੁੱਛਿਆ ਬਈ ਕੀ ਗੱਲ ਹੋ ਗੀ। ਕੌਰੂ ਆਜੜੀ ਕਹਿੰਦਾ ‘ਆਹ ਬੱਕਰੀ ਚੰਗੀ ਭਲੀ ਤੁਰੀ ਫ਼ਿਰਦੀ ਡਿੱਗ ਪੀ, ਜਿਮੇਂ ਕੁਸ ਖਾ ਗੀ ਹੁੰਦੀ ਐ’। ਇਹ ਬੀਰੇ ਫ਼ੌਜੀ ਨੇ ਕਿਤੇ ਵਾੜੇ ‘ਚ ਗਲੇ ਹਏ ਚਿੱਬੜ੍ਹ ਵੇਖ ਲਏ ਪਏ ਹੋਏ। ਫ਼ੌਜੀ ਕਹਿੰਦਾ ‘ਮੈਂ ਦੱਸਦਾਂ ਇਹਨੂੰ ਕੀ ਹੋਇਆ, ਇਹਦੇ ਗਲ ‘ਚ ਚਿੱਬੜ੍ਹ ਫ਼ਸ ਗਿਆ ਲੱਗਦਾ’। ਫ਼ੌਜੀ ਨੇ ਬੱਕਰੀ ਦਾ ਗਲ ਫ਼ੜ ਕੇ ਝੰਜੋੜ ‘ਤਾ। ਗਲ਼ ‘ਚੋਂ ਸੱਚ ਮੁੱਚ ਈ ਚਿੱਬੜ੍ਹ ਨਿੱਕਲ ਗਿਆ, ਬੱਕਰੀ ਉੱਠ ਕੇ ਖੜ੍ਹੀ ਹੋ ਗੀ। ਅਗਲੇ ਦਿਨ ਕਿਤੇ ਫ਼ੌਜੀ ਠੋਲੇਦਾਰਾਂ ਦੇ ਮਿੱਠੂ ਕੇ ਘਰੇ ਜਾ ਵੜਿਆ। ਮਿੱਠੂ ਕਹਿੰਦਾ ‘ਯਾਰ ਫ਼ੌਜੀਆ! ਕੱਲ੍ਹ ਦਾ ਬਾਪੂ ਸਿਰ ਜਾ ਸਿਟੀ ਪਿਆ, ਖਾਣੀ ਠੰਢ ਠੁੰਢ ਲੱਗ ਗੀ, ਪਤਾ ਨ੍ਹੀ ਲੱਗਦਾ, ਤਾਪ ਤੂਪ ਵੀ ਹੈਨ੍ਹੀ’। ਫ਼ੌਜੀ ਨੇ ਮਿੱਠੂ ਕੇ ਘਰ ‘ਚ ਐਧਰ ਓਧਰ ਨਿਗ੍ਹਾ ਮਾਰੀ ਤਾਂ ਓਹਨੂੰ ਸੰਤਰੇ ਦੇ ਫ਼ੋਲਕ ਪਏ ਦਿਸਗੇ। ਫ਼ੌਜੀ ਕਹਿੰਦਾ ‘ਇਉਂ ਲੱਗਦਾ ਜਿਮੇਂ ਤਾਇਆ ਸੰਤਰਾ ਸੁੰਤਰਾ ਖਾ ਗਿਆ ਹੁੰਦਾ। ਉੱਤੋਂ ਠੰਢ ਦੇ ਦਿਨ ਐ, ਖਾ ਗਿਆ ਸੰਤਰਾ ਬਮਾਰ ਈ ਹੋਣਾ ਬੁੜ੍ਹੇ ਨੇ ਹੋਰ ਕੀ ਹੋਣਾ’। ਜਦੋਂ ਬੁੜ੍ਹੇ ਨੂੰ ਪੁੱਛਿਆ ਬਈ ਤੂੰ ਕੀ ਖਾਧਾ ਤਾਂ ਬੁੜ੍ਹਾ ਕਹਿੰਦਾ ‘ਸੰਤਰੇ ਦੀਆਂ ਖਾਧੀਆਂ ਚਾਰ ‘ਚ ਫ਼ਾੜੀਆਂ’। ਬੀਰਾ ਫ਼ੌਜੀ ਮਿੱਠੂ ਨੂੰ ਕਹਿੰਦਾ ‘ਕਿਉਂ ਮੰਨਦੈਂ ਵੈਦਗੀ ਨੂੰ। ਸੰਤਰਾ ਈ ਖਾਧਾ’। ਫ਼ੌਜੀ ਕਹਿੰਦਾ ‘ਹੁਣ ਇਹਨੂੰ ਚਾਰ ਛੁਹਾਰੇ ਦੁੱਧ ‘ਚ ‘ਬਾਲ ਕੇ ਦੇ ਦਿਓ। ਬੁੜ੍ਹੇ ਨੇ ਟੱਲੀ ਅਰਗਾ ਹੋ ਜਾਣਾ’। ਉਨ੍ਹਾਂ ਨੇ ਛੁਆਰੇ ਦੇ ‘ਤੇ, ਬੁੜ੍ਹਾ ਗਰਮੈਂਸ਼ ਫ਼ੜ ਗਿਆ ਤਾਂ ਠੀਕ ਹੋ ਗਿਆ। ਫ਼ੌਜੀ ਦੀ ਬੱਲੇ ਬੱਲੇ ਹੋ ਗੀ। ਓਧਰ ਕਿਤੇ ਸੇਵੇ ਕੂਕੇ ਕਾ ਬੁੜ੍ਹਾ ਬਮਾਰ ਪਿਆ ਸੀ ਕਈਆਂ ਦਿਨਾਂ ਦਾ। ਕਿਸੇ ਨੇ ਦੱਸ ‘ਤਾ ਬਈ ਬੀਰੇ ਫ਼ੌਜੀ ਨੂੰ ਦਖਾ ਲੋ। ਸੇਵੇ ਕੇ ਫ਼ੌਜੀ ਨੂੰ ਘਰੇ ਲੈ ਗੇ ਸੱਦ ਕੇ। ਫ਼ੌਜੀ ਨੇ ਜਾਂਦੇ ਨੇ ਐਧਰ ਓਧਰ ਨਿਗ੍ਹਾ ਮਾਰੀ, ਬਈ ਪਤਾ ਲੱਗ ਜੇ ਬੁੜ੍ਹੇ ਨੇ ਕੀ ਖਾਧਾ। ਫ਼ੌਜੀ ਨੂੰ ਹੋਰ ਤਾਂ ਕੁਸ ਦਿਸਿਆ ਨਾ, ਸੇਵੇ ਕੇ ਘਰੇ ਘੋੜੀ ਦੀ ਕਾਠੀ ਪਈ ਦਿਸ ਗੀ। ਫ਼ੌਜੀ ਬੁੜ੍ਹੇ ਨੂੰ ਦੇਖ ਦੂਖ ਕੇ ਕਹਿੰਦਾ ‘ਇਹ ਬਾਪੂ ਸੋਡਾ ਠੀਕ ਤਾਂ ਹੋ ਜੂ ਪਰ ਟੈਮ ਲੱਗੂ। ਇਹ ਘੋੜੀ ਖਾ ਗਿਆ ਲੱਗਦਾ, ਪੁੱਛ ਲੋ ਭਾਮੇਂ’। ਘਰ ਆਲਿਆਂ ਨੇ ਪੁੱਛਿਆ ‘ਘੋੜੀ ਕਿਮੇਂ ਖਾ ਗਿਆ। ਇਹ ਤਾ ਵੈਸ਼ਨੂੰ ਬੰਦਾ, ਨਾ ਮੀਟ ਖਾਂਦਾ ਨਾ ਆਂਡਾ, ਸ਼ਰਾਬ ਇਹ ਨ੍ਹੀ ਵਰਤਦਾ, ਘੋੜੀ ਕਿੱਥੋਂ ਖਾ ਗਿਆ ਇਹੇ’? ਅਕੇ ਫ਼ੌਜੀ ਕਹਿੰਦਾ ‘ਔਹ ਵੇਖੋ ਖਾਂ ਘੋੜੀ ਦੀ ਕਾਠੀ ਪਈ। ਘੋੜੀ ਕਿੱਧਰ ਗਈ ਫ਼ੇਰ’? ਜਦੋਂ ਫ਼ੌਜੀ ਨੇ ਇਹ ਗੱਲ ਕਹੀ ਤਾਂ ਸੇਵੇ ਕਿਆਂ ਨੇ ਫ਼ੌਜੀ ਲੰਡੇ ਬੋਕ ਆਂਗੂੰ ਢਾਹ ਲਿਆ। ਕੁੱਟ ਕੁੱਟ ਕੇ ਇਉਂ ਤੁਰਨ ਲਾ ‘ਤਾ ਜਿਮੇਂ ਲੱਤਾਂ ‘ਚ ਮੱਛਰਦਾਨੀ ਫ਼ਸੀ ਤੋਂ ਬਾਂਦਰੀ ਡਿੱਕੇ ਡੋਲੇ ਖਾਂਦੀ ਤੁਰਦੀ ਹੁੰਦੀ ਐ। ਜਿੱਦੇਂ ਪਾਲੇ ਮੌੜ ਕੇ ਫ਼ੌਜੀ ਨੂੰ ਸੱਦਣ ਆਏ ਬਈ ਸਾਡੀ ਅੰਬੋ ਬਮਾਰ ਐ ਉਹਨੂੰ ਵੇਖ ਕੇ ਆਈਂ ਤਾਂ ਫ਼ੌਜੀ ਪਾਲੇ ਮੌੜ ਮੂਹਰੇ ਹੱਥ ਬੰਨ੍ਹੀ ਖੜ੍ਹਾ ਕਹੀ ਜਾਵੇ ‘ਮੈਂ ਤਾਂ ਮੌੜ ਸਾਹਬ ਵੈਦਗੀ ਛੱਡ ‘ਤੀ। ਮੈਥੋਂ ਨਿੱਤ ਨ੍ਹੀ ਕੁੱਟ ਖਾਧੀ ਜਾਂਦੀ। ਮੇਰੇ ਤਾਂ ਆਵਦੇ ਗਿੱਟੇ ਗੋਡੇ ਦੁਖੀ ਜਾਂਦੇ ਐ, ਮੈਂ ਕਿਸੇ ਦੀ ਬਮਾਰੀ ਨੂੰ ਕੀ ਕਰਾਂ’। ਹੁਣ ਤੂੰ ਆਪ ਈ ਵੇਖ ਲਾ ਬਾਬਾ ਬਈ ਬੀਰਾ ਫ਼ੌਜੀ ਕਿੱਧਰੋਂ ਆ ਗਿਆ ਪੂਨੇ ਸਤਾਰੇ ਆਲਾ ਗਲ੍ਹੋਟੀ ਡਾਕਦਾਰ ਬਈ ਨਬਜ ਫ਼ੜ ਕੇ ਦੱਸ ਦਿੰਦਾ ਬਈ ਕਾਹਦੀ ਬਮਾਰੀ ਐ?”
ਬਾਬਾ ਜੰਗ ਸਿਉਂ ਕਹਿੰਦਾ, ”ਹੁਣ ਫ਼ੇਰ ਕਿੱਥੇ ਐ ਬੀਰਾ ਫ਼ੌਜੀ?”
ਏਨੇ ਚਿਰ ਨੂੰ ਬੀਰਾ ਫ਼ੌਜੀ ਲੰਗ ਜੀ ਕੱਢਦਾ ਸੱਥ ਵੱਲ ਤੁਰਿਆ ਆਉਂਦਾ ਜਦੋਂ ਨਾਥੇ ਅਮਲੀ ਨੂੰ ਦਿਸਿਆ ਤਾਂ ਅਮਲੀ ਬਾਬੇ ਨੂੰ ਕਹਿੰਦਾ, ”ਹੋਅ ਆਉਂਦਾ ਬਾਬਾ ਵੱਡੀਆਂ ਉਮਰਾਂ ਆਲਾ ਬੀਰਾ ਫ਼ੌਜੀ। ਤੁਰਦਾ ਵੇਖ ਜਿਮੇਂ ਇੱਕ ਟੋਕੇ ਆਲੀ ਪੱਠੇ ਕੁਰਤਣ ਆਲੀ ਮਸ਼ੀਨ ਘੁਕਦੀ ਹੁੰਦੀ ਐ।”
ਸੱਥ ਦੇ ਦੂਰੋਂ ਖੜ੍ਹ ਕੇ ਬੀਰੇ ਫ਼ੌਜੀ ਨੇ ਸੱਥ ‘ਚ ਬੈਠੇ ਬੁੱਘਰ ਦਖਾਣ ਨੂੰ ਜਦੋਂ ਆਵਾਜ਼ ਮਾਰ ਕੇ ਸੱਦਿਆ ਤਾਂ ਬੁੱਘਰ ਦੇ ਸੱਥ ‘ਚੋਂ ਉੱਠਣ ਨਾਲ ਬਾਕੀ ਦੀ ਵੀ ਸੱਥ ਵਾਲੇ ਇਉਂ ਉੱਠ ਖਲੋਤੇ ਜਿਵੇਂ ਫ਼ੌਜੀ ਨੇ ਉਨ੍ਹਾਂ ਨੂੰ ਵੀ ਅਵਾਜ਼ ਮਾਰ ਕੇ ਸੱਦਿਆ ਹੋਵੇ। ਵੇਖਦਿਆਂ ਵੇਖਦਿਆਂ ਸੱਥ ਖ਼ਾਲੀ ਹੋ ਗਈ।

LEAVE A REPLY