ਚੰਡੀਗੜ੍ਹ : ਪੰਜਾਬ ਪੁਲਿਸ ਵਲੋਂ ਪੁਲਿਸ ਦੇ ਕੰਮ ਕਾਜ ਨੂੰ ਹੋਰ ਵਧੇਰੇ ਪੇਸੇਵਾਰਾਨਾ ਰੂਪ ਦੇਣ, ਫੀਲਡ ਵਿਚ ਤੈਨਾਤ ਪੁਲਿਸ ਅਧਿਕਾਰੀਆਂ ਦੀ ਉਪਲਬਧਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਰਾਜ ਅੰਦਰ ਰਾਤ ਸਮੇਂ ਪੁਲਿਸ ਦੀ ਤੈਨਾਤੀ ਨੂੰ ਵਧਾਉਣ ਦੀ ਇਕ ਯੋਜਨਾ ਸਮੇਤ ਕਈ ਅਹਿਮ ਕਦਮ ਚੁੱਕੇ ਜਾ ਰਹੇ ਹਨ।
ਰਾਜ ਦੇ ਪੁਲਿਸ ਮੁਖੀ ਸ੍ਰੀ ਸੁਰੇਸ਼ ਅਰੋੜਾ ਨੇ ਸਮੂਹ ਮੁੱਖ ਥਾਣਾ ਅਧਿਕਾਰੀਆਂ(ਐਸ.ਐਚ.ਓਜ਼)ਉਪ ਪੁਲਿਸ ਕਪਤਾਨਾਂ, ਸਹਾਇਕ ਪੁਲਿਸ ਕਮਿਸ਼ਨਰਾਂ, ਪੁਲਿਸ ਕਪਤਾਨਾਂ ਅਤੇ ਵਧੀਕ ਪੁਲਿਸ ਕਮਿਸ਼ਨਰਾਂ ਅਤੇ ਜ਼ਿਲ੍ਹਿਆਂ ਵਿਚ ਤੈਨਾਤ ਹੋਰਨਾਂ ਸੀਨੀਅਰ ਅਧਿਕਾਰੀਆਂ ਨੂੰ ਸਪੱਸਟ ਨਿਰਦੇਸ਼ ਦਿਤੇ ਹਨ ਕਿ ਉਹ ਆਪੋ ਆਪਣੀ ਤੈਨਾਤੀ ਵਾਲੇ ਸਥਾਨਾਂ ਤੇ ਸਰੀਰਕ ਤੌਰ ਤੇ ਹਾਜ਼ਰ ਰਹਿਣ ਅਤੇ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਬਿਨ੍ਹਾਂ ਕਿਸੇ ਵੀ ਸੂਰਤ ਵਿਚ ਆਪਣਾ ਤਾਇਨਾਤੀ ਵਾਲਾ ਸਥਾਨ ਨਾ ਛੱਡਣ।
ਪੁਲਿਸ ਮੁਖੀ ਵਲੋਂ ਸਮੂਹ ਜ਼ੋਨਾਂ ਦੇ ਇੰਸਪੈਕਟਰ ਜਨਰਲਾਂ ਅਤੇ ਪੁਲਿਸ ਕਮਿਸ਼ਨਰਾਂ ਨੂੰ ਵੀ ਨਿਰਦੇਸ਼ ਦਿਤੇ ਗਏ ਹਨ ਕਿ ਉਹ ਅਜਿਹੀ ਯੋਜਨਾ ਉਲੀਕਣ ਜਿਸ ਤਹਿਤ ਸਮੂਹ ਪੁਲਿਸ ਥਾਣਿਆਂ ਅਤੇ ਪੁਲਿਸ ਚੌ’ਕੀਆਂ ਵਿਖੇ ਪੁਲਿਸ ਕਰਮਚਾਰੀਆਂ ਦੀ ਨਿਯਮਤ ਮੌਜੂਦਗੀ ਖਾਸ ਕਰਕੇ ਰਾਤ ਸਮੇਂ ਯਕੀਨੀ ਬਣਾਈ ਜਾਵੇ। ਇਸ ਤੋ’ ਇਲਾਵਾ ਕਿਸੇ ਵੀ ਹੰਗਾਮੀ ਸਥਿਤੀ ਵਿਚ ਜਾਂ ਆਮ ਲੋਕਾਂ ਦੀ ਲੋੜ ਅਨੁਸਾਰ ਪੁਲਿਸ ਦੀ ਤੁੰਰਤ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਪੁਲਿਸ ਦੀ ਉਪਲਬਧਤਾ ਲਾਜ਼ਮੀ ਬਣਾਈ ਜਾਵੇ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਰਾਜ ਦੇ ਪੁਲਿਸ ਮੁੱਖੀ ਦੇ ਨਿਰਦੇਸ਼ਾਂ ਮੁਤਾਬਕ ਸਮੂਹ ਜ਼ੋਨਲ ਇੰਸਪੈਕਟਰਾਂ ਜਨਰਲਾਂ ਅਤੇ ਪੁਲਿਸ ਕਮਿਸ਼ਨਰਾਂ ਨੂੰ ਕਿਹਾ ਗਿਆ ਹੈ ਕਿ ਉਹ ਆਪੋ ਆਪਣੇ ਜ਼ਿਲ੍ਹਿਆਂ/ਖੇਤਰਾਂ ਲਈ ਇਕ ਵਿਸਥਾਰਤ ਰਾਤਰੀ ਪੁਲਿਸ ਵਿਵਸਥਾ ਯੋਜਨਾ ਤਿਆਰ ਕਰਨ। ਇਸ ਤੋਂ ਇਲਾਵਾ ਉਹ ਰਾਤ ਸਮੇ’ ਪੁਲਿਸ ਦੀ ਅਹਿਮ ਸਥਾਨਾਂ ‘ਤੇ ਤੈਨਾਤੀ ਅਤੇ ਪੁਲਿਸ ਦੀ ਗਸ਼ਤ ਸਬੰਧੀ ਰੋਜ਼ਾਨਾ ਅਧਾਰ ‘ਤੇ ਆਪਣੀਆਂ ਰਿਪੋਰਟਾਂ ਪੁਲਿਸ ਮੁਖੀ ਨੂੰ ਭੇਜਣ। ਪੁਲਿਸ ਵਿਭਾਗ ਵਲੋਂ ਮੁੱਖ ਦਫਤਰ ਤੇ ਤੈਨਾਤ ਸੀਨੀਅਰ ਅਧਿਕਾਰੀਆਂ ਨੂੰ ਨਿਯਮਤ ਤੌਰ ਤੇ ਫੀਲਡ ਵਿਚ ਭੇਜ ਕੇ ਰਾਤ ਸਮੇਂ ਪੁਲਿਸ ਦੀ ਤੈਨਾਤੀ ਦੀ ਜਾਂਚ ਕੀਤੇ ਜਾਣ ਦਾ ਵੀ ਫੈਸਲਾ ਕੀਤਾ ਗਿਆ ਹੈ।
ਇਸੇ ਦੌਰਾਨ ਪੰਜਾਬ ਪਿਲਸ ਵਲੋਂ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸੱਕੀ ਸਰਗਰਮੀ ਜਾਂ ਵਿਅਕਤੀ ਨਜ਼ਰ ਆਉਣ ਤੇ ਤੁਰੰਤ ਪੁਲਿਸ ਦੇ ਹੰਗਾਮੀ ਨੰਬਰਾਂ 100 ਜਾਂ 181 ਪੰਜਾਬ ਪੁਲਿਸ ਹੈਲਪ ਲਾਈਨ ‘ਤੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ। ਬੁਲਾਰੇ ਨੇ ਕਿਹਾ ਕਿ ਪੰਜਾਬ ਪੁਲਿਸ ਰਾਜ ਦੇ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਅਤੇ ਤਿਆਰ ਬਰ ਤਿਆਰ ਹੈ।