ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਉੱਘੇ ਆਗੂ ਅਤੇ ਫਰੀਦਕੋਟ ਤੋਂ ਐਮ.ਪੀ. ਪ੍ਰੋ. ਸਾਧੂ ਸਿੰਘ ਦੇ ਸੁਰ ਕੁਝ ਬਦਲੇ-ਬਦਲੇ ਨਜ਼ਰ ਆ ਰਹੇ ਹਨ। ਸਾਧੂ ਸਿੰਘ ਨੇ ਪਾਰਟੀ ਵਲੰਟੀਅਰਾਂ ਨੂੰ ਨਜ਼ਰ ਅੰਦਾਜ਼ ਕਰਨ ਦੀ ਗੱਲ ਆਖੀ ਹੈ। ਆਮ ਆਦਮੀ ਪਾਰਟੀ ਦੇ ਆਗੂ ਸਾਧੂ ਸਿੰਘ ਦਾ ਕਹਿਣਾ ਹੈ ਕਿ ਪਾਰਟੀ ਦੇ ਇਮਾਨਦਾਰ ਵਰਕਰਾਂ ਨੂੰ ਨਜ਼ਰਅੰਦਾਜ਼ ਕਰਨ ਦੀ ਗੱਲ ਨੂੰ ਉਹ ਦਿੱਲੀ ਲੀਡਰਸ਼ਿਪ ਕੋਲ ਰੱਖਣਗੇ। ਸਾਧੂ ਸਿੰਘ ਦਾ ਕਹਿਣਾ ਹੈ ਕਿ ਪੰਜਾਬ ‘ਆਪ’ ਦੇ ਕਈ ਵਰਕਰ ਪਾਰਟੀ ਦੀ ਨਵੀਂ ਬਣਤਰ ਤੋਂ ਖੁਸ਼ ਨਹੀਂ ਹਨ।
ਸਾਧੂ ਸਿੰਘ ਨੇ ਕਿਹਾ ਕਿ ਪਾਰਟੀ ਦੇ ਇਮਾਨਦਾਰ ਵਰਕਰ ਪੰਜਾਬ ‘ਚ ਅਜਿਹਾ ਮੰਚ ਚਾਹੁੰਦੇ ਹਨ ਜਿਸ ‘ਚ ਭ੍ਰਿਸ਼ਟਾਚਾਰ, ਕੁਸ਼ਾਸਨ, ਅਰਾਜਕਤਾ ਅਤੇ ਗਰੀਬੀ ਨਾਲ ਲੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਾਰਟੀ ਦੇ ਵਰਕਰਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਇਸ ਨਾਲ ਪਾਰਟੀ ਦੀ ਏਕਤਾ ਨੂੰ ਵੱਡੀ ਢਾਹ ਲੱਗ ਸਕਦੀ ਹੈ।
ਇੰਨਾ ਹੀ ਨਹੀਂ ਸਾਧੂ ਸਿੰਘ ਨੇ ਪਾਰਟੀ ‘ਚੋਂ ਕੱਢੇ ਗਏ ਉੱਘੇ ਆਗੂ ਡਾ. ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਦਾ ਵੀ ਪੱਖ ਪੂਰਿਆ ਹੈ ਅਤੇ ਉਨ੍ਹਾਂ ਨੂੰ ਪਾਰਟੀ ‘ਚ ਵਾਪਸ ਲੈਣ ਲਈ ਕਿਹਾ ਹੈ। ਇਥੇ ਦੱਸ ਦਈਏ ਕੁਝ ਅਜਿਹੇ ਹੀ ਸੁਰ ਡਾ. ਧਰਮਵੀਰ ਗਾਂਧੀ ਅਤੇ ਹਰਿੰਦਰ ਖਾਲਸਾ ਨੇ ਵੀ ਚੁੱਕੇ ਸਨ ਜਿਨ੍ਹਾਂ ਨੂੰ ਪਾਰਟੀ ਨੇ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ।