ਕਿਉਂ ਖ਼ੁਦਕੁਸ਼ੀਆਂ ਦੇ ਰਾਹ ਪੈ ਰਿਹੈ ਵਿਦਿਆਰਥੀ

walia bigਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਦੇ ਪੰਜ ਖੋਜ ਵਿਦਿਆਰਥੀਆਂ ਵਿਚੋਂ ਇਕ ਰੋਹਿਤ ਵੇਮੁਲਾ ਵਲੋਂ ਆਤਮ ਹੱਤਿਆ ਕੀਤੇ ਜਾਣ ਬਾਅਦ ਸਾਡੇ ਦੇਸ਼ਵਿਚ ਇਕ ਜਨਤਕ ਵਿਵਾਦ ਛਿੜ ਗਿਆ ਹੈ। ਇਸ ਵਿਵਾਦ ਨੇ ਜਿੱਥੇ ਦੇਸ਼ ਦੇ ਦਲਿਤ ਵਿਦਿਆਰਥੀਆਂ ਵਿਚ ਵੱਧ ਰਹੀ ਬੇਚੈਨੀ ਨੇ ਲੋਕਾਂ ਅਤੇ ਸਿਆਸੀ ਪਾਰਟੀਆਂ ਦਾ ਧਿਆਨ ਖਿੱਚਿਆ ਹੈ, ਉਥੇ ਦੇਸ਼ ਦੀ ਸੱਤਾਧਾਰੀ ਧਿਰ ਨੂੰ ਯੂਨ.ਵਰਸਿਟੀ ਦੇ ਕੰਮ ਵਿਚ ਦਖਲਅੰਦਾਜ਼ੀ ਕਾਰਨ ਨੁਕਤਾਚੀਨੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਰੋਹਿਤ ਦੀ ਖੁਦਕੁਸ਼ੀ ਤੋਂ ਛੇ ਦਿਨ ਬਾਅਦ 23 ਜਨਵਰੀ 2016 ਵਾਲੀ ਰਾਤ ਤਾਮਿਲਨਾਡੂ ਦੇ ਵਿਲਰਾਮਪੁਰ ਵਿਖੇ ਸਥਿਤ ਐਸ. ਵੀ. ਐਸ. ਮੈਡੀਕਲ ਕਾਲਜ ਆਫ਼ ਨੈਚੁਰੋਪੈਥੀ ਐਂਡ ਯੋਗਾ ਸਾਇੰਸਿਜ਼ ਦੀਆਂ ਤਿੰਨ ਵਿਦਿਆਰਥਣਾਂ ਵਲੋਂ ਖੂਹ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਖਬਰ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ। ਇਨ੍ਹਾਂ ਵਿਦਿਆਰਥਣਾਂ ਨੇ ਮਰਨ ਤੋਂ ਪਹਿਲਾਂ ਲਿਖੇ ਖੁਦਕੁਸ਼ੀ ਨੋਟ ਵਿਚ ਕਾਲਜ ਪ੍ਰਬੰਧਕਾਂ ਉਪਰ ਜ਼ਿਆਦਾ ਫ਼ੀਸ ਬਟੋਰਨ ਦਾ ਦੋਸ਼ ਲਾਇਆ ਹੈ। ਕਾਲਜ ਵਿਚ ਵਿਦਿਆਰਥੀ ਬੁਨਿਆਦੀ ਸਹੂਲਤਾਂ ਦੀ ਮੰਗ ਨੂੰ ਲੈ ਕੇ ਮਹੀਨਾ ਭਰ ਤੋਂ ਸੰਘਰਸ਼ ਕਰ ਰਹੇ ਸਨ ਪਰ ਕਿਸੇ ਨੇ ਉਹਨਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ। ਇਸ ਤਰ੍ਹਾਂ ਦੀ ਇਕ ਘਟਨਾ 14 ਨਵੰਬਰ 2015 ਨੂੰ ਸ੍ਰੀਨਗਰ ਦੇ ਸਰਕਾਰੀ ਪੋਲੀਟੈਕਨਿਕ ਕਾਲਜ ਵਿਚ ਪੜ੍ਹਦੇ ਮੁਹੰਮਦ ਅਦਨਾਨ ਹਿਲਾਲ ਨਾਲ ਵਾਪਰੀ। ਹਿਲਾਲ ਦੇ ਫ਼ਿਜ਼ੀਕਸ ਵਿਸ਼ੇ ਵਿਚੋਂ 28 ਨੰਬਰ ਆਏ ਪਰ ਉਸਨੂੰ ਆਪਣੇ ਉਪਰ ਵਿਸ਼ਵਾਸ ਸੀ ਕਿ ਫ਼ਿਜ਼ੀਕਸ ਵਿਚੋਂ ਉਸਦੇ ਇੰਨੇ ਘੱਟ ਅੰਕ ਨਹੀਂ ਆ ਸਕਦੇ ਤੇ ਸ਼ਾਇਦ ਇਸੇ ਕਾਰਨ ਉਸਨੇ ਪੇਪਰ ਨੂੰ ਮੁੜ ਜਾਂਚਣ ਲਈ ਫ਼ੀਸ ਭਰ ਦਿੱਤੀ ਪਰ ਦੁੱਖ ਇਸ ਗੱਲ ਦਾ ਹੈ ਕਿ ਉਸਦੇ ਮੁੜ ਨਤੀਜੇ ਵਿਚ ਚਾਰ ਮਹੀਨੇ ਲੱਗ ਗਏ ਅਤੇ ਇਸ ਤੋਂ ਪਹਿਲਾਂ ਹੀ ਹਿਲਾਲ ਨੇ ਜੇਹਲਮ ਵਿਚ ਡੁੱਬ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇੱਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਉਸ ਪੇਪਰ ਵਿਚ ਉਸਦੇ 48 ਨੰਬਰ ਆਏ।22 ਸਤੰਬਰ 2015 ਨੂੰ ਪ੍ਰਕਾਸ਼ਿਤ ਖਬਰ ਮੁਤਾਬਕ ਆਂਧਰਾ ਪ੍ਰਦੇਸ਼ ਦੇ ਕੱਡਪਾ ਜ਼ਿਲ੍ਹੇ ਦੇ ਵਸਨੀਕ ਨਗਿੰਦਰਾ ਕੁਮਾਰ ਕੇਵੀ ਨੇ ਪੱਖੇ ਨਾਲ ਰੱਸੀ ਬੰਨ੍ਹ ਕੇ ਫ਼ਾਹਾ ਲੈ ਲਿਆ। ਰੇਡੀ ਦਾ ਇਸ ਦੁਨੀਆਂ ਵਿਚੋਂ ਜਾਣ ਦਾ ਕਾਰਨ ਗ੍ਰੈਜੂਏਟ ਐਪੀਟਿਊਟ ਟੈਸਟ ਇਨ ਇੰਜੀਨੀਅਰਿੰਗ (ਗੇਟ) ਵਿਚੋਂ ਫ਼ੇਲ੍ਹ ਹੋਣਾ ਸੀ। ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵਾਲੇ ਕੋਚਿੰਗ ਸੈਂਟਰਾਂ ਦੇ ਸ਼ਹਿਰ ਕੋਟਾ (ਰਾਜਸਥਾਨ) ਵਿਖੇ ਜੂਨ 2015 ਦੇ ਮਹੀਨੇ ਵਿਚ ਪੰਜ ਵਿਦਿਆਰਥੀਆਂ ਵਲੋਂ ਆਤਮ ਹੱਤਿਆ ਕੀਤੀ ਗਈ। ਪੁਲਿਸ ਸੂਤਰਾਂ ਮੁਤਾਬਕ ਇਕ ਵਿਦਿਆਰਥੀ ਨੇ ਪੜ੍ਹਾਈ ਦੇ ਦਬਾਅ ਕਾਰਨ ਖੁਦਕੁਸ਼ੀ ਕੀਤੀ ਜਦੋਂ ਕਿ ਬਾਕੀ ਵਿਦਿਆਰਥੀਆਂ ਦੀ ਖੁਦਕੁਸ਼ੀ ਦੇ ਵੱਖਰੇ ਵੱਖਰੇ ਕਾਰਨ ਸਨ। ਜਿਵੇਂ ਕਿ ਇਕ ਲੜਕੀ ਪ੍ਰੇਮ ਪ੍ਰਸੰਗ ਕਾਰਨ ਆਤਮ ਹੱਤਿਆ ਕਰ ਗਈ ਅਤੇ ਦੂਜੀ ਲੜਕੀ ਦੇ ਲੈਸਬੀਅਨਸਬੰਧ ਹੋਣਾ ਉਸਦੀ ਮੌਤ ਦਾ ਕਾਰਨ ਬਣਿਆ। ਇਕ ਹੋਰ ਕੇਸ ਵਿਚ ਪਿਓ ਅਤੇ ਧੀ ਨੇ ਇਕੱਠਿਆਂ ਆਰਥਿਕ ਹਾਲਾਤ ਤੋਂਤੰਗ ਆ ਕੇ ਖੁਦਕੁਸ਼ੀ ਕੀਤੀ। ਉਂਝ ਇਹ ਵੇਖਣ ਵਿਚ ਆ ਰਿਹਾ ਹੈ ਕਿ ਦੇਸ਼ ਵਿਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਜਾਨਲੇਵਾ ਬਣਦੀਆਂ ਜਾ ਰਹੀਆਂ ਹਨ। ਪਿਛਲੇ ਵਰ੍ਹੇ ਸਿਰਫ਼ ਕੋਟਾ ਸ਼ਹਿਰ ਵਿਚ ਔਸਤਨ ਹਰ 13ਵੇਂ ਦਿਨ ਇਕ ਵਿਦਿਅਰਥੀ ਨੇ ਆਤਮ ਹੱਤਿਆ ਕੀਤੀ। ਹਾਲਾਤ ਇੰਨੀ ਕੁ ਚਿੰਤਾਜਨਕ ਹੋ ਗਏ ਹਨ ਕਿ ਰਾਜਸਥਾਨ ਹਾਈ ਕੋਰਟ ਨੂੰ ਵੀ ਇਸ ਮਾਮਲੇ ਵਿਚ ਦਖਲ ਦੇਣਾ ਪਿਆ। ਮਾਣਯੋਗ ਹਾਈਕੋਰਟ ਇਸ ਸਬੰਧੀ ਸਰਕਾਰ ਅਤੇ ਹੋਰ ਸਬੰਧਤ ਧਿਰਾਂ ਨੂੰ ਯੋਗ ਕਾਰਵਾਈ ਕਰਨ ਲਈ ਕਿਹਾ ਹੈ ਅਤੇ ਦੋ ਹਫ਼ਤਿਆਂ ਦੇ ਅੰਦਰ ਅੰਦਰ ਆਪਣਾ ਸਪਸ਼ਟੀਕਰਨ ਦੇਣ ਅਤੇ ਉਠਾਏ ਕਦਮਾਂ ਤੋਂ ਜਾਣੂ ਕਰਾਉਣ ਲਈ ਕਿਹਾ ਹੈ।
ਵਿਦਿਆਰਥੀਆਂ ਵਿਚ ਵੱਧ ਰਹੇ ਖੁਦਕੁਸ਼ੀਆਂ ਦੇ ਰੁਝਾਨ ਨੂੰ ਵੇਖ ਕੇ ਦੁੱਖ ਭਰੀ ਹੈਰਾਨੀ ਹੋਣਾ ਸੁਭਾਵਿਕ ਹੈ। ਆਈ ਏ ਐਸ, ਗੇਟ, ਨੈਟ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀ ਆਪਣੀ ਪੜ੍ਹਾਈ ਦੇ ਦਬਾਅ ਕਾਰਨ ਜਾਂ ਫ਼ਿਰ ਮਨਪਸੰਦ ਨਤੀਜੇ ਨਾ ਆਉਣ ਕਾਰਨ ਖੁਦਕੁਸ਼ੀਆਂ ਦੇ ਰਾਹ ਪੈ ਜਾਂਦੇ ਹਨ। ਇਸ ਪੱਖੋਂ ਸਾਲ 2006 ਨੂੰ ਕਾਲਾ ਵਰ੍ਹਾ ਗਰਦਾਨਿਆ ਜਾ ਸਕਦਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਇਸ ਵਰ੍ਹੇ 6000 ਵਿਦਿਆਰਥੀਆਂ ਨੇ ਆਤਮ ਹੱਤਿਆ ਕੀਤੀ ਸੀ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਅਨੁਸਾਰ 2014 ਵਿਚ ਹੋਈਆਂ ਆਤਮ ਹੱਤਿਆਵਾਂ ਵਿਚੋਂ 41 ਫ਼ੀਸਦੀ ਲੋਕ 14 ਤੋਂ 30 ਸਾਲ ਤੱਕ ਦੇ ਨੌਜਵਾਨ ਸਨ। ਰਿਪੋਰਟ ਅਨੁਸਾਰ 2014 ਵਿਚ 1.32 ਲੱਖ ਲੋਕਾਂ ਨੇ ਆਤਮ ਹੱਤਿਆ ਰਾਹੀਂ ਆਪਣੀ ਜਾਨ ਦਿੱਤੀ। ਜਦੋਂ ਕਿ 2013 ਵਿਚ ਇਹ ਅੰਕੜਾ 1.35 ਲੱਖ ਸੀ। ਇਸ ਪੱਖੋਂ ਮਹਾਰਾਸ਼ਟਰ ਅਤੇ ਤਾਮਿਲਨਾਡੂ 12 ਫ਼ੀਸਦੀ ਅੰਕੜੇ ਨਾਲ ਦੇਸ਼ ਵਿਚ ਸਭ ਤੋਂ ਉਤੇ ਹਨ। ਨੈਸ਼ਨਲ ਕ੍ਰਾਈਮ ਬਿਊਰੋ ਮੁਤਾਬਕ 1.8 ਫ਼ੀਸਦੀ ਨੌਜਵਾਨ ਪ੍ਰੀਖਿਆਵਾਂ ਵਿਚੋਂ ਅਸਫ਼ਲ ਰਹਿਣ ਬਾਅਦ ਮੌਤ ਦੇ ਰਾਹ ਪਏ। ਬਿਊਰੋ ਮੁਤਾਬਕ 18 ਤੋਂ 30 ਸਾਲ ਦੀ ਉਮਰ ਦੇ 44,870 ਨੌਜਵਾਨਾਂ ਨੇ 2014 ਵਿਚ ਆਤਮ ਹੱਤਿਆ ਕੀਤੀ। ਇਹਨਾਂ ਵਿਚ 17,527 ਕੁੜੀਆਂ ਸਨ। ਮਤਲਬ ਸਪਸ਼ਟ ਹੈ ਕਿ ਖੁਦਕੁਸ਼ੀ ਕਰਨ ਦਾ ਰੁਝਾਨ ਮੁੰਡਿਆਂ ਵਿਚ ਵੱਧ ਪਾਇਆ ਜਾ ਰਿਹਾ ਹੈ। ਅੰਕੜਿਆਂ ਮੁਤਾਬਕ 2014 ਵਿਚ 18-30 ਸਾਲ ਤੱਕ ਦੇ 44870 ਨੌਜਵਾਨਾਂ, ਜਿਹਨਾਂ ਨੇ ਮੌਤ ਨੂੰ ਗਲੇ ਲਾਇਆ ਸੀ, ਉਹਨਾਂ ਵਿਚ 27,343 ਮੁੰਡੇ ਸਨ। ਦੇਸ਼ ਦੇ ਵੱਡੇ 53 ਸ਼ਹਿਰਾਂ ਵਿਚ ਨੌਜਵਾਨਾਂ ਵਿਚ ਆਤਮ ਹੱਤਿਆ ਦਾ ਰੁਝਾਨ ਵੇਖਣ ਨੂੰ ਮਿਲਿਆ। 2011 ਵਿਚ ਇਹਨਾਂ ਵੱਡੇ ਸ਼ਹਿਰਾਂ ਵਿਚ 18,280 ਨੌਜਵਾਨ ਮੌਤ ਦੇ ਸ਼ਿਕਾਰ ਬਣੇ ਅਤੇ 2013 ਵਿਚ ਇਹ ਗਿਣਤੀ 21,313 ਹੋ ਗਈ। 2014 ਵਿਚ ਇਸ ਗਿਣਤੀ ਵਿਚ 8 ਫ਼ੀਸਦੀ ਕਮੀ ਆਈ ਅਤੇ 19597 ਰਹਿ ਗਈ। ਰਿਪੋਰਟ ਅਨੁਸਾਰ ਚੇਨਈ ਵਿਚ 2214, ਬੰਗਲੌਰ ਵਿਚ 1906, ਦਿੱਲੀ ਵਿਚ 18,847 ਅਤੇ ਮੁੰਬਈ ਵਿਚ 1195 ਨੌਜਵਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਇਹ ਚਾਰੇ ਸ਼ਹਿਰਾਂ ਵਿਚ ਕੁੱਲ ਮਿਲਾ ਕੇ 37 ਫ਼ੀਸਦੀ ਨੌਜਵਾਨਾਂ ਨੇ ਆਤਮ ਹੱਤਿਆਵਾਂ ਕੀਤੀਆਂ ਹਨ ਅਤੇ ਬਾਕੀ 49 ਸ਼ਹਿਰਾਂ ਵਿਚ ਵੀ ਆਤਮ ਹੱਤਿਆ ਦਾ ਰੁਝਾਨ ਵੇਖਣ ਨੂੰ ਮਿਲਿਆ।
ਵਿਦਿਆਰਥੀਆਂ ਵਿਚ ਵੱਧ ਰਹੇ ਆਤਮ ਹੱਤਿਆ ਦੇ ਰੁਝਾਨ ਪੱਖੋਂ ਰਾਜਸਥਾਨ ਦੇ ਕੋਟਾ ਸ਼ਹਿਰ ਨੇ ਸ ਸਭ ਦਾ ਧਿਆਨ ਖਿੱਚਿਆ ਹੈ।ਕੋਟਾ ਸ਼ਹਿਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਕੋਚਿੰਗ ਦੇਣ ਵਾਲੇ ਸੈਂਟਰਾਂ ਦਾ ਸ਼ਹਿਰ ਹੈ। ਮੁਕਾਬਲੇ ਵਿਚ ਸਫ਼ਲ ਹੋਣ ਲਈ ਤਿਆਰੀ ਕਰ ਰਹੇ ਨੌਜਵਾਨ ਬੱਚੇ ਬੱਚੀਆਂ ਮੌਤ ਨੁੰ ਗਲੇ ਲਾਉਣ ਦਾ ਮੁਕਾਬਲਾ ਕਰਨ ਲੱਗ ਪਏ ਹਨ। ਇਹਨਾਂ ਬੱਚਿਆਂ ਉਪਰ ਪ੍ਰੀਖਿਆਵਾਂਵਿਚ ਹਰ ਹੀਲੇ ਸਫ਼ਲ ਹੋਣ ਦਾ ਬੇਹੱਦ ਦਬਾਅ ਪਾਇਆ ਜਾਂਦਾ ਹੈ। ਮਾਪਿਆਂ ਵਲੋਂ ਵੱਡੀਆਂ ਉਮੀਦਾਂ ਅਤੇ ਆਸਾਂ ਦਾ ਵੀ ਤਣਾਅ ਇਹਨਾਂ ਮਾਸੂਮਾਂ ਦੀ ਮਾਨਸਿਕਤਾ ਦਾ ਹਿੱਸਾ ਹੁੰਦਾ ਹੈ। ਅਧਿਆਪਕਾਂ ਦਾ ਰਵੱਈਆ ਵੀ ਬਿਲਕੁਲ ਮਸ਼ੀਨੀ ਬਣ ਗਿਆ ਹੈ, ਉਹ ਸਿਰਫ਼ ਅਤੇ ਸਿਰਫ਼ ਸੂਚਨਾਵਾਂ ਅਤੇ ਜਾਣਕਾਰੀ ਮੁਹੱਈਆ ਕਰਵਾ ਰਹੇ ਹਨ। ਜਾਣਕਾਰੀ ਵੀ ਉਹ ਜੋ ਉਹਨਾਂ ਨੂੰ ਪ੍ਰੀਖਿਆਵਾਂ ਵਿਚੋਂ ਸਫ਼ਲ ਬਣਾ ਸਕੇ। ਬੱਚੇ ਦੀ ਸ਼ਖਸੀਅਤ ਦੇ ਹੋਰ ਉਸਾਰੂ ਪੱਖਾਂ ਵੱਲ ਧਿਆਨ ਦੇਣ ਦਾ ਉਨ੍ਹਾਂ ਕੋਲ ਕੋਈ ਵਕਤ ਨਹੀਂ। ਬੱਚੇ ਦਾ ਉਦੇਸ਼ ਪ੍ਰੀਖਿਆ ਨੂੰ ਪਾਸ ਕਰਨਾ ਬਣਾ ਦਿੱਤਾ ਜਾਂਦਾ ਹੈ ਅਤੇ ਜੇਕਰ ਬੱਚਾ ਅਸਫ਼ਲ ਰਹਿ ਜਾਂਦਾ ਹੈ ਤਾਂ ਉਸ ਕੋਲ ਕੋਈ ਹੋਰ ਵਿਕਲਪ ਜਾਂ ਬਦਲ ਨਹੀਂ ਦਿੱਤਾ ਜਾਂਦਾ। ਨਤੀਜੇ ਵਜੋਂ ਬੱਚਾ ਵੀ ਪ੍ਰੀਖਿਆ ਨੂੰ ਜਨਮ ਮੌਤ ਦੀ ਲੜਾਈ ਵਜੋਂ ਹੀ ਲੈਣ ਲੱਗਦਾ ਹੈ। ਦੁੱਖ ਇਸ ਗੱਲ ਦਾ ਵੀ ਹੈ ਕਿ ਬਹੁਤ ਸਾਰੇ ਮਾਪੇ ਵੀ ਇਸੇ ਦੌੜ ਵਿਚ ਸ਼ਾਮਲ ਹੁੰਦੇ ਹਨ। ਬੱਚੇ ਨੂੰ ਜੀਵਨ ਦੇ ਅਰਥ ਸਮਝਾਉਣ ਵਾਲਾ ਕੋਈ ਨਹੀਂ ਬਚਦਾ। ਅਸਫ਼ਲਤਾ ਦਾ ਸਾਹਮਣਾ ਕਿਵੇਂ ਕਰਨਾ ਹੈ, ਇਹ ਸਬਕ ਪੜ੍ਹਾਉਣ ਲਈ ਕੋਈ ਹਾਜ਼ਰ ਨਹੀਂ ਹੁੰਦਾ, ਨਾ ਮਾਪੇ ਅਤੇ ਨਾ ਹੀ ਅਧਿਆਪਕ। ਨਤੀਜੇ ਵਜੋਂ ਬੱਚਿਆਂ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਨੂੰ ਪਾਸ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ। ਜੋ ਬੱਚੇ ਅਸਫ਼ਲ ਹੋ ਜਾਂਦੇ ਹਨ, ਉਹਨਾਂ ਨੂੰ ਨਿਕੰਮੇ ਗਰਦਾਨ ਦਿੱਤਾ ਜਾਂਦਾ ਹੈ। ਅਜਿਹੀ ਨਿਰਾਸ਼ਾ ਦੀ ਹਾਲਤ ਬਹੁਤ ਵਾਰ ਵਿਦਿਆਰਥੀ ਖੁਦਕੁਸ਼ੀ ਵਰਗੇ ਕਦਮ ਪੁੱਟ ਲੈਂਦੇ ਹਨ। ਦੁਨੀਆਂ ਭਰ ਵਿਚ ਵਿਦਿਆਰਥੀਆਂ ਵਿਚ ਆਤਮ ਹੱਤਿਆ ਕਰਨ ਦੀ ਪ੍ਰਵਿਰਤੀ ਵੱਧ ਰਹੀ ਹੈ ਅਤੇ ਹਰ ਵਰ੍ਹੇ ਲੱਗਭੱਗ 2 ਲੱਖ 40 ਹਜ਼ਾਰ ਵਿਦਿਆਰਥੀ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਦੇ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਅਨੁਸਾਰ ਇਸ ਵਰ੍ਹੇ ਕੋਟਾ ਸ਼ਹਿਰ ਵਿਚ ਅਜਿਹੀਆਂ ਘਟਨਾਵਾਂ ਵਿਚ 61.3 ਫ਼ੀਸਦੀ ਵਾਧਾ ਹੋਇਆ ਹੈ।
ਆਤਮ ਹੱਤਿਆ ਦੀਆਂ ਕੋਸ਼ਿਸ਼ਾਂ ਅਤੇ ਆਤਮ ਹੱਤਿਆਵਾਂ ਵਿਚ ਹੋ ਰਹੇ ਵਾਧੇ ਬਾਰੇ ਮਾਪਿਆਂ, ਅਧਿਆਪਕਾਂ, ਵਿਦਿਆਰਥੀਆਂ, ਮਨੋਵਿਗਿਆਨੀਆਂ ਅਤੇ ਕੋਚਿੰਗ ਕੇਂਦਰਾਂ ਦੇ ਪ੍ਰਬੰਧਕਾਂ ਦੇ ਆਪਣੇ ਆਪਣੇ ਤਰਕ ਹਨ। ਆਈ. ਆਈ. ਟੀ., ਜੇ. ਈ. ਈ. ਅਤੇ ਮੈਡੀਕਲ ਪ੍ਰਵੇਸ਼ ਪ੍ਰੀਖਿਆਵਾਂ ਦੀ ਤਿਆਰੀ ਅਕਸਰ ਬਾਰਵੀ੍ਹ ਦੀ ਪੜ੍ਹਾਈ ਦੇ ਨਾਲ ਹੀ ਆਰੰਭ ਹੋ ਜਾਂਦੀ ਹੈ। ਇਸੇ ਤਰ੍ਹਾਂ ਆਈ. ਆਈ. ਐਸ. ਦੀ ਦਾਖਲਾ ਪ੍ਰੀਖਿਆ ਜਾਂ ਕੈਟ ਦੀ ਤਿਆਰੀ ਗ੍ਰੈਜੂਏਸ਼ਨ ਜਾਂ ਗ੍ਰੈਜੂਏਸ਼ਨ ਦੇ ਅੰਤਿਮ ਵਰ੍ਹੇ ਦੀ ਪ੍ਰੀਖਿਆ ਦੇ ਨਾਲ ਹੀ ਆਰੰਭ ਹੋ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਵਿਦਿਆਰਥੀਆਂ ਦਾ ਇਕ ਸਾਲ ਤਾਂ ਬਚ ਜਾਂਦਾ ਹੈ ਪਰ ਦੋਵੇਂ ਪ੍ਰੀਖਿਆਵਾਂ ਦੀ ਤਿਆਰੀ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਦੋਹਰੀ ਤਿਆਰੀ ਕਰਨ ਨਾਲ ਵਿਦਿਆਰਥੀ ਦਾ ਪ੍ਰੇਸ਼ਾਨ ਹੋਣਾ ਸੁਭਾਵਿਕ ਹੁੰਦਾ ਹੈ। ਆਈ. ਆਈ. ਟੀ. ਵਰਗੀਆਂ ਪ੍ਰੀਖਿਆਵਾਂ ਲਈ ਨਿਸਚਿਤ ਮੌਕੇ ਵਿਦਿਆਰਥੀ ਉਪਰ ਹੋਰ ਦਬਾਅ ਵਧਾ ਦਿੰਦੇ ਹਨ। ਦੋਵੇਂ ਪ੍ਰੀਖਿਆਵਾਂ ਨੂੰ ਇਕੋ ਸਮੇਂ ਪਾਸ ਕਰਨ ਦਾ ਦਬਾਅ ਬਹੁਤ ਜ਼ਬਰਦਸਤ ਅਤੇ ਕਈ ਵਾਰ ਜਾਨਲੇਵਾ ਵੀ ਹੁੰਦਾ ਹੈ। ਇੱਥੇ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਇਹਨਾਂ ਪ੍ਰੀਖਿਆਵਾਂ ਵਿਚ ਬੈਠਣ ਵਾਲੇ ਵਿਦਿਆਰਥੀਆਂ ਦੀ ਉਮਰ 15-16 ਸਾਲ ਹੀ ਹੁੰਦੀ ਹੈ। ਇੱਥੇ ਇਕ ਹੋਰ ਪਹਿਲੂ ਨੂੰ ਅੱਖੋਂ ਪਰੋਖੇ ਉੱਕਾ ਹੀ ਨਹੀਂ ਕੀਤਾ ਜਾ ਸਕਦਾ ਕਿ ਕੱਚੀ ਉਮਰ ਦੇ ਵਿਦਿਆਰਥੀਆਂ ਉਪਰ 2-2 ਲੱਖ ਰੁਪਏ ਕੋਚਿੰਗ ਫ਼ੀਸ ਦਾ ਦਬਾਅ ਵੀ ਹੁੰਦਾ ਹੈ।ਵਿਦਿਆਰਥੀਆਂ ਦਾ ਇਹ ਵੀ ਦੋਸ਼ ਹੈ ਕਿ ਕੋਚਿੰਗ ਦੇ ਰਹੇ ਅਧਿਆਪਕ ਹੁਸ਼ਿਆਰ ਵਿਦਿਅਰਥੀਆਂ ਵੱਲ ਜ਼ਿਆਦਾਧਿਆਨ ਦਿੰਦੇ ਹਨ। ਕੋਚਿੰਗ ਸੈਂਟਰਾਂ ਦੇ ਪ੍ਰਬੰਧਕਾਂ ਨੇ ਤਾਂ ਨਤੀਜੇ ਵੇਖਣੇ ਹਨ ਜੋ ਵਿਦਿਆਰਥੀ ਉਹਨਾਂ ਦੇ ਸੈਂਟਰ ਨੂੰ ਚੰਗੇ ਨੰਬਰ ਲੈ ਕੇ ਦਿਖਾਏਗਾ, ਉਹੀ ਉਹਨਾਂ ਦੇ ਕੰਮ ਆਉਂਦਾ ਹੈ। ਜਿਸਨੂੰ ਵੇਖ ਕੇ ਹੋਰ ਮਾਪੇ ਉਹਨਾਂ ਦੀ ਭਾਰੀ ਭਰਕਮ ਫ਼ੀਸ ਭਰਨ ਲਈ ਤਿਆਰ ਹੁੰਦੇ ਹਨ।ਕੋਚਿੰਗ ਸੈਂਟਰਾਂ ਦੇ ਪ੍ਰਬੰਧਕਾਂ ਦਾ ਮੁੱਖ ਉਦੇਸ਼ ਪੈਸਾ ਕਮਾਉਣਾ ਹੈ ਅਤੇ ਪੈਸਾ ਉਹਨਾਂ ਨੂੰ ਸਫ਼ਲ ਵਿਦਿਆਰਥੀਆਂ ਦੇ ਨਾਮ ‘ਤੇ ਹੀ ਮਿਲਦਾ ਹੈ। ਵਿਦਿਆਰਥੀਆਂ ਨੂੰ ਸਫ਼ਲ ਬਣਾਉਣ ਲਈ ਉਹ ਅਜਿਹੇ ਵਿਸ਼ਾ ਮਾਹਿਰ ਅਧਿਆਪਕ ਪੜ੍ਹਾਉਣ ਲਈ ਰੱਖਦੇ ਹਨ, ਜਿਹਨਾਂ ਦੀ ਸਾਲਾਨਾ ਆਮਦਨ 20-50 ਲੱਖ ਰੁਪਏ ਹੁੰਦੀ ਹੈ। ਕਈ ਵਾਰ ਤਾਂ ਅਧਿਆਪਕ ਦੀ ਫ਼ੀਸ ਕਰੋੜਾਂ ਤੱਕ ਵੀ ਪਹੁੰਚ ਜਾਂਦੀ ਹੈ। ਸਪਸ਼ਟ ਹੈ ਕਿ ਜੋ ਅਧਿਆਪਕ ਕਰੋੜ ਰੁਪਏ ਦੀ ਆਸ ਕਰਦਾ ਹੈ ਤਾਂ ਪ੍ਰਬੰਧਕਾਂ ਵਲੋਂ ਉਸ ਉਪਰ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਫ਼ਲ ਬਣਾਉਣ ਦਾ ਦਬਾਅ ਹੁੰਦਾ ਹੈ। ਅਜਿਹੇ ਅਧਿਆਪਕ ਬੱਚਿਆਂ ਵਿਚ ‘ਕਰੋ ਜਾਂ ਮਰੋ’ ਦੀ ਭਾਵਨਾ ਭਰ ਦਿੰਦੇ ਹਨ। ਅਜਿਹੇ ਹਾਲਾਤ ਵਿਚ ਜਦੋਂ ਬੱਚਾ ਕੁਝ ਕਰ ਨਹੀਂ ਪਾਉਂਦਾ ਤਾਂ ਉਹ ਮਰਨ ਨੂੰ ਤਰਜੀਹ ਦਿੰਦਾ ਹੈ। ਕੋਟਾ ਵਿਚ ਵੱਧ ਰਹੀਆਂ ਆਤਮ ਹੱਤਿਆਵਾਂ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੇ 12 ਸੂਤਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਅਤੇ ਆਦੇਸ਼ ਦਿੱਤੇ ਹਨ ਕਿ ਸਾਰੇ ਕੋਚਿੰਗ ਕੇਂਦਰ ਕੈਰੀਅਰ ਕੌਂਸਲਰ, ਮਨੋਚਕਿਸਤਕ ਅਤੇ ਫ਼ਿਜ਼ੀਓਲੋਜਿਸਟ ਨਿਯੁਕਤ ਕਰਨ ਤਾਂ ਕਿ ਵਕਤ-ਵਕਤ ‘ਤੇ ਵਿਦਿਆਰਥੀਆਂ ਦੀ ਕੌਂਸਲਿੰਗ ਕੀਤੀ ਜਾ ਸਕੇ। ਵਿਦਿਆਰਥੀਆਂ ਦੀ ਗਿਣਤੀ ਨਿਸਚਿਤ ਕੀਤੀ ਜਾਵੇ। ਦਾਖਲੇ ਲਈ ਵੀ ਸਕਰੀਨਿੰਗ ਪ੍ਰੀਕਿਰਿਆ ਅਪਣਾਈ ਜਾਵੇ। ਹਫ਼ਤੇ ਵਿਚ ਛੁੱਟੀ ਦੀ ਵਿਵਸਥਾ ਹੋਵੇ। ਬੱਚਿਆਂ ਦੇ ਮਨੋਰੰਜਨ ਦਾ ਖਿਆਲ ਰੱਖਿਆ ਜਾਵੇ। ਯੋਗਾ ਅਭਿਆਸ ਕਰਵਾਇਆ ਜਾਵੇ। ਫ਼ੀਸ ਨੂੰ ਕਿਸ਼ਤਾਂ ਵਿਚ ਭਰਨ ਦੀ ਵਿਵਸਥਾ ਹੋਵੇ। ਇਸ ਦੇ ਨਾਲ ਹੀ ਬੱਚਿਆਂ ਦੇ ਮਾਪਿਆਂ ਦੀ ਕੌਂਸਲਿੰਗ ਵੀ ਕੀਤੀ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਇਹਨਾਂ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਾਉਣ ਵਿਚ ਕਿੰਨਾ ਕੁ ਕਾਮਯਾਬ ਹੋਵੇਗਾ, ਇਹ ਤਾਂ ਸਮਾਂ ਹੀ ਦੱਸੇਗਾ ਪਰ ਕੋਟਾ ਵਿਚ ਵੱਧ ਰਹੀਆਂ ਆਤਮ ਹੱਤਿਆਵਾਂ ਇਕ ਖਤਰੇ ਦੀ ਘੰਟੀ ਜ਼ਰੂਰ ਹਨ। ਦੇਸ਼ ਵਿਚ ਜਿੱਥੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ, ਉਥੇ ਜੇਕਰ ਨੌਜਵਾਨਾਂ ਵਿਚ ਇਹ ਰੁਝਾਨ ਹੋਰ ਵੱਧ ਗਿਆ ਤਾਂ ਇਹ ਵੱਡੀ ਸਮੱਸਿਆ ਪੈਦਾ ਕਰੇਗਾ। ਸਰਕਾਰ ਅਤੇ ਲੋਕਾਂ ਨੂੰ ਇਸ ਨੂੰ ਗੰਭੀਰਤਾ ਨਾਲ ਲੈ ਕੇ ਇਸਦਾ ਹੱਲ ਤਲਾਸ਼ਣਾ ਚਾਹੀਦਾ ਹੈ।

LEAVE A REPLY