kahaniyaਅੱਲ੍ਹੜ ਵਰੇਸ ਵਾਲੇ ਮੁੰਡੇ ਸੇਮਾ ਤੇ ਵੀਰਾ ਬਚਪਨ ਦੇ ਆੜੀ ਸਨ। ਉਨ੍ਹਾਂ ਦੀ ਆਪਸ ਵਿੱਚ ਬੜੀ ਗੂੜ੍ਹੀ ਦੋਸਤੀ ਸੀ। ਉਹ ਇਕੱਠੇ ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਸਨ। ਰਲ-ਮਿਲ ਕੇ ਖੇਡਦੇ। ਸ਼ਰਾਰਤਾਂ ਕਰਦੇ। ਬਹੁਤੀ ਵਾਰ ਰਲ-ਮਿਲ ਕੇ ਹੀ ਖੋਟੀ ਖਾਂਦੇ। ਕਦੇ-ਕਦੇ ਇੱਕ-ਦੂਜੇ ਦੇ ਘਰਾਂ ‘ਚ ਰਾਤ ਨੂੰ ਸੌਂ ਵੀ ਜਾਂਦੇ।
ਸੇਮੇ ਦੇ ਪਰਿਵਾਰ ਵਿੱਚ ਖ਼ੁਦ ਸੇਮਾ, ਉਸ ਤੋਂ ਵੱਡੀਆਂ ਦੋ ਭੈਣਾਂ ਤੇ ਮਾਂ-ਬਾਪ ਸ਼ਾਮਲ ਸਨ। ਵੀਰੇ ਦੇ ਪਰਿਵਾਰ ਵਿੱਚ ਖ਼ੁਦ ਵੀਰਾ, ਉਸ ਤੋਂ ਵੱਡੀ ਇੱਕ ਭੈਣ, ਇੱਕ ਛੋਟਾ ਭਰਾ ਤੇ ਮਾਂ-ਬਾਪ ਸ਼ਾਮਲ ਸਨ।
ਪਿੰਡ ਵਿੱਚ ਕਬੱਡੀ ਟੂਰਨਾਮੈਂਟ ਹੋਵੇ, ਛਿੰਝ ਦਾ ਅਖਾੜਾ ਭਖਿਆ ਹੋਵੇ ਜਾਂ ਕੋਈ ਹੋਰ ਮੇਲਾ-ਗੇਲਾ ਲੱਗਾ ਹੋਵੇ ਤਾਂ ਉਹ ਇਕੱਠੇ ਹੀ ਰੌਣਕ-ਮੇਲਾ ਵੇਖਣ ਜਾਂਦੇ। ਜਿਵੇਂ-ਜਿਵੇਂ ਉਹ ਵੱਡੇ ਹੋ ਰਹੇ ਸਨ, ਉਵੇਂ-ਉਵੇਂ ਉਹ ਪਿੰਡ ਤੋਂ ਬਾਹਰ ਲਾਗਲੇ ਪਿੰਡਾਂ ਵਿੱਚ ਵੀ ਮੇਲਿਆਂ, ਅਖਾੜਿਆਂ, ਟੂਰਨਾਮੈਂਟ ਇਕੱਠੇ ਹੀ ਵੇਖਣ ਜਾਣ ਲੱਗ ਪਏ ਸਨ। ਫ਼ਿਰ ਕੁਝ ਕਿਲੋਮੀਟਰ ਦੂਰ ਸਥਿਤ ਇੱਕ ਕਸਬੇ ਅੰਦਰ ਲੱਗਦੇ ਮਾਘੀ, ਬਸੰਤ, ਵਿਸਾਖੀ, ਰੱਖੜ-ਪੁੰਨਿਆ, ਦੁਸਹਿਰਾ ਆਦਿ ਮੇਲਿਆਂ ਵਿੱਚ ਤਾਂ ਉਹ ਪੂਰੇ ਉਤਸ਼ਾਹ ਤੇ ਚਾਅ ਨਾਲ ਹਰ ਸਾਲ ਪਹੁੰਚਣ ਲੱਗ ਪਏ ਸਨ। ਹਾਂ, ਲੋਹੜੀ ਤੋਂ ਕੁਝ ਦਿਨ ਪਹਿਲਾਂ ਉਹ ਇਕੱਠੇ ਹੀ ‘ਸੁੰਦਰ-ਮੁੰਦਰੀਏ ਹੋ! ਤੇਰਾ ਕੌਣ ਵਿੱਚਾਰਾ ਹੋ!’ ਲੋਹੜੀ ਦਾ ਗੀਤ ਗਾਉਂਦੇ ਹੋਏ ‘ਲੋਹੜੀ ਮੰਗਣ’ ਲੱਗ ਪੈਂਦੇ ਸਨ।
ਇਹ ਸਿਲਸਿਲਾ ਸਾਲ-ਦਰ-ਸਾਲ ਚੱਲਦਾ ਰਿਹਾ ਸੀ। ਮੇਲਿਆਂ-ਗੇਲਿਆਂ ‘ਤੇ ਖ਼ਰਚ ਕਰਨ ਵਾਸਤੇ ਉਨ੍ਹਾਂ ਨੂੰ ਆਪੋ-ਆਪਣੇ  ਮਾਪਿਆਂ ਪਾਸੋਂ ਕੁਝ ਕੁ ਰੁਪਏ ਹੀ ਮਿਲਦੇ ਸਨ। ਉਹ ਦੋਵੇਂ ਇਨ੍ਹਾਂ ਕੁਝ ਕੁ ਰੁਪਿਆਂ ਨਾਲ ਹੀ ਪਰਚ ਜਾਂਦੇ। ਖ਼ੁਸ਼ ਹੋ ਜਾਂਦੇ। ਉਹ ਗ਼ਰੀਬ ਘਰਾਂ ਦੇ ਸਾਊ ਕਾਕੇ ਸਨ। ਉਹ ਵੱਡੇ ਘਰਾਂ ਦੇ ਕਾਕੇ ਨਹੀਂ ਸਨ, ਜਿਹੜੇ ਖੁੱਲ੍ਹਾ-ਡੁੱਲ੍ਹਾ ਧਨ ਖ਼ਰਚ ਕਰਦੇ ਸਨ, ਪੂਰੀ ਆਕੜ ਤੇ ਹੈਂਕੜ ਨਾਲ ਰਹਿੰਦੇ ਸਨ; ਕਿਸੇ ਤੋਂ ਡਰਦੇ ਨਹੀਂ ਸਨ; ਉਨ੍ਹਾਂ ਵਿੱਚੋਂ ਕਈਆਂ ਦੇ ਨੇੜੇ ਸਾਊਪੁਣਾ ਨਹੀਂ ਸੀ ਢੁੱਕਦਾ।
ਸੇਮਾ ਤੇ ਵੀਰਾ ਦਿਹਾੜੀ-ਦੱਪਾ ਕਰਨ ਵਾਲਿਆਂ ਅਤੇ ਤੰਗੀਆਂ-ਤੁਰਸ਼ੀਆਂ ਵਿੱਚ ਦਿਨ ਕੱਟਣ ਵਾਲਿਆਂ ਦੇ ਬੱਚੇ ਸਨ। ਰੱਜਵੀਂ ਰੋਟੀ ਤਾਂ ਉਨ੍ਹਾਂ ਦੇ ਪਰਿਵਾਰ ਕਦੇ-ਕਦੇ ਹੀ ਖਾਂਦੇ ਸਨ ਅਤੇ ਅਤਿ ਦੀ ਮਹਿੰਗਾਈ ਪੈਰ-ਪੈਰ ‘ਤੇ ਉਨ੍ਹਾਂ ਦੇ ਪਰਿਵਾਰਾਂ ਦਾ ਇਮਤਿਹਾਨ ਲੈ ਰਹੀ ਸੀ। ਟੁੱਟਵਾਂ ਰੁਜ਼ਗਾਰ ਮਿਲਣ ਕਾਰਨ ਉਨ੍ਹਾਂ ਦੀ ਮਾਲੀ ਹਾਲਤ ਟੁੱਟ-ਭੱਜ ਵਾਲੀ ਸੀ।
ਗ਼ਰੀਬੀ ਅਤੇ ਮਹਿੰਗਾਈ ਦੇ ਸਤਾਏ ਹੋਏ ਸੇਮੇ ਤੇ ਵੀਰੇ ਦੇ ਮਾਪਿਆਂ ਨੇ ਉਨ੍ਹਾਂ ਨੂੰ ਪੜ੍ਹਨੋਂ ਹਟਾ ਲਿਆ। ਫ਼ਿਰ ?ੁਹ ਦੋਵੇਂ ਆਪਣੇ ਪਿੰਡ ਦੇ ਛੋਟੇ ਜਿਹੇ ਅੱਡੇ ‘ਤੇ ਕਦੇ ਛੱਲੀਆਂ ਭੁੰਨ-ਭੁੰਨ ਕੇ ਵੇਚਣ ਦਾ ਕੰਮ ਅਤੇ ਕਦੇ ਮੂੰਗਫ਼ਲੀ, ਰਿਊੜੀਆਂ, ਗੱਚਕ ਆਦਿ ਵੇਚਣ ਦਾ ਕੰਮ ਕਰਨ ਲੱਗ ਪਏ। ਪਰ ਆਮਦਨ ਘੱਟ ਹੋਣ ਕਾਰਨ ਉਨ੍ਹਾਂ ਦੇ ਘਰਾਂ ਦੀ ਮਾਲੀ ਹਾਲਤ ਵਿੱਚ ਤਸੱਲੀਯੋਗ ਸੁਧਾਰ ਨਾ ਹੋਇਆ। ਗ਼ਰੀਬੀ ਦਾ ਪਹਿਰਾ ਪਹਿਲਾਂ ਵਾਂਗ ਹੀ ਉਨ੍ਹਾਂ ਦੇ ਘਰਾਂ ਵਿੱਚ ਕਾਇਮ ਰਿਹਾ। ਡੰਗ ਦੇ ਡੰਗ ਰੋਟੀ ਪੱਕਦੀ ਤੇ ਢਿੱਡਾਂ ਨੂੰ ਝੁਲਕਾ ਦੇ ਲਿਆ ਜਾਂਦਾ। ਗਰਮੀਆਂ ਦੇ ਦਿਨ ਤੇ ਰਾਤਾਂ ਜਿਵੇਂ-ਕਿਵੇਂ ਉਹ ਸਾਰੇ ਬਤੀਤ ਕਰ ਹੀ ਲੈਂਦੇ। ਪਰ ਸਿਆਲਾਂ ਦੀ ਰੁੱਤ ਡਾਹਢਾ ਤੰਗ-ਪ੍ਰੇਸ਼ਾਨ ਕਰਦੀ। ਪਾਟੀਆਂ-ਪੁਰਾਣੀਆਂ ਜੁੱਲੀਆਂ ਨਾਲ ਕਹਿਰ ਵਰਤਾਉਂਦੀ ਠੰਢ ਦਾ ਮੁਕਾਬਲਾ ਕਰਨਾ ਔਖਾ ਹੁੰਦਾ ਹੈ। ਭੁੱਖੇ ਜਾਂ ਅੱਧ ਰੱਜੇ ਢਿੱਡ ਨਾਲ ਤਾਂ ਸਿਆਲੂ ਰੁੱਤ ਦੀ ਇੱਕ ਰਾਤ ਕੱਟਣੀ ਮੁਸ਼ਕਿਲ ਹੋ ਜਾਂਦੀ ਹੈ। ਸੇਮੇ ਤੇ ਵੀਰੇ ਦੇ ਟੱਬਰਾਂ ਦੇ ਜੀਆਂ ਨੂੰ ਤਾਂ ਬਦਹਾਲੀ ‘ਚ ਹਰੇਕ ਕਕਰੀਲੀ ਰਾਤ ਦਾ ਮੁਕਾਬਲਾ ਕਰਨਾ ਪੈਂਦਾ ਸੀ। ਉਨ੍ਹਾਂ ਵਾਸਤੇ ਹਰੇਕ ਠੰਢੀ-ਸੀਤ ਰਾਤ ਨਿੱਤ ਨਵੀਂ ਜੰਗ ਲੜਨ ਦੇ ਬਰਾਬਰ ਸੀ।
ਉਮਰ ਬੀਤਣ ਨਾਲ ਸੇਮਾ ਤੇ ਵੀਰਾ ਆਪੋ-ਆਪਣੇ ਘਰ ਦੇ ਹਾਲਾਤ ਸਮਝਣ ਦੇ ਕੁਝ ਸਮਰੱਥ ਹੁੰਦੇ ਜਾ ਰਹੇ ਸਨ। ਉਂਜ ਵੀ ਗ਼ਰੀਬ ਘਰਾਂ ਦੇ ਬੱਚੇ ਜਲਦੀ ‘ਜ਼ਿੰਮੇਵਾਰ’, ‘ਸਿਆਣੇ’, ‘ਵੱਡੇ’ ਹੋ ਜਾਂਦੇ ਹਨ। ਜਦੋਂ ਸਿਰ ‘ਤੇ ਗੁਜ਼ਾਰੇ ਜੋਗੀ ਛੱਤ ਦਾ ਆਸਰਾ ਨਾ ਹੋਵੇ ਅਤੇ ਖੜ੍ਹਨ ਵਾਸਤੇ ਪੈਰਾਂ ਥੱਲੇ ਲੋੜੀਂਦੀ ਜ਼ਮੀਨ ਨਾ ਹੋਵੇ ਤਾਂ ਛੋਟੀ ਉਮਰ ਵਿੱਚ ਹੀ ਆਪਣੇ ਹਿੱਸੇ ਦਾ ਆਸਮਾਨ ਅਤੇ ਆਪਣੇ ਹਿੱਸੇ ਦੀ ਜ਼ਮੀਨ ਤਲਾਸ਼ਣ ਦੀ ਤਾਂਘ ਪੈਦਾ ਹੋ ਜਾਂਦੀ ਹੈ। ਬੇਸ਼ੱਕ ਹੋਰ ਸਭ ਖੇਡਾਂ ਉਨ੍ਹਾਂ ਨੂੰ ਵਿਸਰ ਗਈਆਂ ਸਨ ਤੇ ਸ਼ਰਾਰਤਾਂ ਕਰਨੀਆਂ ਉਹ ਭੁੱਲ ਗਏ ਸਨ, ਐਪਰ ਹੁਣ ਵੀ ਹਰ ਸਾਲ ਉਹ ਇਕੱਠੇ ਹੀ ‘ਲੋਹੜੀ ਮੰਗਣ’ ਚਲੇ ਜਾਂਦੇ ਹਨ। ਉਂਜ ਬਾਕੀ ਮੇਲਿਆਂ-ਗੇਲਿਆਂ ਦਾ ਰੌਣਕ-ਮੇਲਾ ਵੇਖਣ-ਮਾਣਨ ਤੋਂ ਉਹ ਅਕਸਰ ਮਨ ਮਸੋਸ ਕੇ ਰਹਿ ਜਾਂਦੇ। ਉਨ੍ਹਾਂ ਦਾ ਭੋਲਾ-ਭਾਲਾ ਤੇ ਮਾਸੂਮ ਬਚਪਨ ਉਨ੍ਹਾਂ ਦੇ ਘਰਾਂ ਦੀਆਂ ਤੰਗੀਆਂ-ਤੁਰਸ਼ੀਆਂ ਨੇ ਉਨ੍ਹਾਂ ਕੋਲੋਂ ਖੋਹ ਲਿਆ। ਉਹ ਹੁਣ ਆਪਣੇ ਮਾਪਿਆਂ ਦੀ ਨਿੱਘਰੀ ਦਸ਼ਾ ਵੱਲ ਗੌਰ ਨਾਲ ਵੇਖਣ ਲੱਗ ਪਏ ਸਨ। ਉਨ੍ਹਾਂ ਦੀ ਹਰ ਗੱਲ, ਨਸੀਹਤ, ਸਿੱਖਿਆ ਬੜੀ ਗਹੁ ਨਾਲ ਸੁਣਦੇ। ਆਪਣੇ ਮਾਪਿਆਂ ਦੇ ਹਉਕਿਆਂ ਹਾਵਿਆਂ ਦਾ ਮਤਲਬ ਜਾਣਨ-ਸਮਝਣ ਦੀ ਕੋਸ਼ਿਸ਼ ਕਰਦੇ। ਉਹ ਦੋਵੇਂ ਆਪਣੇ ਹੀ ਢੰਗ ਨਾਲ ਉਨ੍ਹਾਂ ਦੀ ਲੋੜੀਂਦੀ ਜ਼ਰੂਰੀ ਮਦਦ ਕਰਨੀ ਲੋਚਣ ਲੱਗ ਪਏ ਸਨ।
ਜਦੋਂ ਛੱਲੀਆਂ ਭੁੰਨ-ਭੁੰਨ ਕੇ ਵੇਚਣ ਨਾਲ ਜਾਂ ਮੂੰਗਫ਼ਲੀ, ਰਿਊੜੀਆਂ, ਗੱਚਕ ਆਦਿ ਵੇਚਣ ਨਾਲ ਉਨ੍ਹਾਂ ਦੇ ਟੱਬਰਾਂ ਦੀ ਆਮਦਨ ਵਿੱਚ ਗੁਜ਼ਾਰੇ ਲਾਇਕ ਵਾਧਾ ਨਾ ਹੋਇਆ ਤਾਂ ਸੇਮਾ ਤੇ ਵੀਰਾ ਸ਼ਹਿਰ ਵਿੱਚ ਕਾਰਖਾਨਿਆਂ ਵਿੱਚ ਕੰਮ ਕਰਨ ਲੱਗ ਪਏ। ਸ਼ੁਰੂ-ਸ਼ੁਰੂ ਵਿੱਚ ਉਹ ਵੱਖ-ਵੱਖ ਕਾਰਖਾਨਿਆਂ ਵਿੱਚ ਕੰਮ ‘ਤੇ ਲੱਗੇ। ਫ਼ਿਰ ਉਹ ਇੱਕ ਠੇਕੇਦਾਰ ਕੋਲ ਇੱਕ ਹੀ ਕਾਰਖਾਨੇ ਵਿੱਚ ਕੰਮ ਕਰਨ ਲੱਗ ਪਏ। ਆਪਣੇ ਪਿੰਡ ਤੋਂ ਇੱਕੋ ਸਾਈਕਲ ‘ਤੇ ਸਵਾਰ ਹੋ ਕੇ ਸ਼ਹਿਰ ਜਾਂਦੇ ਤੇ ਦੇਰ ਸ਼ਾਮ ਨੂੰ ਵਾਪਸ ਪਰਤ ਆਉਂਦੇ। ਵਾਰੋ-ਵਾਰੀ ਸਾਈਕਲ ਚਲਾਉਂਦੇ। ਇੱਕ-ਦੂਜੇ ਨੂੰ ਦਮ ਦਿਵਾਉਂਦੇ। ਉਨ੍ਹਾਂ ਦੇ ਸਾਹ ਇੱਕ-ਦੂਜੇ ਵਿੱਚ ਵਸਦੇ ਸਨ।
ਉਹ ਜਿਸ ਠੇਕੇਦਾਰ ਕੋਲ ਇਕੱਠੇ ਕੰਮ ਕਰਨ ਲੱਗੇ ਸਨ, ਉਹ ਹੋਰ ਕਈ ਠੇਕੇਦਾਰਾਂ ਵਾਂਗ ਸੁਭਾਅ ਪੱਖੋਂ ਡਾਢਾ ਸਖ਼ਤ ਤੇ ਨਿਰਦਈ ਸੀ। ਉਹ ਉਨ੍ਹਾਂ ‘ਤੇ ਭੋਰਾ ਤਰਸ ਨਾ ਖਾਂਦਾ ਤੇ ਉਨ੍ਹਾਂ ਕੋਲੋਂ ਉਨ੍ਹਾਂ ਦੀ ਸਰੀਰਕ ਸਮਰੱਥਾ ਤੋਂ ਜ਼ਿਆਦਾ ਕੰਮ ਲੈਂਦਾ। ਨਿੱਕੀ-ਨਿੱਕੀ ਗੱਲ ‘ਤੇ ਉਨ੍ਹਾਂ ਨਿੱਕਿਆਂ ਨੂੰ ਝਿੜਕਾਂ ਦਿੰਦਾ। ਗਾਲ੍ਹਾ ਕੱਢਦਾ। ਡਰ ਕੇ ਮਜਬੂਰੀ ਦੇ ਮਾਰੇ ਉਹ ਦੋਵੇਂ ਚੁੱਪ ਰਹਿੰਦੇ। ਠੇਕੇਦਾਰ ਦੇ ਦਬਕੇ ਕਾਰਨ ਮਨ ਮਾਰ ਕੇ ਓਵਰ ਟਾਈਮ ਵੀ ਲਾਉਂਦੇ।
ਸੇਮਾ ਤੇ ਵੀਰਾ ਆਪਣੀ ਪੂਰੀ ਵਾਹ ਲਾ ਕੇ ਕੰਮ ਕਰਦੇ। ਠੇਕੇਦਾਰ ਵੱਲੋਂ ਦਿੱਤੀ ਜਾਂਦੀ ਨਿਗੂਣੀ ਤਨਖ਼ਾਹ ਨਾਲ ਉਨ੍ਹਾਂ ਦੇ ਟੱਬਰਾਂ ਦੇ ਜੀਆਂ ਨੂੰ ਕੁਝ-ਕੁਝ ਸੌਖੇ ਸਾਹ ਜ਼ਰੂਰ ਆਉਣ ਲੱਗੇ, ਪਰ ਉਨ੍ਹਾਂ ਦੀ ਮਾਲੀ ਤਰੱਕੀ ਤੇ ਖ਼ੁਸ਼ਹਾਲੀ ਹਾਲੇ ਕੋਹਾਂ ਦੂਰ ਖੜ੍ਹੀ ਵਿਖਾਈ ਦਿੰਦੀ ਸੀ।
ਕਾਰਖਾਨੇ ਤੋਂ ਹਫ਼ਤਾਵਾਰੀ ਨਾਗੇ (ਛੁੱਟੀ) ਵਾਲੇ ਦਿਨ ਸੇਮੇ ਤੇ ਵੀਰੇ ਦਾ ਵਕਤ ਆਪਣੇ ਮੈਲੇ-ਕੁਚੈਲੇ ਕੱਪੜੇ ਧੋਣ, ਨਹਾਉਣ ਵਿੱਚ ਤੇ ਆਰਾਮ ਕਰ ਕੇ ਹਫ਼ਤੇ ਭਰ ਦੀ ਸਰੀਰਕ ਤੇ ਮਾਨਸਿਕ ਥਕਾਵਟ ਦੂਰ ਕਰਨ ਵਿੱਚ ਹੀ ਬਤੀਤ ਹੋ ਜਾਂਦਾ। ਉਨ੍ਹਾਂ ਨੂੰ ਚਾਹ ਕੇ ਵੀ ਮੇਲਿਆਂ-ਗੇਲਿਆਂ ਦਾ ਰੌਣਕ-ਮੇਲਾ ਵੇਖਣ-ਮਾਣਨ ਦੀ ਵਿਹਲ ਨਾ ਮਿਲਦੀ।
ਸੇਮਾ ਤੇ ਵੀਰਾ ਬਾਕੀ ਕਈ ਮੇਲੇ ਤੇ ਤਿਉਹਾਰ ਆਪਣੀ ਮਜਬੂਰੀ ਕਾਰਨ ਵਿਸਾਰ ਚੁੱਕੇ ਸਨ, ਪਰ ਲੋਹੜੀ ਦੇ ਤਿਉਹਾਰ ਦੀ ਖਿੱਚ ਉਨ੍ਹਾਂ ਦੇ ਦਿਲਾਂ ਵਿੱਚੋਂ ਘੱਟ ਨਹੀਂ ਹੋਈ। ਇਹ ਪਹਿਲਾਂ ਵਾਂਗ ਹੀ ਕਾਇਮ ਸੀ। ਜਦੋਂ ਵੀ ਲੋਹੜੀ ਦਾ ਤਿਉਹਾਰ ਨੇੜੇ ਆਉਂਦਾ ਤਾਂ ਉਦੋਂ ਹੀ ਉਨ੍ਹਾਂ ਦਾ ਮਨ ਕਰਦਾ ਕਿ ਉਹ ਦੋਵੇਂ ਇੱਕ-ਦੂਜੇ  ਦੇ ਗਲ ਵਿੱਚ ਬਾਹਵਾਂ ਪਾ ਕੇ ਅਤੇ ਮਿਲ ਕੇ ‘ਸੁੰਦਰ-ਮੁੰਦਰੀਏ ਹੋ! ਤੇਰਾ ਕੌਣ ਵਿੱਚਾਰਾ ਹੋ!’ ਲੋਹੜੀ ਦਾ ਗੀਤ ਗਾਉਂਦੇ ਹੋਏ ਆਪਣੇ ਪਿੰਡ ਦੇ ਘਰਾਂ ਵਿੱਚੋਂ ਲੋਹੜੀ ਮੰਗਣ ਜਾਣ। ਲੇਕਿਨ੩।
ਹਰਨੇਕ ਸਿੰਘ ਹੋਰਾਂ ਦਾ ਪਰਿਵਾਰ ਪਿੰਡ ਦੇ ਤਾਲੀਮਯਾਫ਼ਤਾ ਅਤੇ ਅਗਾਂਹਵਧੂ ਪਰਿਵਾਰਾਂ ਵਿੱਚ ਸ਼ੁਮਾਰ ਸੀ। ਹਰਨੇਕ ਸਿੰਘ ਦੇ ਪੁੱਤਰ ਰਣਬੀਰ ਸਿੰਘ ਉਰਫ਼ ਰਾਣੇ ਦਾ ਕੁਝ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਹੁਣ ਰਾਣੇ ਦੀ ਵਹੁਟੀ ਕਿਰਨਦੀਪ ਕੌਰ ਨੇ ਇੱਕ ਕੰਨਿਆ ਨੂੰ ਜਨਮ ਦਿੱਤਾ ਸੀ। ਕੁੜੀ ਪੈਦਾ ਹੋਣ ‘ਤੇ ਹਰਨੇਕ ਸਿੰਘ ਹੋਰਾਂ ਦੇ ਟੱਬਰ ਨੇ ਬਹੁਤ ਖ਼ੁਸ਼ੀ ਮਨਾਈ। ਆਪਣੇ ਘਰੇ ਕਿੰਨਰਾਂ ਨੂੰ ਨਚਵਾਇਆ ਤੇ ਵਿੱਤ ਮੁਤਾਬਿਕ ਧਨ, ਦਾਣੇ, ਕੱਪੜੇ ਆਦਿ ਦਾਨ ਕੀਤੇ।
ਭੰਡਾਂ ਅਤੇ ਹੋਰ ਜਿਹੜੇ ਵਧਾਈਆਂ ਲੈਣ ਆਏ, ਉਨ੍ਹਾਂ ਸਾਰਿਆਂ ਨੂੰ ਵੀ ਆਪਣੇ ਘਰੋਂ ਖਾਲੀ ਹੱਥ ਨਹੀਂ ਜਾਣ ਦਿੱਤਾ। ਨਵੀਂ ਜੰਮੀ ਬੱਚੀ ਦੀ ਟੱਬਰ ਵਿੱਚ ਆਮਦ ਦੀ ਖ਼ੁਸ਼ੀ ਵਿੱਚ ਉਨ੍ਹਾਂ ਨੇ ਲੋਹੜੀ ਦਾ ਜਸ਼ਨ ਪੂਰੇ ਚਾਅ ਤੇ ਉਤਸ਼ਾਹ ਨਾਲ ਮਨਾਉਣ ਦਾ ਫ਼ੈਸਲਾ ਕਰ ਲਿਆ ਹੋਇਆ ਸੀ।
੩ਤੇ ਲੋਹੜੀ ਵਾਲੇ ਦਿਨ ਹਰਨੇਕ ਸਿੰਘ ਹੋਰਾਂ ਦੇ ਟੱਬਰ ਨੇ ਲੋਹੜੀ ਮੰਗਣ ਆਉਣ ਵਾਲੇ ਮੁੰਡਿਆਂ ਤੇ ਕੁੜੀਆਂ ਦੀਆਂ ਟੋਲੀਆਂ ਨੂੰ ਝੋਲੀਆਂ ਭਰ-ਭਰ ਕੇ ਦਾਣੇ, ਮੂੰਗਫ਼ਲੀ, ਰਿਊੜੀਆਂ ਆਦਿ ਵੰਡੀਆਂ। ਹਰੇਕ ਟੋਲੀ ਨੂੰ ਰੁਪਏ ਵੀ ਦਿੱਤੇ। ਕੁੜੀ ਦੇ ਜਨਮ ਦੀਆਂ ਖ਼ੁਸ਼ੀਆਂ ਸਭ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਵੱਲੋਂ ‘ਕੁੜੀ ਦੀ ਲੋਹੜੀ’ ਪਾਉਣ ਭਾਵ ਜਸ਼ਨ ਮਨਾਉਣ ਦੀ ਚਰਚਾ ਪਿੰਡ ਦੇ ਹਰੇਕ  ਘਰ ਵਿੱਚ ਹੋਣ ਲੱਗੀ।
ਹਰਨੇਕ ਸਿੰਘ ਹੋਰਾਂ ਦੇ ਘਰ ਦੇ ਵਿਹੜੇ ਵਿੱਚ ਲੋਹੜੀ ਦਾ ਧੂਣਾ ਹਾਲੇ ਵੀ ਬਲ ਰਿਹਾ ਸੀ। ਕਿਰਨਦੀਪ ਕੌਰ ਆਪਣੀ ਨਵੀਂ ਜੰਮੀ ਧੀ ਆਪਣੀ ਨਿੱਘੀ ਗੋਦ ਵਿੱਚ ਲੈ ਕੇ ਬੈਠੀ ਹੋਈ ਸੀ ਅਤੇ ਪਰਿਵਾਰ ਦੇ ਬਾਕੀ ਜੀਅ ਵੀ ਮੰਜੀਆਂ ‘ਤੇ ਬੈਠੇ ਧੂਣੇ ਦੀ ਅੱਗ ਸੇਕ ਰਹੇ ਸਨ। ਮੂੰਗਫ਼ਲੀ, ਰਿਊੜੀਆਂ, ਚਿੜਵਿੜੇ ਆਦਿ ਚੱਬ ਕੇ ਲੋਹੜੀ ਦਾ ਆਨੰਦ ਮਾਣ ਰਹੇ ਸਨ। ਰਾਤ ਦਾ ਹਨੇਰਾ ਕੁਝ ਗੂੜ੍ਹਾ  ਹੋ ਚੁੱਕਾ ਸੀ। ਬਾਹਰਲਾ ਬੂਹਾ ਹਾਲੇ ਖੁੱਲ੍ਹਾ ਹੋਇਆ ਸੀ। ਹਰਨੇਕ ਸਿੰਘ ਨੇ ਆਪਣੇ ਪੁੱਤਰ ਰਾਣੇ ਨੂੰ ਆਖਿਆ, ”ਰਾਣਿਆ, ਉੱਠ ਕੇ ਬਾਹਰਲਾ ਬੂਹਾ ਬੰਦ ਕਰ ਦੇ! ਹੁਣ ਨ?੍ਹੀਂ ਆਉਣਾ ਕਿਸੇ ਨੇ ਲੋਹੜੀ ਲੈਣ। ਵਕਤ ਕਾਫ਼ੀ ਹੋ ਚੁੱਕਾ ਏ।”
ਇਸ ਤੋਂ ਪਹਿਲਾਂ ਕਿ ਰਾਣਾ ਉੱਠ ਕੇ ਬਾਹਰਲਾ ਬੂਹਾ ਬੰਦ ਕਰਦਾ, ਅੱਲ੍ਹੜ ਵਰੇਸ ਵਾਲੇ ਮੁੰਡੇ ਸੇਮਾ ਤੇ ਵੀਰਾ ‘ਸੁੰਦਰ-ਮੁੰਦਰੀਏ ਹੋ! ਤੇਰਾ ਕੌਣ ਵਿੱਚਾਰਾ ਹੋ!’ ਗਾਉਂਦੇ ਹੋਏ ਅੰਦਰ ਲੰਘ ਆਏ।
ਉਨ੍ਹਾਂ ਵੱਲ ਵੇਖ ਕੇ ਹਰਨੇਕ ਸਿੰਘ ਦੀ ਘਰਵਾਲੀ ਪ੍ਰੀਤਮ ਕੌਰ ਨੇ ਹੱਸ ਕੇ ਕਿਹਾ, ”ਓਏ ਮੁੰਡਿਓ! ਆਹ ਕੋਈ ਵੇਲਾ ਏ ਲੋਹੜੀ ਮੰਗਣ ਦਾ? ਤੁਹਾਨੂੰ ਇੰਨੀ ਠੰਢ ਵਿੱਚ ਘਰਾਂ ‘ਚੋਂ ਬਾਹਰ ਆਉਣ ਕੀਹਨੇ ਦਿੱਤਾ? ਪਹਿਲਾਂ ਕਿਉਂ ਨ੍ਹੀਂ ਆਏ?”
ਵੀਰਾ ਅਗਾਂਹ ਹੋ ਕੇ ਬੋਲਿਆ, ”ਤਾਈ ਜੀ, ਸ਼ਹਿਰ ਕਾਰਖਾਨੇ ਵਿੱਚ ਕੰਮ ਕਰਦਿਆਂ ਸਾਨੂੰ ਦੇਰ ਹੋ ਗਈ। ਠੇਕੇਦਾਰ ਨੇ ਅੱਜ ਵੀ ਸਾਨੂੰ ਪਹਿਲਾਂ ਨ੍ਹੀਂ ਆਉਣ ਦਿੱਤਾ। ਕਹਿੰਦਾ, ਓਵਰਟੈਮ ਲਾ ਕੇ ਜਾਓ।”
ਉਸ ਦੇ ਸਾਥੀ ਸੇਮੇ ਨੇ ਕਿਹਾ, ”ਤਾਈ ਜੀ, ਸਾਨੂੰ ਰੋਜ਼ ਓਵਰਟੈਮ ਵੀ ਲਾਉਣਾ ਪੈਂਦੈ। ਅਸੀਂ ਹਾਲੇ ਆਪਣੇ ਘਰਾਂ ਨੂੰ ਵੀ ਨਹੀਂ ਗਏ। ਤੁਹਾਡੇ ਘਰ ਦਾ ਬੂਹਾ ਖੁੱਲ੍ਹਾ ਪਿਆ ਵੇਖਿਆ। ਇਸ ਲਈ ਅਸੀਂ ਤੁਹਾਡੇ ਘਰ ਲੋਹੜੀ ਮੰਗਣ ਲਈ ਆ ਗਏ। ਲੋਹੜੀ ਮੰਗਣ ਨੂੰ ਸਾਡਾ ਬੜਾ ਈ ਚਿੱਤ ਕਰਦਾ ਸੀ।”ਪ੍ਰੀਤਮ ਕੌਰ ਨੇ ਮੂੰਗਫ਼ਲੀ ਤੇ ਰਿਉੜੀਆਂ ਦੇ ਬੁੱਕ ਭਰ-ਭਰ ਕੇ ਉਨ੍ਹਾਂ ਦੋਵਾਂ ਦੀਆਂ ਝੋਲੀਆਂ ਭਰ ਦਿੱਤੀਆਂ। ਹਰਨੇਕ ਸਿੰਘ ਨੇ ਆਪਣੇ ਬਟੂਏ ‘ਚੋਂ ਸੌ-ਸੌ ਰੁਪਏ ਦੇ ਦੋ ਨੋਟ ਕੱਢੇ ਤੇ ਉੱਠ ਕੇ ਇੱਕ ਨੋਟ ਸੇਮੇ ਨੂੰ ਤੇ ਦੂਜਾ ਵੀਰਾ ਨੂੰ ਫ਼ੜਾ ਦਿੱਤਾ। ਫ਼ਿਰ ਉਨ੍ਹਾਂ ਦੋਵਾਂ ਦੇ ਸਿਰ ਪਲੋਸ ਦਿੱਤੇ।
– ਨੂਰ ਸੰਤੋਖਪੁਰੀ

LEAVE A REPLY