ਨਵੀਂ ਦਿੱਲੀ : ਬਕਾਇਆ ਤਨਖਾਹ ਭੁਗਤਾਨ ਦੀ ਮੰਗ ਨੂੰ ਲੈ ਕੇ ਹੜਤਾਲ ਕਰ ਰਹੇ ਦਿੱਲੀ ਨਗਰ ਨਿਗਮ ਦੇ ਕਰਮਚਾਰੀਆਂ ਦੀ ਮੰਗ ਦਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਮਰਥਨ ਕੀਤਾ ਹੈ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਅਗਲੇ ਹਫਤੇ ਹਾਈ ਕੋਰਟ ਵਿਚ ਮਾਮਲੇ ਦੀ ਸੁਣਵਾਈ ਤੋਂ ਬਾਅਦ ਕੁਝ ਹੱਲ ਜ਼ਰੂਰ ਨਿਕਲ ਕੇ ਆਵੇਗਾ। ਕੁਦਰਤੀ ਡਾਕਟਰੀ ਇਲਾਜ ਕਰਾਉਣ ਲਈ ਬੈਂਗਲੁਰੂ ‘ਚ ਮੌਜੂਦ ਕੇਜਰੀਵਾਲ ਨੇ ਟਵਿੱਟਰ ‘ਤੇ ਲਿਖਿਆ ਕਿ ਮੈਂ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ਦੀ ਮੰਗ ਦਾ ਸਮਰਥਨ ਕਰਦਾ ਹਾਂ ਕਿ ਉਨ੍ਹਾਂ ਨੂੰ ਉਨ੍ਹਾਂ ਦਾ ਪੂਰੀ ਤਨਖਾਹ ਮਿਲਣੀ ਚਾਹੀਦੀ ਹੈ।
ਮੈਂ ਉਮੀਦ ਕਰਦਾ ਹਾਂ ਕਿ ਮੰਗਲਵਾਰ ਨੂੰ ਹਾਈ ਕੋਰਟ ‘ਚ ਮਾਮਲੇ ਦੀ ਸੁਣਵਾਈ ਤੋਂ ਬਾਅਦ ਕੁਝ ਹੱਲ ਨਿਕਲ ਕੇ ਆਵੇਗਾ। ਮੁੱਖ ਮੰਤਰੀ ਨੇ ਸੂਬੇ ਦੇ ਲੋਕ ਨਿਰਮਾਣ ਵਿਭਾਗ (ਪੀ. ਡਬਲਿਊ. ਡੀ.) ਦੇ ਕਰਮਚਾਰੀਆਂ ਦੀ ਵੀ ਤਾਰੀਫ ਕੀਤੀ ਕਿ ਉਨ੍ਹਾਂ ਨੇ ਕੂੜਾ ਸਾਫ ਕਰਨ ਲਈ ਪੂਰੀ ਰਾਤ ਕੰਮ ਕੀਤਾ। ਇਸ ਦੇ ਨਾਲ ਹੀ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਦੇ ਕਰਮਚਾਰੀਆਂ ਦੀ ਮਦਦ ਕਰਨ। ਕੇਜਰੀਵਾਲ ਨੇ ਪੀ. ਡਬਲਿਊ. ਡੀ. ਨੂੰ ਜੁਟੇ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ, ਮੈਨੂੰ ਦੱਸਿਆ ਗਿਆ ਹੈ ਕਿ ਪੀ. ਡਬਲਿਊ. ਡੀ. ਦੇ ਲੋਕਾਂ ਅਤੇ ਟੱਰਕਾਂ ਨੇ ਕੂੜਾ ਸਾਫ ਕਰਨ ਲਈ ਸਾਰੀ ਰਾਤ ਕੰਮ ਕੀਤਾ।
ਦੱਸਣ ਯੋਗ ਹੈ ਕਿ ਲਗਭਗ 60,000 ਸਫਾਈ ਕਰਮਚਾਰੀਆਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਰੱਖਣ ਕਾਰਨ ਦਿੱਲੀ ਸਰਕਾਰ ਨੇ ਕੱਲ ਸ਼ਹਿਰ ‘ਚੋਂ ਕੂੜਾ ਚੁੱਕਣ ਲਈ ਪੀ. ਡਬਲਿਊ. ਡੀ. ਦੇ ਸੈਂਕੜੇ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਸੀ। ਦਿੱਲੀ ਨਗਰ ਨਿਗਮ ਦੇ ਕਰਮਚਾਰੀ ਬਕਾਇਆ ਤਨਖਾਹ ਦੇ ਭੁਗਤਾਨ ਵਿਰੁੱਧ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਮੁੱਦੇ ‘ਤੇ ‘ਆਪ’ ਅਤੇ ਭਾਜਪਾ ਦਰਮਿਆਨ ਦੋਸ਼ ਲਾਉਣਾ ਜਾਰੀ ਹੈ। ਤਿੰਨੋਂ ਨਗਰ ਨਿਗਮਾਂ ਦੀ ਕਮਾਨ ਭਾਜਪਾ ਦੇ ਹੱਥ ਵਿਚ ਹੈ। ਸਫਾਈ ਕਰਮਚਾਰੀਆਂ ਨੇ 27 ਜਨਵਰੀ ਨੂੰ ਹੜਤਾਲ ਸ਼ੁਰੂ ਕੀਤੀ ਸੀ। ਇਨ੍ਹਾਂ ਦੀ ਮੰਗ ਹੈ ਕਿ ਤਨਖਾਹ ਸਮੇਂ ‘ਤੇ ਮਿਲੇ ਅਤੇ ਭੱਤਿਆਂ ਦਾ ਭੁਗਤਾਨ ਕੀਤਾ ਜਾਵੇਗਾ।