ਨਵੀਂ ਦਿੱਲੀ : ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਠਾਨਕੋਟ ਅੱਤਵਾਦੀ ਹਮਲੇ ਦੀ ਘਟਨਾ ਬਾਰੇ ਸਾਰੀ ਜਾਣਕਾਰੀ ਦਿੱਤੀ। ਪਾਰੀਕਰ ਨੇ ਤੁਮਕੁਰ ਕਿਲੇ ‘ਚ ਹੈਲੀਕਾਪਟਰ ਕਾਰਖਾਨੇ ਦੇ ਨੀਂਹ ਪੱਥਰ ਰੱਖਣ ਦੀ ਰਸਮ ਮੌਕੇ ਪ੍ਰਧਾਨ ਮੰਤਰੀ ਨੂੰ ਇਸ ਦੀ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਪੰਜਾਬ ਦੇ ਪਠਾਨਕੋਟ ‘ਚ ਤਲਾਸ਼ੀ ਦੌਰਾਨ ਐਤਵਾਰ ਨੂੰ ਹੋਏ ਧਮਾਕੇ ‘ਚ ਰਾਸ਼ਟਰੀ ਸੁਰੱਖਿਆ ਗਾਰਡ ਦੇ ਇਕ ਕਮਾਂਡੋ ਸ਼ਹੀਦ ਹੋ ਗਿਆ ਅਤੇ ਤਿੰਨ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ। ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਤਲਾਸ਼ੀ ਦੌਰਾਨ ਹੋਏ ਧਮਾਕੇ ‘ਚ ਐੱਨ. ਐੱਸ. ਜੀ. ਕਮਾਂਡੋ ਲੈਫਟੀਨੈਂਟ ਕਰਨਲ ਨਿਰੰਜਨ ਸਮੇਤ ਚਾਰ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ। ਸਾਰਿਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਲੈਫਟੀਨੈਂਟ ਕਰਨਲ ਨਿਰੰਜਨ ਸ਼ਹੀਦ ਹੋ ਗਏ। ਅੱਤਵਾਦੀ ਹਮਲੇ ‘ਚ ਹੁਣ ਤੱਕ 7 ਜਵਾਨ ਸ਼ਹੀਦ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸ਼ਨੀਵਾਰ ਤੜਕੇ ਤੋਂ ਪਠਾਨਕੋਟ ਏਅਰਬੇਸ ‘ਤੇ ਹੋਏ ਅੱਤਵਾਦੀ ਹਮਲੇ ਬਾਅਦ ਤੋਂ ਹੀ ਤਲਾਸ਼ੀ ਮੁਹਿੰਮ ਜਾਰੀ ਹੈ।