Editorialਕਾਬੁਲ ਵਿੱਚ ਨਾਸ਼ਤਾ, ਲਾਹੌਰ ਵਿੱਚ ਲੰਚ ਅਤੇ ਨਵੀਂ ਦਿੱਲੀ ਵਿੱਚ ਰਾਤ੍ਰੀ ਭੋਜਨ। ਇੱਕ ਹਫ਼ਤੇ ਤਕ, ਭਾਰਤ ਦੇ ਪ੍ਰਧਾਨ ਮੰਤਰੀ ਦੇ ਕਾਬੁਲ ਤੋਂ ਭਾਰਤ ਵਾਪਸੀ ਦੇ ਰਾਹ ਵਿੱਚ ਪਾਕਿਸਤਾਨ ਵਿੱਚ ਉੱਥੋਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਦੋਹਤੀ ਨੂੰ ਆਸ਼ੀਰਵਾਦ ਦੇਣ ਲਈ, ਬਿਨਾ ਮੀਡੀਆ ਨੂੰ ਦੱਸੇ, ਸਟੌਪ ਮਾਰਨ ਨੂੰ ਲੈ ਕੇ ਬੌਰਡਰ ਦੇ ਦੋਹੇਂ ਪਾਸੇ ਖ਼ੂਬ ਚਰਚੇ ਹੁੰਦੇ ਰਹੇ, ਪਰ ਫ਼ਿਰ ਉਸ ਸਾਰੀ ਦੀ ਸਾਰੀ ਦਾਸਤਾਨ ਪਿੱਛੇ ਇੱਕ ਤਰ•ਾਂ ਦੀ ‘ਪੋਸਟ ਸਕ੍ਰਿਪਟ’ ਜੁੜ ਗਈ: ਪਠਾਨਕੋਟ ਵਿੱਚ ਸੰਸਕਾਰਾਂ ਦੀ ਰਹਿੰਦੀ ਕਹਾਣੀ ਦੀ ਸਕ੍ਰਿਪਟ। ਪੀ.ਐੱਸ. ਅੰਗ੍ਰੇਜ਼ੀ ਵਾਲੇ ਕਿਸੇ ਚਿੱਠੀ ਦੇ ਅੰਤ ਵਿੱਚ ਚੇਤੇ ਆਈ ਗੱਲ ਜਾਂ ਪਿੱਛੋ ਸੁੱਝੀ ਗੱਲ ਲਿਖਣ ਲਈ ਵਰਤਦੇ ਹਨ। ਇਸ ਕਹਾਣੀ ਵਿੱਚ ਵੀ ਪਿੱਛਲੇ ਸਾਲ ਦਾ ਅੰਤ ਮੋਦੀ-ਸ਼ਰੀਫ਼ ਦੀ ਗਲਵਕੜੀ ਨਾਲ ਹੋਇਆ ਸੀ ਅਤੇ ਦੋਹਾਂ ਮੁਲਕਾਂ ਦਰਮਿਆਨ ਇੱਕ ਤਰ•ਾਂ ਦੀ ਨਵੀਂ ਸ਼ੁਰੂਆਤ ਦੀ ਆਸ ਜਾਗੀ ਸੀ … ਪਰ ਕਿਸੇ ‘ਪਿੱਛੋਂ ਸੁੱਝੀ ਸਕ੍ਰਿਪਟ ਤਬਦੀਲੀ’ ਵਾਂਗ ਪਾਕਿਸਤਾਨ ਨਾਲ ਭਾਰਤੀ ਰਿਸ਼ਤਿਆਂ ਦੀ ਕਹਾਣੀ ਪਠਾਨਕੋਟ ਏਅਰ ਬੇਸ ‘ਤੇ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਇੱਕ ਵਾਰ ਆਪਣਾ ਪੂਰਾ ਚੱਕਰ ਕੱਟ ਕੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੇ ਖ਼ਾਤਮੇ ਵੱਲ ਜਾ ਚੁੱਕੀ ਲਗਦੀ ਹੈ। ਨਵੇਂ ਵਰ•ੇ ਦੀ ਐਨ ਕਗਾਰ ‘ਤੇ ਖੜਿ•ਆਂ ਜਿੱਥੇ ਉਸ ਵਕਤ ਦੋਹਾਂ ਮੁਲਕਾਂ ਦਰਮਿਆਨ ਇੱਕ ਨਵੀਂ ਨਕੋਰ ਗੱਲਬਾਤ ਸ਼ੁਰੂ ਹੋਣ ਦੀ ਉਮੀਦ ਦੀਆਂ ਕਿਰਣਾਂ ਦਿਖਾਈ ਦੇ ਰਹੀਆਂ ਸਨ; ਹੁਣ ਉਸੇ ਜਗ•ਾ ‘ਤੇ ਸਿਰਫ਼ ਸਾਜ਼ਿਸ਼ਾਂ ਅਤੇ ਅਨਿਸ਼ਚਿਤਤਾਵਾਂ ਹਨ, ਕਿਸੇ ਵੀ ਭਾਰਤ-ਪਾਕਿ ਗੱਲਬਾਤ ਦੇ ਦੋ ਪੱਕੇ ਲੱਛਣ! ਪਿੱਛਲੇ 18 ਮਹੀਨਿਆਂ ਤੋਂ ਮੋਦੀ ਨੇ ਪਾਕਿਸਤਾਨ ਨਾਲ ਨਜਿੱਠਣ ਦਾ ਹਰ ਸੰਭਵ ਯਤਨ ਕੀਤੈ। ਸ਼ਰੀਫ਼ ਨੂੰ ਆਪਣੇ ਸਹੁੰ ਚੁੱਕ ਸਮਾਰੋਹ ਲਈ ਸੱਦਾ ਦੇਣ ਤੋਂ ਲੈ ਕੇ ਉਸ ਨੂੰ ਅੰਤਰ-ਰਾਸ਼ਟਰੀ ਸਟੇਜ ‘ਤੇ ਅਣਗੌਲਿਆਂ ਕਰਨ ਤਕ ਅਤੇ ਮੁੜ ਕ੍ਰਿਸਮਿਸ ਦੇ ਮੌਕੇ 25 ਦਿਸੰਬਰ ਨੂੰ ਜਹਾਜ਼ ਲਾਹੌਰ ਵਿੱਚ ਰੋਕ ਕੇ ਉਸ ਵੱਲ ਇੱਕ ਵਾਰ ਫ਼ਿਰ ਦੋਸਤੀ ਦਾ ਹੱਥ ਵਧਾ ਕੇ; ਹੁਣ ਬਹੁਤਾ ਕੁਝ ਅਜਿਹਾ ਰਹਿ ਨਹੀਂ ਗਿਆ ਲਗਦਾ ਜੋ ਅਜਿਹੇ ਮੌਕੇ ‘ਤੇ ਮੋਦੀ ਕਰ ਸਕਦੈ! ਭਾਰਤ ਅਤੇ ਪਾਕਿਸਤਾਨ ਇੱਕ ਵਾਰ ਫ਼ਿਰ ਖੇਡ ਦੀ ‘ਸਟਾਰਟਿੰਗ ਲਾਈਨ’ (ਸ਼ਰੂ ਕਰਨ ਵਾਲੀ ਜਗ•ਾ) ‘ਤੇ ਖੜ•ੇ ਹੋ ਗਏ ਹਨ।
ਜੇਕਰ, ਜਿਵੇਂ ਕਿ ਮੇਰੇ ਇਹ ਸਤਰਾਂ ਲਿਖਣ ਤਕ ਖ਼ਬਰਾਂ ਗਰਮ ਨੇ, ਪਾਕਿਸਤਾਨ ਦਾ ਅਤਿਵਾਦੀ ਸੰਗਠਨ ਜੈਸ਼-ਏ-ਮੋਹੰਮਦ (ਜੈਸ਼) ਹੀ ਇਸ ਕਾਰੇ ਦੇ ਪਿੱਛੇ ਹੋਇਆ ਤਾਂ ਮੋਦੀ ਦੀ ਅਚਾਨਕ ਲਾਹੌਰ ਯਾਤਰਾ ਕਾਰਨ ਦੋਹਾਂ ਮੁਲਕਾਂ ਦੇ ਸ਼ੀਤ ਰਿਸ਼ਤਿਆਂ ‘ਤੇ ਜੰਮੀ ਬਰਫ਼ ਦੇ ਪਿਘਲਣ ਦੀ ਜਿਹੜੀ ਆਸ ਬੱਝੀ ਸੀ ਉਸ ਦਾ ਕੀ ਬਣੇਗਾ? ਪੰਜਾਬ, ਭਾਰਤ ਤੋਂ ਖ਼ਬਰਾਂ ਤਾਂ ਇਹ ਵੀ ਆ ਰਹੀਆਂ ਨੇ ਕਿ ਪਠਾਨਕੋਟ ਬੇਸ ‘ਤੇ ਹਮਲਾ ਕਰਨ ਵਾਲੇ ਅਤਿਵਾਦੀਆਂ ਨੂੰ ਪਾਕਿਸਤਾਨ ਦੇ ਇੱਕ ਏਅਰਬੇਸ ‘ਤੇ ਫ਼ੌਜੀ ਜਹਾਜ਼ਾਂ ਨਾਲ ਨਕਲੀ ਡ੍ਰਿਲ ਵੀ ਕਰਾਈ ਗਈ। ਜੇਕਰ ਇਸ ਗੱਲ ਦੀ ਤਸਦੀਕ ਹੋ ਜਾਂਦੀ ਹੈ ਤਾਂ ਫ਼ਿਰ ਇਸ ਫ਼ਿਦਾਏਈਨ ਹਮਲੇ ਪਿੱਛੇ ਪਾਕਿਸਤਾਨੀ ਫ਼ੌਜ ਅਤੇ ਖ਼ੁਫ਼ੀਆ ਏਜੰਸੀ, ਆਈ.ਐੱਸ.ਆਈ., ਦਾ ਸਿੱਧਾ ਹੱਥ ਹੋਣ ਤੋਂ ਵੀ ਇਨਕਾਰ ਕਰਨਾ ਮੁਸ਼ਕਿਲ ਹੋ ਜਾਵੇਗਾ। ਉੱਚ ਖ਼ੁਫ਼ੀਆ ਸੂਤਰਾਂ ਅਨੁਸਾਰ ਉਹ ਇਸ ਦਿਲ ਦਹਿਲਾ ਦੇਣ ਵਾਲੇ ਨਤੀਜੇ ‘ਤੇ ਉਨ•ਾਂ ਫ਼ੋਨ ‘ਇੰਟਰਸੈਪਟਾਂ’ ਕਾਰਨ ਅੱਪੜੇ ਹਨ ਜਿਹੜੇ ਉਨ•ਾਂ ਨੇ ਜਹਾਦੀਆਂ ਅਤੇ ਉਨ•ਾਂ ਦੇ ਪਾਕਿਸਤਾਨੀ ਹੈਂਡਲਰਾਂ ਦਰਮਿਆਨ ਹੁੰਦੀ ਗੱਲਬਾਤ ਤੋਂ ਫ਼ੜੇ। ਸੂਤਰਾਂ ਅਨੁਸਾਰ, ਇੱਕ ਪਾਕਿਸਤਾਨੀ ਏਅਰਬੇਸ ‘ਤੇ ਕਰਵਾਏ ਗਏ ਇੱਕ ਟ੍ਰੇਨਿੰਗ ਸੈਸ਼ਨ ਵਿੱਚ ਅਤਿਵਾਦੀ ਜਹਾਦੀਆਂ ਨੂੰ ‘ਏਅਰਬੇਸ ਸੈਕਿਓਰਿਟੀ ਪੈਰਾਮੀਟਰ’ (ਸੁਰੱਖਿਆ ਕਵਚ) ਤੋੜਨ ਦਾ ਵੱਲ ਸਿਖਾਉਣ ਦੇ ਕਈ ਡਰਾਈ ਰੰਨ ਕਰਵਾਏ ਗਏ: ਜਹਾਦੀਆਂ ਨੇ ਆਪਣਾ ਇਹੋ ਸਿਖਿਆ ਹੋਇਆ ਗੁਰ ਪਠਾਨਕੋਟ ਏਅਰਬੇਸ ਦੇ ਖ਼ੂਬ ਅੰਦਰ ਤਕ ਦਾਖ਼ਲ ਹੋਣ ਲਈ ਵਰਤਿਆ। ਜਿਹੜੇ ਹਥਿਆਰ ਉਨ•ਾਂ ਨੇ ਵਰਤੋਂ ਵਿੱਚ ਲਿਆਂਦੇ ਉਨ•ਾਂ ਵਿੱਚ ‘ਯੂ.ਬੀ.ਐੱਲਜ਼’ (ਅੰਡਰ ਬੈਰਲ ਗੰਨਜ਼), ਜੋ ਕਿ ਏ.ਕੇ. 47 ਅਸੌਲਟ ਰਾਈਫ਼ਲਾਂ ਦਾ ਹੀ ਸੁਧਰਿਆ ਹੋਇਆ ਰੂਪ ਹੈ, ਸ਼ਾਮਿਲ ਹਨ ਜੋ ਕਿ ਮੋਰਟਾਰ ਲੌਂਚਰ ਦੇ ਤੌਰ ‘ਤੇ ਵੀ ਵਰਤੇ ਜਾ ਸਕਦੇ ਹਨ। ਇਸ ਗੱਲ ਤੋਂ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਹੋ ਜਾਣਾ ਚਾਹੀਦਾ ਹੈ ਕਿ ਇਸ ਐਕਸ਼ਨ ਪਿੱਛੇ ਕਿੰਨੀ ਕੁ ਟ੍ਰੇਨਿੰਗ ਲਈ ਗਈ ਹੋਵੇਗੀ … ਤੇ ਹੁਣ ਜ਼ਰਾ ਇਹ ਸੋਚੋ ਕਿ ਜੇਕਰ ਇਹ ਸਭ ਸਾਬਿਤ ਹੋ ਜਾਂਦਾ ਹੈ ਤਾਂ ਹਾਲੇ ਪਿੱਛਲੇ ਸਾਲ ਦੇ ਐਨ ਅੰਤ ਵਿੱਚ ਜਾ ਕੇ ਮੋਦੀ ਜੀ ਵਲੋਂ ਸ਼ੁਰੂ ਕੀਤੀ ਗਈ ਉਸ ਸ਼ਾਂਤੀ ਪ੍ਰਕਿਰਿਆ ਦਾ ਕੀ ਬਣੂ! ਜਿਵੇਂ ਜਿਵੇਂ ਮੈਂ ਇਹ ਸੰਪਾਦਕੀ ਨੋਟ ਲਿਖ ਰਿਹਾਂ ਇੰਟੈਲੀਜੈਂਸ ਹਲਕਿਆਂ ਵਲੋਂ ਨਵੇਂ ਨਵੇਂ ਇੰਕਸ਼ਾਫ਼ ਕੀਤੇ ਜਾ ਰਹੇ ਹਨ।
ਜੈਸ਼ ਦੇ ਅਤਿਵਾਦੀਆਂ ਦੀ ਪਾਕਿਸਤਾਨ ਵਿੱਚ ਬੈਠੇ ਆਪਣੇ ਹੈਂਡਲਰਾਂ ਨਾਲ ਅੱਠ ਵਾਰ ਹੋਈ ਅਤੇ ਏਜੰਸੀਆਂ ਵਲੋਂ ਇੰਟਰਸੈਪਟ ਕੀਤੀ (ਫ਼ੜੀ) ਗਈ ਗੱਲਬਾਤ ਤੋਂ ਲਗਭਗ ਇਹ ਪੱਕਾ ਹੋ ਜਾਣ ਤੋਂ ਬਾਅਦ ਕਿ ਇਸ ਵਾਰਦਾਤ ਦੀ ਸਾਜ਼ਿਸ਼ ਪਿੱਛੇ ਪਾਕਿਸਤਾਨੀ ਸਟੇਟ ਵਲੋਂ ਸਪੌਂਸਰ ਕੀਤੇ ਗਏ ਐਕਟਰਜ਼ ਦਾ ਹੱਥ ਵੀ ਹੋ ਸਕਦਾ ਹੈ, ਨਰੇਂਦਰ ਮੋਦੀ ਨੇ ਨਵਾਜ਼ ਸ਼ਰੀਫ਼ ਨਾਲ ਬੁੱਧਵਾਰ ਨੂੰ ਹੀ ਫ਼ੋਨ ‘ਤੇ ਗੱਲ ਕਰ ਕੇ ਉਸ ਨੂੰ ਇਸ ਘਟਨਾ ਦੀ ਫ਼ੌਰਨ ਜਾਂਚ ਕਰਾਉਣ ਲਈ ਕਿਹਾ। ਸੂਤਰਾਂ ਦਾ ਦੱਸਣਾ ਹੈ ਕਿ ਮੋਦੀ ਨੇ ਆਪਣੇ ਪਾਕਿਸਤਾਨੀ ਕਾਊਂਟਰਪਾਰਟ (ਪ੍ਰਤੀਰੂਪ) ਨੂੰ ਇਸ ਵਾਰਦਾਤ ਦੀ ਤਹਿਕੀਕਾਤ ਕਰਨ ਵਿੱਚ ਕੋਈ ਵੀ ਢਿੱਲ-ਮੱਠ ਨਾ ਦਿਖਾਉਣ ਦੇ ਆਪਣੇ ਵਾਅਦੇ ‘ਤੇ ਫ਼ੌਰਨ ਪੇਸ਼ਕਦਮੀ ਕਰਨ ਨੂੰ ਵੀ ਕਿਹਾ। ਇੱਥੇ ਮੋਦੀ ਦੀ ਪਾਕਿਸਤਾਨ ਤੋਂ ਮੰਗ ਹੈ ਕਿ ਉਹ ਜੈਸ਼-ਏ-ਮੋਹੰਮਦ ਦੇ ਉਨ•ਾਂ ਸੱਤ ਅਤਿਵਾਦੀਆਂ ਖ਼ਿਲਾਫ਼ ਫ਼ੌਰਨ ਕਾਰਵਾਈ ਕਰੇ ਜਿਹੜੇ ਪਾਕਿਸਤਾਨ ਤੋਂ ਪਠਾਨਕੋਟ ਦੇ ਏਅਰਬੇਸ ਵਿੱਚ ਦਾਖ਼ਲ ਹੋਏ ਜਹਾਦੀਆਂ ਨੂੰ ਹਿਦਾਇਤਾਂ ਦੇ ਰਹੇ ਸਨ। ਇਨ•ਾਂ ਨੂੰ ਭਾਰਤੀ ਖ਼ੁਫ਼ੀਆ ਏਜੰਸੀਆਂ ‘ਦਾ ਗੈਂਗ ਔਫ਼ ਸੈਵਨ’ ਕਹਿੰਦੀਆਂ ਹਨ ਅਤੇ ਇਸ ਗੈਂਗ ਵਿੱਚ ਜੈਸ਼ ਦਾ ਸੰਸਥਾਪਕ ਮੌਲਾਨਾ ਮਸੂਦ ਅਜ਼ਹਰ ਅਤੇ ਉਸ ਦਾ ਛੋਟਾ ਭਰਾ ਮੁਫ਼ਤੀ ਅਬਦੁਰ ਰੌਫ਼ ਅਸਗ਼ਰ ਸ਼ਾਮਿਲ ਹਨ। ਸੂਤਰਾਂ ਨੇ ਅੱਗੇ ਜਾ ਕੇ ਦੱਸਿਆ ਕਿ ਭਾਰਤੀ ਪ੍ਰਧਾਨ ਮੰਤਰੀ ਨੇ ਸ਼ਰੀਫ਼, ਜੋ ਕਿ ਇਸ ਵਕਤ ਸ਼੍ਰੀ ਲੰਕਾ ਦੇ ਦੌਰੇ ‘ਤੇ ਹਨ, ਨਾਲ ਫ਼ੋਨ ‘ਤੇ ਉਨ•ਾਂ ਸਬੂਤਾਂ ਬਾਰੇ ਵੀ ਗੱਲ ਕੀਤੀ ਹੈ ਜਿਹੜੀ ਕਿ ਐੱਨ.ਐੱਸ.ਏ. ਅਜੀਤ ਕੁਮਾਰ ਦੋਭਾਲ ਵਲੋਂ ਆਪਣੇ ਪਾਕਿਸਤਾਨੀ ਪ੍ਰਤੀਰੂਪ ਮੇਜਰ ਜਨ. ਨਸੀਰ ਖ਼ਾਨ ਜੰਜੂਆ ਨੂੰ ਫ਼ੜਾਏ ਗਏ ਹਨ। ਦੱਸਿਆ ਜਾਂਦਾ ਹੈ ਕਿ ਦੋਭਾਲ ਦੀ ਸੂਚੀ ਵਿੱਚ ਮੌਲਾਨਾ ਅਸ਼ਫ਼ਾਕ ਅਤੇ ਹਾਜੀ ਸ਼ਕੂਰ  ਦੇ ਨਾਮ ਵੀ ਹਨ; ਇਹ ਦੋਹੇਂ ਜੈਸ਼ ਦੇ ਬਹਾਵਲਪੁਰ ਵਿੱਚ ਪ੍ਰਮੁੱਖ ਔਪ੍ਰੇਟਰ ਹਨ ਅਤੇ ਉਨ•ਾਂ ਨੇ ਪਠਾਨਕੋਟ ਆਈ.ਏ.ਐੱਫ਼. ਬੇਸ ‘ਤੇ ਹੋਏ ਹਮਲੇ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤਕ ਅਹਿਮ ਭੂਮਿਕਾ ਨਿਭਾਈ ਹੈ। ਜਦੋਂ ਦੋਭਾਲ ਨਾਲ ਪੱਤਰਕਾਰਾਂ ਨੇ ਰਾਬਤਾ ਕੀਤਾ ਤਾਂ ਉਸ ਨੇ ਇਸ ਗੱਲ ਦੀ ਤਸਦੀਕ ਕਰਨੋਂ ਸਾਫ਼ ਇਨਕਾਰ ਕਰ ਦਿੱਤਾ ਕਿ ਉਸ ਨੇ ‘ਗੈਂਗ ਔਫ਼ ਸੈਵਨ’ ਬਾਰੇ ਕੋਈ ਵੀ ਵਿਸਥਾਰ, ਜਿਵੇਂ ਕਿ ਪਠਾਨਕੋਟ ਸਾਜ਼ਿਸ਼ਕਾਰੀਆਂ ਦੇ ਪਾਸਪੋਰਟ ਨੰਬਰ, ਫ਼ੋਨ ਨੰਬਰ, ਰਿਹਾਇਸ਼ੀ ਪਤੇ, ਆਦਿ, ਜੰਜੂਆ ਨੂੰ ਦਿੱਤੀ ਹੈ।
ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਦੋਭਾਲ ਵਲੋਂ ਜੰਜੂਏ ਨੂੰ ਸੌਂਪੀ ਗਈ ਲਿਸਟ ਵਿੱਚ ਹੋਰਨਾਂ ਤੋਂ ਇਲਾਵਾ ਜਾਨ ਅਲੀ ਕਾਸ਼ਿਫ਼, ਵਾਸੀ ਪਿੰਡ ਦੋਸੀਰਾਹ, ਜ਼ਿਲ•ਾ ਚਰਸਾਦਾ, ਪਾਕਿਸਤਨੀ ਕਸ਼ਮੀਰ ਅਤੇ ਸੈਫ਼ਉਲਾਹ ਤੇ ਇਫ਼ਤਖ਼ਾਰ, ਦੋਹੇਂ ਵਾਸੀ ਸ਼ਕਰਗੜ•, ਦੇ ਨਾਮ ਵੀ ਸ਼ਾਮਿਲ ਹਨ। ਭਾਰਤੀ ਏਜੰਸੀਆਂ ਵਲੋਂ ਫ਼ੜੇ ਗਏ ਇੰਟਰਸੈਪਟਾਂ ਵਿੱਚ ਕਾਸ਼ਿਫ਼ ਦੀ ਪਛਾਣ ਜਹਾਦੀ ਗਰੁੱਪ ਦੇ ਟ੍ਰੇਨਰ ਵਜੋਂ ਹੋਈ ਹੈ ਅਤੇ ਉਸ ਦਾ ਪਾਕਿਸਤਾਨੀ ਪਾਸਪੋਰਟ ਨੰਬਰ SV- ੧੭੯੭੨੮੧ ਦੱਸਿਆ ਗਿਆ ਹੈ। ਖ਼ੁਫ਼ੀਆ ਏਜੰਸੀਆਂ ਤੋਂ ਇਹ ਸਾਰਾ ਵਿਸਥਾਰ ਇਨ•ਾਂ ਕਿਆਸ ਅਰਾਈਆਂ ਦਰਮਿਆਨ ਆ ਰਿਹਾ ਹੈ ਕਿ ਸ਼ਾਇਦ ਭਾਰਤੀ ਫ਼ੌਜ ਨੇ ਪਠਾਨਕੋਟ ਏਅਰਬੇਸ ਵਿੱਚ ਘੁਸਣ ਵਾਲਾ ਜੈਸ਼ ਦਾ ਕੋਈ ਅਤਿਵਾਦੀ ਜਿਊਂਦਾ ਫ਼ੜ ਲਿਆ ਹੋਣੈ ਜਾਂ ਫ਼ਿਰ ਉਸ ਦਾ ਕੋਈ ਸਥਾਨਕ ਪਠਾਨਕੋਟੀ ਫ਼ੈਸਿਲੀਟੇਟਰ ਜਾਂ ਸਹਾਇਕ ਉਨ•ਾਂ ਦੇ ਹੱਥੇ ਚੜ• ਗਿਆ ਹੋਣੈ ਜਿਹੜਾ ਹੁਣ ਉਨ•ਾਂ ਨੂੰ ਇੱਕ ਇੱਕ ਕਰ ਕੇ ਇਹ ਸਾਰੀ ਜਾਣਕਾਰੀ ਦੇ ਰਿਹੈ। ਫ਼ਿਰ ਵੀ ਆਖ਼ਰੀ ਖ਼ਬਰਾਂ ਆਉਣ ਤਕ ਸਾਡੇ ਵਲੋਂ ਲਿਖੀ ਜਾ ਰਹੀ ਕਿਸੇ ਵੀ ਗੱਲ ਦੀ ਪੁਸ਼ਟੀ ਅਧਿਕਾਰਕ ਤੌਰ ‘ਤੇ ਨਹੀਂ ਕੀਤੀ ਜਾ ਸਕੀ। ਇੱਕ ਹੋਰ ਮਹੱਤਵਪੂਰਨ ਤੱਥ ਇਹ ਹੈ ਕਿ ਜੈਸ਼ ਦੀ ਅੰਦਰਲੀ ਖ਼ਬਰ ਬਾਕੀ ਜਥੇਬੰਦੀਆਂ ਦੇ ਮੁਕਾਬਲੇ ਭਾਰਤੀ ਖ਼ੁਫ਼ੀਆ ਏਜੰਸੀਆਂ ਦੇ ਹੱਥ ਛੇਤੀ ਚੜ• ਜਾਂਦੀ ਹੈ। ਸੈਫ਼ਉਲਾਹ ਤੇ ਇਫ਼ਤਖ਼ਾਰ, ਜੋ ਕਿ ਸਿਆਲਕੋਟ ਵਿੱਚ ਸ਼ੌਬਾ-ਏ-ਦਾਵਤ ਨਾਮਕ ਇੱਕ ਜਥੇਬੰਦੀ ਚਲਾਉਂਦੇ ਹਨ, ਨੇ ਆਪਣੇ ਘਰ ਸ਼ਕਰਗੜ• ਤੋਂ ਪਠਾਨਕੋਟ ਅਟੈਕ ਨੂੰ ਸਰਅੰਜਾਮ ਦੇਣ ਵਾਲਿਆਂ ਦਾ ਭਾਰਤ ਵਿੱਚ ਦਾਖ਼ਲਾ ਕਰਵਾਇਆ ਹੋ ਸਕਦਾ ਹੈ। ਮੌਲਾਨਾ ਮਸੂਦ ਅਜ਼ਹਰ ਅਤੇ ਉਸ ਦਾ ਭਰਾ ਅਬਦੁਰ ਰੌਫ਼ ਅਸਗਰ ਬਹਾਵਲਪੁਰ ਦੇ ਰੇਲਵੇ ਲਿੰਕ ਰੋਡ ‘ਤੇ ਮਰਕਜ਼ੇ ਓਸਮਾਨੋ ਅਲੀ ਨਾਮ ਦਾ ਇੱਕ ਮਦਰਸਾ ਵੀ ਚਲਾਉਂਦੇ ਹਨ ਅਤੇ ਇੱਥੋਂ ਹੀ ਉਹ ਅਲ ਰਹਮਾਨ ਟਰੱਸਟ ਦੇ ਨਾਮ ਹੇਠ ਫ਼ੰਡ ਇਕੱਤਰ ਕਰ ਕੇ ਭਾਰਤ ਖ਼ਿਲਾਫ਼ ਆਪਣੀਆਂ ਖ਼ੂਨੀ ਸਾਜ਼ਿਸਾਂ ਰਚਦੇ ਹਨ।
ਹੁਣ ਮੈਂ ਜਿਵੇਂ ਸ਼ੁਰੂ ਵਿੱਚ ਤੁਹਾਨੂੰ ਇੱਕ ਸਵਾਲ ਪੁੱਛਿਆ ਸੀ, ਉਹ ਫ਼ਿਰ ਪੁੱਛਦਾ ਹਾਂ: ਜੇਕਰ ਸੱਚਮੁੱਚ ਇਹ ਸਾਬਿਤ ਹੋ ਜਾਵੇ ਕਿ ਪਠਾਨਕੋਟ ਵਾਰਦਾਤ ਵਿੱਚ ਜ਼ੈਸ਼ ਦਾ ਹੱਥ ਹੈ ਤਾਂ ਇਸ ਨਾਲ ਤੁਹਾਨੂੰ ਭਾਰਤ-ਪਾਕਿ ਵਾਰਤਾ ਦੇ ਭਵਿੱਖ ‘ਤੇ ਕੀ ਅਸਰ ਪੈਂਦਾ ਦਿਖਾਈ ਦਿੰਦਾ ਹੈ? ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਤਾਂ ਬਹੁਤਾ ਫ਼ਰਕ ਨਹੀਂ ਪੈਂਦਾ ਕਿ ਇਸ ਵਿੱਚ ਜੈਸ਼ ਦਾ ਕੀ ਰੋਲ ਹੈ, ਪਰ ਇਸ ਵਿੱਚ ਪਾਕਿਸਤਾਨੀ ਫ਼ੌਜ ਅਤੇ ਆਈ.ਐੱਸ.ਆਈ. ਦੀ ਕਿਸ ਹੱਦ ਤਕ ਸ਼ਮੂਲੀਅਤ ਹੈ, ਇਸ ਗੱਲ ਨਾਲ ਜ਼ਰੂਰ ਫ਼ਰਕ ਪੈਂਦੈ। ਇਸ ਮਾਮਲੇ ਵਿੱਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੋਭਾਲ ਨੇ ਵੀ ਹਾਲ ਦੀ ਘੜੀ ਸਾਰੇ ਐਂਗਲ ਚੰਗੀ ਤਰ•ਾਂ ਵਿਚਾਰਣ ਦੀ ਗੱਲ ਕੀਤੀ ਹੈ। ਉਸ ਨੇ ਸਾਫ਼ ਕਿਹਾ ਹੈ ਕਿ ਉਹ ਕੋਈ ਵੀ ਫ਼ੈਸਲਾ ਕਾਹਲ ਵਿੱਚ ਨਹੀਂ ਦੇਣਾ ਚਾਹੁੰਦਾ ਕਿਉਂਕਿ ਇਸ ਫ਼ੈਸਲੇ ‘ਤੇ ਦੋਹਾਂ ਮੁਲਕਾਂ ਦੇ ਰਿਸ਼ਤੇ ਨਿਰਭਰ ਕਰਦੇ ਹਨ। ਦੋਭਾਲ ਦੀ ਇਸ ਸਮਝਦਾਰ ਤੇ ਸਾਵਧਾਨ ਪਹੁੰਚ ਦੀ ਹਰ ਪਾਸਿਓਂ ਸ਼ਲਾਘਾ ਹੋ ਰਹੀ ਹੈ। ਭਾਰਤ ਦੇ ਰੱਖਿਆ ਮੰਤਰੀ ਮਨੋਹਰ ਪਾਰੀਕਾਰ ਨੇ ਵੀ ਤਹੱਮਲ ਤੋਂ ਕੰਮ ਲੈਣ ਦੀ ਗੱਲ ਕੀਤੀ ਹੈ। ਦੂਜੇ ਪਾਸੇ ਰਹੀ ਜੈਸ਼ ਦੇ ਇਸ ਵਿੱਚ ਰੋਲ ਦੀ ਗੱਲ ਤਾਂ ਇਸ ਲਈ ਪਹਿਲਾਂ ਸਾਨੂੰ ਜੈਸ਼-ਏ-ਮੋਹੰਮਦ ਦੇ ਲੀਡਰ ਮੋਲਾਨਾ ਮਸੂਦ ਅਜ਼ਹਰ ਅਤੇ ਪਾਕਿਸਤਾਨੀ ਹੁਕਮਰਾਨ, ਦੋਹਾਂ ਫ਼ੌਜੀ ਤੇ ਸਿਵੀਲੀਅਨ, ਦਰਮਿਆਨ ਹਾਲ ਹੀ ਵਿੱਚ ਆਈਆਂ ਦੂਰੀਆਂ ਨੂੰ ਵੀ ਸਮਝਣ ਦੀ ਲੋੜ ਹੈ। ਹਾਲਾਂਕਿ, ਮੌਲਾਨਾ ਮਸੂਦ – ਜੋ ਕਿ ਨਵੀਂ ਦਿੱਲੀ ਵਿੱਚ ਭਾਰਤੀ ਪਾਰਲੀਮੈਂਟ ‘ਤੇ ਹੋਏ ਹਮਲੇ ਅਤੇ ਡੈਨੀਅਲ ਪਰਲ ਦੇ ਕਤਲ ਦਾ ਮਾਸਟਰਮਾਈਂਡ ਸੀ – ਅਤੇ ਪਠਾਨਕੋਟ ਏਅਰਬੇਸ ਦਰਮਿਆਨ ਸਬੰਧ ਤਾਂ ਐੱਨ.ਆਈ.ਏ. ਦੀ ਤਹਿਕੀਕਾਤ ਦਾ ਨਤੀਜਾ ਸਾਹਮਣੇ ਆਉਣ ਤੋਂ ਬਾਅਦ ਹੀ ਪ੍ਰਤੱਖ ਤੌਰ ‘ਤੇ ਸਾਬਿਤ ਹੋ ਸਕਣਗੇ, ਪਰ ਇਸ ਵਕਤ ਤਕ ਸਭ ਸੂਈਆਂ ਜੈਸ਼ ਵੱਲ ਹੀ ਇਸ਼ਾਰਾ ਕਰ ਰਹੀਆਂ ਹਨ। ਕੁਝ ਮਾਹਿਰਾਂ ਅਨੁਸਾਰ, ਜੇਕਰ ਅਸੀਂ ਇਸ ਵਕਤ ਬਦਲਦੇ ਸਮੀਕਰਣਾਂ ‘ਤੇ ਇੱਕ ਨਜ਼ਰ ਰੱਖੀਏ ਤਾਂ ਜੈਸ਼ ਦਾ ਇਸ ਵਾਰਦਾਤ ਵਿੱਚ ਸ਼ਾਮਿਲ ਹੋਣ ਦਾ ਭਾਰਤ ਨੂੰ ਫ਼ਾਇਦਾ ਇਹ ਹੋਏਗਾ ਕਿ ਉਹ ਮੌਲਾਨਾ ਮਸੂਦ ਅਜ਼ਹਰ ਦੀ ਭਾਰਤ ਹਵਾਲਗੀ ਲਈ ਪਾਕਿਸਤਾਨ ‘ਤੇ ਅੰਤਰਰਾਸ਼ਟਰੀ ਦਬਾਅ ਬਣਾ ਸਕੇਗਾ।
ਮੌਲਾਨਾ ਅਜ਼ਹਰ ਦਾ ਜਨਮ ਬਹਾਵਲਪੁਰ ਪੰਜਾਬ ਵਿੱਚ ਹੋਇਆ ਸੀ ਜਿੱਥੇ ਉਸ ਦੇ ਪਰਿਵਾਰ ਦਾ ਇੱਕ ਪੋਲਟਰੀ ਫ਼ਾਰਮ ਹੈ। ਮੋਲਾਨਾ ਮਸੂਦ ਸੋਵੀਅਤ-ਅਫ਼ਗ਼ਾਨ ਜੰਗ ਵਿੱਚ ਲੜਨ ਤੋਂ ਇਲਾਵਾ ਸੋਮਾਲੀਆ ਅਤੇ ਅਲਜੀਰੀਆ ਵਿੱਚ ਵੀ ਲੜ ਚੁੱਕਾ ਹੈ। ਇਸ ਤੋਂ ਇਲਾਵਾ ਮੌਲਾਨਾ ਅਜ਼ਹਰ ਸਾਊਦੀ ਅਰਬ, ਆਬੂ ਧਾਬੀ, ਜ਼ਾਂਬੀਆ, ਮੰਗੋਲੀਆ ਤੇ ਇੰਗਲੈਂਡ ਵਿੱਚ ਵੀ ਰਹਿ ਚੁੱਕਾ ਹੈ, ਪਰ ਉਸ ਨੇ ਆਪਣਾ ਬਹੁਤਾ ਵਕਤ ਪਾਕਿਸਤਾਨੀ ਤੇ ਭਾਰਤੀ ਕਸ਼ਮੀਰ ਦਰਮਿਆਨ ਹੀ ਬਿਤਾਇਆ ਹੈ। 1995 ਵਿੱਚ ਉਸ ਦੀ ਨਾਕਾਮ ਰਿਹਾਈ ਲਈ ਭਾਰਤੀ ਕਸ਼ਮੀਰ ਵਿੱਚ ਕਈ ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਅਤੇ ਫ਼ਿਰ 1999 ਵਿੱਚ ਇੰਡੀਅਨ ਏਅਰਲਾਈਨਜ਼ ਦਾ ਇੱਕ ਜਹਾਜ਼ ਅਗਵਾ ਕਰ ਕੇ ਕੰਧਾਰ ਲੈ ਕੇ ਜਾਣ ਤੋਂ ਬਾਅਦ ਹੀ ਮੌਲਾਨਾ ਮਸੂਦ ਅਜ਼ਹਰ ਨੂੰ ਛੁਡਵਾਇਆ ਜਾ ਸਕਿਆ ਸੀ। ਜੇਕਰ ਪਠਾਨਕੋਟ ਏਅਰਬੇਸ ‘ਤੇ ਹਮਲੇ ਵਿੱਚ ਮੌਲਾਨਾ ਮਸੂਦ ਅਜ਼ਹਰ ਦਾ ਹੱਥ ਹੈ ਤਾਂ ਫ਼ਿਰ ਭਾਰਤ ਆਪਣੇ ਮੋਸਟ ਵੌਂਟਿਡ ਅਪਰਾਧੀ ਦੀ ਗਰਦਨ ਦੇ ਆਲੇ ਦੁਆਲੇ ਅੰਤਰ-ਰਾਸ਼ਟਰੀ ਸ਼ਿਕੰਜਾ ਟਾਈਟ ਕਰ ਸਕਦਾ ਹੈ।
ਪਠਾਨਕੋਟ ਹਮਲੇ ਤੋਂ ਬਾਅਦ, ਇੱਕ ਭਾਰਤੀ ਖ਼ੁਫ਼ੀਆ ਏਜੰਸੀ ਸੂਤਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਮਲਾਵਰਾਂ ਦਾ ਅਸਲੀ ਚਿਹਰਾ ਤਾਂ ਐੱਨ.ਆਈ.ਏ. ਦੀ ਤਹਿਕੀਕਾਤ ਤੋਂ ਬਾਅਦ ਹੀ ਸਾਹਮਣੇ ਆਵੇਗਾ, ਪਰ “ਜਿਹੜੇ ਸਬੂਤ ਹਾਲੇ ਤਕ ਸਾਡੇ ਸਾਹਮਣੇ ਆਏ ਹਨ ਉਹ ਬਹੁਤ ਮੰਦਭਾਗੇ ਹਨ ਅਤੇ ਚਾਹ ਕੇ ਵੀ ਅਸੀਂ ਪਾਕਿਸਤਾਨੀ ਸਟੇਟ ਦੇ ਰੋਲ ਨੂੰ ਇਸ ਵਿੱਚੋਂ ਬਿਲਕੁਲ ਮਨਫ਼ੀ ਨਹੀਂ ਕਰ ਸਕਦੇ। ਜੈਸ਼ ਦਾ ਇਸ ਹਮਲੇ ਨਾਲ ਕੋਨੈਕਸ਼ਨ ਤਾਂ ਬਿਲਕੁਲ ਸ਼ੀਸ਼ੇ ਵਾਂਗ ਸਾਫ਼ ਹੈ। ਬੇਸ ਵਿੱਚ ਘੁਸੇ ਹੋਏ ਅਤਿਵਾਦੀਆਂ ਦੀਆਂ ਲਾਸ਼ਾਂ ਕੋਲੋਂ ਮਿਲੇ ਕੁਝ ਬੈਗ਼ਾਂ ਉੱਪਰ ਭਾਰਤੀ ਪਾਰਲੀਮੈਂਟ ਦੇ ਹਮਲਾਵਰ ਅਫ਼ਜ਼ਲ ਗੁਰੂ ਦੀਆਂ ਤਸਵੀਰਾਂ ਵੀ ਸਨ। ਜੈਸ਼ ਨੇ ਆਪਣੇ ਅਤਿਵਾਦੀਆਂ ਦਾ ਇੱਕ ‘ਅਫ਼ਜ਼ਲ ਗੁਰੂ ਸਕੁਐਡ’ ਵੀ ਬਣਾਇਆ ਹੋਇਐ। ਇਸ ਸਕੁਐਡ ਨੇ ਹਾਲ ਹੀ ਵਿੱਚ ਕਸ਼ਮੀਰ ਦੀ ਕੰਟਰੋਲ ਰੇਖਾ ‘ਤੇ ਵੀ ਹਮਲੇ ਕੀਤੇ ਸਨ। ਕੁਝ ਕੁ ਹੋਰ ਨੁਕਤੇ ਹਾਲੇ ਜੋੜਨੇ ਬਾਕੀ ਹਨ।” ਸੈਂਟਰ ਫ਼ੌਰ ਸੈਕਿਓਰਿਟੀ ਐਂਡ ਸਟ੍ਰੈਟੇਜੀ, ਇੰਡੀਆ ਫ਼ਾਊਂਡੇਸ਼ਨ ਦੇ ਡਾਇਰੈਕਟਰ ਸ੍ਰੀ ਅਸ਼ੋਕ ਬਾਂਸਲ ਦਾ ਕਹਿਣਾ ਸੀ, “ਹਾਲਾਂਕਿ ਮੀਡੀਆ ਦਾ ਇੱਕ ਸੈਕਸ਼ਨ ਬਹੁਤ ਜ਼ੋਰ ਸ਼ੋਰ ਨਾਲ ਇਹ ਦਾਅਵਾ ਕਰ ਰਿਹੈ ਕਿ ਜੈਸ਼ ਪਠਾਨਕੋਟ ਹਮਲੇ ਵਿੱਚ ਸ਼ਾਮਿਲ ਹੈ, ਪਰ ਹਾਲੇ ਸਾਨੂੰ ਇੱਕ ਦੋ ਦਿਨ ਇੰਤਜ਼ਾਰ ਕਰਨ ਦੀ ਲੋੜ ਹੈ। ਜੇਕਰ ਜੈਸ਼ ਸੱਚਮੁੱਚ ਹੀ ਇਸ ਹਮਲੇ ਵਿੱਚ ਸ਼ਾਮਿਲ ਹੋਈ ਤਾਂ ਫ਼ਿਰ ਇਹ ਭਾਰਤ ਸਰਕਾਰ ਲਈ ਰਣਨੀਤਕ ਪੱਖੋਂ ਹੋਰ ਵੀ ਚੰਗਾ ਹੋਵੇਗਾ ਕਿਉਂਕਿ ਮਸੂਦ ਅਜ਼ਹਰ ਅਤੇ ਪਾਕਿਸਤਾਨੀ ਹਕੂਮਤ ਦਰਮਿਆਨ ਵਧੀਆਂ ਹੋਈਆਂ ਹਾਲੀਆ ਦੂਰੀਆਂ ਕਰ ਕੇ ਸ਼ਾਇਦ ਹੁਣ ਪਾਕਿਸਤਾਨ ਵੀ ਭਾਰਤ ਦਾ ਜੈਸ਼ ਖ਼ਿਲਾਫ਼ ਦਬਾਅ ਕਬੂਲ ਕਰ ਲਵੇ।
ਹੋ ਸਕਦਾ ਹੈ ਕਿ ਪਾਕਿਸਤਾਨੀ ਸਰਕਾਰ ਜੈਸ਼ ਤੇ ਉਸ ਦੇ ਮੈਂਬਰਾਂ ਖ਼ਿਲਾਫ਼ ਸਖ਼ਤ ਕਦਮ ਚੁੱਕਣ ਲਈ ਵੀ ਰਾਜ਼ੀ ਹੋ ਜਾਵੇ। ਹੋ ਸਕਦਾ ਹੈ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਇਸ ਹਮਲੇ ਵਿੱਚ ਜੈਸ਼ ਦੀ ਅਤੀਤ ਵਾਂਗ ਸਿੱਧੀ ਸਹਾਇਤਾ ਨਾ ਵੀ ਕੀਤੀ ਹੋਵੇ। ਇੱਥੇ ਇਹ ਵੀ ਚੇਤੇ ਰੱਖੋ ਕਿ ਅਜ਼ਹਰ ਦੀ ਉਸ ਵਕਤ ਪਾਕਿਸਤਾਨੀ ਫ਼ੌਜ ਨਾਲ ਅਣਬਣ ਹੋ ਗਈ ਸੀ ਜਦੋਂ ਉਸ ਦੇ ਜਹਾਦੀਆਂ ਨੇ ਪਾਕਿਸਤਾਨ ਦੇ ਸਾਬਕਾ ਜਨਰਲ ਪਰਵੇਜ਼ ਮੁਸ਼ੱਰਫ਼ ‘ਤੇ ਜਾਨ ਲੇਵਾ ਹਮਲਾ ਕਰ ਦਿੱਤਾ ਸੀ। ਪਰ ਫ਼ਿਰ, ਇਹ ਗੱਲ ਵੀ ਠੀਕ ਹੈ ਕਿ ਆਈ.ਐੱਸ.ਆਈ. ਨੇ ਹਾਲ ਹੀ ਵਿੱਚ ਅਜ਼ਹਰ ਨਾਲ ਇੱਕ ਵਾਰ ਫ਼ਿਰ ਗੰਢਤੁਪ ਕਰ ਲਈ ਸੀ। ਇੱਕ ਹੋਰ ਪ੍ਰਗਤੀ ਜਿਹੜੀ ਕਿ ਕਾਫ਼ੀ ਦਿਲਚਸਪ ਕਹੀ ਜਾ ਸਕਦੀ ਹੈ ਉਹ ਇਹ ਕਿ ਅਜੇ ਕੁਝ ਹੀ ਦਿਨ ਪਹਿਲਾਂ ਜੈਸ਼ ਨੇ ਖੂੰਖਾਰ ਅਤਿਵਾਦੀ ਜਥੇਬੰਦੀ ਇਸਲਾਮਿਕ ਸਟੇਟ ਜਾਂ ਦਾਇਸ਼ ਨਾਲ ਆਪਣੀ ਵਫ਼ਾਦਾਰੀ ਦਾ ਐਲਾਨ ਕਰ ਦਿੱਤਾ ਸੀ ਅਤੇ ਬਗ਼ਦਾਦੀ ਨੂੰ ਆਪਣਾ ਖ਼ਲੀਫ਼ਾ ਮੰਨਿਆ ਸੀ। ਦਾਇਸ਼ ਪਾਕਿਸਤਾਨ ਦੀ ਆਪਣੀ ਹੋਂਦ ਲਈ ਇੱਕ ਬਹੁਤ ਵੱਡਾ ਖ਼ਤਰਾ ਹੈ। ਇਸ ਸੰਦਰਭ ਵਿੱਚ ਤਾਂ ਸੰਭਾਵਨਾ ਇਹ ਵੀ ਹੋ ਸਕਦੀ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਪਠਾਨਕੋਟ ਹਮਲੇ ਦੇ ਬਾਵਜੂਦ ਸ਼ਾਇਦ ਹਾਲੇ ਵਾਪਿਸ ਬਰਫ਼ ਵਿੱਚ ਨਾ ਜੰਮਣ।
ਮੋਦੀ ਕੀ ਕਰੇ ਅਤੇ ਕੀ ਨਹੀਂ?
ਚਲੋ, ਮੋਦੀ ਜੀ ਨੇ ਇੱਕ ਗੱਲ ਤਾਂ ਚੰਗੀ ਕੀਤੀ ਕਿ ਉਹ ਵੀਕਐਂਡ ਉੱਤੇ ਦਿੱਲੀ ਤੋਂ ਹੀ ਗ਼ਾਇਬ ਰਹੇ, ਜਿਸ ਨਾਲ ਉਹ ਮੀਡੀਆ ਦੇ ਸਵਾਲਾਂ ਤੋਂ ਬਚ ਗਏ। ਸਿਤੰਬਰ 2014 ਵਿੱਚ ਐੱਲ.ਓ.ਸੀ. ‘ਤੇ ਪਾਕਿਸਤਾਨੀ ਫ਼ੌਜ ਵਲੋਂ ਕੀਤੀ ਗਈ ਗੋਲੀਬਾਰੀ ਦੇ ਜਵਾਬ ਵਿੱਚ ਭਾਰਤ ਦਾ ਪ੍ਰਤੀਕਰਮ ਮੂੰਹਤੋੜ ਜਵਾਬੀ ਕਾਰਵਾਈ ਦਾ ਸੀ, ਪਰ ਇਸ ਵਾਰ ਉਹ ਮੋਦੀ ਦੇ ਬਰੈਂਡਿਡ ਸੁਭਾਅ ਅਨੁਸਾਰ ਪਾਕਿਸਤਾਨ ਨੂੰ ਧਮਕੀਆਂ ਦੇਣ ਦੀ ਬਜਾਏ ਹਮਲਾਵਰਾਂ ਨੂੰ ‘ਮਨੁੱਖਤਾ ਦੇ ਦੁਸ਼ਮਣ ਅਤਿਵਾਦੀ’ ਗਰਦਾਨ ਰਹੇ ਸਨ। ਉਨ•ਾਂ ਨੇ ਯੋਗਾ ਦੇ ਗੁਣਾਂ ‘ਤੇ ਟਵੀਟ ਕੀਤਾ। ਮੋਦੀ ਦੀ ਮਰਦਾਨਾ ਇਮੇਜ ਅਤੇ ਉਸ ਦੀ 56 ਇੰਚ ਦੀ ਛਾਤੀ ਦੇ ਸੰਦਰਭ ਵਿੱਚ ਉਸ ਦਾ ਅਜਿਹਾ ਸ਼ਾਂਤ ਤੇ ਸੁਲਝਿਆ ਹੋਇਆ ਪ੍ਰਤੀਕਰਮ ਕੋਈ ਮਾੜੀ ਮੋਟੀ ਉਪਲੱਬਧੀ ਨਹੀਂ ਸਮਝੀ ਜਾਣੀ ਚਾਹੀਦੀ। ਇਸ ਤੋਂ ਇਹ ਵੀ ਪੂਰੀ ਤਰ•ਾਂ ਸਪੱਸ਼ਟ ਹੈ ਕਿ ਮੋਦੀ ਪਾਕਿਸਤਾਨ ਨਾਲ ਸ਼ੁਰੂ ਕੀਤੀ ਗਈ ਸ਼ਾਂਤੀ ਪ੍ਰਕਿਰਿਆ ਨੂੰ ਹਰ ਹੀਲੇ ਕਿਸੇ ਪਾਸੇ ਲਗਦਾ ਹੋਇਆ ਦੇਖਣਾ ਚਾਹੁੰਦਾ ਹੈ, ਨਹੀਂ ਤਾਂ ਉਹ ਹੁਣ ਪਠਾਨਕੋਟ ਹਮਲੇ ਨੂੰ ਹੀ ਬਹਾਨਾ ਬਣਾ ਕੇ ਇਸ ਨੂੰ ਕੈਂਸਲ ਕਰ ਸਕਦਾ ਸੀ। ਗੁਰਦਾਸਪੁਰ ਵਿੱਚ ਇੱਕ ਪੁਲਿਸ ਸਟੇਸ਼ਨ ‘ਤੇ ਹੋਏ ਅਤਿਵਾਦੀ ਹਮਲੇ ਤੋਂ ਛੇ ਮਹੀਨਿਆਂ ਦੇ ਅੰਦਰ ਹੀ ਪਠਾਨਕੋਟ ਏਅਰਬੇਸ ‘ਤੇ ਇਹ ਹੱਲਾ ਹੋ ਗਿਆ; ਓਦੋਂ ਅਤਿਵਾਦੀਆਂ ਨੇ ਇੱਕ ਬੱਸ ‘ਤੇ ਹਮਲਾ ਕੀਤਾ ਸੀ, ਇਸ ਵਾਰ ਉਨ•ਾਂ ਨੇ ਇੱਕ ਪੁਲਿਸ ਵਾਲੇ ਦੀ ਬੱਤੀ ਵਾਲੀ ਕਾਰ ਉਧਾਲ ਲਈ; ਪਠਾਨਕੋਟ ਹਮਲਾਵਰ ਵੀ ਉਨ•ਾਂ ਅਤਿਵਾਦੀਆਂ ਵਾਂਗ ਹੀ ਇੱਕ ਨਾਲੇ ਰਾਹੀਂ ਆਪਣੇ ਟੀਚੇ ਤਕ ਅੱਪੜੇ ਸਨ। ਉਹ ਵੀ ਬਹੁਤ ਬੁਰੀ ਤਰ•ਾਂ ਹਥਿਆਰਬੰਦ ਸਨ ਅਤੇ ਇਹ ਵੀ, ਸੋ ਅੰਤ ਤਕ ਲੜਨ-ਮਰਨ ਲਈ ਦੋਹੇਂ ਅਤਿਵਾਦੀ ਗੁੱਟ ਪੂਰੀ ਤਰ•ਾਂ ਤਿਆਰ ਸਨ। ਪੁਲਿਸ ਤੇ ਫ਼ੌਜ ਨੂੰ ਪਠਾਨਕੋਟ ਔਪ੍ਰੇਸ਼ਨ ਮੁਕੰਮਲ ਕਰਨ ਵਿੱਚ 4 ਦਿਨ ਦਾ ਲੰਬਾ ਵਕਤ ਲੱਗਾ ਅਤੇ ਇਹ ਭਾਰਤ ਲਈ ਫ਼ੌਜੀ ਸੁਰੱਖਿਆ ਪੱਖੋਂ ਕਾਫ਼ੀ ਚਿੰਤਾਜਨਕ ਵਿਸ਼ਾ ਹੈ, ਬੇਸ਼ੱਕ ਮਨੋਹਰ ਪਾਰੀਕਰ ਇਸ ਮਾਮਲੇ ਵਿੱਚ ਜੋ ਮਰਜ਼ੀ ਵਜ਼ਾਹਤਾਂ ਦਿੰਦਾ ਫ਼ਿਰੇ। ਭਾਰਤੀ ਖ਼ੁਫ਼ੀਆ ਤੰਤਰ ਦੀ ਕਿਸੇ ਹੱਦ ਤਕ ਇਹ ਮੁਕੰਮਲ ਇੰਟੈਲੀਜੈਂਸ ਦੀ ਅਸਫ਼ਲਤਾ ਕਹੀ ਜਾਵੇਗੀ।
ਅੰਤ ਵਿੱਚ ਇਹੀ ਕਹਿਣਾ ਪਵੇਗਾ ਕਿ ਭਾਰਤ ਲਈ ਪਾਕਿਸਤਾਨ ਨਾਲ ਆਪਣੇ ਰਿਸ਼ਤੇ ਕਾਇਮ ਕਰਨ, ਬਹਾਲ ਕਰਨ ਜਾਂ ਮੁੜ ਬਹਾਲ ਕਰਨ ਦੀ ਕਿਸੇ ਵੀ ਕੋਸ਼ਿਸ਼ ਦੀ ਸਫ਼ਲਤਾ ਦੀ ਕੋਈ ਗੈਰੰਟੀ ਨਹੀਂ। ਮੋਦੀ ਦੀ ਲਾਹੌਰ ਫ਼ੇਰੀ ਤੋਂ ਫ਼ੌਰਨ ਬਾਅਦ ਭਾਰਤ ਦੇ ਇੱਕ ਮਸ਼ਹੂਰ ਮੈਗਜ਼ੀਨ ‘ਦਾ ਡਿਪਲੋਮੈਟ’ ਨੇ ਇਹ ਸਵਾਲ ਪੁੱਛਿਆ ਸੀ ਕਿ ਕੀ ਮੋਦੀ ਵਲੋਂ ਕੀਤੀ ਗਈ ਲਾਹੌਰ ਵਾਲੀ ਪਹਿਲਕਦਮੀ ਤੋਂ ਬਾਅਦ ਕੋਈ ਪੁਖ਼ਤਾ ਨਤੀਜੇ ਵੀ ਦੇਖਣ ਨੂੰ ਮਿਲਣਗੇ ਜਾਂ ਨਹੀਂ, ਖ਼ਾਸਕਰ ਜਦੋਂ ਦੋਹਾਂ ਮੁਲਕਾਂ ਕੋਲ ਕੋਈ ਬਹੁਤੀਆਂ ਚੋਣਾਂ ਵੀ ਮੌਜੂਦ ਨਾ ਹੋਣ? ਮੈਗਜ਼ੀਨ ਦਾ ਅੱਗੇ ਜਾ ਕੇ ਖ਼ੁਦ ਹੀ ਜਵਾਬ ਸੀ ਕਿ ਦੋਹਾਂ ਮੁਲਕਾਂ ਦੀਆਂ ਇੱਕ ਦੂਸਰੇ ਨੂੰ ਅਤੇ ਸ਼ਾਂਤੀ ਨੂੰ ਲੈ ਕੇ ਪ੍ਰਾਥਮਿਕਤਾਵਾਂ ਤੇ ਉਮੀਦਾਂ ਬਿਲਕੁਲ ਵੱਖਰੀਆਂ ਵੱਖਰੀਆਂ ਹਨ। ਪਾਕਿਸਤਾਨ ਨੇ ਇੱਕ ਲੰਬੇ ਅਰਸੇ ਤੋਂ ਇਹੋ ਰੱਟ ਲਗਾਈ ਹੋਈ ਹੈ ਕਿ ਕਸ਼ਮੀਰ ਮਸਲਾ ਪਹਿਲਾਂ ਹੱਲ ਹੋਣਾ ਚਾਹੀਦਾ ਹੈ, ਜਾਂ ਘੱਟੋ-ਘੱਟ ਬਾਕੀ ਦੇ ਸਾਂਝੇ ਮਸਲਿਆਂ ਦੇ ਨਾਲ ਤਾਂ ਜ਼ਰੂਰ ਹੀ ਹੋਣਾ ਚਾਹੀਦੈ। ਭਾਰਤ ਵਿੱਚ ਕੋਈ ਵੀ ਪਾਰਟੀ ਸੱਤਾ ਵਿੱਚ ਆਵੇ, ਉਹ ਕਦੇ ਵੀ ਪਾਕਿਸਤਾਨ ਨਾਲ ਗੱਲਬਾਤ ਵਿੱਚ ਕਸ਼ਮੀਰ ਵਾਲੀ ਰਿਆਇਤ ਦੇਣ ਲਈ ਤਿਆਰ ਨਹੀਂ ਹੋਣ ਵਾਲੀ, ਭਾਵੇਂ ਇਸ ਲਈ ਉਸ ਨੂੰ ਪਾਕਿਸਤਾਨ-ਅਫ਼ਗ਼ਾਨਿਸਤਾਨ ਟ੍ਰੇਡ ਰੂਟ ‘ਤੇ ਵਪਾਰ ਕਰਨ ਦੇ ਮੌਕੇ ਨੂੰ ਵੀ ਕਿਉਂ ਨਾ ਗੁਆਉਣਾ ਪਵੇ। ਦੂਜੇ ਪਾਸੇ ਭਾਰਤ ਦਾ ਫ਼ੋਕਸ ਹਮੇਸ਼ਾ ਅਤਿਵਾਦ ਦੇ ਮੁੱਦੇ ‘ਤੇ ਹੀ ਰਿਹਾ ਹੈ, ਖ਼ਾਸਕਰ 2008 ਦੇ ਮੁੰਬਈ ਹਮਲਿਆਂ ਤੋਂ ਬਾਅਦ, ਜਿਸ ਦਾ ਦੋਸ਼ ਉਹ ਪਾਕਿਸਤਾਨ ਸਥਿਤ ਅਤਿਵਾਦੀ ਜਥੇਬੰਦੀ ਲਸ਼ਕਰੇ ਤਾਇਬਾ ‘ਤੇ ਲਗਾਉਂਦਾ ਹੈ।
ਪਰ ਇਸ ਤੋਂ ਪਹਿਲਾਂ ਕਿ ਦੋਹੇਂ ਮੁਲਕ ਆਪਣੀ ਅਮਨ ਵਾਰਤਾ ਦੀ ਪਿੱਛਲੇ ਸਾਲ ਕੀਤੀ ਗਈ ਸ਼ੁਰੂਆਤ ਉੱਪਰ ਕੋਈ ਹੋਰ ਉਸਾਰੀ ਕਰ ਸਕਦੇ, ਪਠਾਨਕੋਟ ਹਮਲਾ ਹੋ ਗਿਆ ਜਿਸ ਨਾਲ ਅਮਨ ਦੀਆਂ ਕੋਸ਼ਿਸ਼ਾਂ ਨੂੰ ਧੱਕਾ ਲਗਣਾ ਲਾਜ਼ਮੀ ਹੈ। ਮੋਦੀ ਦੀ ਸ਼ਾਂਤੀ ਪ੍ਰਕਿਰਿਆ ਜਾਰੀ ਰੱਖਣ ਦੀ ਇੱਛਾ ਦੇ ਹੱਕ ਵਿੱਚ ਕੇਵਲ ਇੱਕ ਚੀਜ਼ ਹੀ ਜਾਂਦੀ ਹੈ ਉਹ ਇਹ ਕਿ ਇਸ ਵਕਤ ਉਸ ਦੀ ਪਿੱਠ ‘ਤੇ ਉਸ ਦੀ ਪਾਰਟੀ ਅਤੇ ਆਰ.ਐੱਸ.ਐੱਸ. ਦੋਹੇਂ ਖੜ•ੀਆਂ ਹਨ ਅਤੇ ਇਸ ਨਾਲ ਮੋਦੀ ਨੂੰ ਆਪਣਾ ਸ਼ਾਂਤੀ ਏਜੰਡਾ ਅੱਗੇ ਵਧਾਉਣ ਦਾ ਹੌਸਲਾ ਮਿਲਣਾ ਚਾਹੀਦੈ … ਇਸ ਉਮੀਦ ਵਿੱਚ ਕਿ ਉਸ ਦਾ ਇਹ ਏਜੰਡਾ ਕਿਸੇ ਵੀ ਸ਼ੀਤ ਯੁੱਧ ਜਾਂ ਵਿਵਾਦ ਨਾਲੋਂ ਬਿਹਤਰ ਸਾਬਿਤ ਹੋਵੇਗਾ। ਅੰਤਰ-ਰਾਸ਼ਟਰੀ ਸਬੰਧਾਂ ਦੇ ਮਾਹਿਰ, ਐਸ਼ਲੀ ਜੇ. ਟੈਲਿਸ ਨੇ ਰੈਡਿਫ਼ ਉੱਪਰ ਆਪਣੇ ਇੱਕ ਆਰਟੀਕਲ ਵਿੱਚ ਦਲੀਲ ਦਿੱਤੀ ਹੈ ਕਿ ਮੋਦੀ ਨੇ ਸ਼ਰੀਫ਼ ਨਾਲ ਆਪਣੀ ਸ਼ਮੂਲੀਅਤ ਨੂੰ ਹਾਲ ਦੀ ਘੜੀ ਜਾਰੀ ਰੱਖਣ ਦਾ ਮਨ ਬਣਾ ਲਿਆ ਲਗਦਾ ਹੈ। ਉਸ ਦੇ ਪ੍ਰਸ਼ਾਸਨ ਨੂੰ ਵੀ ਇਹ ਗੱਲ ਪੂਰੀ ਤਰ•ਾਂ ਸਮਝ ਆ ਗਈ ਲਗਦੀ ਹੈ ਕਿ ਭਾਵੇਂ ਇਸ ਵਕਤ ਵੀ ਸ਼ਰੀਫ਼ ਦਾ ਆਪਣੇ ਮੁਲਕ ਦੀ ‘ਡੀਪ ਸਟੇਟ’, ਯਾਨੀ ਕਿ ਫ਼ੌਜ ਅਤੇ ਆਈ.ਐੱਸ.ਆਈ., ਜੋ ਕਿ ਬਾਕੀ ਦੀਆਂ ਚੀਜ਼ਾਂ ਦੇ ਨਾਲ ਨਾਲ ਪਾਕਿਸਤਾਨ ਦੀਆਂ ਅਤਿਵਾਦੀ ਪ੍ਰੌਕਸੀਜ਼ ਦੀ ਵੀ ਦੇਖਰੇਖ ਕਰਦੀ ਹੈ, ਉੱਪਰ ਕੰਟਰੋਲ ਕਮਜ਼ੋਰ ਹੈ, ਪਰ ਭਾਰਤ ਨਾਲ ਦੋਸਤੀ ਕਰਨ ਦੀ ਉਸ ਦੀ ਸੱਚੀ ਇੱਛਾ ਨੂੰ ਵਧਾਵਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਸ ਦਾ ਉਸ ਨੂੰ ਇਨਾਮ ਵੀ ਮਿਲਣਾ ਚਾਹੀਦਾ ਹੈ। ਪਰ ਹਿੰਦ-ਪਾਕਿ ਰਿਸ਼ਤੇ ਦੀ ਤ੍ਰਾਸਦੀ ਇਹ ਰਹੀ ਹੈ ਕਿ ਇਹ ਹਮੇਸ਼ਾ ਆਖ਼ਰੀ ਜ਼ਖ਼ਮ ਦੀ ਸਿਆਸਤ ਦਾ ਸ਼ਿਕਾਰ ਹੋ ਜਾਂਦਾ ਹੈ … ਜਦੋਂ ਹਿੰਸਾ ਦੀ ਆਖ਼ਰੀ ਕਾਰਵਾਈ ਅਤੇ ਉਸ ਦਾ ਪ੍ਰਤੀਕਰਮ ਹੀ ਸਿਆਸਤ ਦੀ ਦਿਸ਼ਾ ਨੂੰ ਨਿਰਧਾਰਿਤ ਕਰਦੇ ਹਨ। ਹਾਲ ਦੀ ਘੜੀ, ਮੋਦੀ ਕਾਬੁਲ ਵਿਚਲੇ ਆਪਣੇ ਬ੍ਰੇਕਫ਼ਾਸਟ ਅਤੇ ਲਾਹੌਰ ਵਿਚਲੇ ਆਪਣੇ ਲੰਚ ਦੇ ਚਰਚਿਆਂ ਦੇ ਮਾਹੌਲ ਅਤੇ ਨਵਾਜ਼ ਸ਼ਰੀਫ਼ ਨਾਲ ਸ਼੍ਰੀ ਲੰਕਾ ਵਿੱਚ ਹੋਈ ਆਪਣੀ ਟੈਲੇਫ਼ੋਨੀ ਗੱਲਬਾਤ ਦੇ ਆਲੇ ਦੁਆਲੇ ਆਪਣੀ ਪਾਕਿਸਤਾਨੀ ਪੌਲਿਸੀ ਦੀ ਸਫ਼ਲਤਾ ਦੀ ਕਾਮਨਾ ਬੁਣ ਸਕਦਾ ਹੈ। ਪਰ ਇੱਕ ਹੋਰ ਸੰਸਕਾਰ ਇਸ ਸਭ ਨੂੰ ਜ਼ਾਇਆ ਵੀ ਕਰ ਸਕਦੈ!

LEAVE A REPLY