walia bigਖੂਬਸੂਰਤੀ ਹਰ ਕਿਸੇ ਦੀ ਚਾਹਤ ਹੁੰਦੀ ਹੈ। ਸੁੰਦਰਤਾ ਵੱਡੀ ਖੁਸ਼ੀ ਦਿੰਦੀ ਹੈ। ਸੁਹੱਪਣ ਨੂੰ ਪਿਆਰ ਕਰਨ ਵਾਲਾ ਦਿਲ ਕਦੇ ਬੁੱਢਾ ਨਹੀਂ ਹੁੰਦਾ। ਕੀ ਸੁੰਦਰਤਾ, ਹੁਸਨ, ਸੁਹੱਪਣ, ਖੂਬਸੂਰਤੀ ਅਤੇ ਰੰਗ ਰੂਪ ਸਿਰਫ਼ ਸਰੀਰ ਦਾ ਹੀ ਹੁੰਦਾ ਹੈ। ਕੀ ਸਰੀਰ ਵਾਂਗ ਮਨ ਨੂੰ ਸੁੰਦਰ ਬਣਾਉਣ ਲਈ ਬਿਊਟੀ ਪਾਰਲਰ ਅਤੇ ਜਿੰਮ ਆਦਿ ਹੋ ਸਕਦੇ ਹਨ? ਭਾਵੇਂ ਇਸਦਾ ਜਵਾਬ ਨਾਂਹ ਵਿੱਚ ਹੋਣਾ ਸੁਭਾਵਿਕ ਹੈ। ਤੁਸੀਂ ਬਿਊਟੀ ਪਾਰਲਰਾਂ ਵਿੱਚ ਜਾ ਕੇ ਸਰੀਰਕ ਸੁੰਦਰਤਾ ਵਿੱਚ ਵਾਧਾ ਕਰ ਸਕਦੇ ਹੋ। ਤੁਸੀਂ ਜਿਮ ਵਿੱਚ ਜਾ ਕੇ ਅਤੇ ਕਸਰਤਾਂ ਕਰਕੇ ਆਪਣੇ ਸਰੀਰ ਨੂੰ ਨਰੋਆ, ਤਕੜਾ ਅਤੇ ਰਿਸ਼ਟ ਪੁਸ਼ਟ ਬਣਾ ਸਕਦੇ ਹੋ। ਪਰ ਮਨ ਦਾ ਕੀ ਕਰੋਗੇ? ਮਨ ਨੂੰ ਸੁੰਦਰ ਕਿਵੇਂ ਬਣਾਓਗੇ? ਇਕ ਮਿਕਨਾਤੀਸ਼ੀ ਅਤੇ ਚੁੰਬਕੀ ਸ਼ਖਸੀਅਤ ਦੇ ਮਾਲਕ ਬਣਨ ਲਈ ਤੁਹਾਨੂੰ ਮਨ ਨੂੰ ਵੀ ਸੁੰਦਰ ਬਣਾਉਣਾ ਜ਼ਰੂਰੀ ਹੁੰਦਾ ਹੈ। ਮਨੁੱਖ ਦੀ ਜਿਸ ਤਰ੍ਹਾਂ ਦੀ ਸੋਚ ਹੁੰਦੀ ਹੈ, ਉਸੇ ਤਰ੍ਹਾਂ ਦਾ ਮਨੁੱਖ ਦਾ ਆਚਰਣ ਬਣ ਜਾਂਦਾ ਹੈ। ਤੁਹਾਡੇ ਜੀਵਨ ਵਿੱਚ ਸਫ਼ਲਤਾ ਤੁਹਾਡੇ ਮਨ ਦੇ ਵਿਸ਼ਵਾਸ ਦੇ ਕਾਰਨ ਮਿਲਦੀ ਹੈ। ਹਰ ਮਨੁੱਖ ਸਫ਼ਲ ਹੋਣਾ ਚਾਹੁੰਦਾ ਹੈ। ਹਰ ਮਨੁੱਖ ਜ਼ਿੰਦਗੀ ਵਿੱਚ ਪਿਆਰ ਚਾਹੁੰਦਾ ਹੈ, ਸਤਿਕਾਰ ਚਾਹੁੰਦਾ ਹੈ, ਪ੍ਰਸੰਸਾ ਚਾਹੁੰਦਾ ਹੈ, ਸ਼ੋਹਰਤ ਚਾਹੁੰਦਾ ਹੈ, ਦੌਲਤ ਚਾਹੁੰਦਾ ਹੈ ਅਤੇ ਸੱਤਾ ਚਾਹੁੰਦਾ ਹੈ। ਇਸ ਕਿਸਮ ਦੀ ਚਾਹਤ ਨੂੰ ਪੂਰਾ ਕਰਨ ਲਈ ਆਪਣੀ ਸ਼ਖਸੀਅਤ ਨੂੰ, ਆਪਣੇ ਵਿਅਕਤਿਤਵ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਪੱਲਰਨ ਦਾ ਮੌਕਾ ਦੇਣਾ ਚਾਹੀਦਾ ਹੈ।
ਮਨੁੱਖ ਨੂੰ ਆਪਣੇ ਮਾਨਸਿਕ ਵਿਕਾਸ ਲਈ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਸਵੈ-ਪੜਚੋਲ ਕਰਕੇ ਆਪਣੇ ਆਚਰਣ ਵਿੱਚਲੀਆਂ ਕਮੀਆਂ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ। ਰੋਜ਼ਾਨਾ ਜ਼ਿੰਦਗੀ ਵਿੱਚ ਵਿੱਚਰਦੇ ਹੋਏ ਹੋਰਨਾਂ ਲੋਕਾਂ ਨਾਲ ਆਪਣੇ ਵਿਵਹਾਰ ਨੂੰ ਵਾਚਣਾ ਚਾਹੀਦਾ ਹੈ। ਕੀ ਤੁਹਾਡੇ ਵਿਅਕਤਿਤਵ ਵਿੱਚ ਸਹਿਮਤੀ ਜਾਂ ਅਸਹਿਮਤੀ ਪ੍ਰਗਟ ਕਰਨ ਦਾ ਸਹੀ ਗੁਣ ਹੈ। ਰੋਜ਼ਾਨਾ ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਲੋਕਾਂ ਨਾਲ ਵਾਹ ਪੈਂਦਾ ਹੈ ਜੋ ਬਹੁਤ ਹੀ ਅਪਮਾਨਜਨਕ ਅਤੇ ਬੇਇੱਜ਼ਤੀ ਵਾਲੇ ਅੰਦਾਜ਼ ਵਿੱਚ ਅਸਹਿਮਤੀ ਪ੍ਰਗਟ ਕਰਦੇ ਹਨ।
(1) ਇੰਨੀ ਮੂਰਖਤਾ ਭਰੀ ਗੱਲ ਮੈਂ ਮੁੱਦਤਾਂ ਬਾਅਦ ਸੁਣੀ ਹੈ। ਤੇਰੇ ਨਾਲ ਸਹਿਮਤ ਨਹੀਂ ਹੋ ਸਕਦਾ।
(2) ਇਹ ਬੜਾ ਘਟੀਆ ਤਰੀਕਾ ਹੈ।
(3) ਤੁਹਾਡੀ ਮੂਰਖਤਾ ਭਰੀ ਦਲੀਲ ਭਲਾ ਕਿਸ ਤਰ੍ਹਾਂ ਸਹਿਮਤ ਹੋਇਆ ਜਾ ਸਕਦਾ ਹੈ।
(4) ਜੋ ਤੁਸੀਂ ਕਿਹਾ ਹੈ ਪੂਰੀ ਤਰ੍ਹਾਂ ਗਲਤ ਹੈ।
(5) ਤੁਹਾਡੀ ਹਰ ਦਲੀਲ ਮੂਰਖਤਾ ਭਰੀ ਹੈ।
ਇਸ ਤਰ੍ਹਾਂ ਦੇ ਸ਼ਬਦਾਂ ਨਾਲ ਪ੍ਰਗਟ ਕੀਤੀ ਅਸਹਿਮਤੀ ਨਿਸਚਿਤ ਤੌਰ ‘ਤੇ ਦੋਸਤਾਂ ਦੀ ਗਿਣਤੀ ਘਟਾ ਕੇ ਦੁਸ਼ਮਣਾਂ ਦੀ ਕਤਾਰ ਲੰਮਾ ਕਰਨ ਵਿੱਚ ਸਹਾਈ ਹੁੰਦੀ ਹੈ। ਅਜਿਹੀ ਬਿਰਤੀ ਦੇ ਲੋਕ ਸਿਰਫ਼ ਸ਼ਬਦਾਂ ਦਾ ਬਾਣ ਹੀ ਨਹੀਂ ਛੱਡਦੇ ਸਗੋਂ ਆਪਣੀ ਆਵਾਜ਼ ਅਤੇ ਸੁਰ ਨਾਲ ਵੀ ਦੁਸ਼ਮਣ ਬਣਾਉਂਦੇ ਹਨ। ਸਮਾਜਿਕ ਰਿਸ਼ਤਿਆਂ ਵਿੱਚ 90 ਫ਼ੀਸਦੀ ਮੌਕਿਆਂ ‘ਤੇ ਤਰੇੜਾਂ ਆਉਣ ਅਤੇ ਰਿਸ਼ਤੇ ਟੁੱਟਣ ਦੀ ਵਜ੍ਹਾ ਉਚੀ ਸੁਰ ਵਿੱਚ ਅਸਹਿਮਤੀ ਪ੍ਰਗਟਾਉਣਾ ਹੁੰਦਾ ਹੈ। ਹਾਲਾਂਕਿ ਅਸਹਿਮਤੀ ਪ੍ਰਗਟਾਉਣ ਦੇ ਹੋਰ ਵੀ ਕਈ ਤਰੀਕੇ ਹਨ। ਇਹਨਾਂ ਤਰੀਕਿਆਂ ਨੂੰ ਆਪਣੀ ਸ਼ਖਸੀਅਤ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਜਿਵੇਂ ਕਿ ਤੁਸੀਂ ਕਹਿ ਸਕਦੇ ਹੋ:
(1) ਸ਼ਾਇਦ ਜੋ ਤੁਸੀਂ ਕਹਿ ਰਹੇ ਹੋ ਠੀਕ ਹੀ ਹੈ ਪਰ ਇਉਂ ਵੀ ਹੋ ਸਕਦਾ ਹੈ।
(2) ਇਸ ਗੱਲ ਨੂੰ ਇਕ ਨਜ਼ਰੀਏ ਤੋਂ ਵੀ ਵੇਖਿਆ ਜਾ ਸਕਦਾ ਹੈ।
(3) ਮੇਰੇ ਵਿੱਚ ਇਕ ਹੋਰ ਵੀ ਖਿਆਲ ਆਇਆ ਹੈ।
(4) ਸ਼ਾਇਦ ਤੁਸੀਂ ਸਿਰਫ਼ ਇਕ ਦ੍ਰਿਸ਼ਟੀਕੋਣ ਤੋਂ ਵੇਖ ਰਹੇ ਹੋ।
ਇਉਂ ਅਗਰ ਜ਼ਰੂਰੀ ਹੋਵੇ ਤਾਂ ਤੁਸੀਂ ਬਹੁਤ ਹੀ ਨਿਮਰਤਾ ਅਤੇ ਧੀਮੀ ਸੁਰ ਵਿੱਚ ਆਪਣੀ ਅਸਹਿਮਤੀ ਪ੍ਰਗਟਾ ਸਕਦੇ ਹੋ। ਸਿਰਫ਼ ਇਹ ਛੋਟੀ ਜਿਹੀ ਗੱਲ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਨਹੀਂ ਪਤਾ। ਆਮ ਲੋਕਾਂ ਦੀ ਗੱਲ ਤਾਂ ਛੱਡੋ ਸਾਡੇ ਸਿਆਸੀ ਨੇਤਾ ਤਾਂ ਇਸ ਗੱਲੋਂ ਪੂਰਾ ਕੋਰੇ ਹਨ। ਹਿੰਦੁਸਤਾਨ ਦੇ ਖਬਰਾਂ ਦੇ ਚੈਨਲਾਂ ‘ਤੇ ਹੋ ਰਹੀ ਬਹਿਸ ਵਿੱਚ ਤੁਸੀਂ ਸੁਣ ਵੇਖ ਸਕਦੇ ਹੋ ਕਿ ਵੱਖ ਵੱਖ ਪਾਰਟੀਆਂ ਦੇ ਬੁਲਾਰੇ ਅਤੇ ਨੇਤਾ ਕਿਵੇਂ ਬਿਨਾਂ ਤਰਕ ਤੋਂ ਇਕ ਦੂਜੇ ਉਤੇ ਚਿੱਕੜ ਸੁੱਟਦੇ ਹਨ। ਸਭ ਤੋਂ ਪਹਿਲਾਂ ਤਾਂ ਇਹ ਸੋਚਣਾ ਜ਼ਰੂਰੀ ਹੈ ਕਿ ਕੀ ਤੁਸੀਂ ਸੱਚਮੁਚ ਹੀ ਸਾਹਮਣੇ ਵਾਲੇ ਦੇ ਤਰਕ ਨਾਲ ਸਹਿਮਤੀ ਨਹੀਂ ਰੱਖਦੇ। ਇਹ ਗੱਲ ਇਸ ਲਈ ਸੋਚਣੀ ਜ਼ਰੂਰੀ ਹੈ ਕਿਉਂਕਿ ਬਹੁਤ ਵਾਰ ਸਿਰਫ਼ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਜਾਂ ਦੂਜੇ ਨੂੰ ਨੀਵਾਂ ਦਿਖਾਉਣ ਲਈ ਸਖਤ ਸ਼ਬਦਾਂ ਵਿੱਚ ਅਸਹਿਮਤੀ ਪ੍ਰਗਟਾਈ ਜਾਂਦੀ ਹੈ। ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿ ਦਿੱਤੇ ਜਾ ਰਹੇ ਤਰਕ ਦੀ ਇਕੋ ਹੀ ਵਿਆਖਿਆ ਹੋਵੇ। ਉਦਾਹਰਣ ਵਜੋਂ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਬਹਿਸ ਹੋ ਰਹੀ ਹੈ ਅਤੇ ਪੰਜਾਬ ਸਰਕਾਰ ਦੀ ਦਲੀਲ ਹੈ ਕਿ ਸਰਕਾਰ ਨੇ ਪੂਰੇ ਹਿੰਦੁਸਤਾਨ ਨਾਲੋਂ ਵੱਧ ਕੇਸ ਨਸ਼ੇ ਦੇ ਫ਼ੜੇ ਹਨ। ਇਹ ਤਰਕ ਨਾਲ ਸਰਕਾਰ ਇਹ ਕਹਿਣਾ ਚਾਹੁੰਦੀ ਹੈ ਕਿ ਉਸਨੇ ਪੰਜਾਬ ਵਿੱਚ ਨਸ਼ੇ ਰੋਕਣ ਲਈ ਵੱਡੇ ਕਦਮ ਚੁੱਕੇ ਹਨ। ਇਸ ਤਰਕ ਨਾਲ ਇਸ ਨੁਕਤੇ ‘ਤੇ ਅਸਹਿਮਤ ਹੋਇਆ ਜਾ ਸਕਦਾ ਹੈ ਕਿ ਪੰਜਾਬ ਵਿੱਚ ਜ਼ਿਆਦਾ ਨਸ਼ਾ ਹੋਣ ਕਾਰਨ ਜ਼ਿਆਦਾ ਕੇਸ ਫ਼ੜੇ ਜਾ ਰਹੇ ਹਨ। ਸੋ ਅੰਕੜਿਆਂ ਦੀ ਵਿਆਖਿਆ ਨਾਲ ਅਸਹਿਮਤੀ ਪ੍ਰਗਟ ਕੀਤੀ ਜਾ ਸਕਦੀ ਹੈ। ਸੋ ਚੰਗੀ ਸ਼ਖਸੀਅਤ ਦੇ ਮਾਲਕ ਵਿਅਕਤੀ ਇਹ ਭਲੀ ਭਾਂਤ ਜਾਣਦੇ ਹੁੰਦੇ ਹਨ ਕਿ ਉਹਨਾਂ ਨੇ ਕਿਸ ਮੌਕੇ, ਕਿਸ ਤਰੀਕੇ ਅਤੇ ਕਿੰਨੀ ਸੁਰ ਵਿੱਚ ਆਪਣੀ ਅਸਹਿਮਤੀ ਦੇ ਸ਼ਬਦ ਬੋਲਣੇ ਹਨ।ਇਕ ਸੁੰਦਰ ਵਿਅਕਤਿਤਵ ਦਾ ਮਾਲਕ ਸਿਰਫ਼ ਅਸਹਿਮਤੀ ਹੀ ਨਹੀਂ ਸਗੋਂ ਸਹਿਮਤੀ ਪ੍ਰਗਟਾਉਣ ਦੇ ਨੁਕਤੇ ਵੀ ਜਾਣਦਾ ਹੁੰਦਾ ਹੈ। ਹਰ ਸਮੇਂ ਹਰ ਕਿਸੇ ਦੀ ਹਾਂ ਵਿੱਚ ਹਾਂ ਮਿਲਾਉਣਾ ਵੀ ਸਹੀ ਨਹੀਂ ਹੁੰਦਾ। ਜਦੋਂ ਤੁਸੀਂ ਅਜਿਹਾ ਕਰਦੇ ਹੋ ਤਾਂ ਸਾਹਮਣੇ ਵਾਲਾ ਦੋ ਤਰੀਕੇ ਨਾਲ ਤੁਹਾਨੂੰ ਆਂਕਦਾ ਹੈ ਜਾਂ ਤਾਂ ਉਹ ਇਸਨੂੰ ਚਾਪਲੂਸੀ ਸਮਝਦਾ ਹੈ ਅਤੇ ਜਾਂ ਫ਼ਿਰ ਤੁਹਾਡੀ ਸਮਝ ‘ਤੇ ਉਸਨੂੰ ਸ਼ੱਕ ਹੋ ਸਕਦਾ ਹੈ। ਸਹਿਮਤੀ ਪ੍ਰਗਟਾਉਣ ਲਈ ਤੁਹਾਨੂੰ ਦੂਜੇ ਦੀ ਗੱਲਬਾਤ ਵਿੱਚੋਂ ਸਹੀ ਨੁਕਤੇ ਤਲਾਸ਼ਣ ਦੀ ਲੋੜ ਹੁੰਦੀ ਹੈ। ਸਹੀ ਨੁਕਤੇ ‘ਤੇ ਪ੍ਰਗਟਾਈ ਸਹਿਮਤੀ ਦੂਜੇ ਦੇ ਮਨ ਵਿੱਚ ਤੁਹਾਡਾ ਸਤਿਕਾਰ ਵਧਾਉਂਦੀ ਹੈ। ਵਾਰਤਾਲਾਪ ਦੌਰਾਨ ਹਉਮੈ ਅਤੇ ਹੰਕਾਰ ਤੋਂ ਦੂਰੀ ਬਣਾ ਕੇ ਸਿਰਫ਼ ਸਹੀ ਬਿੰਦੂਆਂ ‘ਤੇ ਚਰਚਾ ਕਰਨੀ ਚਾਹੀਦੀ ਹੈ। ਬਹਿਸ ਨਹੀਂ, ਵਿਵਾਦ ਨਹੀਂ। ਇਹ ਜ਼ਰੂਰੀ ਨਹੀਂ ਕਿ ਤੁਸੀਂ ਪੂਰੀ ਤਰ੍ਹਾਂ ਯੲਰੁਛ ਹੋਵੋ ਅਤੇ ਇਹ ਵੀ ਜ਼ਰੂਰੀ ਨਹੀਂ ਕਿ ਤੁਸੀਂ ਅਸਹਿਮਤ ਹੋਵੋ। ਦੋਵਾਂ ਹਾਲਤਾਂ ਵਿੱਚ ਤੁਸੀਂ ਆਪਣੀ ਰਾਏ ਰੱਖ ਸਕਦੇ ਹੋ, ਸਿਰਫ਼ ਤੁਹਾਨੂੰ ਆਪਣਾ ਦ੍ਰਿਸ਼ਟੀਕੋਣ ਰੱਖਣ ਦੀ ਕਲਾ ਆਉਣੀ ਚਾਹੀਦੀ ਹੈ।
ਸ਼ਖਸੀਅਤ ਦੇ ਵਿਕਾਸ ਵਿੱਚ ਵਾਰਤਾਲਾਪ ਦੌਰਾਨ ਇਕ ਚੰਗਾ ਸਰੋਤਾ ਬਣਨ ਦੇ ਗੁਣ ਵੀ ਪ੍ਰਫ਼ੁੱਲਿਤ ਕਰਨੇ ਚਾਹੀਦੇ ਹਨ। ਇਕ ਚੰਗਾ ਸਰੋਤਾ ਹੀ ਚੰਗਾ ਬੁਲਾਰਾ ਹੁੰਦਾ ਹੈ, ਚੰਗਾ ਵਾਰਤਾਲਾਪਕਾਰ ਹੁੰਦਾ ਹੈ। ਬੋਲਣ ਦੀ ਕਲਾ ਵਾਂਗ ਸੁਣਨਾ ਵੀ ਇਕ ਕਲਾ ਹੀ ਹੈ। ਸਭ ਤੋਂ ਔਖਾ ਅਤੇ ਜ਼ਰੂਰੀ ਗੁਣ ਸੁਣਨ ਦਾ ਗੁਣ ਹੁੰਦਾ ਹੈ। ਹਮੇਸ਼ਾ ਸਾਹਮਣੇ ਵਾਲੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਹੁੰਗਾਰਾ ਭਰਨਾ ਚਾਹੀਦਾ ਹੈ। ਸੁਣੀ ਵਾਰਤਾਲਾਪ ਵਿੱਚੋਂ ਸਹਿਮਤੀ ਅਤੇ ਅਸਹਿਮਤੀ ਦੇ ਮੁੱਦੇ ਤਲਾਸ਼ਦੇ ਰਹਿਣਾ ਚਾਹੀਦਾ ਹੈ। ਦੂਜੇ ਵਿਅਕਤੀ ਨੂੰ ਬੋਲਦੇ ਸਮੇਂ ਵਿੱਚੋਂ ਨਹੀਂ ਟੋਕਣਾ ਚਾਹੀਦਾ ਹੈ। ਸੰਜਮ ਨਾਲ ਉਸਦੀ ਗੱਲ ਸੁਣਨੀ ਚਾਹੀਦੀ ਹੈ। ਗੱਲ ਪੂਰੀ ਹੋਣ ਤੋਂ ਬਾਅਦ ਹੀ ਆਪਣੀ ਗੱਲ ਕਰਨੀ ਚਾਹੀਦੀ ਹੈ। ਸਵਾਲ ਪੁੱਛਣ ਦੀ ਕਲਾ ਵੀ ਆਉਣੀ ਚਾਹੀਦੀ ਹੈ। ਸਵਾਲ ਨੂੰ ਸਿਰਫ਼ ਸਵਾਲ ਪੁੱਛਣ ਖਾਤਰ ਹੀ ਨਹੀਂ ਪੁੱਛਣਾ ਚਾਹੀਦਾ। ਸਾਹਮਣੇ ਵਾਲੇ ਦੀ ਸਿਆਣਪ ਨੂੰ ਚੁਣੌਤੀ ਦੇਣ ਲਈ ਹੀ ਸਵਾਲ ਨਹੀਂ ਪੁੱਛਣੇ ਚਾਹੀਦੇ। ਆਪਣੀ ਸਿਆਣਪ ਦਾ ਪ੍ਰਗਟਾਵਾ ਕਰਨ ਲਈ ਸਵਾਲ ਨਹੀਂ ਪੁੱਛਣੇ ਚਾਹੀਦੇ। ਸਵਾਲ ਹਮੇਸ਼ਾ ਚੱਲ ਰਹੀ ਗੱਲਬਾਤ ਦੇ ਸਬੰਧ ਵਿੱਚ ਹੀ ਕਰਨੇ ਚਾਹੀਦੇ ਹਨ। ਸਵਾਲ ਹਮੇਸ਼ਾ ਕਿਸੇ ਖਾਸ ਮੁੱਦੇ ਜਾਂ ਬਿੰਦੂ ਦੇ ਵਿਸਥਾਰ ਜਾਨਣ ਲਈ ਹੋਵੇ ਤਾਂ ਠੀਕ ਰਹਿੰਦਾ ਹੈ ਪਰ ਅਗਰ ਇਹ ਬੋਲਣ ਵਾਲੇ ਨੂੰ ਚੁਣੌਤੀ ਦੇਣ ਲਈ ਹੋਵੇਗਾ ਤਾਂ ਨਿਸਚਿਤ ਤੌਰ ‘ਤੇ ਇਹ ਵਿਵਾਦ ਨੂੰ ਜਨਮ ਦੇਵੇਗਾ। ਵਿਵਾਦ ਅਤੇ ਬਹਿਸ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ।
ਪੈਰ ਛੂਹਣ ਪਿੱਛੇ ਕੀ ਤਰਕ ਹੈ
ਸਾਡੇ ਸਭਿਆਚਾਰ ਵਿੱਚ ਪੈਰਾ ਨੂੰ ਛੂਹ ਕੇ ਮੱਥਾ ਟੇਕਣਾ ਆਮ ਵਰਤਾਰਾ ਹੈ। ਨੂੰਹਾਂ ਸੱਸਾਂ ਦੇ ਪੈਰ ਛੂੰਹਦੀਆਂ ਹਨ। ਪੁੱਤਰ ਪਿਓ ਦਾਦੇ ਦੇ ਪੈਰਾਂ ਨੂੰ ਹੱਥ ਲਗਾ ਕੇ ਆਸ਼ੀਰਵਾਦ ਲੈਂਦੇ ਹਨ। ਚੇਲੇ ਗੁਰੂਆਂ ਦੇ ਪੈਰ ਛੂੰਹਦੇ ਹਨ। ਬਹੁਤ ਸਾਰੀਆਂ ਖੇਡਾਂ ਵਿੱਚ ਅਜੇ ਵੀ ਗੁਰੂ ਸ਼ਿਸ਼ ਪ੍ਰੰਪਰਾ ਜਾਰੀ ਹੈ। ਸੰਗੀਤ ਸਿੱਖਣ ਵਾਲੇ ਵੀ ਆਪਣੇ ਗੁਰੂਆਂ ਦੇ ਪੈਰ ਛੂੰਹਦੇ ਹਨ। ਦੇਸ਼ ਦੇ ਕਈ ਹਿੱਸਿਆਂ ਵਿੱਚ ਮੁੰਡਿਆਂ ਵਾਗ ਕੁੜੀਆਂ ਵੀ ਆਪਣੇ ਅਧਿਆਪਕਾਂ ਦੇ ਪੈਰੀ ਹੱਥ ਲਾਉਂਦੀਆਂ ਹਨ। ਪੰਜਾਬ ਵਿੱਚ ‘ਸੰਤਾਂ ਦੇ ਵੱਗ ਫ਼ਿਰਦੇ’ ਹਨ ਅਤੇ ਲੋਕ ਉਨ੍ਹਾਂ ਦੇ ਪੈਰਾਂ ਵਿੱਚ ਲਿਟਦੇ ਹਨ। ਸਿੱਖਾਂ ਵਿੱਚ ਜਣੇ ਖਣੇ ਦੇ ਪੈਰਾਂ ਵਿੱਚ ਪੈਣ ਦੀ ਮਨਾਹੀ ਹੈ। ਵਣਜਾਰਾ ਬੇਦੀ ਨੇ ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ ਵਿੱਚ ਪੈਰ ਛੂਹਣ ਬਾਰੇ ਲਿਖਿਆ ਹੈ। ਮਹਾਂਪੁਰਖਾਂ ਦੇ ਅੰਦਰ ਜੋ ਸ਼ੁਭ ਗੁਣਾਂ ਤੇ ਅਧਿਆਤਮਕ ਸ਼ਕਤੀ ਦਾ ਪ੍ਰਵਾਹ ਚੱਲ ਰਿਹਾ ਹੁੰਦਾ ਹੈ, ਉਸਦਾ ਅੰਸ਼ ਪੈਰਾਂ ਦੁਆਰਾ ਬਾਹਰ ਨਿਕਲਦਾ ਹੈ। ਇਸ ਅੰਸ਼ ਨੂੰ ਗ੍ਰਹਿਣ ਕਰਨ ਲਈ ਮਹਾਂਪੁਰਖਾਂ ਦੇ ਪੈਰਾਂ ਨੂੰ ਛੂਹਿਆ ਜਾਂਦਾ ਹੈ ਅਤੇ ਮੱਧੇ ਟੇਕੇ ਜਾਂਦੇ ਹਨ। ਲੋਕਧਾਰਾ ਅਨੁਸਾਰ ਜੀਵ ਮਸਤਕ ਰਾਹੀਂ ਕੋਈ ਸ਼ਕਤੀ ਗ੍ਰਹਿਣ ਕਰਦਾ ਹੈ। ਜਦੋਂ ਕੋਈ ਸ਼ਖਸ ਕਿਸੇ ਮਹਾਂਪੁਰਖ ਦੇ ਪੈਰਾਂ ਉਤੇ ਮੱਥਾ ਟੇਕਦਾ ਹੈ ਤਾਂ ਉਸਦੇ ਪੈਰਾਂ ਵਿੱਚੋਂ ਨਿਕਲ ਰਹੀ ਸੁੱਚੇ ਗੁਣਾਂ ਦੀ ਕਣੀ ਮੱਥਾ ਟੇਕਣ ਵਾਲੇ ਦੇ ਮਸਤਕ ਦੁਆਰਾ ਉਸਦੇ ਸਰੀਰ ਵਿੱਚ ਪ੍ਰਵੇਸ਼ ਕਰਦੀ ਹੈ। ਪੈਰ ਛੂਹ ਕੇ ਮਹਾਂਪੁਰਖ ਦੀ ਸ਼ਕਤੀ ਨੂੰ ਮੱਥੇ ਜਾਂ ਹੱਥਾਂ ਦੁਆਰਾ ਸਮੇਟ ਕੇ ਆਪਣੇ ਵਿੱਚ ਗ੍ਰਹਿਣ ਕੀਤਾ ਜਾਂਦਾ ਹੈ। ਚਰਕ ਧੂੜੀ ਨੂੰ ਇਸੇ ਲਈ ਪਾਵਨ ਮੰਨਿਆ ਜਾਂਦਾ ਹੈ। ਚਰਕ ਧੂੜੀ ਦੁਆਰਾ ਮਹਾਂਪੁਰਖਾਂ ਦੀ ਮੂਲ ਦੈਵੀ ਕਣੀ ਨੂੰ ਗ੍ਰਹਿਣ ਕੀਤਾ ਜਾ ਸਕਦਾ ਹੈ। ਇਸ ਪਿੱਛੇ ਸਹਾਨੁਭੂਤੀ ਟੂਣੇ ਦਾ ਵਿੱਚਾਰ ਕੰਮ ਕਰਦਾ ਹੈ। ਜਿਸ ਅਨੁਸਾਰ ਅੰਸ਼ ਤੋਂ ਅੰਸ਼ੀ ਤੱਕ ਪਹੁੰਚਿਆ ਜਾ ਸਕਦਾ ਹੈ।ਅਕਸਰ ਬੱਚੇ ਪੁੱਛਦੇ ਹਨ ਕਿ ਸਾਨੂੰ ਵੱਡਿਆਂ ਦੇ ਪੈਰ ਛੂਹਣ ਲਈ ਕਿਉਂ ਕਿਹਾ ਜਾਂਦਾ ਹੈ। ਉਹਨਾਂ ਨੂੰ ਇਹ ਸਮਝਾਉਣਾ ਜ਼ਰੂਰੀ ਹੈ ਕਿ ਜਦੋਂ ਤੁਸੀਂ ਕਿਸੇ ਵੀ ਵੱਡੇ ਦੇ ਪੈਰੀਂ ਹੱਥ ਲਾਉਂਦੇ ਹੋ ਤਾਂ ਉਸ ਵੱਲੋਂ ਆਸ਼ੀਰਵਾਦ ਦੇਣਾ ਉਸਦੀ ਮਜਬੂਰੀ ਹੁੰਦੀ ਹੈ। ਦੂਜੇ ਪਾਸੇ ਇਹ ਵੀ ਜ਼ਰੂਰੀ ਹੈ ਕਿ ਪੈਰੀ ਹੱਥ ਲਵਾਉਣ ਵਾਲਾ ਇਸ ਗੱਲ ਦੇ ਕਾਬਲ ਹੋਵੇ ਕਿ ਉਸਦਾ ਸਤਿਕਾਰ ਮੱਥਾ ਟੇਕ ਕੇ ਕੀਤਾ ਜਾਵੇ। ਫ਼ਿਲਹਾਲ ਤਾਂ ਰਿਸ਼ਤਿਆਂ ਨੂੰ ਮੁੱਖ ਰੱਖ ਕੇ ਹੀ ਪੈਰ ਛੂਹਣ ਦੀ ਪ੍ਰਥਾ ਹੈ। ਵੇਖਣਾ ਇਹ ਹੈ ਕਿ ਪ੍ਰਥਾ ਕਿੰਨਾ ਕੁ ਚਿਰ ਜਾਰੀ ਰਹਿੰਦੀ ਹੈ।

LEAVE A REPLY